Welcome to Canadian Punjabi Post
Follow us on

20

August 2019
ਨਜਰਰੀਆ

ਪਰਵਾਰਵਾਦ ਵੱਲ ਵਧਦੀਆਂ ਹੀ ਜਾ ਰਹੀਆਂ ਸਿਆਸੀ ਪਾਰਟੀਆਂ

April 18, 2019 08:55 AM

-ਪੂਨਮ ਆਈ ਕੌਸ਼ਿਸ਼
ਸਾਡੇ ਲੋਕਤੰਤਰ ਦੇ ਚੋਣ ਡਾਂਸ ਵਿੱਚ ਔਲਾਦਾਂ ਦਾ ਬੋਲਬਾਲਾ ਹੈ। ਇਹ ਭਾਰਤੀ ਸਿਆਸਤ ਨੂੰ ਪਤਨ ਵੱਲ ਲਿਜਾਣ ਵਾਲਾ ਰਾਹ ਹੈ। ਲੋਕਤੰਤਰ ‘ਇੱਕ ਵਿਅਕਤੀ ਇੱਕ ਵੋਟ' ਦੇ ਸਿਧਾਂਤ ਉਤੇ ਆਧਾਰਤ ਹੈ, ਜਦ ਕਿ ਚੋਣਾਂ ਇੱਕ ਪਰਵਾਰ ਅਤੇ ਕਈ ਟਿਕਟਾਂ ਦੇ ਸਿਧਾਂਤ ਉੱਤੇ ਆਧਾਰਤ ਹਨ।
ਕਾਂਗਰਸ ਨੇ ਨਹਿਰੂ-ਗਾਂਧੀ ਪਵਰਾਰ ਦੀ ਅਗਲੀ ਪੀੜ੍ਹੀ ਨੂੰ ਵਾਗਡੋਰ ਫੜਾ ਦਿੱਤੀ ਤਾਂ ਭਾਜਪਾ ਭੈਣ-ਭਰਾ ਤੇ ਨਮੋ ਜਾਪ ਵਿੱਚ ਰੁੱਝੀ ਹੋਈ ਹੈ। ਖੇਤਰੀ ਪਾਰਟੀਆਂ ਵਿੱਚ ਠਾਕਰੇ ਦੀ ਸ਼ਿਵ ਸੈਨਾ, ਚੌਟਾਲਾ ਦਾ ਇੰਡੀਅਨ ਨੈਸ਼ਨਲ ਲੋਕ ਦਲ, ਬਾਦਲ ਦਾ ਅਕਾਲੀ ਦਲ, ਅਬਦੁੱਲਾ ਦੀ ਨੈਸ਼ਨਲ ਕਾਨਫਰੰਸ, ਲਾਲੂ ਪ੍ਰਸਾਦ ਦਾ ਰਾਸ਼ਟਰੀ ਜਨਤਾ ਦਲ, ਮੁਲਾਇਮ ਸਿੰਘ ਦੀ ਸਮਾਜਵਾਦੀ ਪਾਰਟੀ, ਪਟਨਾਇਕ ਦਾ ਬੀਜੂ ਜਨਤਾ ਦਲ, ਅਜਿਤ ਸਿੰਘ ਦਾ ਰਾਸ਼ਟਰੀ ਲੋਕ ਦਲ, ਮਹਿਬੂਬਾ ਦੀ ਪੀ ਡੀ ਪੀ ਅਤੇ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਸ਼ਾਮਲ ਹਨ, ਜਿਹੜੀਆਂ ਪਤੀ, ਪੁੱਤਰ, ਧੀ ਵੱਲ ਪ੍ਰੇਮ ਵਿੱਚ ਯਕੀਨ ਕਰਦੀਆਂ ਹਨ। ਇਹ ਅਜਿਹੀ ਘਰੇਲੂ ਡਰਾਮੇਬਾਜ਼ੀ ਬਣ ਗਈ ਹੈ ਕਿ ਇਸ ਦੀ ਟੀ ਆਰ ਪੀ ਰੇਟਿੰਗ ਬਹੁਤ ਜ਼ਿਆਦਾ ਹੈ।
ਭਾਰਤ ਸੱਚਮੁੱਚ ਕੁਲੀਨ ਤੰਤਰ ਵੱਲ ਵਧ ਰਿਹਾ ਹੈ। ਮੌਜੂਦਾ ਲੋਕ ਸਭਾ ਵਿੱਚ 157 ਮੈਂਬਰ ਸਿਆਸੀ ਪਰਵਾਰਾਂ ਦੇ ਨਾਲ ਜੁੜੇ ਹੋਏ ਸਨ ਅਤੇ ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਉਹ ਸਮਾਂ ਛੇਤੀ ਆ ਜਾਵੇਗਾ, ਜਦੋਂ ਜ਼ਿਆਦੇ ਪਾਰਲੀਮੈਂਟ ਮੈਂਬਰ ਪਰਵਾਰਾਂ ਵਿੱਚੋਂ ਹੀ ਹੋਣਗੇ। ਇਨ੍ਹਾਂ ਨਵੇਂ ਮਹਾਰਾਜਿਆਂ ਦਾ ਸਵਾਗਤ ਹੈ।
ਅੱਜ ਰਾਜ-ਨੇਤਾਵਾਂ ਦੇ 28 ਧੀਆਂ-ਪੁੱਤ ਦਾਅਵਾ ਕਰ ਰਹੇ ਹਨ ਕਿ ਉਹ ਆਪਣੇ ਪਰਵਾਰ ਦੀ ਵਿਰਾਸਤ ਨੂੰ ਅੱਗੇ ਵਧਾਉਣਗੇ ਅਤੇ ਇਹ ਉਨ੍ਹਾਂ ਦਾ ਜਨਮ-ਸਿੱਧ ਅਧਿਕਾਰ ਹੈ; ਚਾਹੇ ਕਾਂਗਰਸ ਹੋਵੇ ਜਾਂ ਭਾਜਪਾ, ਸਮਾਜਵਾਦੀ ਹੋਵੇ ਜਾਂ ਬਸਪਾ, ਤਿ੍ਰਣਮੂਲ ਕਾਂਗਰਸ ਹੋਵੇ ਜਾਂ ਐਨ ਸੀ ਪੀ, ਨੈਸ਼ਨਲ ਕਾਨਫਰੰਸ ਹੋਵੇ ਜਾਂ ਤੇਲਗੂ ਦੇਸਮ ਪਾਰਟੀ, ਡੀ ਐੱਮ ਕੇ ਹੋਵੇ ਜਾਂ ਰਾਸ਼ਟਰੀ ਜਨਤਾ ਦਲ ਜਾਂ ਲੋਕ ਜਨਸ਼ਕਤੀ ਪਾਰਟੀ। ਜੰਮੂ-ਕਸ਼ਮੀਰ ਤੋਂ ਲੈ ਕੇ ਤਾਮਿਲ ਨਾਡੂ ਅਤੇ ਨਾਗਾਲੈਂਡ ਤੋਂ ਲੈ ਕੇ ਮਹਾਰਾਸ਼ਟਰ ਅਤੇ ਮੱਧ ਭਾਰਤ ਵਿੱਚ ਯੂ ਪੀ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਇਨ੍ਹਾਂ ਦਾ ਬੋਲਬਾਲਾ ਹੈ।
ਤ੍ਰਾਸਦੀ ਦੇਖੋ ਕਿ ਜਿੱਥੇ ਇੱਕ ਪਾਸੇ ਕਾਂਗਰਸ ਪ੍ਰਧਾਨ ਇਹ ਕਹਿੰਦੇ ਨਹੀਂ ਥੱਕਦੇ ਕਿ ਉਹ ਪਾਰਟੀ ਵਿੱਚ ਲੋਕਤੰਤਰ ਲਿਆਉਣਗੇ, ਉਨ੍ਹਾਂ ਦੀ ਪਾਰਟੀ ਵਿੱਚ ਹੀ ਪਰਵਾਰਵਾਦ ਦਾ ਬੋਲਬਾਲਾ ਹੈ। ਕਾਂਗਰਸ ਦੇ ਕਿਸੇ ਵੀ ਮੁੱਖ ਮੰਤਰੀ ਜਾਂ ਰਾਜ ਦੇ ਕਾਂਗਰਸ ਪ੍ਰਧਾਨ ਨੂੰ ਲੈ ਲਓ, ਉਹ ਕਿਸੇ ਨਾ ਕਿਸੇ ਰਾਜਨੇਤਾ ਦੀਆਂ ‘ਅੱਖਾਂ ਦਾ ਤਾਰਾ' ਹੋਵੇਗਾ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦਾ ਬੇਟਾ ਆਪਣੇ ਪਿਤਾ ਦੀ ਰਵਾਇਤੀ ਸੀਟ ਛਿੰਦਵਾੜਾ ਤੋਂ ਚੋਣ ਮੈਦਾਨ ਵਿੱਚ ਹੈ ਤਾਂ ਜੰਮੂ-ਕਸਮੀਰ ਵਿੱਚ ਸੈਫੁਦੀਨ ਸੋਜ਼ ਦਾ ਬੇਟਾ। ਆਸਾਮ ਵਿੱਚ ਸੰਤੋਸ਼ ਮੋਹਨ ਦੇਵ ਦੀ ਧੀ ਚੋਣ ਮੈਦਾਨ ਵਿੱਚ ਹੈ। ਸਾਬਕਾ ਕੇਂਦਰੀ ਵਿੱਤ ਮੰਤਰੀ ਚਿਦੰਬਰਮ ਦਾ ਬੇਟਾ, ਆਸਾਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ ਦਾ ਬੇਟਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਬੇਟਾ, ਮੁਰਲੀ ਦੇਵੜਾ ਦਾ ਬੇਟਾ, ਸਵਰਗੀ ਰਾਜੇਸ਼ ਪਾਇਲਟ ਦਾ ਬੇਟਾ, ਸੁਨੀਲ ਦੱਤ ਦੀ ਧੀ ਪ੍ਰਿਆ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਚੋਣ ਮੈਦਾਨ ਵਿੱਚ ਹਨ।
ਮੋਦੀ ਕਾਂਗਰਸ ਉੱਤੇ ਵੰਸ਼ਵਾਦੀ ਸਿਆਸਤ ਕਰਨ ਦਾ ਦੋਸ਼ ਲਾ ਰਹੇ ਹਨ, ਪਰ ਭਾਜਪਾ ਦਾ ਵੀ ਕਾਂਗਰਸੀਕਰਨ ਹੋ ਗਿਆ ਹੈ। ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਜੋ 75 ਨਵੇਂ ਚਿਹਰੇ ਚੋਣ ਮੈਦਾਨ ਵਿੱਚ ਆਏ ਹਨ, ਉਨ੍ਹਾਂ ਵਿੱਚੋਂ 33 ਉਨ੍ਹਾਂ ਨੇਤਾਵਾਂ ਦੇ ਧੀਆਂ-ਪੁੱਤ ਹਨ, ਜਿਨ੍ਹਾਂ ਦੀ ਉਮਰ 75 ਸਾਲ ਤੋਂ ਵੱਧ ਹੋ ਗਈ ਹੈ। ਮੇਨਕਾ ਗਾਂਧੀ ਅਤੇ ਉਨ੍ਹਾਂ ਦਾ ਬੇਟਾ ਵਰੁਣ ਗਾਂਧੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬੇਟਾ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਸਾਹਿਬ ਸਿੰਘ ਦਾ ਬੇਟਾ, ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਧੂਮਲ ਦਾ ਬੇਟਾ, ਸਵਰਗੀ ਪ੍ਰਮੋਦ ਮਹਾਜਨ ਦੀ ਧੀ ਸਭ ਚੋਣ ਮੈਦਾਨ ਵਿੱਚ ਹਨ।
ਇਸੇ ਤਰ੍ਹਾਂ ਯੂ ਪੀ ਵਿੱਚ ਅਖਿਲੇਸ਼ ਯਾਦਵ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਹਨ ਤੇ ਉਨ੍ਹਾਂ ਨੇ ਲੋਕ ਸਭਾ ਚੋਣਾਂ ਲਈ ਆਪਣੀ ਪਤਨੀ, ਚਾਚੇ ਤੇ ਚਚੇਰੇ ਭਰਾਵਾਂ ਨੂੰ ਟਿਕਟਾਂ ਦਿੱਤੀਆਂ ਹਨ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੇ ਊਧਵ ਠਾਕਰੇ ਆਪਣੇ ਬੇਟੇ ਆਦਿੱਤਿਆ ਨੂੰ ਅੱਗੇ ਵਧਾ ਰਹੇ ਹਨ। ਤੇਲਗੂ ਦੇਸਮ ਪਾਰਟੀ ਦੇ ਨਾਇਡੂ ਅਤੇ ਟੀ ਆਰ ਐੱਸ ਦੇ ਚੰਦਰਸ਼ੇਖਰ ਰਾਓ ਵੀ ਆਪਣੇ ਧੀਆਂ-ਪੁੱਤਾਂ ਨੂੰ ਅੱਗੇ ਲਿਆ ਰਹੇ ਹਨ।
ਮਮਤਾ ਬੈਨਰਜੀ ਅਤੇ ਸ਼ਰਦ ਪਵਾਰ ਆਪਣੇ ਭਤੀਜਿਆਂ ਨੂੰ ਅੱਗੇ ਵਧਾ ਰਹੇ ਹਨ। ਮਾਇਆਵਤੀ ਆਪਣੇ ਭਰਾ ਨੂੰ ਅੱਗੇ ਵਧਾ ਰਹੀ ਹੈ। ਉਮਰ ਅਬਦੁੱਲਾ ਆਪਣੇ ਪਿਤਾ ਫਾਰੂਕ ਅਬਦੁੱਲਾ ਅਤੇ ਦਾਦਾ ਸ਼ੇਖ ਅਬਦੁੱਲਾ ਦੇ ਨਕਸ਼ੇ ਕਦਮ ਉਤੇ ਚੱਲ ਰਹੇ ਹਨ। ਮਹਿਬੂਬਾ ਨੇ ਵੀ ਆਪਣੇ ਪਿਤਾ ਤੋਂ ਪਾਰਟੀ ਦੀ ਵਾਗਡੋਰ ਸੰਭਾਲੀ ਹੋਈ ਹੈ।
