Welcome to Canadian Punjabi Post
Follow us on

19

March 2024
 
ਨਜਰਰੀਆ

ਪੰਜਾਬ ਦੀ ਸਿਆਸੀ ਆਪਾ-ਧਾਪੀ ਦੇ ਖਤਰਨਾਕ ਸਿੱਟੇ

April 18, 2019 08:54 AM

-ਗੁਰਦੀਪ ਸਿੰਘ ਢੁੱਡੀ
ਇਤਿਹਾਸ ਦੇ ਥੋੜ੍ਹੇ ਜਿਹੇੇ ਜਾਣਕਾਰ ਵੀ ਇਸ ਗੱਲ ਦੇ ਜਾਣੂ ਹਨ ਕਿ ਸਿਆਸਤ ਵਿੱਚ ਕੁਰਸੀ ਦੀ ਖਾਤਰ ਪਿਓ, ਪੁੱਤਰ, ਭਰਾ ਜਾਂ ਹੋਰ ਕਿਸੇ ਰਿਸ਼ਤੇ ਦਾ ਆਪਸ ਵਿੱਚ ਰਿਸ਼ਤਾ ਨਾਤਾ ਓਨਾ ਚਿਰ ਹੀ ਰਹਿੰਦਾ ਹੈ ਜਿੰਨਾ ਚਿਰ ਕੁਰਸੀ ਅੱਖ ਤਿਣ ਨਾ ਦਿਸਣ ਲੱਗ ਪਵੇ। ਕੁਰਸੀ ਨੂੰ ਖਤਰਾ ਜਾਂ ਫਿਰ ਇਸ ਨੂੰ ਪ੍ਰਾਪਤ ਕਰਨ ਦੀ ਲਾਲਸਾ ਪਿਓ-ਪੁੱਤਰ, ਭਰਾ-ਭਰਾ ਜਾਂ ਫਿਰ ਮਾਲਕ-ਨੌਕਰ ਵਿੱਚ ਖਾਨਾਜੰਗੀ ਛੇੜ ਦਿੰਦੀ ਹੈ। ਇਹ ਵੱਖਰੀ ਗੱਲ ਹੈ ਕਿ ਇਸ ਖਾਨਾਜੰਗੀ ਵਿੱਚ ਕਈ ਵਾਰੀ ਕੋਈ ਤੀਜੀ ਧਿਰ ਆ ਕੇ ਫਾਇਦਾ ਲੈ ਜਾਂਦੀ ਹੈ। ਅੱਜ ਕੱਲ੍ਹ ਸੰਸਾਰ ਦੇ ਬਹੁਤ ਮੁਲਕਾਂ ਵਿੱਚ ਲੋਕਤੰਤਰੀ ਰਾਜ ਪ੍ਰਣਾਲੀ ਪ੍ਰਚੱਲਤ ਹੋ ਚੁੱਕੀ ਹੈ ਅਤੇ ਕੁਝ ਇਕ ਮੁਲਕਾਂ ਨੂੰ ਛੱਡ ਕੇ ਇਹ ਮਜ਼ਬੂਤੀ ਨਾਲ ਚੱਲ ਵੀ ਰਹੀ ਹੈ। ਇਸ ਲੋਕਤੰਤਰੀ ਰਾਜ ਪ੍ਰਣਾਲੀ ਨੇ ਸ਼ੁਰੂ-ਸ਼ੁਰੂ ਵਿੱਚ (ਹਰ ਥਾਂ) ਆਮ ਲੋਕਾਂ ਨੂੰ ਵੀ ਸਿਆਸਤ ਵੱਲ ਖਿੱਚ ਲਿਆ ਅਤੇ ਕਿਧਰੇ-ਕਿਧਰੇ ਆਮ ਲੋਕ ਉਚੀ ਕੁਰਸੀ ਤੱਕ ਪਹੁੰਚ ਵੀ ਗਿਆ ਸੀ।
