*ਸਿਹਤ ਸਬੰਧੀ ਕਈ ਅਹਿਮ ਪ੍ਰੋਗਰਾਮ ਹੋਣਗੇ ਪ੍ਰਭਾਵਿਤ
ਟੋਰਾਂਟੋ, 18 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਦੇ ਬੋਰਡ ਆਫ ਹੈਲਥ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਓਨਟਾਰੀਓ ਭਰ ਦੀਆਂ ਹੈਲਥ ਯੂਨਿਟਸ ਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਫੰਡਾਂ ਵਿੱਚ ਫੌਰੀ ਤੌਰ ਉੱਤੇ ਕਟੌਤੀ ਕੀਤੀ ਜਾਵੇਗੀ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਮਿਉਂਸਪੈਲਿਟੀਜ਼ ਨਾਲ ਕੌਸਟ ਸ਼ੇਅਰਿੰਗ ਅਰੇਂਜਮੈਂਟ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ।
ਜੋਇ ਕਰੈਸੀ, ਜੋ ਕਿ ਟੋਰਾਂਟੋ ਸਿਟੀ ਕਾਉਂਸਲਰ ਵੀ ਹਨ, ਦਾ ਕਹਿਣਾ ਹੈ ਕਿ ਇਨ੍ਹਾਂ ਕਟੌਤੀਆਂ ਤੋਂ ਭਾਵ ਹੋਵੇਗਾ ਕਿ ਟੋਰਾਂਟੋ ਪਬਲਿਕ ਹੈਲਥ ਕੋਲੋਂ ਅਗਲੇ ਦਹਾਕੇ ਵਿੱਚ ਇੱਕ ਬਿਲੀਅਨ ਡਾਲਰ ਦੇ ਫੰਡ ਖੁੱਸ ਜਾਣਗੇ। ਇਸ ਕਦਮ ਨਾਲ ਓਨਟਾਰੀਓ ਦੀਆਂ ਸਾਰੀਆਂ ਹੈਲਥ ਯੂਨਿਟਸ ਪ੍ਰਭਾਵਿਤ ਹੋਣਗੀਆਂ। ਲਾਂਗ ਵੀਕੈਂਡ ਤੋਂ ਪਹਿਲਾਂ ਪਬਲਿਕ ਹੈਲਥ ਯੂਨਿਟਸ ਨਾਲ ਕੀਤੀ ਗਈ ਕਾਨਫਰੰਸ ਕਾਲ ਵਿੱਚ ਵੀਰਵਾਰ ਦੁਪਹਿਰ ਨੂੰ ਸਿਹਤ ਮੰਤਰਾਲੇ ਵੱਲੋਂ ਇਹ ਖਬਰ ਦਿੱਤੀ ਗਈ।
ਕਰੈਸੀ ਨੇ ਦੱਸਿਆ ਕਿ ਇਸ ਦੌਰਾਨ ਜਿਹੜੇ ਪ੍ਰੋਗਰਾਮ ਮੁੱਖ ਤੌਰ ਉੱਤੇ ਪ੍ਰਭਾਵਿਤ ਹੋਣਗੇ ਉਨ੍ਹਾਂ ਵਿੱਚ ਡਜ਼ੀਜ਼ ਪ੍ਰੀਵੈਂਸ਼ਨ, ਵਾਟਰ ਕੁਆਲਿਟੀ ਟੈਸਟਿੰਗ, ਇਮਿਊਨਾਈਜ਼ੇਸ਼ਨ ਮੌਨੀਟਰਿੰਗ ਤੇ ਸਰਵੇਲੈਂਸ ਸ਼ਾਮਲ ਹਨ। ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ ਕਟੌਤੀਆਂ ਕਾਰਨ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ। ਕਰੈਸੀ ਨੇ ਆਖਿਆ ਕਿ ਟੋਰਾਂਟੋ ਦੇ ਮਾਮਲੇ ਵਿੱਚ ਕੁੱਝ ਪ੍ਰੋਗਰਾਮਾਂ ਵਿੱਚ ਕੌਸਟ ਸੇ਼ਅਰਿੰਗ 2021 ਤੱਕ 50-50 ਤੱਕ ਘੱਟ ਜਾਵੇਗੀ। ਇਸ ਤੋਂ ਭਾਵ ਹੋਵੇਗਾ ਕਿ ਇਸ ਸਾਲ ਟੋਰਾਂਟੋ ਦੇ ਪਬਲਿਕ ਹੈਲਥ ਬਜਟ ਵਿੱਚ 86 ਮਿਲੀਅਨ ਡਾਲਰ ਦੇ ਫੰਡਾਂ ਦਾ ਫਰਕ ਆ ਜਾਵੇਗਾ।
ਇਸ ਦੌਰਾਨ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀਰਵਾਰ ਦੁਪਹਿਰ ਨੂੰ ਇੱਕ ਬਿਆਨ ਜਾਰੀ ਕਰਕੇ ਫੰਡਾਂ ਵਿੱਚ ਕੀਤੀ ਜਾਣ ਵਾਲੀ ਕਟੌਤੀ ਦੀ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਇਸ ਨਾਲ ਸਾਰੀਆਂ ਹੈਲਥ ਯੂਨਿਟਸ ਪ੍ਰਭਾਵਿਤ ਹੋਣਗੀਆਂ ਤੇ ਇਹ ਤਬਦੀਲੀਆਂ ਖਾਸ ਤੌਰ ਉੱਤੇ ਟੋਰਾਂਟੋ ਲਈ ਸਜ਼ਾ ਤੋਂ ਘੱਟ ਨਹੀਂ ਹਨ। ਉਨ੍ਹਾਂ ਆਖਿਆ ਕਿ ਖਰਚੇ ਘਟਾਉਣ ਦਾ ਇਹ ਤਰੀਕਾ ਬਿਲਕੁਲ ਗਲਤ ਹੈ ਤੇ ਅਸੀਂ ਇਸ ਨੂੰ ਪਲਟਾਉਣ ਲਈ ਟੋਰਾਂਟੋ ਵਾਸੀਆਂ ਨਾਲ ਰਲ ਕੇ ਪੂਰਾ ਜ਼ੋਰ ਲਾਵਾਂਗੇ।