Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਜਦੋਂ ਅਚਾਨਕ ਕੋਈ ਹਾਲ ਪੁੱਛੇ

April 24, 2019 08:21 AM

-ਨੂਰ ਸੰਤੋਖਪੁਰੀ
ਬਹੁਤ ਦਿਨਾਂ ਬਾਅਦ ਜਾਂ ਫਿਰ ਮਹੀਨਿਆਂ, ਸਾਲਾਂ ਬਾਅਦ ਜਦੋਂ ਅਚਾਨਕ ਕੋਈ ਆਦਮੀ ਤੁਹਾਡੇ ਹਾਲ-ਚਾਲ ਬਾਰੇ ਪੁੱਛੇ, ਤੁਹਾਡੀ ਖੈਰੀਅਤ ਜਾਨਣ ਦੀ ਕੋਸ਼ਿਸ਼ ਕਰੇ, ਉਦੋਂ ਤੁਹਾਡਾ ਜੀਅ ਘਬਰਾ ਜਿਹਾ ਜਾਂਦਾ ਹੈ। ਦਿਲ ਪਿੱਪਲ ਦੇ ਪੱਤੇ ਵਾਂਗ ਕੰਬਣ ਲੱਗਦਾ ਹੈ। ਮਨ ਵਿੱਚ ਸ਼ੱਕ ਪੈਦਾ ਹੋ ਜਾਂਦਾ ਹੈ। ਤੁਹਾਡੇ ਰੋਮ-ਰੋਮ ਵਿੱਚ ਝੁਣਝੁਣੀ ਛਿੜ ਪੈਂਦੀ ਏ ਤੇ ਤੁਸੀਂ ਹਾਲ ਚਾਲ ਪੁੱਛਣ ਵਾਲੇ ਦੀ, ਖੈਰੀਅਤ ਜਾਨਣ ਦੀ ਕੋਸ਼ਿਸ਼ ਕਰਨ ਵਾਲੇ ਦੀ ਸ਼ਕਲ-ਸੂਰਤ ਤੇ ਆਵਾਜ਼ ਪਛਾਣਨ ਦਾ ਯਤਨ ਕਰਨ ਲੱਗਦੇ ਹੋ। ਉਸ ਦੀ ਮਨਸ਼ਾ ਤੇ ਇੱਛਾ ਭਾਂਪਣ ਦੀ, ਉਸ ਦੇ ਮਨੋਰਥ ਦਾ ਕੱਦ ਨਾਪਣ ਦੀ ਕੋਸ਼ਿਸ਼ ਕਰਨ ਲੱਗਦੇ ਹੋ। ਤੁਸੀਂ ਫਟਾਫਟ ਆਪਣੇ ਜ਼ਿਹਨ ਉਤੇ ਜ਼ੋਰ ਪਾ ਕੇ ਸੋਚਣ ਲੱਗਦੇ ਹੋ ਕਿ ਇਸ ਸ਼ਖਸ ਨੇ ਪਹਿਲਾਂ ਇੰਨੀ ਈ.. ਦੇਰ ਇਹ ਜਾਨਣ ਦੀ ਤਕਲੀਫ ਨਹੀਂ ਕੀਤੀ ਕਿ ਤੁਸੀਂ ਕਿਸ ਹਾਲ ਵਿੱਚ, ਕਿਸ ਚਾਲ (ਕੋਠੜੀ) ਵਿੱਚ ਜਿਊਂਦੇ-ਮਰਦੇ ਹੋ? ਕਿਹੜਾ ਕਿਹੜਾ ਦੁੱਖ ਤੇ ਕਸ਼ਟ ਸਹਿੰਦੇ ਰਹੇ ਹੋ। ਅੱਜ ਅਚਾਨਕ ਇਹ ਸ਼ਖਸ ਸਾਡਾ ਹਾਲ ਚਾਲ ਪੁੱਛ ਰਿਹਾ ਏ। ਸਾਡੀ ਖੈਰੀਅਤ ਤੇ ਸਲਾਮਤੀ ਬਾਰੇ ਪੁੱਛ ਰਿਹਾ ਏ। ਭੂਤਨੀ ਦਾ ਅਸਤਰ, ਇਹ ਇੰਨੀ ਈ.. ਈ.. ਦੇਰ ਦਾ ਕਿੱਥੇ ਸੀ? ਅੱਜ ਅਚਾਨਕ ਕਿਸੇ ਸੜਕ ਵਿੱਚ ਪਏ ਟੋਏ ਵਾਂਗ ਆ ਸਾਹਮਣੇ ਪ੍ਰਗਟ ਹੋਇਆ ਹੈ।
ਤੁਹਾਡੇ ਵੱਲੋਂ ਹੈਰਤ 'ਚ ਪੈ ਜਾਣਾ, ਅਚੰਭਿਤ ਹੋ ਜਾਣਾ ਸੌ ਫੀਸਦੀ ਜਾਇਜ਼ ਅਤੇ ਸੁਭਾਵਿਕ ਹੈ ਕਿਉਂਕਿ ਹਦਵਾਣੇ ਵਰਗੇ ਗਲੋਬਲੀ ਪਿੰਡ ਉਰਫ ਸੰਸਾਰ ਵਿੱਚ ਅੱਜਕੱਲ੍ਹ ਸੌ ਆਦਮੀਆਂ ਵਿੱਚੋਂ ਨੜਿਨਵੇਂ ਆਦਮੀ ਰੁੱਝੇ ਹੋਣ ਦਾ ਢੋਂਗ ਅਤੇ ਨਾਟਕ, ਮਕਰ ਜਿਹਾ ਕਰ ਕੇ ਦੂਸਰੇ ਲੋਕਾਂ ਨਾਲ ਕੋਈ ਰਾਬਤਾ, ਕੋਈ ਮੇਲ-ਮਿਲਾਪ, ਵਰਤੋਂ ਵਿਹਾਰ ਨਹੀਂ ਰੱਖਦੇ। ਕੋਈ ਵਾਸਤਾ ਨਹੀਂ ਰੱਖਦੇ। ਬੋਲਾਂ ਦੀ ਸਾਂਝ ਨਹੀਂ ਰੱਖਦੇ। ਹਾਂ, ਕੁਬੋਲ, ਮਾੜਾ ਤੇ ਭੈੜਾ ਬੋਲਣ ਦਾ ਕੋਈ ਮੌਕਾ ਨਹੀਂ ਗੁਆਉਂਦੇ। ਚੰਗੀ ਖੇਚਲ ਕਰਨ ਦੇ ਡਰ ਤੋਂ ਕਿਸੇ ਦੇ ਕੋਲ ਬੈਠ ਕੇ ਉਸ ਦੇ ਸੁੱਖ-ਦੁੱਖ ਵਿੱਚ ਸ਼ਰੀਕ ਨਹੀਂ ਹੁੰਦੇ। ਹਰ ਕੋਈ ਦੂਸਰੇ ਤੋਂ ਪਾਸਾ ਵੱਟ ਕੇ, ਮੂੰਹ ਫੇਰ ਕੇ, ਰਸਤਾ (ਕਾਂਟਾ) ਬਦਲ ਕੇ ਲੰਘ ਜਾਂਦਾ ਹੈ ਤੇ ਤੁਸੀਂ ਆਪਣੇ ਜਾਣ-ਪਛਾਣ ਵਾਲਿਆਂ ਦੀਆਂ ਪਿੱਠਾਂ ਤੱਕਦੇ ਰਹਿ ਜਾਂਦੇ ਹੋ। ਦੋ ਮਿੱਠੇ ਬੋਲ ਸੁਣਨ ਨੂੰ ਤਰਸ ਜਾਂਦੇ ਹੋ। ਅੱਜ ਤਾਂ ਰਾਹ-ਚੱਲਦਿਆਂ ‘ਹੈਲੋ-ਹੈਲੋ' ਦਾ ਰਿਵਾਜ ਵੀ ਖਤਮ ਹੋ ਰਿਹਾ ਹੈ। ਤੁਹਾਡਾ-ਸਾਡਾ ਅੰਦਰ ਰੋ ਰਿਹਾ ਹੈ। ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੇ ਆਪਣੇ ਵਜੂਦ ਦੁਆਲੇ ਬੁੱਕਲ ਮਾਰ ਕੇ ਮੌਨ ਲਪੇਟ ਲਿਆ ਏ। ਮੂੰਹਾਂ 'ਤੇ ਅਲੀਗੜ੍ਹੀ ਜਿੰਦਰੇ ਮਾਰ ਲਏ ਨੇ। ਦਿਲਾਂ ਦੇ ਬੂਹੇ ਬੰਦ ਕਰ ਲਏ ਨੇ। ਤੁਹਾਨੂੰ ਜਾਪਦਾ ਹੈ ਕਿ ਤੁਸੀਂ ਗੂੰਗਿਆਂ, ਬੋਲਿਆਂ, ਨਜ਼ਰ ਤੋਂ ਆਰੀ (ਮੁਥਾਜ) ਲੋਕਾਂ ਦੀ ਦੁਨੀਆ 'ਚ ਰਹਿੰਦੇ ਤੇ ਜਿਊਂਦੇ ਪਏ ਹੋ। ਆਲਮ ਲੁਹਾਰ ਦੇ ਇੱਕ ਗੀਤ ਦੇ ਬੋਲ ਤੁਹਾਡੇ ਕੰਨਾਂ 'ਚ ਗੰੂਜਣ ਲੱਗ ਪੈਂਦੇ ਨੇ, ‘‘ਵਾਜਾਂ ਮਾਰੀਆਂ, ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਹੋ ...ਵਾਜਾਂ ਮਾਰੀਆਂ...।”
ਕੋਈ ਵੇਖ ਕੇ ਵੀ ਤੁਹਾਨੂੰ ਨਾ ਵੇਖੇ, ਨਾ ਪਛਾਣੇ ਅਤੇ ਨਾ ਬੁਲਾਏ ਤਾਂ ਫਿਰ ਤੁਹਾਡੇ ਦਿਲ ਉਤੇ ਕੀ ਗੁਜ਼ਰਦੀ ਏ, ਇਹ ਸਿਰਫ ਤੁਸੀਂ ਜਾਣਦੇ ਹੋ। ਤੁਹਾਡਾ ਗੁਆਂਢੀ ਨਹੀਂ ਜਾਣਦਾ। ਗੁਆਂਢਣ ਨਹੀਂ ਸੁਣਦੀ।
ਫਿਰ ਇਸ ਲਈ ਤੁਸੀਂ ਭਵੰਤਰ ਜਿਹੇ ਜਾਂਦੇ ਹੋ, ਜਦੋਂ ਕੋਈ ਅਚਾਨਕ ਇੱਕ ਮੁੱਦਤ ਬਾਅਦ ਤੁਹਾਡਾ ਹਾਲ ਚਾਲ ਪੁੱਛਦਾ ਹੈ। ਤੁਹਾਡੀ ਖੈਰੀਅਤ ਬਾਰੇ ਪੁੱਛਦਾ ਹੈ। ਜੇ ਕੋਈ ਬੰਦਾ ਪਿਆਰ ਅਤੇ ਮੋਹ ਨਾਲ ਤੁਹਾਡੇ ਮੋਢੇ 'ਤੇ ਹੱਥ ਰੱਖ ਦੇਵੇੇ ਤਾਂ ਤੁਸੀਂ ਕਿਸੇ ਸ਼ਾਇਰ ਵਾਂਗ ਭਾਵੁਕ ਹੋ ਜਾਂਦੇ ਹੋ। ਤੁਹਾਡਾ ਮਨ ਡਾਢਾ ਖੁਸ਼ ਹੋ ਜਾਂਦਾ ਹੈ ਤੇ ਹੋ ਸਕਦਾ ਹੈ ਕਿ ਖੀਵੇ ਹੋ ਕੇ ਰੋਣ ਹੀ ਲੱਗ ਪਵੋ। ਰੁਕੋ ਜਨਾਬ। ਹੋ ਜਾਓ ਸਾਵਧਾਨ। ਖੁਸ਼ੀ 'ਚ ਭਾਵੁਕ ਹੋ ਕੇ ਹੰਝੂ ਕੇਰਨ ਤੋਂ ਪਹਿਲਾਂ ਸੋਚੋ ਕਿ ਹਮਦਰਦ, ਹਿੱਤੂ, ਸ਼ੁਭਚਿੰਤਕ ਦੇ ਭੇਸ 'ਚ ਕੋਈ ਧੋਖੇਬਾਜ਼, ਫਰੇਬੀ, ਕਪਟੀ ਬੰਦਾ ਹੋ ਸਕਦਾ ਹੈ। ਕਈ ਝੂਠੇ ਮੋਹ-ਪਿਆਰ ਅਤੇ ਹੇਜ ਜਤਾਉਣ ਵਾਲੇ ਠੱਗ, ਮਹਾਠੱਗ, ਬੇਈਮਾਨ ਵੀ ਹੁੰਦੇ ਨੇ। ਫੱਫੇ ਕੁਟਣੀਆਂ ਵੱਧ ਹੇਜਲੀਆਂ ਹੁੰਦੀਆਂ ਨੇ। ਮਤਲਬ ਪ੍ਰਸਤ, ਖੁਦਗਰਜ਼ ਗੱਲਾਂ ਗੱਲਾਂ ਵਿੱਚ ਤੁਹਾਡੇ ਕੋਲੋਂ ਧਨ-ਮਾਲ ਠੱਗ ਸਕਦੇ ਹਨ। ਤੁਹਾਡੇ ਦਿਲ ਦਾ ਚੈਨ-ਕਰਾਰ, ਮਨ ਦਾ ਸਕੂਨ ਖੋਹ ਸਕਦੇ ਹਨ। ਇਸ ਲਈ ਜਨਾਬੇ-ਆਲਾ ਤੇ ਆਲੀ, ਹੋਸ਼ੋ-ਹਵਾਸ ਨਾਲ ਕਿਸੇ ਕੋਲ ਹਾਲ-ਏ-ਦਿਲ ਬਿਆਨ ਕਰੋ। ਮਨ ਦੇ ਰਾਜ਼ ਸਾਂਝੇ ਕਰੋ। ਆਪਣੇ ਦਿਲ ਤੇ ਘਰ ਦੇ ਬੂਹੇ-ਬਾਰੀਆਂ ਚੌੜ-ਚੁਪੱਟ ਖੁੱਲ੍ਹੇ ਨਾ ਰੱਖੋ। ਖੈਰਖਾਹ ਤੇ ਹਮਦਰਦ ਦੇ ਭੇਸ 'ਚ ਕੋਈ ਚੋਰ-ਲੁਟੇਰਾ ਜਾਂ ਠੱਗ ਤੁਹਾਡੇ ਦਿਲ 'ਚ, ਤੁਹਾਡੇ ਘਰ ਵੜ ਸਕਦਾ ਹੈ। ਜੇ ਹੋਰ ਲੋਕਾਂ ਨੇ ਭਾਵੁਕਤਾ ਸੰਜੀਦਗੀ ਤੇ ਇਨਸਾਨੀਅਤ ਦਾ ਬੋਝ ਆਪਣੇ ਸੀਨਿਆਂ ਉਪਰੋਂ ਲਾਹ ਕੇ ਹੇਠਾਂ ਪੈਰਾਂ 'ਚ ਸੁੱਟ ਦਿੱਤਾ ਹੈ, ਤਾਂ ਤੁਸੀਂ ਕਿਉਂ ਨਹੀਂ ਸੁੱਟ ਦਿੰਦੇ? ਕਿਉਂ ਚੁੱਕੀ ਫਿਰਦੇ ਓ ਬਉਰਿਆਂ ਵਾਂਗ? ਕਿਉਂ ਸਤਾਰਵੀਂ-ਅਠਾਰਵੀਂ ਸਦੀ 'ਚ ਜਿਊਂਦੇ ਹੋ? ਕੀ ਤੁਹਾਨੂੰ ਪਤਾ ਨਹੀਂ ਕਿ ਇਹ ਮਹਾਚੰਡਾਲਣੀ, ਮਹਾਠੱਗਣੀ ਚਾਰ ਸੌ ਵੀਹ, ਨਿਰਮੋਹੀ ਇੱਕੀਵੀਂ ਸਦੀ ਏ? ਇਹ ਬਹੁਰੂਪਣੀ ਸਦੀ ਏ?
