Welcome to Canadian Punjabi Post
Follow us on

20

August 2019
ਅੰਤਰਰਾਸ਼ਟਰੀ

ਸਾਊਦੀ ਅਰਬ ਵਿੱਚ 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ

April 18, 2019 08:23 AM

ਰਿਆਦ, 17 ਅਪ੍ਰੈਲ (ਪੋਸਟ ਬਿਊਰੋ)- ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਗਏ ਦੋ ਪੰਜਾਬੀ ਨੌਜਵਾਨ ਰਿਆਦ ਵਿੱਚ ਕੋਈ ਏਦਾਂ ਦਾ ਜੁਰਮ ਕਰ ਬੈਠੇ ਕਿ ਸਜ਼ਾ ਵਜੋਂ ਦੋਵਾਂ ਦੇ ਸਿਰ ਕਲਮ ਕਰ ਦਿੱਤੇ ਗਏ। ਇਸ ਦੇ ਡੇਢ ਮਹੀਨਾ ਬੀਤ ਜਾਣ ਪਿੱਛੋਂ ਵੀ ਰਿਆਦ ਦੇ ਭਾਰਤੀ ਦੂਤਘਰ ਨੇ ਦੋਵਾਂ ਨੌਜਵਾਨਾਂ ਦੇ ਪਰਵਾਰਾਂ ਨੂੰ ਸੂਚਨਾ ਨਹੀਂ ਦਿੱਤੀ। ਇਨ੍ਹਾਂ ਨੌਜਵਾਨਾਂ ਦੇ ਸਿਰ ਕਲਮ ਕਰਨ ਦੀ ਪੁਸ਼ਟੀ ਉਦੋਂ ਹੋਈ, ਜਦੋਂ ਇਕ ਮ੍ਰਿਤਕ ਦੀ ਪਤਨੀ ਨੇ ਅਦਾਲਤ ਨੂੰ ਅਰਜ਼ੀ ਪਾਈ ਤੇ ਪਟੀਸ਼ਨ ਉੱਤੇ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲਾ ਨੇ ਪੂਰੀ ਘਟਨਾ ਦੀ ਜਾਣਕਾਰੀ ਲਈ ਹੈ।
ਵਿਦੇਸ਼ ਮੰਤਰਾਲਾ ਵੱਲੋਂ ਪਰਿਵਾਰ ਨੂੰ ਭੇਜੀ ਚਿੱਠੀ ਮੁਤਾਬਕ ਹੁਸ਼ਿਆਰਪੁਰ ਦੇ ਸਤਵਿੰਦਰ ਕੁਮਾਰ ਤੇ ਲੁਧਿਆਣਾ ਦੇ ਹਰਜੀਤ ਸਿੰਘ ਨੂੰ 9 ਦਸੰਬਰ 2015 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਉੱਤੇ ਆਰਿਫ ਇਮਾਮੁਦੀਨ ਦੇ ਕਤਲ ਦਾ ਦੋਸ਼ ਸੀ। ਇਨ੍ਹਾਂ ਨੌਜਵਾਨਾਂ ਨੂੰ ਦੇਸ਼ ਵਾਪਸ ਭੇਜਣ ਦੀ ਕਾਰਵਾਈ ਪੂਰੀ ਹੋਣ ਦੌਰਾਨ ਦੋਵਾਂ ਦੇ ਕਤਲ ਵਿਚ ਸ਼ਾਮਲ ਹੋਣ ਦੇ ਸਬੂਤ ਮਿਲ ਗਏ ਅਤੇ ਦੋਵਾਂ ਨੂੰ ਟ੍ਰਾਇਲ ਲਈ ਰਿਆਦ ਦੀ ਜੇਲ ਭੇਜ ਦਿੱਤਾ ਗਿਆ, ਜਿਥੇ ਉਨ੍ਹਾਂ ਨੇ ਕਤਲ ਦਾ ਜੁਰਮ ਕਬੂਲ ਕਰ ਲਿਆ। ਇਸ ਦੇ ਬਾਅਦ 28 ਫ਼ਰਵਰੀ ਨੂੰ ਉਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਗਏ। ਦੋਵਾਂ ਦੇ ਸਿਰ ਕਲਮ ਕਰਨ ਬਾਰੇ ਭਾਰਤੀ ਦੂਤਘਰ ਨੂੰ ਸੂਚਨਾ ਨਹੀਂ ਦਿੱਤੀ ਗਈ। ਦੋਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ ਨਹੀਂ ਗਈਆਂ, ਕਿਉਂਕਿ ਇਹ ਸਾਊਦੀ ਅਰਬ ਦੇ ਨਿਯਮਾਂ ਦੇ ਵਿਰੁੱਧ ਹੈ।
ਦੋਵਾਂ ਨੌਜਵਾਨਾਂ ਦੀ ਮੌਤ ਦਾ ਓਦੋਂ ਪਤਾ ਲੱਗਾ, ਜਦੋਂ ਹਰਜੀਤ ਦੀ ਪਤਨੀ ਸੀਮਾ ਰਾਣੀ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਤੇ ਇਸ ਉੱਤੇ ਕਾਰਵਾਈ ਪਿੱਛੋਂ ਵਿਦੇਸ਼ ਮੰਤਰਾਲੇ ਨੂੰ ਘਟਨਾਕ੍ਰਮ ਦੀ ਜਾਣਕਾਰੀ ਮਿਲੀ। ਇਸ ਦੇ ਬਾਅਦ ਪਤਾ ਲੱਗਾ ਕਿ ਹੁਸ਼ਿਆਰਪੁਰ ਦਾ ਸਤਵਿੰਦਰ ਕੁਮਾਰ ਤੇ ਲੁਧਿਆਣਾ ਦਾ ਹਰਜੀਤ ਸਿੰਘ ਸਾਲ 2013 ਤੋਂ ਸਾਊਦੀ ਅਰਬ ਦੇ ਪ੍ਰਮੁੱਖ ਸ਼ਹਿਰ ਰਿਆਦ ਵਿਚ ਮਜੀਦ ਟਰਾਂਸਪੋਰਟਿੰਗ ਐਂਡ ਪੋਲਿੰਗ ਕੋਰਸ ਇੰਟਰਨੈਸ਼ਨਲ ਐਂਡ ਐਕਸਟਰਨਲ ਨਾਂ ਦੀ ਕੰਪਨੀ ਦੇ ਡਰਾਈਵਰ ਸਨ। ਇਸ ਦੌਰਾਨ 2015 ਵਿੱਚ ਦੋਵਾਂ ਦਾ ਰਿਆਦ ਵਿੱਚ ਰਹਿੰਦੇ ਇਕ ਭਾਰਤੀ ਵਰਕਰ ਆਰਿਫ਼ ਇਮਾਮੁਦੀਨ ਨਾਲ ਝਗੜਾ ਹੋ ਗਿਆ ਤੇ ਫਿਰ ਕਤਲ ਵਿਚ ਬਦਲ ਗਿਆ। ਦੋਸ਼ ਇਹ ਹੈ ਕਿ ਸਤਵਿੰਦਰ ਅਤੇ ਹਰਜੀਤ ਨੇ ਆਪਣੀ ਗੱਡੀ ਨਾਲ ਇਮਾਮੁਦੀਨ ਦੀ ਕੁਚਲ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਇਹ ਹਤਿਆ ਪੈਸੇ ਦੇ ਝਗੜੇ ਵਿਚ ਕੀਤੀ ਸੀ। ਤਿੰਨਾਂ ਨੇ ਇਹ ਰਕਮ ਲੁੱਟ ਕੇ ਇਕੱਠੀ ਕੀਤੀ ਸੀ। ਕੁਝ ਦਿਨ ਪਿੱਛੋਂ ਦੋਵਾਂ ਨੂੰ ਲੜਾਈ-ਝਗੜਾ ਅਤੇ ਸ਼ਰਾਬ ਪੀਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਕੇ ਦੇਸ਼ ਵਾਪਸ ਭੇਜਣ ਦੀ ਰਸਮੀ ਕਾਰਵਾਈ ਪੂਰੀ ਕਰਨ ਦੌਰਾਨ ਦੋਵਾਂ ਦੇ ਕਤਲ ਵਿਚ ਸ਼ਾਮਲ ਹੋਣ ਦੇ ਸਬੂਤ ਮਿਲ ਗਏ। ਦੋਵੇਂ ਜਣੇ ਆਪਣੇ ਬਚਾਅ ਵਿੱਚ ਕੋਈ ਠੋਸ ਸਬੂਤ ਨਹੀਂ ਦੇ ਸਕੇ ਅਤੇ ਸਜ਼ਾ ਹੋ ਗਈ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