ਦਰਅਸਲ, ਅਜਿਹੇ ਸਮੇਂ ਵਿੱਚ ਸਿਆਸਤ ਦਾ ਧੁਰਾ ਕੋਈ ਨਾ ਕੋਈ ਵਿਚਾਰਧਾਰਾਂ ਜ਼ਰੂਰੀ ਹੁੰਦੀ ਸੀ, ਪਰ ਸਮੇਂ ਦੀ ਤੋਰ ਨਾਲ ਲੋਕਤੰਤਰੀ ਪ੍ਰਣਾਲੀ ਵਿੱਚ ਤਾਕਤ ਦਾ ਧੁਰਾ ਉਚੀਆਂ ਕੁਰਸੀਆਂ 'ਤੇ ਬਿਰਾਜਮਾਨ ਹੋਣ ਵਾਲੇ ਸਿਆਸੀ ਲੋਕਾਂ ਦੁਆਲੇ ਘੁੰਮਣ ਲੱਗ ਪਿਆ। ਤਾਕਤ ਦੇ ਇਸ ਧੁਰੇ ਨੇ ਲੋਕਤੰਤਰੀ ਪ੍ਰਣਾਲੀ ਵਿੱਚ ਫਿਰ ਰਾਜ ਘਰਾਣਿਆਂ/ਧਨਾਢਾਂ/ਸਰਮਾਏਦਾਰਾਂ ਦਾ ਕੁਰਸੀ 'ਤੇ ਅੱਖ ਵਾਲਾ ਮੁਹਾਵਰਾ ਪੈਦਾ ਕਰ ਦਿੱਤਾ। ਫਲਸਰੂਪ ਬਹੁਤੇ ਥਾਵਾਂ ਉਤੇ ਸਿਆਸਤ ਨਾਲ ਜੁੜੇ ਲੋਕਾਂ ਵਿੱਚ ਆਪਾ ਧਾਪੀ ਵਾਲਾ ਮਾਹੌਲ ਪੈਦਾ ਕਰ ਦਿੱਤਾ। ਇਨ੍ਹਾਂ ਥਾਵਾਂ ਵਿੱਚੋਂ ਭਾਰਤ ਦਾ (ਹੁਣ) ਇਕ ਛੋਟਾ ਜਿਹਾ ਸੂਬਾ ਪੰਜਾਬ ਇਸ ਦੀ ਮਿਸਾਲ ਬਣ ਗਿਆ ਹੈ।
ਮੁਲਕ ਦੇ ਆਜ਼ਾਦੀ ਸੰਗਰਾਮ ਵਿੱਚ ਕਾਂਗਰਸ ਪਾਰਟੀ ਨੇ ਪਹਿਲੀਆਂ ਵਿੱਚ ਜਨਤਾ ਦੀ ਅਗਵਾਈ ਕੀਤੀ। ਜਿਵੇਂ ਹੀ ਆਜ਼ਾਦੀ ਪ੍ਰਾਪਤੀ ਦੀ ਇਸ ਲੜਾਈ ਵਿੱਚ ਹੋਰ ਵਿਚਾਰਧਾਰਾਵਾਂ ਦਾ ਪ੍ਰਵੇਸ਼ ਹੋਇਆ, ਕਾਂਗਰਸ ਪਾਰਟੀ ਨੇ ਇਨ੍ਹਾਂ ਧਿਰਾਂ ਨੂੰ ਪਰਦੇ ਤੋਂ ਧਕੇਲਣ ਲਈ ਸਿਆਸੀ ਚਾਲਾਂ ਦਾ ਵੀ ਸਹਾਰਾ ਲਿਆ। ਇਸੇ ਕਰਕੇ 1947 ਵਿੱਚ ਜਦੋਂ ਮੁਲਕ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਮਿਲਿਆ ਤਾਂ ਮੁਲਕ ਦੀ ਵੰਡ ਵਾਲਾ ਵੱਡਾ ਦੁਖਾਂਤ ਵੀ ਵਾਪਰ ਗਿਆ। ਖੈਰ! ਭਾਰਤ ਵਿੱਚ ਕੇਂਦਰ ਸਮੇਤ ਮੁਲਕ ਦੇ ਸੂਬਿਆਂ ਵਿੱਚ ਕਾਂਗਰਸ ਪਾਰਟੀ ਨੂੰ ਰਾਜ ਭਾਗ ਮਿਲਿਆ। ਮੁਲਕ ਲੋਕਤੰਤਰੀ ਸਿਆਸੀ ਢਾਂਚੇ ਵਿੱਚ ਢਲ ਗਿਆ ਅਤੇ 1951-52 ਵਿੱਚ ਆਜ਼ਾਦ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ।
