Welcome to Canadian Punjabi Post
Follow us on

19

March 2024
 
ਨਜਰਰੀਆ

ਤਕੜੇ ਨੂੰ ਕਾਹਦੀ ਜੇਲ੍ਹ..

April 18, 2019 08:53 AM

-ਪ੍ਰਕਾਸ਼ ਸਿੰਘ ਜੈਤੋ
ਅੰਮ੍ਰਿਤਸਰ ਦੇ ਇਲਾਕੇ ਵਿੱਚੋਂ ਮਾੜਚੂ ਜਿਹਾ ਡਿਪਟੀ ਗਰੇਡ ਟੂ ਨਵਾਂ-ਨਵਾਂ ਪਰਮੋਟ ਹੋ ਕੇ ਫਰੀਦਕੋਟ ਜੇਲ੍ਹ ਵਿੱਚ ਹਾਜ਼ਰ ਹੋਇਆ। ਸੁਪਰਡੰਟ ਸਾਹਿਬ ਨੇ ਦੇਖਿਆ, ਨਵਾਂ ਡਿਪਟੀ ਆਪਣੇ ਮੋਢਿਆਂ ਉਤੇ ਲੱਗੇ ਤਿੰਨ ਸਟਾਰਾਂ ਵੱਲ ਦੇਖ-ਦੇਖ ਤੁਰਿਆ ਕਰੇ। ਦੋ ਕੁ ਦਿਨ ਹੋਏ ਸਨ ਨਵੇਂ ਡਿਪਟੀ ਨੂੰ ਹਾਜ਼ਰ ਹੋਇਆ ਕਿ ਸੁਪਰਡੰਟ ਨੇ ਉਸ ਨੂੰ ਦਫਤਰ ਬੁਲਾ ਕੇ ਹੁਕਮ ਲਾਇਆ ਕਿ ਦੁਪਹਿਰ 12 ਵਜੇ ਵਾਲੀ ਗਾਰਦ ਜੋ ਡਿਉਟੀ ਉਤੇ ਆਵੇਗੀ, ਉਨ੍ਹਾਂ ਨੂੰ ਨਾਲ ਲੈ ਕੇ ਗੈਂਗਸਟਰਾਂ ਦੀ ਬੈਰਕ ਦੀ ਤਲਾਸ਼ੀ ਕਰ ਕੇ ਮੈਨੂੰ ਰਿਪੋਰਟ ਕਰੀਂ, ਸੁਣਿਆ ਉਨ੍ਹਾਂ ਕੋਲ ਮੋਬਾਈਲ ਆ। ਡਿਪਟੀ ਆਪਣੇ ਸਟਾਰਾਂ ਵੱਲ ਦੇਖਦਾ 15-20 ਮੁਲਾਜ਼ਮਾਂ ਨੂੰ ਮਗਰ ਲਾ ਕੇ ਪੂਰੀ ਟੌਹਰ ਨਾਲ ਜਾ ਰਿਹਾ ਸੀ, ਪਰ ਬੈਰਕ ਵਿੱਚ ਵੜਦਿਆਂ ਸਾਰ ਉਸ ਦਾ ਸਾਹਮਣਾ ਗੈਂਗਸਟਰਾਂ ਦੇ ਲੀਡਰ ਨਾਲ ਹੋ ਗਿਆ, ਉਹਦੇ ਕੰਨ ਨਾਲ ਮੋਬਾਈਲ ਲੱਗਾ ਸੀ। ਉਹ ਡਿਪਟੀ ਨੂੰ ਚਾਰੇ ਪੌੜ ਚੱਕ ਕੇ ਪੈ ਗਿਆ, ਕਹਿੰਦਾ- ‘ਕੀਹਦੇ ਹੁਕਮ ਨਾਲ ਆਇਆਂ ਤਲਾਸ਼ੀ ਕਰਨ, ਮੋਬਾਈਲ ਫੜਨ ਆਇਆਂ, ਦੇਖ ਤੇਰੇ ਸਾਹਮਣੇ ਕਰ ਰਿਹਾਂ ਫੋਨ, ਜੇ ਹਿੰਮਤ ਆ ਤਾਂ ਫੜ ਕੇ ਦਿਖਾ।' ਪੁਰਾਣੇ ਮੁਲਾਜ਼ਮ ਨੇ ਡਿਪਟੀ ਦੇ ਕੰਨ ਵਿੱਚ ਕਿਹਾ, ‘ਸਰ, ਚੁੱਪ ਕਰਕੇ ਵਾਪਸ ਚਲੋ ਜਾਵੋ, ਇਨ੍ਹਾਂ ਦੀ ਉਪਰ ਤੱਕ ਪਹੁੰਚ ਆ। ਅੱਜ ਤੱਕ ਕਿਸੇ ਦੀ ਜੁਰਅਤ ਨਹੀਂ ਪਈ ਇਨ੍ਹਾਂ ਦੀ ਤਲਾਸ਼ੀ ਕਰਨ ਦੀ।' ਡਿਪਟੀ ਵਿਚਾਰਾ ਚੁੱਪ ਕਰਕੇ ਗਾਰਦ ਲੈ ਕੇ ਵਾਪਸ ਆ ਗਿਆ। ਉਹ ਰਿਪੋਰਟ ਕਰਨ ਸੁਪਰਡੰਟ ਦੇ ਦਫਤਰ ਵੜਿਆ ਸੀ ਕਿ ਮਗਰ ਉਹੀ ਗੈਂਗਸਟਰਾਂ ਦਾ ਲੀਡਰ ਆ ਕੇ ਸੁਪਰਡੰਟ ਨੂੰ ਸਿੱਧਾ ਬੋਲਿਆ, ‘ਤੁਹਾਨੂੰ ਉਸ ਦਿਨ ਫੋਨ ਕਰਾਇਆ ਸੀ ਕਿ ਸਾਡੀ ਬੈਰਕ ਵੱਲ ਕੋਈ ਮੂੰਹ ਨਹੀਂ ਕਰੂਗਾ, ਫਿਰ ਅੱਜ ਤਲਾਸ਼ੀ ਕਿਸ ਗੱਲ ਦੀ ਹੋਈ ਆ?' ਸਾਹਿਬ ਨੇ ਇਸ਼ਾਰੇ ਨਾਲ ਡਿਪਟੀ ਨੂੰ ਬਾਹਰ ਭੇਜ ਦਿੱਤਾ ਤੇ ਫਿਰ ਬੋਲਿਆ, ‘ਭਾਈ, ਅਸੀਂ ਸਰਕਾਰ ਤੋਂ ਤਨਖਾਹ ਲੈਂਦੇ ਹਾਂ, ਕੁਝ ਫਾਰਮੈਲਿਟੀ ਕਰਨੀ ਹੁੰਦੀ ਆ। ਰੋਜ਼ਾਨਾ ਤਲਾਸ਼ੀ ਦੀ ਰਿਪੋਰਟ ਭੇਜਣੀ ਹੁੰਦੀ ਆ।’
ਗੁਰ ਨਾਨਕ ਦਾ ਫਰਮਾਨ ਹੈ- ਵਖਤੁ ਵੀਚਾਰੇ ਸੁ ਬੰਦਾ ਹੋਇ॥ ਸੁਪਰਡੰਟ ਨੇ ਗੈਂਗਸਟਰ ਨਾਲ ਬਹਿਸਣਾ ਠੀਕ ਨਹੀਂ ਸਮਝਿਆ, ਉਸ ਨੂੰ ਸਮਝਾ ਕੇ ਬੈਰਕ ਵੱਲ ਭੇਜ ਦਿੱਤਾ। ਇਹ ਸਾਹਿਬ ਪੰਜਾਬ ਪੁਲਸ ਵਿੱਚੋਂ ਡੈਪੂਟੇਸ਼ਨ ਉੱਤੇ ਜੇਲ੍ਹ ਸੁਪਰਡੰਟ ਲੱਗਾ ਸੀ, ਨਰਮ ਨਾਲ ਨਰਮ ਤੇ ਸਖਤ ਨਾਲ ਸਖਤ। ਸੁਪਰਡੰਟ ਨੇ ਰਾਤੋ-ਰਾਤ ਇਨ੍ਹਾਂ 5-6 ਗੈਂਗਸਟਰਾਂ ਦਾ ਵੱਖ-ਵੱਖ ਜੇਲ੍ਹ ਦਾ ਚਲਾਨ ਈ ਮੇਲ ਰਾਹੀਂ ਹੈਡ ਆਫਿਸ ਚੰਡੀਗੜ੍ਹ ਤੋਂ ਲੈ ਲਿਆ ਅਤੇ ਅਗਲਾ ਦਿਨ ਚੜ੍ਹਦੇ ਹੀ ਪੁਲਸ ਗਾਰਦ ਦੀਆਂ ਗੱਡੀਆਂ ਇਨ੍ਹਾਂ ਗੈਂਗਸਟਰਾਂ ਨੂੰ ਵੱਖ-ਵੱਖ ਜੇਲ੍ਹ ਵਿੱਚ ਪੁਚਾਉਣ ਲਈ ਆ ਗਈਆਂ। ਸਮੱਸਿਆ ਗੈਂਗਸਟਰਾਂ ਨੂੰ ਬੈਰਕ ਤੋਂ ਕੱਢਣ ਦੀ ਸੀ। ਸੁਪਰਡੰਟ ਨੇ ਕਿਸੇ ਤਰ੍ਹਾਂ ਗੈਂਗਸਟਰਾਂ ਦਾ ਲੀਡਰ ਦਫਤਰ ਬੁਲਾ ਕੇ ਦੱਸ ਦਿੱਤਾ ਕਿ ਤੁਹਾਡਾ ਚਲਾਨ ਆ, ਚੁੱਪ ਕਰਕੇ ਗੱਡੀਆਂ ਵਿੱਚ ਬੈਠ ਜਾਵੋ, ਤੇ ਗਾਰਦ ਬੁਲਾ ਕੇ ਉਸ ਦੇ ਉਥੇ ਹੀ ਹੱਥਕੜੀ ਠੋਕ ਦਿੱਤੀ।
ਇਸੇ ਤਰ੍ਹਾਂ ਦੂਜਿਆਂ ਨੂੰ ਵਾਰੀ-ਵਾਰੀ ਲਿਆ ਕੇ ਵੱਖ-ਵੱਖ ਜੇਲ੍ਹਾਂ ਨੂੰ ਤੋਰ ਦਿੱਤਾ। ਕਹਿੰਦੇ ਹਨ, ਪਾਣੀ ਨੀਵੇਂ ਪਾਸੇ ਵੱਲ ਆਉਂਦਾ ਹੈ, ਗੈਂਗਸਟਰਾਂ ਦਾ ਉਦੋਂ ਸੁਪਰਡੰਟ ਉਤੇ ਕੋਈ ਜ਼ੋਰ ਨਹੀ ਚੱਲਿਆ, ਕੁਝ ਦਿਨਾਂ ਬਾਅਦ ਸ਼ਾਮ ਦੀ ਡਿਊਟੀ ਤੋਂ ਵਾਪਸ ਜਾਂਦਾ ਇਕ ਗਰੀਬ ਮੁਲਾਜ਼ਮ ਆਪਣੇ ਬਾਹਰਲੇ ਗੁੰਡਿਆਂ ਤੋਂ ਕੁਟਵਾ ਦਿੱਤਾ, ਅਖੇ ਚੰਡੀਗੜ੍ਹ ਤੋਂ ਚਲਾਨ ਦੇ ਆਰਡਰ ਇਸੇ ਮੁਲਾਜ਼ਮ ਨੇ ਮੰਗਵਾਏ ਸਨ!
ਇਹ ਸੁਪਰਡੰਟ ਕਦੇ ਕਿਸੇ ਮੁਜਰਿਮ ਦੇ ਥੱਲੇ ਲੱਗਾ ਨਹੀਂ ਦੇਖਿਆ, ਪਰ ਸਾਰੇ ਅਫਸਰ ਇਕੋ ਜਿਹੇ ਨਹੀਂ ਹੁੰਦੇ। ਪਿਛਲੀ ਸਦੀ ਦੇ ਅਖੀਰਲੇ ਦਹਾਕੇ ਵਿੱਚ ਬਰਨਾਲਾ ਜ਼ਿਲੇ ਦੇ ਕਿਰਨਜੀਤ ਕੌਰ ਮਹਿਲ ਕਲਾਂ ਕਾਂਡ ਦੀ ਚਰਚਾ ਦੇਸ਼ ਵਿਦੇਸ਼ ਵਿੱਚ ਹੋਈ ਤੇ ਇਸ ਕਤਲ ਕੇਸ ਨਾਲ ਸਬੰਧਤ ਮੁਜਰਿਮ ਬਰਨਾਲਾ ਜੇਲ੍ਹ ਵਿੱਚ ਬੰਦ ਸਨ। ਉਸ ਸਮੇਂ ਬਰਨਾਲਾ ਜੇਲ੍ਹ ਦਾ ਜੋ ਸੁਪਰਡੰਟ ਸੀ, ਉਹ ਪਤਾ ਨਹੀਂ ਕਿਸ ਮਜਬੂਰੀ ਵੱਸ ਇਨ੍ਹਾਂ ਦੇ ਘਰ ਵਿਆਹ ਦੀ ਪਾਰਟੀ ਵਿੱਚ ਵੀ ਸ਼ਾਮਲ ਹੁੰਦਾ ਸੀ। ਦਾਲ ਵਿੱਚ ਕੁਝ ਕਾਲਾ ਜਾਂ..?