ਲਾਲੂ-ਰਾਬੜੀ ਪਰਵਾਰ ਦੀ ਧੀ ਮੀਸਾ ਰਾਜ ਸਭਾ ਵਿੱਚ ਹੈ, ਤੇਜ ਪ੍ਰਤਾਪ ਅਤੇ ਤੇਜਸਵੀ ਯਾਦਵ ਦੋਵੇਂ ਪੁੱਤਰ ਇਸ ਪਰਵਾਰ ਦੀ ਸਿਆਸੀ ਵਿਰਾਸਤ ਲਈ ਲੜ ਰਹੇ ਹਨ। ਪਾਸਵਾਨ ਆਪਣੇ ਬੇਟੇ ਚਿਰਾਗ ਨੂੰ ਚਮਕਾਉਣ ਲਈ ਕਮਰ ਕੱਸ ਚੁੱਕੇ ਹਨ, ਤਾਂ ਅਜਿਤ ਸਿੰਘ ਆਪਣੇ ਬੇਟੇ ਤੇ ਪ੍ਰਕਾਸ਼ ਸਿੰਘ ਬਾਦਲ ਆਪਣੀ ਨੂੰਹ ਅਤੇ ਪੁੱਤਰ ਨੂੰ ਅੱਗੇ ਲਿਆ ਰਹੇ ਹਨ।
ਗਵਾਲੀਅਰ ਦਾ ਸਿੰਧੀਆ ਰਾਜ ਘਰਾਣਾ ਬੜੀ ਸਹਿਜਤਾ ਨਾਲ ਰਾਜਸ਼ਾਹੀ ਤੋਂ ਸਿਆਸਤ ਵਿੱਚ ਆਇਆ ਹੈ। ਇਸ ਰਾਜ ਘਰਾਣੇ ਦੇ ਮਾਧਵਰਾਓ ਸਿੰਧੀਆ ਦਾ ਬੇਟਾ ਜਯੋਤਿਰਾਦਿੱਤਿਆ ਸਿੰਧੀਆ ਕਾਂਗਰਸ ਵਿੱਚ ਹੈ। ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ, ਉਨ੍ਹਾਂ ਦਾ ਲਾਡਲਾ ਅਤੇ ਭੈਣ ਭਾਜਪਾ ਵਿੱਚ ਹਨ।
ਸਿਆਸੀ ਵਿਰਾਸਤ ਪ੍ਰਭਾਵਸ਼ਾਲੀ ਹੁੰਦੀ ਜਾਂਦੀ ਹੈ ਤੇ ਇਸ ਦੀਆਂ ਮਿਸਾਲਾਂ ਹਰਿਆਣਾ, ਤਾਮਿਲ ਨਾਡੂ ਤੇ ਉੜੀਸਾ ਵਿੱਚ ਵੀ ਹਨ, ਜਿੱਥੇ ਪਰਵਾਰਵਾਦ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਜੇ ਤੁਸੀਂ ਕਿਸੇ ਵੱਡੇ ਨੇਤਾ ਦੇ ਧੀ ਜਾਂ ਪੁੱਤ ਨਹੀਂ ਹੋ ਤਾਂ ਤੁਸੀਂ ਸਿਆਸਤ ਵਿੱਚ ਅੱਗੇ ਨਹੀਂ ਵਧ ਸਕਦੇ। ਭੁਪਿੰਦਰ ਸਿੰਘ ਹੁੱਡਾ ਤੋਂ ਇਲਾਵਾ ਰਾਓ ਬੀਰੇਂਦਰ ਸਿੰਘ ਅਤੇ ਸੁਰਜੇਵਾਲਾ ਦੇ ਧੀ-ਪੁੱਤ ਚੋਣ ਮੈਦਾਨ ਵਿੱਚ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦਾ ਬੇਟਾ ਅਤੇ ਚੌਧਰੀ ਦੇਵੀ ਲਾਲ ਦਾ ਪੂਰਾ ਪਰਵਾਰ ਸਿਆਸਤ ਵਿੱਚ ਹੈ। ਇਸ ਵਿੱਚ ਇੱਕ ਪਾਸੇ ਅਜੈ ਚੌਟਾਲਾ ਦਾ ਬੇਟਾ ਦੁਸ਼ਯੰਤ ਅਤੇ ਦੂਸਰੇ ਪਾਸੇ ਚਾਚਾ ਅਭੈ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਦੱਖਣ ਵਿੱਚ ਡੀ ਐਮ ਕੇ ਦੇ ਨੇਤਾ ਸਵਰਗੀ ਕਰੁਣਾਨਿਧੀ ਦੇ ਧੀਆਂ-ਪੁੱਤ ਅਤੇ ਭਤੀਜੇ ਉਨ੍ਹਾਂ ਦੀ ਵਿਰਾਸਤ ਸੰਭਾਲ ਰਹੇ ਹਨ।
