Welcome to Canadian Punjabi Post
Follow us on

20

August 2019
ਅੰਤਰਰਾਸ਼ਟਰੀ

ਸੱਤਾ ਲਈ ਵਿਰੋਧੀਆਂ ਨੂੰ ਮਰਵਾਉਣ ਵਾਲੇ ਬਸ਼ੀਰ ਬਾਰੇ ਫ਼ੈਸਲਾ ਸੁਡਾਨ ਦੀ ਅਦਾਲਤ ਕਰੇਗੀ

April 18, 2019 08:25 AM

* ਸੰਸਾਰ ਅਦਾਲਤ ਨੂੰ ਨਹੀਂ ਸੌਂਪਿਆ ਜਾਵੇਗਾ


ਖਰਤੂਮ, 17 ਅਪ੍ਰੈਲ (ਪੋਸਟ ਬਿਊਰੋ)- ਤਿੰਨ ਦਹਾਕਿਆਂ ਤਕ ਸੁਡਾਨ ਦੀ ਸੱਤਾ ਉੱਤੇ ਕਾਬਜ਼ ਰਹੇ ਰਾਸ਼ਟਰਪਤੀ ਉਮਰ ਅਲ ਬਸ਼ੀਰ ਦਾ ਤਖਤਾ ਪਲਟ ਹੋਣ ਪਿੱਛੋਂ ਉਨ੍ਹਾਂ ਨੂੰ ਕਿਥੇ ਰੱਖਿਆ ਗਿਆ, ਕੋਈ ਨਹੀਂ ਜਾਣਦਾ। ਅੰਤਰਰਾਸ਼ਟਰੀ ਅਪਰਾਧ ਅਦਾਲਤ (ਆਈ ਸੀ ਸੀ) ਨੇ ਦੋ ਵਾਰ ਉਸ ਦੇ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਸਨ। ਪਹਿਲਾ ਗ੍ਰਿਫਤਾਰੀ ਵਰੰਟ 4 ਮਾਰਚ 2009 ਨੂੰ ਅਤੇ ਦੂਸਰਾ 12 ਜੁਲਾਈ 2019 ਨੂੰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਉੱਤੇ ਕਈ ਸੰਗੀਨ ਜੁਰਮਾਂ ਦਾ ਦੋਸ਼ ਹੈ ਤੇ ਯੁੱਧ ਅਪਰਾਧ ਦੇ ਵੀ ਦੋਸ਼ ਹਨ। ਸੰਸਾਰ ਅਦਾਲਤ ਚਾਹੁੰਦੀ ਹੈ ਕਿ ਬਸ਼ੀਰ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ, ਜਿਸ ਨਾਲ ਉਸ ਉੱਤੇ ਮੁਕੱਦਮਿਆਂ ਦੀ ਕਾਰਵਾਈ ਅੱਗੇ ਵਧਾਈ ਜਾਵੇ, ਪਰ ਸੁਡਾਨ ਦੀ ਅੰਤ੍ਰਿਮ ਫ਼ੌਜੀ ਕੌਂਸਲ ਨੇ ਆਈ ਸੀ ਸੀ ਦੀ ਇਸ ਮੰਗ ਨੂੰ ਠੁਕਰਾ ਕੇ ਸਾਫ ਕਰ ਦਿੱਤਾ ਕਿ ਬਸ਼ੀਰ ਉੱਤੇ ਸੁਡਾਨ ਦੇ ਕਾਨੂੰਨ ਦੇ ਹਿਸਾਬ ਨਾਲ ਹੀ ਮੁਕੱਦਮਾ ਚਲਾਇਆ ਜਾਵੇਗਾ ਤੇ ਦੋਸ਼ ਸਿੱਧ ਹੋਣ ਉੱਤੇ ਕਾਰਵਾਈ ਕੀਤੀ ਜਾਵੇਗੀ।
ਫ਼ੌਜੀ ਕੌਂਸਲ ਦੀ ਸਿਆਸੀ ਕਮੇਟੀ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਉਮਰ ਜਾਇਨ ਅਬ ਅਬਦੀਨ ਦਾ ਕਹਿਣਾ ਹੈ ਕਿ ਜੇ ਬਸ਼ੀਰ ਨੂੰ ਆਈ ਸੀ ਸੀ ਨੂੰ ਸੌਂਪਿਆਂ ਜਾਂਦਾ ਹੈ ਤਾਂ ਦੇਸ਼ ਦੀ ਬਦਨਾਮੀ ਹੋਵੇਗੀ, ਇਸ ਲਈ ਇਹ ਕਦਮ ਨਹੀਂ ਉਠਾਇਆ ਜਾਵੇਗਾ। ਇਹੀ ਕਾਰਨ ਹੈ ਕਿ ਬਸ਼ੀਰ ਨੂੰ ਤਖਤਾ ਪਲਟ ਦੇ ਬਾਅਦ ਅਣਪਛਾਤੀ ਥਾਂ ਰੱਖਿਆ ਗਿਆ ਹੈ, ਜਿਸ ਦੀ ਜਾਣਕਾਰੀ ਕੁਝ ਖਾਸ ਲੋਕਾਂ ਤੋਂ ਇਲਾਵਾ ਕਿਸੇ ਨੂੰ ਨਹੀਂ, ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਸਵਾਲ ਇਹ ਹੈ ਕਿ ਬਸ਼ੀਰ ਨੂੰ ਸਜ਼ਾ-ਏ-ਮੌਤ ਮਿਲੇਗੀ ਜਾਂ ਸਾਬਕਾ ਪ੍ਰਧਾਨ ਮੰਤਰੀ ਵਾਂਗ ਦੇਸ਼ ਨਿਕਾਲਾ ਦਿੱਤਾ ਜਾਵੇਗਾ।
ਹਾਲ ਦੀ ਘੜੀ ਫੌਜੀ ਕੌਂਸਲ ਨੇ ਦੇਸ਼ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਕੇ ਅਮਰੀਕਾ ਸਮੇਤ ਦੂਸਰੇ ਦੇਸ਼ਾਂ ਵਿਚਲੇ ਆਪਣੇ ਰਾਜਦੂਤਾਂ ਨੂੰ ਬਰਖਾਸਤ ਕਰ ਦਿੱਤਾ ਹੈ। ਕਰੀਬ ਤਿੰਨ ਦਹਾਕੇ ਸੁਡਾਨ ਉੱਤੇ ਰਾਜ ਕਰਨ ਵਾਲੇ ਬਸ਼ੀਰ ਵੀ 30 ਜੂਨ 1989 ਨੂੰ ਤਖਤਾ ਪਲਟ ਕਰ ਕੇ ਸੱਤਾ ਵਿੱਚ ਆਏ ਸਨ। ਉਨ੍ਹਾਂ ਨੇ ਸੁਡਾਨੀ ਫ਼ੌਜ ਦੇ ਕਰਨਲ ਉਮਰ ਅਲ ਬਸ਼ੀਰ ਤੇ ਕੁਝ ਫੌਜੀ ਅਧਿਕਾਰੀਆਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਸਾਦਿਲ ਅਲ-ਮਹਦੀ ਦਾ ਤਖਤਾ ਪਲਟ ਕਰ ਕੇ ਸੱਤਾ ਸੰਭਾਲੀ ਤੇ ਮਹਿਦੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ। ਬਸ਼ੀਰ ਨੇ ਸੱਤਾ ਵਿੱਚ ਆਣ ਕੇ ਪ੍ਰਧਾਨ ਮੰਤਰੀ ਦਾ ਅਹੁਦਾ ਖਤਮ ਕਰ ਦਿੱਤਾ ਤੇ ਮਹਿਦੀ ਦੇ ਵਿਸ਼ਵਾਸ ਪਾਤਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ।
ਸਾਲ 2000 ਵਿੱਚ ਮਹਿਦੀ ਦੇਸ਼ ਵਾਪਸ ਆਏ ਅਤੇ 2014 ਦੀਆਂ ਚੋਣਾਂ ਵਿੱਚ ਖੜ੍ਹੇ ਵੀ ਹੋਏ, ਪਰ ਸਾਲ 2014 ਵਿੱਚ ਮਹਿਦੀ ਨੂੰ ਬਸ਼ੀਰ ਦਾ ਤਖਤਾ ਪਲਟ ਦੇ ਦੋਸ਼ ਹੇਠ ਫਿਰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇਸ ਤੋਂ ਬਾਅਦ ਉਹ ਜਨਵਰੀ 2017 ਵਿੱਚ ਮੁੜੇ ਸਨ। ਬਸ਼ੀਰ ਦੇ ਤਖਤਾ ਪਲਟ ਤੋਂ ਬਾਅਦ ਅਮਰੀਕਾ, ਬ੍ਰਿਟੇਨ ਅਤੇ ਨਾਰਵੇ ਨੇ ਸੁਡਾਨ ਵਿੱਚ ਨਾਗਰਿਕ ਸਾਸ਼ਨ ਵਾਸਤੇ ਫ਼ੌਜੀ ਸ਼ਾਸਕਾਂ ਨੂੰ ਅਪੀਲ ਕੀਤੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