ਬਠਿੰਡਾ ਜੇਲ੍ਹ ਵਿੱਚ ਜਦ ਮੇਰੀ ਡਿਉਟੀ ਸੀ ਤਾਂ ਉਸ ਵੇਲੇ ਦੋ ਚਰਚਿਤ ਗਰੁੱਪਾਂ ਦੇ ਬੰਦੇ ਸਾਡੇ ਕੋਲ ਬੰਦ ਹੋਏ ਸਨ। ਦੋਵਾਂ ਦੇ ਕਿੱਲੇ ਸੀ। ਇਕ ਨੂੰ ਦੂਜੀਆਂ ਸਟੇਟਾਂ ਦੇ ਤਕੜੇ ਲੀਡਰ ਵੀ ਆ ਕੇ ਮਿਲ ਜਾਂਦੇ ਸਨ। ਉਹਦੇ ਜੇਲ੍ਹ ਵਿੱਚ ਬੈਠੇ ਦੇ ਕੰਮ ਫੋਨ 'ਤੇ ਹੁੰਦੇ ਸਨ। ਕੰਮ ਕਰਵਾਉਣ ਵਾਲਿਆਂ ਦੀ ਕਤਾਰ ਲੱਗੀ ਰਹਿੰਦੀ, ਪਰ ਇਨ੍ਹਾਂ ਦੋਵਾਂ ਦੀ ਪੂਰੀ ਚੱਲਦੀ ਹੋਣ ਦੇ ਬਾਵਜੂਦ ਆਮ ਮੁਲਾਜ਼ਮਾਂ ਨੂੰ ‘ਬਾਈ ਜੀ' ਤੋਂ ਬਿਨਾਂ ਨਹੀਂ ਬੋਲਦੇ ਸਨ। ਜੇਲ੍ਹ ਦੀ ਇਹ ਗੱਲ ਮਸ਼ਹੂਰ ਹੈ ਕਿ ਬਦਮਾਸ਼ ਉਹ ਜੋ ਜੇਲ੍ਹ ਵਿੱਚੋਂ ਬਿਨਾਂ ਛਿੱਤਰ ਖਾਧੇ ਨਿਕਲੇ। ਕੁਝ ਸਮੇਂ ਬਾਅਦ ਤੀਜੇ ਗਰੁੱਪ ਦੇ ਬੰਦੇ ਵੀ ਬਠਿੰਡਾ ਜੇਲ੍ਹ ਵਿੱਚ ਆ ਗਏ। ਇਨ੍ਹਾਂ ਦੀ ਦੂਜੇ ਗਰੁੱਪ ਨਾਲ ਅਣਬਣ ਸੀ। ਦੋਵਾਂ ਗਰੁੱਪਾਂ ਦਾ ਆਪੋ ਵਿੱਚ ਝਗੜਾ ਚੱਲਦਾ ਰਹਿੰਦਾ ਸੀ ਅਤੇ ਇਸ ਕਰਕੇ ਮੁਲਾਜ਼ਮ ਵੀ ਦੁਖੀ ਸੀ, ਮੁਲਾਜ਼ਮਾਂ ਦੀ ਡਿਊਟੀ ਸਖਤ ਹੋ ਗਈ ਸੀ।
ਇਕ ਦਿਨ ਲੜਾਈ ਕੁਝ ਵਧ ਗਈ। ਜੇਲ੍ਹ ਦਾ ਐਮਰਜੈਂਸੀ ਅਲਾਰਮ ਵੱਜ ਗਿਆ। ਸਾਰੀ ਗਾਰਦ ਡਾਂਗਾਂ ਲੈ ਕੇ ਪਹੁੰਚ ਗਈ। ਦੂਜੇ ਗਰੁੱਪ ਦੇ ਲੀਡਰ ਨੇ ਮੌਕਾ ਸਾਂਭਿਆ ਅਤੇ ਭੱਜ ਕੇ ਆਪਣੇ ਸੈਲ ਵਿੱਚ ਬੰਦ ਹੋ ਗਿਆ ਅਤੇ ਬਾਹਰੋਂ ਮੁਲਾਜ਼ਮ ਨੂੰ ਕਹਿ ਕੇ ਤਾਲਾ ਲਗਵਾ ਲਿਆ। ਇਉਂ ਉਹ ਸਿਆਣਪ ਨਾਲ ਕੁੱਟ ਤੋਂ ਬਚ ਗਿਆ। ਕਹਿੰਦੇ ਹਨ, ਜਿੰਨਾ ਕੋਈ ਨੰਗ ਹੋਵੇਗਾ, ਬਾਹਲਾ ਟੱਪੂ, ਇਸੇ ਤਰ੍ਹਾਂ ਤੀਜੇ ਗਰੁੱਪ ਦੇ ਮੈਂਬਰਾਂ ਨਾਲ ਵੀ ਹੋਇਆ। ਮੁਲਾਜ਼ਮ ਪਹਿਲਾਂ ਨਿੱਤ ਦੇ ਲੜਾਈ ਝਗੜੇ ਤੋਂ ਦਖੀ ਸਨ, ਕੁੱਟ-ਕੁੱਟ ਸਾਰਿਆਂ ਦਾ ਤੂੰਬਾ ਬਣਾ ਦਿੱਤਾ।
ਜ਼ਿਆਦਾ ਨਫਰੀ ਵਾਲੀਆਂ ਜੇਲ੍ਹਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਮੁਜਰਿਮਾਂ ਨੂੰ ਸਮੇਂ ਸਿਰ ਅਦਾਲਤਾਂ ਵਿੱਚ ਪੇਸ਼ੀ ਲਈ ਪੁਚਾਉਣ ਦੀ ਹੁੰਦੀ ਹੈ। ਜੇ ਮੁਜਰਿਮ ਸਮੇਂ ਸਿਰ ਅਦਾਲਤ ਨਹੀਂ ਪਹੁੰਚਦਾ ਤਾਂ ਜੱਜ ਸਿੱਧਾ ਸੁਪਰਡੰਟ ਨੂੰ ਹੀ ਤਲਬ ਕਰਦਾ। ਇਥੇ ਮਾੜੇ ਤਕੜੇ ਦਾ ਪਾੜਾ ਦੇਖਣ ਨੂੰ ਮਿਲਦਾ ਹੈ। ਜੇ ਕੋਈ ਵਿਚਾਰਾ ਗਰੀਬ ਕਿਸੇ ਤਰ੍ਹਾਂ ਦੋ ਮਿੰਟ ਪੇਸ਼ੀ ਲਈ ਪੱਛੜ ਜਾਵੇ ਤਾਂ ਉਸ ਦੇ ਉਹ ਵੀ ਡੰਡਾ ਜੜ ਦਿੰਦਾ, ਜਿਸ ਨੇ ਕਦੇ ਕੁੱਤੇ ਦੇ ਡਲੀ ਨਹੀਂ ਮਾਰੀ ਹੁੰਦੀ। ਜੇ ਕੋਈ ਕਿੱਲੇ ਜ਼ੋਰ ਵਾਲਾ ਲੇਟ ਹੋਵੇ ਤਾਂ ਮੁਲਾਜ਼ਮ ਨੂੰ ਬੇਨਤੀ ਭਰੇ ਲਹਿਜ਼ੇ ਵਿੱਚ ਕਹਿਣਾ ਪੈਂਦਾ, ‘ਬਾਈ ਥੋੜ੍ਹੀ ਜਲਦੀ ਤਿਆਰ ਹੋਇਆ ਕਰੋ।'
ਕਹਿੰਦੇ ਹਨ, ਜੇਲ੍ਹ ਗਰੀਬਾਂ ਵਾਸਤੇ ਹੁੰਦੀ ਅ, ਤਕੜੇ ਨੂੰ ਕਾਹਦੀ ਜੇਲ੍ਹ! ਉਹ ਤਾਂ ਅੱਧਿਓਂ ਵੱਧ ਕੈਦ ਕਿਸੇ ਮਹਿੰਗੇ ਪ੍ਰਾਈਵੇਟ ਹਸਪਤਾਲ ਦੇ ਏ ਸੀ ਰੂਮ ਵਿੱਚ ਕੱਟ ਆਉਂਦੇ ਹਨ। ਦਰਅਸਲ ਜਦ ਤੱਕ ਸਾਡਾ ਸਿਸਟਮ ਭਿ੍ਰਸ਼ਟ ਰਹੇਗਾ, ਅਮੀਰ ਗਰੀਬ ਵਾਲਾ ਇਹ ਪਾੜਾ ਵੀ ਹਰ ਜਗ੍ਹਾ ਚੱਲੇਗਾ, ਇਹ ਬੇਸ਼ੱਕ ਜੇਲ੍ਹ ਹੀ ਕਿਉਂ ਨਾ ਹੋਵੇ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