Welcome to Canadian Punjabi Post
Follow us on

16

October 2018
ਜੀਟੀਏ

ਰੈੱਡ ਵਿੱਲੋ ਕਲੱਬ ਵੱਲੋਂ ਭਾਰਤ ਜਾ ਰਹੇ ਮੈਂਬਰਾਂ ਨੂੰ ਵਿਦਾਇਗੀ ਪਾਰਟੀ

October 02, 2018 11:39 PM

(ਹਰਜੀਤ ਬੇਦੀ): ਰੈੱਡ ਵਿੱਲੋ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਪਿਛਲੇ ਸੱਤ ਸਾਲਾਂ ਤੋਂ ਚੱਲਦੀ ਆ ਰਹੀ ਪਰੰਪਰਾ ਨੂੰ ਜਾਰੀ ਰਖਦੇ ਹੋਏ ਇੰਡੀਆ ਜਾ ਰਹੇ ਕਲੱਬ ਮੈਂਬਰਾਂ ਨੂੰ ਸ਼ੁਭ ਇਛਾਵਾਂ ਭੇਟ ਕਰਦੇ ਹੋਏ ਕਾਲਡਰਸਟੋਨ ਪਾਰਕ ਵਿੱਚ ਵਿਦਾਇਗੀ ਪਾਰਟੀ 29 ਸਤੰਬਰ 2018 ਨੂੰ ਕੀਤੀ ਗਈ। ਸਭ ਤੋਂ ਪਹਿਲਾਂ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਆਏ ਹੋਏ ਮੈਂਬਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਪਿਛਲੇ ਦਿਨੀ ਕਲੱਬ ਮੈਂਬਰ ਹਰਬਖਸ ਪਵਨ ਦੇ ਨੌਜਵਾਨ ਬੇਟੇ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਦੋ ਮਿੰਟ ਖੜੇ ਹੋ ਕੇ ਮੌਨ ਧਾਰਨ ਕਰ ਕੇ ਸ਼ਰਧਾਜਲੀ ਭੇਟ ਕੀਤੀ।

  