ਅੱਗੇ ਚੱਲ ਕੇ ਰਾਜ ਭਾਗ 'ਤੇ ਬਹੁਤਾ ਸਮਾਂ ਕਾਂਗਰਸ ਪਾਰਟੀ ਹੀ ਕਾਬਜ਼ ਰਹੀ। ਕਾਂਗਰਸ ਪਾਰਟੀ ਵਿਚਾਰਧਾਰਾ ਦਾ ਨਾਮ ਸੀ, ਜਿਸ ਦੀ ਤਾਰ ਆਜ਼ਾਦੀ ਸੰਗਰਾਮ ਨਾਲ ਜੁੜਦੀ ਸੀ ਅਤੇ ਰਾਜਕੀ ਵਿਵਸਥਾ ਅੰਗਰੇਜ਼ੀ ਸ਼ਾਸਨ ਵਾਲੀ ਹੀ ਸੀ। ਜਮਹੂਰੀ ਤਰਜ਼ ਦੀ ਰਾਜਕੀ ਵਿਵਸਥਾ ਵਿੱਚ ਕਾਂਗਰਸ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਬਾਗੀ ਸੁਰਾਂ ਉਠੀਆਂ ਅਤੇ ਕਾਂਗਰਸ ਪਾਰਟੀ ਦੀ ਬਰਾਬਰੀ ਦੂਜੀਆਂ ਵਿਚਾਰਧਾਰਾਵਾਂ ਨੇ ਵੀ ਕਰਨੀ ਸ਼ੁਰੂ ਕੀਤੀ। ਸਮਾਂ ਪਾ ਕੇ ਕੇਂਦਰ ਸਮੇਤ ਕੁਝ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੇ ਇਲਾਵਾ ਹੋਰ ਪਾਰਟੀਆਂ ਨੂੰ ਰਾਜ ਭਾਗ ਮਿਲਣ ਲੱਗਾ। ਇਸ ਵਿੱਚ ਸਿਆਸੀ ਚਾਲਾਂ ਵੀ ਸ਼ੁਰੂ ਹੋ ਗਈਆਂ।
ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ, ਆਜ਼ਾਦੀ ਤੋਂ ਬਾਅਦ ਅਕਾਲੀ ਦਲ ਦੇ ਮੋਰਚਿਆਂ ਵਿੱਚੋਂ ਪੰਜਾਬ ਦੀ ਫਿਰ ਵੰਡ ਹੋਈ ਅਤੇ ਹੌਲੀ-ਹੌਲੀ ਸ਼੍ਰੋਮਣੀ ਅਕਾਲੀ ਦਲ ਨੂੰ ਰਾਜ ਭਾਗ ਕਰਨ ਦਾ ਮੌਕਾ ਮਿਲ ਗਿਆ। ਰਾਖਵੇਂਕਰਨ ਦੀ ਨੀਤੀ ਕਾਰਨ ਭਾਵੇਂ ਕਥਿਤ ਛੋਟੀਆਂ ਜਾਤਾਂ ਨੂੰ ਵੀ ਸਿਆਸੀ ਤਾਕਤ ਵਿੱਚੋਂ ਹਿੱਸਾ ਨਸੀਬ ਹੋਣ ਲੱਗ ਪਿਆ ਸੀ, ਪਰ ਸ਼੍ਰੋਮਣੀ ਅਕਾਲੀ ਦਲ ਉਤੇ ਅਸਲ ਕਬਜ਼ਾ ਵੱਡੇ ਜੱਟ ਸਿੱਖ ਘਰਾਣਿਆਂ ਦਾ ਹੀ ਰਿਹਾ ਅਤੇ ਛੋਟੀਆਂ-ਛੋਟੀਆਂ ਬਗਾਵਤਾਂ ਨਾਲ ਇਸ ਦੀ ਵੰਡ ਹੁੰਦੀ ਗਈ। ਫਿਰ ਇਕ ਸਮਾਂ ਉਹ ਵੀ ਆਇਆ ਜਦੋਂ ਦਲ ਦੀ ਅਸਲ ਤਾਕਤ ਬਾਦਲ ਪਰਵਾਰ ਦੁਆਲੇ ਘੁੰਮਣ ਲੱਗ ਪਈ।
