*ਟੋਰੀਜ਼ ਦੀਆਂ ਸਿ਼ਕਾਇਤਾਂ ਨੂੰ ਕੀਤਾ ਨਜ਼ਰਅੰਦਾਜ਼
ਓਟਵਾ, 19 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਰਸਮੀ ਤੌਰ ਉੱਤੇ ਸੁਪਰੀਮ ਕੋਰਟ ਦੇ ਜੱਜ ਕਲੇਮੈਂਟ ਗੈਸਕਨ ਦੀ ਥਾਂ ਨਵਾਂ ਜੱਜ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਫੈਡਰਲ ਕੰਜ਼ਰਵੇਟਿਵਾਂ ਵੱਲੋਂ ਇਸ ਮਾਮਲੇ ਵਿੱਚ ਅਜੇ ਥੋੜ੍ਹਾ ਹੋਰ ਰੁਕਣ ਦੀ ਕੀਤੀ ਗਈ ਮੰਗ ਵੱਲ ਵੀ ਟਰੂਡੋ ਨੇ ਕੰਨ ਨਹੀਂ ਧਰੇ।
59 ਸਾਲਾ ਗੈਸਕਨ, ਜੋ ਕਿ ਕਿਊਬਿਕ ਤੋਂ ਹਨ, ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਉਹ ਨਿਜੀ ਤੇ ਪਰਿਵਾਰਕ ਕਾਰਨਾਂ ਕਰਕੇ ਸਤੰਬਰ ਵਿੱਚ ਆਪਣਾ ਅਹੁਦਾ ਛੱਡ ਦੇਣਗੇ। ਟਰੂਡੋ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਕਿੰਮ ਕੈਂਪਬੈੱਲ ਇੱਕ ਵਾਰੀ ਫਿਰ ਇਸ ਖੋਜ ਦੀ ਕਮਾਨ ਸਾਂਭਣਗੇ ਤੇ ਉਸ ਐਡਵਾਇਜ਼ਰੀ ਪੈਨਲ ਦੇ ਹੈੱਡ ਹੋਣਗੇ ਜਿਸ ਦੇ ਮੈਂਬਰਾਂ ਦੇ ਅਜੇ ਨਾਂ ਨਹੀਂ ਲਏ ਗਏ ਹਨ। ਇਹ ਪੈਨਲ ਤਿੰਨ ਤੋਂ ਪੰਜ ਸਮਰੱਥ ਉਮੀਦਵਾਰਾਂ ਦੀ ਸੂਚੀ ਤਿਆਰ ਕਰੇਗਾ ਜਿਨ੍ਹਾਂ ਵਿੱਚੋਂ ਸਾਰੇ ਹੀ ਸਿਵਲ ਲਾਅ ਵਿੱਚ ਮਾਹਿਰ ਹੋਣਗੇ ਤੇ ਕਿਊਬਿਕ ਨਾਲ ਸਬੰਧਤ ਹੋਣਗੇ।
ਗੈਸਕਨ ਦੀ ਥਾਂ ਲੈਣ ਵਾਲੇ ਜੱਜ ਦੀ ਭਾਲ ਸੁ਼ਰੂ ਕੀਤੇ ਜਾਣ ਤੋਂ ਭਾਵ ਹੈ ਕਿ ਅਗਲਾ ਜੱਜ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਹੀ ਨਿਯੁਕਤ ਕੀਤਾ ਜਾਵੇਗਾ। ਇਹ ਵਿਰੋਧੀ ਧਿਰ ਕੰਜ਼ਰਵੇਟਿਵਾਂ ਦੀ ਉਸ ਇੱਛਾ ਦੇ ਵੀ ਉਲਟ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਟਰੂਡੋ ਨੂੰ ਹਾਲ ਦੀ ਘੜੀ ਇਸ ਨਿਯੁਕਤੀ ਨੂੰ ਰੋਕ ਕੇ ਉਸ ਮਾਮਲੇ ਦੀ ਜਾਂਚ ਕਰਨ ਲਈ ਆਖਿਆ ਸੀ ਕਿ ਪਹਿਲਾਂ ਇਹ ਪਤਾ ਲਾਇਆ ਜਾਵੇ ਕਿ ਟਰੂਡੋ ਤੇ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਦਰਮਿਆਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਚੋਣ ਨੂੰ ਲੈ ਕੇ ਹੋਏ ਮਤਭੇਦਾਂ ਬਾਰੇ ਜਾਣਕਾਰੀ ਲੀਕ ਕਿਸ ਨੇ ਕੀਤੀ ਸੀ।