ਇਹ ਸੂਚੀ ਇੰਨੀ ਲੰਮੀ ਹੈ ਕਿ ਲੱਗਦਾ ਹੈ ਕਿ ਚੋਣਾਂ ਅਤੇ ਪਾਰਟੀਆਂ ਇੱਕ ਹੋ ਗਈਆਂ ਹਨ। ਉੜੀਸਾ ਵਿੱਚ ਕਈ ਖਾਨਦਾਨ ਚੋਣ ਮੈਦਾਨ ਵਿੱਚ ਹਨ, ਜਿੱਥੇ ਕੁਝ ਲੋਕ ਦੁਬਾਰਾ ਚੋਣਾਂ ਵਿੱਚ ਖੜ੍ਹੇ ਹੋਏ ਹਨ ਤੇ ਕੁਝ ਆਪਣੇ ਪਰਵਾਰਕ ਮੈਂਬਰਾਂ ਨੂੰ ਟਿਕਟਾਂ ਦਿਵਾਈਆਂ ਹਨ। ਸੁੰਦਰਗੜ੍ਹ ਵਿੱਚ ਸਾਬਕਾ ਕਾਂਗਰਸੀ ਮੁੱਖ ਮੰਤਰੀ ਬਿਸਵਾਲ ਦੀਆਂ ਦੋ ਧੀਆਂ ਚੋਣ ਮੈਦਾਨ ਵਿੱਚ ਹਨ: ਇੱਕ ਬੀਜੂ ਜਨਤਾ ਦਲ ਦੀ ਟਿਕਟ ਉੱਤੇ ਲੋਕ ਸਭਾ ਦੀ ਉਮੀਦਵਾਰ ਹੈ, ਤਾਂ ਦੂਜੀ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਦੀ ਉਮੀਦਵਾਰ ਬਣੀ ਹੈ। ਇੱਕ ਹੋਰ ਚੋਣ ਹਲਕੇ ਵਿੱਚ ਕਾਂਗਰਸ ਨੇ ਪਿਤਾ ਨੂੰ ਟਿਕਟ ਦਿੱਤੀ ਹੈ ਤਾਂ ਬੀਜੂ ਜਨਤਾ ਦਲ ਨੇ ਉਨ੍ਹਾਂ ਦੇ ਬੇਟੇ ਨੂੰ ਲੋਕ ਸਭਾ ਲਈ ਟਿਕਟ ਦੇ ਦਿੱਤੀ ਹੈ। ਬੀਜੂ ਜਨਤਾ ਦਲ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਆਪਣੀ ਵਿਰਾਸਤ ਆਪਣੀ ਪਤਨੀ ਨੂੰ ਸੌਂਪ ਦਿੱਤੀ ਹੈ। ਸਾਬਕਾ ਰਾਜੇ ਗਜਪਤੀ ਦੀ ਪੋਤੀ ਵੀ ਚੋਣ ਮੈਦਾਨ ਵਿੱਚ ਹੈ ਤੇ ਇਹ ਸਾਰੇ ਨੇਤਾ ਇੱਕੋ ਗੱਲ ਕਹਿ ਰਹੇ ਹਨ ਕਿ ਸਾਡਾ ਪਰਵਾਰ ਲੋਕਾਂ ਦੀ, ਲੋਕਾਂ ਵੱਲੋਂ ਤੇ ਲੋਕਾਂ ਲਈ ਸਰਕਾਰ ਦੇ ਸਕਦਾ ਹੈ। ਇਸ ਲਈ ਉਹ ਆਪਣੇ ਪਰਵਾਰ ਦੀ ਕੁਰਬਾਨੀ ਤੇ ਦੇਸ਼ਭਗਤੀ ਦਾ ਹਵਾਲਾ ਦਿੰਦੇ ਹਨ। ਇਨ੍ਹਾਂ ਨੇਤਾਵਾਂ ਨੂੰ ਉਮੀਦ ਹੈ ਕਿ ਦੇਸ਼ ਦੇ ਲਗਭਗ ਸਵਾ ਅਰਬ ਲੋਕ ਇਨ੍ਹਾਂ ਪਰਵਾਰਵਾਦੀ ਨੇਤਾਵਾਂ ਤੋਂ ਪ੍ਰਭਾਵਤ ਹੋਣਗੇ ਤੇ ਇਨ੍ਹਾਂ ਨੂੰ ਜਿਤਾਉਣਗੇ।
ਅਹਿਮ ਇਹ ਨਹੀਂ ਹੈ ਕਿ ਚੋਣਾਂ ਵਿੱਚ ਉਤਾਰੇ ਜਾਣ ਵਾਲੇ ਉਮੀਦਵਾਰ ਯੋਗ ਹਨ ਜਾਂ ਨਹੀਂ, ਸਗੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਰਵਾਰ ਦੇ ਕਾਰਨ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੱਚ ਕਹੀਏ ਤਾਂ ਸਾਡਾ ਨਜ਼ਰੀਆ ਅਜੇ ਜਾਗੀਰਦਾਰੀ ਵਾਲਾ ਹੈ ਤੇ ਸੋਚ 'ਤੇ ਗੁਲਾਮੀ ਹਾਵੀ ਹੈ। ਪਰਵਾਰਵਾਦ ਲੋਕਤੰਤਰ ਅਤੇ ਚੋਣ ਸਿਆਸਤ ਦਾ ਵਿਰੋਧੀ ਹੈ। ਜੇ ਕਿਸੇ ਮੰਤਰੀ ਦੀ ਮੌਤ ਹੋ ਜਾਵੇ ਤਾਂ ਉਸ ਦੇ ਧੀ-ਪੁੱਤ ਜਾਂ ਪਤਨੀ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਇਹੋ ਅੱਜ ਦੀ ਸਿਆਸੀ ਸੱਭਿਅਤਾ ਹੈ, ਜੋ ਦੱਸਦੀ ਹੈ ਕਿ ਸਾਡੇ ਦੇਸ਼ ਵਿੱਚ ਜਾਗੀਰਦਾਰੀ ਸੋਚ ਭਾਰੂ ਹੈ। ਕੁਝ ਲੋਕ ਨੇਤਾਵਾਂ ਦੇ ਬੱਚਿਆਂ ਨੂੰ ਲੋਕਤੰਤਰ ਉਤੇ ਹਮਲਾ ਮੰਨਦੇ ਹਨ, ਕਿਉਂਕਿ ਉਹ ਨੇਤਾ ਆਪਣੇ ਸਾਮਰਾਜ ਨੂੰ ਮਜ਼ਬੂਤ ਕਰਨ ਲਈ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਹਨ। ਕਿਸੇ ਵੀ ਚੋਣ ਹਲਕੇ ਤੇ ਵੋਟਰਾਂ ਦੀ ਸੇਵਾ ਲਈ ਲੋਕਤੰਤਰਿਕ ਢੰਗ ਨਾਲ ਚੁਣੇ ਹੋਏ ਸਰਵ ਉਤਮ ਉਮੀਦਵਾਰਾਂ ਦੀ ਬਜਾਏ ਅਜਿਹਾ ਲੱਗਦਾ ਹੈ ਕਿ ਵੰਸ਼ਵਾਦ ਦਾ ਕ੍ਰਿਸ਼ਮਾ ਅਤੇ ਪੈਸਾ ਉਨ੍ਹਾਂ ਦੀ ਸੇਵਾ ਕਰਦਾ ਹੈ।
ਇਸ ਤਰ੍ਹਾਂ ਦੇ ਇੱਕ ਵੰਸ਼ਵਾਦੀ ਪਾਰਟੀ ਦੇ ਬਜ਼ੁਰਗ ਨੇਤਾ ਦਾ ਕਹਿਣਾ ਹੈ ਕਿ ਕੀ ਰਾਜ ਨੇਤਾਵਾਂ ਦੇ ਬੱਚਿਆਂ ਦਾ ਸਿਆਸਤ ਵਿੱਚ ਆਉਣਾ ਸੁਭਾਵਿਕ ਨਹੀਂ। ਅੱਜ ਜਦੋਂ ਸਿਆਸਤ ਇੱਕ ਕਾਰੋਬਾਰ ਬਣ ਗਈ ਹੈ, ਸਿਆਸੀ ਪਰਵਾਰ ਇੱਕ ਵਪਾਰਕ ਘਰਾਣੇ ਵਾਂਗ ਆਪਣੀ ਜਾਇਦਾਦ ਨੂੰ ਤੋਲਦਾ ਤੇ ਇਹ ਧਾਰਨਾ ਰੱਖਦਾ ਹੈ ਕਿ ਉਹ ਚੋਣ ਹਲਕੇ ਦਾ ਮਾਲਕ ਹੈ। ਇਸੇ ਕਾਰਨ ਹੋਰ ਯੋਗ ਉਮੀਦਵਾਰਾਂ ਦਾ ਚੋਣ ਮੈਦਾਨ ਵਿੱਚ ਆਉਣਾ ਔਖਾ ਹੋ ਜਾਂਦਾ ਹੈ। ਸਿਆਸੀ ਪਾਰਟੀਆਂ ਵਿੱਚ ਵੀ ਇਸੇ ਕਰ ਕੇ ਯੋਗ ਉਮੀਦਵਾਰਾਂ ਤੇ ਵਰਕਰਾਂ ਦੀ ਅਣਦੇਖੀ ਹੁੰਦੀ ਹੈ। ਅਜਿਹਾ ਲਗਭਗ ਸਾਰੀਆਂ ਸਿਆਸੀ ਪਾਰਟੀਆਂ 'ਚ ਹੁੰਦਾ ਹੈ, ਜਿਸ ਕਾਰਨ ਧੀਆਂ-ਪੁੱਤ ਤੇ ਜਵਾਈ ਰਾਜਤੰਤਰ ਦਾ ਹਿੱਸਾ ਬਣ ਗਏ ਹਨ।
ਅੱਜ ਸਥਿਤੀ ਅਜਿਹੀ ਬਣ ਗਈ ਹੈ ਕਿ ਕਿਸੇ ਨੇਤਾ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾਂਦਾ ਹੈ ਕਿ ਉਸ ਨੇ ਆਪਣੇ ਪਰਵਾਰ ਦੇ ਕਿੰਨੇ ਮੈਂਬਰਾਂ ਨੂੰ ਟਿਕਟ ਦਿਵਾਈ ਹੈ। ਫਿਰ ਸਮੱਸਿਆ ਦਾ ਹੱਲ ਕੀ ਹੈ? ਜਦੋਂ ਚੋਟੀ ਦੇ ਨੇਤਾ ਆਪਣੀਆਂ ਔਲਾਦਾਂ ਨੂੰ ਚੋਣ ਵਿਸ਼ਾ ਬਣਾ ਦਿੰਦੇ ਹਨ ਤਾਂ ਵਿਚਾਰਧਾਰਾ ਦੀ ਅਣਦੇਖੀ ਹੁੰਦੀ ਹੈ, ਜਿਸ ਕਾਰਨ ਅੱਗੇ ਚੱਲ ਕੇ ਇਹ ਜਾਗੀਰਦਾਰੀ ਸੋਚ ਸਾਡੀ ਸਿਆਸਤ ਦੇ ਪਤਨ ਦੀ ਵਜ੍ਹਾ ਬਣੇਗੀ।

Have something to say? Post your comment