ਸਮੇਂ ਦੀ ਤੋਰ ਨਾਲ ਖੱਬੀਆਂ ਧਿਰਾਂ ਦਾ ਉਭਾਰ ਤਾਂ ਹੋਇਆ ਪਰ ਪੰਜਾਬ ਵਿੱਚ ਉਹੀ ਪੁਰਾਣੇ ਜਾਗੀਰਦਾਰੀ ਅਤੇ ਫਿਰ ਸਰਮਾਏਦਾਰੀ ਸਿਸਟਮ ਦੇ ਜ਼ੋਰਾਵਰ ਹੋਣ 'ਤੇ ਖੱਬੀਆਂ ਧਿਰਾਂ ਸਿਆਸੀ ਪਰਦੇ ਦੇ ਪਿਛਾਂਹ ਜਾਣ ਵਾਲੇ ਹਾਲਾਤ ਵਿੱਚ ਪਹੁੰਚ ਗਈਆਂ। ਵਿੱਚ ਜਿਹੇ ਬਹੁਜਨ ਸਮਾਜ ਪਾਰਟੀ ਨੂੰ ਵੀ ਵਿਗਸਣ ਦਾ ਮੌਕਾ ਮਿਲਿਆ, ਪਰ ਇਹ ਵੀ ਛੇਤੀ ਹੀ ਪੰਜਾਬ ਦੇ ਸਿਆਸੀ ਪਰਦੇ ਤੋਂ ਲੁਪਤ ਹੋਣ ਵਾਲੀ ਹਾਲਤ ਵਿੱਚ ਪਹੁੰਚ ਗਈ। ਖਾੜਕੂਵਾਦ ਵਾਲੇ ਸਮੇਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਾਨ ਧੜੇ ਨੂੰ ਵੀ ਉਭਰਨ ਦਾ ਮੌਕਾ ਦਿੱਤਾ, ਪਰ ਛੇਤੀ ਹੀ ਇਹ ਵੀ ਹਾਸ਼ੀਏ 'ਤੇ ਪਹੁੰਚ ਗਿਆ। ਬਾਦਲ ਘਰਾਣੇ ਵਿੱਚੋਂ ਘਰੇਲੂ ਖਾਨਾਜੰਗੀ ਵਿੱਚੋਂ ਮਨਪ੍ਰੀਤ ਸਿੰਘ ਬਾਦਲ ਨੇ ਉਭਰਨ ਦਾ ਯਤਨ ਕੀਤਾ, ਪਰ ਉਹ ਵੀ ਕੋਈ ਸਿਆਸੀ ਪ੍ਰਾਪਤੀ ਨਾ ਕਰ ਸਕਿਆ ਅਤੇ ਫਿਰ ਕਾਂਗਰਸ ਪਾਰਟੀ ਦੇ ਲੜ ਲੱਗ ਗਿਆ।
ਅਸਲ ਵਿੱਚ ਕਾਂਗਰਸ ਪਾਰਟੀ ਕੇਂਦਰੀ ਪਾਰਟੀ ਹੋਣ ਕਰਕੇ ਹੇਠਾਂ ਉਤੇ ਤਾਂ ਹੁੰਦੀ ਰਹੀ ਪਰ ਨਵੇਂ ਹੋਂਦ ਵਿੱਚ ਆਏ ਪੰਜਾਬ ਵਿੱਚ ਉਹ ਬਾਦਲ ਧੜੇ ਨੂੰ ਲਗਾਤਾਰ ਟੱਕਰ ਦਿੰਦੀ ਆ ਰਹੀ ਹੈ। ਬਾਦਲ ਧੜੇ ਨੇ ਬੜੀ ਵੱਡੀ ਸਿਆਸੀ ਸੋਚ ਅਨੁਸਾਰ ਪਹਿਲਾਂ ਜਨਤਾ ਪਾਰਟੀ ਅਤੇ ਫਿਰ ਭਾਰਤੀ ਜਨਤਾ ਪਾਰਟੀ ਨਾਲ ਆਪਣਾ ਸਿਆਸੀ ਗੱਠਜੋੜ ਬਣਾਈ ਰੱਖਿਆ, ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਵਾਂਗ ਕਈ ਵਾਰੀ ਸਿਆਸੀ ਕਲਾਬਾਜ਼ੀਆਂ ਵਾਲੇ ਸਮਝੌਤੇ ਵੀ ਕੀਤੇ।
ਅੰਨਾ ਹਜ਼ਾਰੇ ਵਾਲੇ ਅੰਦੋਲਨ ਵਿੱਚੋਂ ਸਿਆਸੀ ਲਾਹਾ ਲੈਂਦਿਆਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਬਣਾ ਲਈ ਅਤੇ ਦਿੱਲੀ ਦੇ ਲੋਕਾਂ ਸਾਹਮਣੇ ਪਹਿਲਾਂ ਅੰਨਾ ਹਜ਼ਾਰੇ ਦੇ ਵਿਚਾਰ ਤੇ ਫਿਰ ਅਰਵਿੰਦ ਕੇਜਰੀਵਾਲ ਦਾ ਨਾਅਰੇ ਹੋਣ ਕਰਕੇ ਪੂਰੀ ਦੀ ਪੂਰੀ ਦਿੱਲੀ ਇਕਦਮ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਆਣ ਪਈ। ਕੇਜਰੀਵਾਲ ਵੱਡੇ ਸੁਫਨੇ ਲੈਣ ਲੱਗ ਪਿਆ। ਹੋਰ ਸੂਬਿਆਂ ਵਿੱਚ ਵੀ ਬੇਸ਼ੱਕ ਇਸ ਨੂੰ ਕੁਝ ਸਹਾਰਾ ਮਿਲਿਆ, ਪਰ ਇਸ ਨੂੰ ਅਸਲ ਤੇ ਵੱਡਾ ਹੁੰਗਾਰਾ ਪੰਜਾਬ ਵਿੱਚੋਂ ਮਿਲਿਆ। ਉਂਜ, ਇਸ ਤੋਂ ਬਾਅਦ ਪਾਰਟੀ ਦੀ ਲੀਡਰਸ਼ਿਪ, ਪੰਜਾਬੀ ਮਾਨਸਿਕਤਾ ਅਤੇ ਇਥੋਂ ਦੀ ਸਿਆਸਤ ਨੂੰ ਸਮਝਣ ਵਿੱਚ ਉਕ ਗਈ, ਇਹ ਖੁਦ ਨੂੰ ਕੇਂਦਰੀ ਤਾਕਤ ਸਮਝਦਿਆਂ ਗਲਤੀਆਂ ਦਰ ਗਲਤੀਆਂ ਕਰਦੀ ਗਈ। ਸਿੱਟੇ ਵਜੋਂ ਪੰਜਾਬ ਵਿੱਚ ਇਹ ਪਾਰਟੀ ਆਪਣੇ ਪੱਖ ਵਿੱਚ ਚੱਲ ਰਹੇ ਰੁਝਾਨਾਂ ਦੇ ਬਾਵਜੂਦ ਆਪਣਾ ਫਾਇਦਾ ਲੈਣ ਤੋਂ ਖੁੰਝ ਗਈ ਅਤੇ ਇਸ ਨੂੰ ਵਿਧਾਨ ਸਭਾ ਵਿੱਚ 22 ਸੀਟਾਂ ਹੀ ਮਿਲੀਆਂ।
ਇਉਂ ਲੋਕਾਂ ਨੇ ਪਾਰਟੀ ਦੇ ਮੁਖੀ ਕੇਜਰੀਵਾਲ ਨੂੰ ਦੂਹਰਾ ਸੰਕੇਤ ਦਿੱਤਾ। ਪੰਜਾਬ ਦੇ ਲੋਕ ਦੂਜੇ ਸ਼ਖਸ ਦੀ ਅਗਵਾਈ ਤਾਂ ਮੰਨ ਲੈਂਦੇ ਹਨ ਪਰ ਇਹ ਪੂਰੀ ਤਰ੍ਹਾਂ ਈਨ ਨਹੀਂ ਮੰਨਦੇ। ਆਮ ਆਦਮੀ ਪਾਰਟੀ ਦੀ ਕੇਂਦਰੀ ਹਾਈ ਕਮਾਨ, ਪੰਜਾਬ ਦੇ ਲੋਕਾਂ ਨੂੰ ਤਾਕਤ ਵਿੱਚੋਂ ਬਣਦਾ ਹਿੱਸਾ ਦੇਣ ਦੀ ਥਾਂ ਕੇਂਦਰੀ ਹਕੂਮਤ ਚਲਾਉਣ ਦੇ ਰਾਹ ਪੈ ਗਈ। ਫਲਸਰੂਪ, ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਤੀਲੇ ਬਿਖਰ ਗਏ। ਇਕ ਤੋਂ ਦੋ ਹੋਣ ਕਾਰਨ ਇਸ ਦੇ ਦੋਵਾਂ ਧੜਿਆਂ ਨੂੰ ਇਕ ਦੂਜੇ ਨੂੰ ਭੰਡਣ ਤੋਂ ਅੱਗੇ ਜ਼ਿਆਦਾ ਪ੍ਰਾਪਤੀ ਦੀ ਉਮੀਦ ਨਹੀਂ।
ਕਹਿਣ ਨੂੰ ਭਾਵੇਂ ਕੋਟਕਪੂਰਾ-ਬਹਿਬਲ-ਬਰਗਾੜੀ ਕਾਂਡ ਬਾਦਲ ਧੜੇ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਸਾਬਤ ਹੋਇਆ ਹੈ, ਪਰ ਅਸਲ ਵਿੱਚ ਸੁਖਬੀਰ-ਮਜੀਠੀਆ ਦੀਆਂ ਨੀਤੀਆਂ ਅਤੇ ਫੜ੍ਹਾਂ ਵਿੱਚ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਵਾਲੀਆਂ ਲੋਕ ਲੁਭਾਊ ਗੱਲਾਂ ਹਨ ਅਤੇ ਨਾ ਹੀ ਦੋਵਾਂ (ਸੁਖਬੀਰ-ਮਜੀਠੀਆ) ਨੂੰ ਪ੍ਰਕਾਸ਼ ਸਿੰਘ ਬਾਦਲ ਵਾਂਗ ਲੋਕਾਂ ਦੇ ਢਿੱਡ ਵਿੱਚ ਵੜਨਾ ਆਉਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਵਡੇਰੀ ਉਮਰ, ਪੁੱਤਰ ਮੋਹ ਅਤੇ ਸੁਖਬੀਰ ਬਾਦਲ ਦੇ ਭਾਰੂ ਵਤੀਰੇ ਕਾਰਨ ਸਿਆਸੀ ਨਕਸ਼ੇ ਤੋਂ ਪਾਸੇ ਹੋਣ ਵਾਂਗ ਹੋਣਾ ਪੈ ਗਿਆ ਹੈ ਅਤੇ ਸੁਖਬੀਰ-ਮਜੀਠੀਆ ਦੀਆਂ ਨੀਤੀਆਂ ਦੇ ਭਵਿੱਖ ਵਿੱਚ ਜਨਤਕ ਲਾਮਬੰਦੀ ਕਰਨ ਦੀ ਉਮੀਦ ਬੱਝਦੀ ਨਜ਼ਰ ਨਹੀਂ ਆ ਰਹੀ। ਸਿੱਖ ਧੜਿਆਂ ਦੇ ਨਾਮ 'ਤੇ ਹੋਰ ਅਕਾਲੀ ਗਰੁੱਪਾਂ ਦਾ ਸਿਆਸੀ ਆਧਾਰ ਥੋੜ੍ਹੇ ਖਿੱਤੇ ਤੋਂ ਅੱਗੇ ਵਧਣ ਦੀ ਭੋਰਾ ਵੀ ਆਸ ਨਹੀਂ। ਕਾਂਗਰਸ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਦਲ ਦਲ ਵੱਲ ਨਰਾਜ਼ਗੀ ਦੇ ਸਿੱਟੇ ਵਜੋਂ ਮਿਲੇ ਬਹੁਮਤ ਨੂੰ ਇਸ ਵਾਰੀ ਕੈਪਟਨ ਅਮਰਿੰਦਰ ਸਿੰਘ ਕੋਈ ਵਿਸ਼ੇਸ਼ ਆਕਰਸ਼ਣ ਬਣਾਉਣ ਵਿੱਚ ਅਸਫਲ ਰਹੇ ਹਨ।