ਅਜਿਹੀ ਵੀ ਕੋਈ ਗੱਲ ਨਹੀਂ ਕਿ ਦੁਨੀਆ 'ਚ ਸਾਰੇ ਲੋਕ ਗੂੰਗੇ, ਬੋਲੇ ਤੇ ਨਜ਼ਰ ਵਿਹੂਣੇ ਹੋ ਚੁੱਕੇ ਹੋਣ। ਉਹ ਕਿਸੇ ਦਾ ਹਾਲ ਚਾਲ ਨਾ ਪੁੱਛਦੇ ਹੋਣ। ਕਿਸੇ ਨੂੰ ਸਿਆਣਦੇ ਭਾਵ ਪਛਾਣਦੇ ਨਾ ਹੋਣ। ਕਿਸੇ ਨਾਲ ਮੇਲ-ਜੋਲ ਵਧਾਉਣ ਦੀ ਕੋਸ਼ਿਸ਼ ਨਾ ਕਰਦੇ ਹੋਣ। ਮਲਟੀਚੇਨ ਬਿਜ਼ਨਸ ਚਲਾਉਣ ਵਾਲੇ, ਬੀਮਾ ਕੰਪਨੀਆਂ ਦੇ ਏਜੰਟਸ, ਮੁਫਤਖੋਰੇ, ਦਲਾਲ, ਢੌਂਗੀ, ਬਾਬੇ, ਠੱਗ, ਸਮਰਾਟ, ਮਤਲਬਪ੍ਰਸਤ, ਨੋਟ ਦੁੱਗਣੇ ਕਰਨ ਵਾਲੇ, ਮੁਖਬਰ, ਜਾਸੂਸ, ਆਨਲਾਈਨ ਠੱਗੀ-ਠੋਰੀ ਦਾ ਧੰਦਾ ਕਰਨ ਵਾਲੇ ਸਭ ਤਰ੍ਹਾਂ ਦੇ ਭਿਖਾਰੀ, ਚੋਣਾਂ ਦੌਰਾਨ ਦਰ-ਦਰ ਦੀ ਖਾਕ ਛਾਨਣ ਵਾਲੇ ਲੀਡਰ-ਸ਼ੀਡਰ ਵਗੈਰਾ ਵਗੈਰਾ ਬਹੁਤ ਮਿੱਠੇ ਤੇ ਅਪਣੱਤ ਭਰੇ ਅਲਫਾਜ਼ 'ਚ ਤੁਹਾਡਾ, ਤੁਹਾਡੇ ਟੱਬਰ ਦਾ, ਮਾਲ ਡੰਗਰ ਦਾ, ਖੇਤੀਬਾੜੀ, ਕਾਰੋਬਾਰ ਦਾ ਹਾਲ ਪੁੱਛਦੇ ਹਨ। ਗੱਲਾਂ ਗੱਲਾਂ 'ਚ ਤੁਹਾਡੇ ਉਤੇ ਆਪਣਾ ਪ੍ਰਭਾਵ ਪਾਉਂਦੇ ਤੇ ਗੱਲਾਂ ਦੇ ਕੜਾਹ ਨਾਲ ਹੀ ਤੁਹਾਨੂੰ ਰਜਾਉਂਦੇ ਹਨ। ਤੁਹਾਡੀ ਹੈਸੀਅਤ, ਔਕਾਤ ਤੇ ਮਾਲੀ ਹਾਲਤ ਦਾ ਜਾਇਜ਼ਾ ਲੈਂਦੇ ਤੇ ਤੁਹਾਨੂੰ ਲੁੱਟਣ, ਠੱਗਣ ਤੇ ਚਿੱਤ ਕਰਨ ਦੇ ਮਨਸੂਬੇ ਬਣਾਉਂਦੇ ਹਨ। ਜੇ ਤੁਸੀਂ ਚੌਕੰਨੇ ਨਾ ਰਹੇ ਤਾਂ ਫਿਰ ਤੁਹਾਡਾ ਚਿੱਤ ਤੇ ਜਿੱਚ ਹੋਣਾ ਯਕੀਨੀ ਹੈ। ਕਈ ਨੇਤਣੀਆਂ ਤੇ ਨੇਤਾ ਤੁਹਾਡੇ ਕੋਲੋਂ ਕੀਮਤੀ ਵੋਟਾਂ ਲੈ ਕੇ ਆਪਣੀ ਕੀਮਤ ਕਰੋੜਾਂ ਗੁਣਾ ਕਰ ਲੈਂਦੇ ਹਨ ਤੇ ਅਗਲੀਆਂ ਚੋਣਾਂ ਤੱਕ ਤੁਹਾਡੇ ਵੱਲੋਂ ਮੂੰਹ ਫੇਰ ਲੈਂਦੇ ਹਨ। ਤੁਸੀਂ ਪਛਤਾਉਂਦੇ ਰਹਿ ਜਾਂਦੇ ਹੋ। ਅੱਡੀਆਂ ਚੁੱਕ-ਚੁੱਕ ਤਰੱਕੀ ਦਾ ਰਾਹ ਤੱਕਦੇ ਹੋ ਤੇ ਉਹ ਤੁਹਾਡੇ ਤੱਕ ਪਹੁੰਚਦੀ ਨਹੀਂ। ਉਹ ਰਾਹ 'ਚ ਕਿਧਰੇ ਗਾਇਬ ਹੋ ਜਾਂਦੀ ਹੈ। ਅਗਵਾ ਹੋ ਜਾਂਦੀ ਏ। ਤੁਸੀਂ ਭੋਲੇ-ਭਾਲੇ, ਸਿੱਧੇ-ਸਾਦੇ ਲੋਕ ਸੋਚਦੇ ਹੋ ਕਿ ਸੁਆਰਥੀ, ਲਾਲਚੀ, ਲੋਭੀ ਤੇ ਫਰੇਬੀ ਲੋਕਾਂ ਨੂੰ ਕਾਹਨੂੰ ਆਪਣਾ ਹਾਲ ਚਾਲ ਦੱਸਿਆ? ਖੈਰ ਬੀਮਾ ਏਜੰਟਸ ਟੇਢੇ ਢੰਗ ਨਾਲ ਤੁਹਾਡੀ ਸਲਾਮਤੀ ਚਾਹੁੰਦੇ ਹੋਏ ਤੁਹਾਡੇ ਟੱਬਰ ਦੇ ਜੀਆਂ ਦੇ ਸੁੱਖ ਭਰਪੂਰ ਭਵਿੱਖ ਦੀ ਗਾਰੰਟੀ ਦਿੰਦੇ ਹਨ। ਐਪਰ ਹਰੇਕ ਕਿਸ਼ਤ ਖੁਦ ਭਰਿਆ ਕਰੋ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’