ਇਸ ਉਪਰੰਤ ਸਟੇਜ ਦੀ ਕਾਰਵਾਈ ਦੌਰਾਨ ਐਚ ਐਸ ਮਿਨਹਾਸ ਨੇ ਇੰਡੀਆ ਦੇ ਮੌਜੂਦਾ ਹਾਲਤ ਬਾਰੇ ਦਸਦੇ ਹੋਏ ਬਹੁਤ ਸਾਰੀਆਂ ਗੱਲਾਂ ਤੋਂ ਸੁਚੇਤ ਰਹਿਣ ਲਈ ਵਿਚਾਰ ਪੇਸ਼ ਕੀਤੇ। ਨਿਰਮਲਾ ਪਰਾ਼ਰ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਫੈਲਾਈ ਰੋਸ਼ਨੀ ਬਾਰੇ, ਭਾਗੂ ਭਾਈ ਲੈਡ ਨੇ "ਮੱਤ ਕਰ ਤੂੰ ਅਭਿਮਾਨ" ਅਤੇ ਪਰਮਜੀਤ ਸੰਘੇੜਾ ਨੇ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਗੀਤ "ਜੰਗਲਾਂ ਦੇ ਰੁੱਖ ਬੋਲਦੇ ਕਿੱਥੇ ਚੱਲੀਆਂ ਨੇ ਤੱਤੀਆਂ ਹਵਾਵਾਂ" ਗੀਤ ਪੇਸ਼ ਕੀਤੇ। ਇਸ ਤੋਂ ਬਿਨਾਂ ਬੀਬੀ ਕਮਲ ਇੰਦਰ, ਇਕਬਾਲ ਕੌਰ ਨੇ ਸਮਾਜਿਕ ਗੀਤ ਅਤੇ ਅਜਮੇਰ ਪਰਦੇਸੀ ਨੇ ਰਾਜਨੀਤਕ ਵਿਅੰਗ ਭਰਪੂਰ ਗੀਤ ਅਤੇ ਸ਼ਹੀਦ ਭਗਤ ਸਿੰਘ ਬਾਰੇ ਬਹੁਤ ਹੀ ਭਾਵਪੂਰਤ ਗੀਤ ਪੇਸ਼ ਕੀਤਾ। ਪਰਮਜੀਤ ਬੜਿੰਗ ਨੇ ਇੰਡੀਆ ਜਾ ਕੇ ਸਫਰ ਕਰਦੇ ਸਮੇਂ, ਪੈਸਿਆਂ ਦਾ ਲੈਣ ਦੇਣ ਅਤੇ ਖਾਣ-ਪੀਣ ਦੀਆਂ ਵਸਤਾਂ ਬਾਰੇ ਸੁਚੇਤ ਰਹਿਣ ਲਈ ਜਾਣਕਾਰੀ ਦਿੱਤੀ।
ਚੋਣਾਂ ਦਾ ਮੌਸਮ ਹੋਣ ਕਾਰਣ ਬਹੁਤ ਸਾਰੇ ਉਮੀਦਵਾਰ ਜਿੰਨ੍ਹਾ ਵਿੱਚ ਮੇਅਰ ਲਈ ਲਿੰਡਾ ਜਾਫਰੀ ਅਤੇ ਪੈਟਰਿਕ ਬਰਾਊਨ, ਵਾਰਡ 7-8 ਤੋਂ ਸਕੂਲ ਟਰੱਸਟੀ ਲਈ ਜਸ਼ਨ ਸਿੰਘ, ਕਾਊਂਸਲਰ ਲਈ ਮਾਰਟਿਨ ਸਿੰਘ ਅਤੇ ਹਰਵੀਨ ਧਾਲੀਵਾਲ ਅਤੇ ਰੀਜਨਲ ਕਾਊਂਸਲਰ ਲਈ ਪੈਟ ਫੋਰਟੀਨੀ ਸਨ ਨੇ ਵੀ ਇਸ ਪਾਰਟੀ ਸਮੇਂ ਸੀਨੀਅਰਜ਼ ਦੇ ਸਰੋਕਾਰਾਂ ਦੀ ਗੱਲ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਕਲੱਬ ਵਲੋਂ ਸਾਰਿਆਂ ਦੇ ਵਿਚਾਰ ਸੁਣੇ ਗਏ। ਕਿਉਂਕਿ ਕਲੱਬ ਵਿੱਚ ਵੱਖ ਵੱਖ ਵਿਚਾਰਾਂ ਦੇ ਮੈਂਬਰ ਹੁੰਦੇ ਹਨ ਅਤੇ ਵੋਟ ਦਾ ਅਧਿਕਾਰ ਹਰ ਇੱਕ ਦਾ ਆਪਣਾ ਨਿਜੀ ਹੁੰਦਾ ਹੈ ਇਸ ਲਈ ਕਲੱਬ ਵਲੋਂ ਕਿਸੇ ਇੱਕ ਉਮੀਦਵਾਰ ਦੀ ਹਮਾਇਤ ਨਹੀਂ ਕੀਤੀ ਗਈ। ਇਹ ਫੈਸਲਾ ਮੈਂਬਰਾਂ ਲਈ ਖੁੱਲ੍ਹਾ ਛੱਡ ਦਿੱਤਾ ਗਿਆ ਕਿ ਉਹ ਆਪਣੀ ਮਰਜ਼ੀ ਮੁਤਾਬਕ ਕਿਸੇ ਦੀ ਵੀ ਮੱਦਦ ਕਰ ਸਕਦੇ ਹਨ।