ਉਪਰੋਕਤ ਦੇ ਸਿੱਟੇ ਵਜੋਂ ਪੰਜਾਬ ਵਿੱਚ ਸਿਆਸੀ ਆਪਾ ਧਾਪੀ ਵਾਲਾ ਮਾਹੌਲ ਬਣ ਗਿਆ ਹੈ। ਕਿਸੇ ਵੀ ਮੁਲਕ ਜਾਂ ਸੂਬੇ ਵਿੱਚ ਸਿਆਸੀ ਸਥਿਰਤਾ ਵਿਕਾਸ ਵਿੱਚ ਵੱਡਾ ਰੋਲ ਅਦਾ ਕਰਦੀ ਹੈ, ਜਦੋਂ ਕਿ ਸਿਆਸੀ ਅਸਥਿਰਤਾ ਅਫਰਾ ਤਫਰੀ ਦਾ ਮਾਹੌਲ ਸਿਰਜ ਦਿੰਦੀ ਹੈ। ਪੰਜਾਬ ਨੇ ਕਦੇ ਅੱਤਵਾਦ ਦੇ ਕਾਲੇ ਦਿਨਾਂ ਦਾ ਸੰਤਾਪ ਬੜੀ ਬੁਰੀ ਤਰ੍ਹਾਂ ਝੱਲਿਆ ਹੈ ਅਤੇ ਜੋ ਉਸ ਸਮੇਂ ਦੇ ਹਾਲਾਤ ਦਾ ਜਾਇਜ਼ਾ ਲਿਆ ਜਾਵੇ ਤਾਂ ਬਹੁਤਾ ਨਹੀਂ ਤਾਂ ਇਸ ਨੇ ਪੰਜਾਬ ਨੂੰ ਘੱਟੋ-ਘੱਟ ਇਕ ਸਦੀ ਪਿੱਛੇ ਧੱਕ ਦਿੱਤਾ ਸੀ। ਬਾਦਲਾਂ ਦੇ ਪਿਛਲੇ ਦਸ ਸਾਲਾਂ ਦੇ ਰਾਜ ਵਿੱਚ ਰੇਤ ਬੱਜਰੀ ਮਾਫੀਆ, ਨਸ਼ਾ ਤਸਕਰੀ, ਗੈਂਗਸਟਰ ਰਾਜਸ ਟਰਾਂਸਪੋਰਟ ਮਾਫੀਆ, ਹਰ ਤਰ੍ਹਾਂ ਦੇ ਮੁਨਾਫੇ ਦਾ ਰੁਖ਼ ਸਿਆਸੀ ਤਾਕਤ ਵੱਲ, ਆਦਿ ਮੁੱਖ ਰਹੇ ਹਨ, ਜਿਸ ਦੇ ਸਿੱਟੇ ਵਜੋਂ ਦਸਾਂ ਨਹੁੰਆਂ ਦੀ ਕਮਾਈ ਕਰਕੇ ਦੋ ਡੰਗ ਦੀ ਰੋਟੀ ਖਾਣ ਵਾਲੇ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਏ, ਤੇ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਮੂੰਹ ਕਰ ਚੁੱਕੀ ਹੈ। ਆਰਥਿਕ ਤੰਗੀ ਅਤੇ ਨਸ਼ਿਆਂ ਦੀ ਓਵਰਡੋਜ਼ ਕਾਰਨ ਨਿੱਤ ਦਿਹਾੜੇ ਪੰਜਾਬ ਵਿੱਚ ਸਿਵੇ ਬਲਦੇ ਹਨ। ਜੇ ਸਿਆਸੀ ਆਪਾ ਧਾਪੀ ਇਸੇ ਤਰ੍ਹਾਂ ਰਹੀ ਤਾਂ ਵਿਕਾਸ ਪੱਖੋਂ ਪੰਜਾਬ ਦੇ ਹੋਰ ਨਿਵਾਵਾਂ ਵੱਲ ਜਾਣ ਦੇ ਦਿਨ ਦੇਖਣੇ ਪੈਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