ਸਟੇਜ ਚਲਾ ਰਹੇ ਪਰਮਜੀਤ ਬੜਿੰਗ ਨੇ ਕਲੱਬ ਵਲੋਂ 7 ਅਕਤੂਬਰ ਨੂੰ ਮਿਲਟਨ ਜਾ ਰਹੇ ਟੂਰ, 30 ਤਰੀਕ ਦੀ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਅਤੇ ਤਰਕਸ਼ੀਲ ਸੁਸਾਇਟੀ ਦੇ" ਵਾਅਕ ਐਂਡ ਰਨ ਫਾਰ ਐਜੂਕੇਸ਼ਨ" ਬਾਰੇ ਸੂਚਨਾਵਾਂ ਸਾਂਝੀਆਂ ਕੀਤੀਆਂ। ਉਹਨਾਂ ਕਲੱਬ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਅਗਲੇ ਸੈਸ਼ਨ ਲਈ ਕਾਡਰਸਟੋਨ ਸਕੂ਼ਲ 4 ਦਿਨ ਲਈ ਅਤੇ ਰੈੱਡ ਵਿੱਲੋ ਸਕੂ਼ਲ ( ਔਰਤਾਂ ਮੈਂਬਰਾਂ ਲਈ) ਦੋ ਦਿਨ ਲਈ ਸ਼ਾਮ 4 ਵਜੇ ਤੋਂ 6 ਵਜੇ ਤੱਕ ਬੁੱਕ ਹੋ ਚੁੱਕੇ ਹਨ। ਉਹਨਾਂ ਮੈਂਬਰਾਂ ਨੂੰ ਇਹ ਸਲਾਹ ਦਿੱਤੀ ਕਿ ਆਉਣ ਵਾਲੇ ਠੰਢੇ ਮੌਸਮ ਵਿੱਚ ਇਸ ਸਹੂਲਤ ਦਾ ਲਾਭ ਉਠਾਊਣ। ਇਸ ਪਾਰਟੀ ਮੌਕੇ ਚਾਹ ਪਾਣੀ ਅਤੇ ਲੰਗਰ ਦੀ ਸੇਵਾ ਮਹਿੰਦਰ ਕੌਰ ਪੱਡਾ, ਚਰਨਜੀਤ ਰਾਏ, ਪਰਕਾਸ਼ ਕੌਰ, ਨਿਰਮਲਾ ਪਰਾਸ਼ਰ ਅਤੇ ਸਾਥਣਾਂ ਨੇ ਨਿਭਾਈ। ਇਹਨਾਂ ਤੋਂ ਬਿਨਾਂ ਪਰੋਗਰਾਮ ਦੀ ਤਿਆਰੀ ਵਿੱਚ ਅਮਰਜੀਤ ਸਿੰਘ ਉੱਪ-ਪਰਧਾਨ, ਜੋਗਿੰਦਰ ਸਿੰਘ ਪੱਡਾ, ਬਲਵੰਤ ਕਲੇਰ, ਇੰਦਰਜੀਤ ਸਿੰਘ ਗਰੇਵਾਲ ਅਤੇ ਸਿ਼ਵਦੇਵ ਸਿੰਘ ਰਾਏ ਨੇ ਯੋਗਦਾਨ ਪਾਇਆ। ਸਾਰੇ ਮੈਂਬਰਾਂ ਅਤੇ ਵਾਲੰਟੀਅਰਾਂ ਦੇ ਸਹਿਯੋਗ ਨਾਲ ਇਹ ਪਰੋਗਰਾਮ ਪੂਰੀ ਸਫਲਤਾ ਨਾਲ ਨੇਪਰੇ ਚੜ੍ਹਿਆ। ਕਲੱਬ ਸਬੰਧੀ ਕਿਸੇ ਵੀ ਪਰਕਾਰ ਦੀ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਅਮਰਜੀਤ ਸਿੰਘ 418-268-6821,ਪਰਮਜੀਤ ਬੜਿੰਗ 647-963-0331 ਜਾਂ ਸੁਖਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment