Welcome to Canadian Punjabi Post
Follow us on

19

March 2024
 
ਨਜਰਰੀਆ

ਚੋਣ ਵਾਅਦਿਆਂ ਦੀ ਝੜੀ

April 17, 2019 10:01 AM

-ਬਲਰਾਜ ਸਿੱਧੂ ਐਸ ਪੀ
ਭਾਰਤ ਵਿੱਚ ਆਮ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਸਾਰੀਆਂ ਰਾਜਸੀ ਪਾਰਟੀਆਂ ਦਾ ਜ਼ੋਰ ਲੋਕਾਂ ਨਾਲ ਉਹ ਲੋਕ ਲੁਭਾਊ ਵਾਅਦੇ ਕਰਨ ਉਤੇ ਲੱਗਾ ਹੋਇਆ ਹੈ, ਜਿਨ੍ਹਾਂ ਬਾਰੇ ਸਭ ਨੂੰ ਪਤਾ ਹੈ ਕਿ ਇਹ ਪੂਰੇ ਹੋਣੇ ਨਾਮੁਮਕਿਨ ਹਨ। ਇਹ ਸੱਚਾਈ ਵਾਅਦੇ ਕਰਨ ਵਾਲੇ ਵੀ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਵਾਅਦਿਆਂ 'ਤੇ ਯਕੀਨ ਕਰਨ ਵਾਲੇ ਵੀ। ਨੇਤਾਵਾਂ ਵੱਲੋਂ ਲੋਕਾਂ ਨੂੰ ਇਕ ਦੂਸਰੇ ਨਾਲੋਂ ਵਧ ਚੜ੍ਹ ਕੇ ਸਹੂਲਤਾਂ ਦੇਣ ਦੇ ਦਮਗਜੇ ਮਾਰੇ ਜਾ ਰਹੇ ਹਨ।
ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਨੀਤੀ ਦੇ ਇਸ ਬ੍ਰਹਮ ਅਸਤਰ ਨੂੰ ਆਪਣੀ ਸਹੂਲਤ ਮੁਤਾਬਕ ਰੱਜ ਕੇ ਵਰਤਿਆ ਸੀ। ਉਸ ਦਾ ਕਹਿਣਾ ਸੀ ਕਿ ਬਾਦਸ਼ਾਹਾਂ ਵਾਸਤੇ ਕੀਤੇ ਹੋਏ ਵਾਅਦੇ ਪੂਰੇ ਕਰਨੇ ਬਿਲਕੁਲ ਜ਼ਰੂਰੀ ਨਹੀਂ ਹੁੰਦੇ। ਆਪਣੀ ਸਹੂਲਤ ਅਨੁਸਾਰ ਵਾਅਦੇ ਕਰ ਲੈਣੇ ਚਾਹੀਦੇ ਹਨ ਅਤੇ ਮਕਸਦ ਪੂਰਾ ਹੋਣ ਜਾਣ ਤੋਂ ਬਾਅਦ ਬਿਨਾਂ ਕਿਸੇ ਸੰਗ ਸ਼ਰਮ ਦੇ ਤੋੜ ਦੇਣੇ ਚਾਹੀਦੇ ਹਨ। ਉਸ ਨੇ ਆਪਣੇ ਰਾਜ ਦੌਰਾਨ ਸਿੱਖਾਂ, ਜਾਟਾਂ, ਮਰਾਠਿਆਂ ਅਤੇ ਰਾਜਪੂਤਾਂ ਆਦਿ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਸੀ ਕੀਤਾ ਅਤੇ ਸੈਂਕੜੇ ਵਾਰ ਕਸਮਾਂ ਖਾ ਕੇ ਤੋੜੀਆਂ ਸਨ।
ਸਾਰੀਆਂ ਪਾਰਟੀਆਂ ਨਵੇਂ ਤੋਂ ਨਵੇਂ ਅਜੀਬੋ ਗਰੀਬ ਤੇ ਹਾਸੋਹੀਣੇ ਚੋਣ ਵਾਅਦੇ ਕਰ ਰਹੀਆਂ ਹਨ, ਪਰ ਉਹ ਇਹ ਸਪੱਸ਼ਟ ਨਹੀਂ ਕਰ ਰਹੀਆਂ ਕਿ ਪੰਜ ਸਾਲ ਪਹਿਲਾਂ ਕੀਤੇ ਵਾਅਦਿਆਂ ਦਾ ਕੀ ਬਣਿਆ? ਅੱਜ ਕੱਲ੍ਹ ਸੋਸ਼ਲ ਮੀਡੀਆ ਉਤੇ ਇਕ ਪੋਸਟ ਬਹੁਤ ਵਾਇਰਲ ਹੋ ਰਹੀ ਹੈ ਕਿ ਲੀਡਰਾਂ ਕੋਲੋਂ ਕੀਤੇ ਚੋਣ ਵਾਅਦੇ ਐਫੀਡੇਵਿਟ 'ਤੇ ਲਿਖ ਕੇ ਲੈਣੇ ਚਾਹੀਦੇ ਹਨ। ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣਾ ਚਾਹੀਦਾ ਹੈ, ਜੋ ਅਦਾਲਤੀ ਪ੍ਰਕਿਰਿਆ ਨਾਲ ਪੂਰਾ ਕਰਾਇਆ ਜਾ ਸਕਦਾ ਹੋਵੇ। ਹਰ ਰਾਜਸੀ ਪਾਰਟੀ ਦਾ ਚੋਣ ਵਾਅਦਿਆਂ ਦਾ ਪੁਲੰਦਾ (ਚੋਣ ਮੈਨੀਫੈਸਟੋ) ਤਿਆਰ ਕਰਨ ਲਈ ਬਹੁਤ ਹੰਢੇ ਵਰਤੇ ਤੇ ਘਾਗ ਕਿਸਮ ਦੇ ਬੰਦਿਆਂ ਦੀ ਡਿਊਟੀ ਲਾਈ ਜਾਂਦੀ ਹੈ ਕਿ ਲੋਕਾਂ ਨੂੰ ਕੁਝ ਸਮੇਂ ਲਈ ਸੁਪਨੇ ਵਿਖਾਏ ਜਾ ਸਕਣ। ਅੱਜ ਕੱਲ੍ਹ ਦੇਸ਼ ਭਗਤੀ ਦਾ ਫੈਸ਼ਨ ਕੁਝ ਵੱਧ ਚੱਲਦਾ ਹੈ। ਹਰ ਕੋਈ ਆਪਣੇ ਆਪ ਨੂੰ ਦੂਸਰੇ ਤੋਂ ਵੱਧ ਕੱਟੜ ਦੇਸ਼ ਭਗਤ ਸਾਬਤ ਕਰਨ ਦੀ ਦੌੜ ਉਤੇ ਰੁੱਝਾ ਹੈ। ਕਾਲਾ ਧਨ, ਬੇਰੁਜ਼ਗਾਰੀ ਤੇ ਵਿਕਾਸ ਦੇ ਮੁੱਦੇ ਪਿੱਛੇ ਸੁੱਟ ਦਿੱਤੇ ਗਏ ਹਨ। ਬਸ! ਪਾਕਿਸਤਾਨ ਮੁਰਦਾਬਾਦ ਕਹਿ ਕੇ ਖੁਸ਼ ਹੋਇਆ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਕੜਾਹ ਗੱਲੀਂ ਬਾਤੀਂ ਕਰਨਾ ਹੋਵੇ ਤਾਂ ਗੁੜ ਘੱਟ ਕਿਉਂ ਪਾਉਣਾ ਹੈ? ਬਹੁਤੀਆਂ ਸਿਆਸੀ ਪਾਰਟੀਆਂ ਤਾਂ ਐਵੇਂ ਨਿਕੰਮੇ ਜਿਹੇ ਛੋਟੇ-ਛੋਟੇ ਵਾਅਦੇ ਕਰ ਰਹੀਆਂ ਹਨ। ਵਾਅਦੇ ਉਹ ਕਰਨੇ ਚਾਹੀਦੇ ਹਨ ਕਿ ਸੁਣਨ ਵਾਲੇ ਦੇ ਹੋਸ਼ ਉਡ ਜਾਣ ਤੇ ਉਹ ਉਸ ਪਾਰਟੀ ਨੂੰ ਵੋਟ ਪਾਉਣ ਤੋਂ ਖੁਦ ਨੂੰ ਰੋਕ ਨਾ ਸਕੇ। ਵਾਅਦੇ ਅਜਿਹੇ ਹੋਣ ਜੋ ਅਮਰੀਕਾ ਵਰਗੇ ਕਿਸੇ ਧਨਾਢ ਦੇਸ਼ ਦੇ ਨੇਤਾ ਨੇ ਵੀ ਨਾ ਕੀਤੇ ਹੋਣ।
ਚੋਣਾਂ 'ਚ 400 ਸੀਟਾਂ ਹਾਸਲ ਕਰਨੀਆਂ ਹੋਣ ਤਾਂ ਵਾਅਦਾ ਕਰਨਾ ਚਾਹੀਦਾ ਹੈ ਕਿ ਸਾਡੀ ਸਰਾਕਰ ਬਣਨ ਉਤੇ ਭਾਰਤ ਦੇ ਹਰ ਪਰਵਾਰ ਨੂੰ ਇਕ ਮਕਾਨ, ਇਕ ਦੁਕਾਨ ਦੇਣ ਤੋਂ ਇਲਾਵਾ ਸਾਲ ਦਾ ਇਕ-ਇਕ ਕਿਲੋ 24 ਕੈਰੇਟ ਦਾ ਸ਼ੁੱਧ ਸੋਨਾ ਦਿੱਤਾ ਜਾਵੇਗਾ। ਜਣੇਪਾ, ਕੈਂਸਰ, ਕਿਡਨੀ, ਲਿਵਰ, ਹਾਰਟ ਟਰਾਂਸਪਲਾਂਟ ਤੋਂ ਲੈ ਕੇ ਸਾਧਾਰਨ ਜ਼ੁਕਾਮ ਤੱਕ ਦਾ ਇਲਾਜ ਸਭ ਤੋਂ ਮਹਿੰਗੇ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਕੀਤਾ ਜਾਵੇਗਾ। ਹਰ ਭਾਰਤੀ ਨੂੰ ਸਾਲ ਵਿੱਚ ਤਿੰਨ ਕੁ ਵਾਰ ਅਮਰੀਕਾ, ਯੂਰਪ ਅਤੇ ਬੈਂਕਾਕ ਦੀ ਮੁਫਤ ਯਾਤਰਾ ਕਰਵਾਈ ਜਾਵੇਗੀ, ਰਹਿਣ ਸਹਿਣ ਅਤੇ ਹੋਰ ‘ਸਹੂਲਤਾਂ' ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ। ਔਰਤਾਂ ਦਾ ਬਿਊਟੀ ਪਾਰਲਰ ਅਤੇ ਬੁਟੀਕ ਦਾ ਖਰਚਾ ਸਰਕਾਰ ਦੇਵੇਗੀ। ਸਾਰੇ ਨਾਗਰਿਕਾਂ ਨੂੰ ਕੱਪੜੇ ਲੀੜੇ, ਦੇਸ਼ ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਟੀ ਪਾਣੀ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਗਰਮੀਆਂ ਦੇ ਦਿਨਾਂ ਵਿੱਚ ਸਾਰੇ ਦੇਸ਼ ਵਿੱਚ ਨਕਲੀ ਬਾਰਿਸ਼ ਅਤੇ ਬਰਫਬਾਰੀ ਕਰਵਾਈ ਜਾਵੇਗੀ। ਕਿਸਾਨਾਂ ਨੂੰ ਬਿਜਲੀ ਪਾਣੀ ਮੁਫਤ ਦੇਣ ਦੇ ਨਾਲ ਬਿਨਾਂ ਫਸਲ ਬੀਜੇ ਇਕ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਸਾਲਾਨਾ ਘਰ ਬੈਠੇ ਸਰਕਾਰ ਵੱਲੋਂ ਦਿੱਤੇ ਜਾਣਗੇ। ਸ਼ਰਾਬ ਦੇ ਸ਼ੌਕੀਨਾਂ ਨੂੰ ਹਰ ਮਹੀਨੇ ਪਿੰਡ ਮੁਹੱਲੇ ਮੁਤਾਬਕ ਸ਼ਰਾਬ ਤੇ ਬੀਅਰ ਦਾ ਇਕ-ਇਕ ਟਰੱਕ ਭੇਜਿਆ ਜਾਵੇਗਾ। ਸ਼ਰਾਬ ਪੀ ਕੇ ਚਾਂਗਰਾਂ ਮਾਰਨ ਅਤੇ ਹੁੱਲੜਬਾਜ਼ੀ ਦੀ ਪੂਰੀ ਖੁੱਲ੍ਹ ਹੋਵੇਗੀ। ਹਰ ਸ਼ਹਿਰ 'ਚ ਕੌਮਾਂਤਰੀ ਹਵਾਈ ਅੱਡਾ ਤੇ ਹਰ ਪਿੰਡ 'ਚ ਹੈਲੀਪੈਡ ਬਣਾਇਆ ਜਾਵੇਗਾ। ਸ਼ਹਿਰ ਤੋਂ ਸ਼ਹਿਰ ਸਫਰ ਦਾ ਹਵਾਈ ਜਹਾਜ਼ ਅਤੇ ਪਿੰਡ ਤੋਂ ਪਿੰਡ ਦਾ ਸਫਰ ਹੈਲੀਕਾਪਟਰ ਰਾਹੀਂ ਮੁਫਤ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਹਰ ਪਿੰਡ ਵਿੱਚ ਮੈਟਰੋ ਸ਼ੁਰੂ ਕੀਤੀ ਜਾਵੇਗੀ। ਛੜਿਆਂ ਕੁਆਰਿਆਂ ਦੇ ਵਿਆਹ ਲਈ ਅਮਰੀਕਾ ਕੈਨੇਡਾ ਦੀਆਂ ਸਿਟੀਜ਼ਨ ਲੜਕੀਆਂ ਲਿਆਂਦੀਆਂ ਜਾਣਗੀਆਂ ਤਾਂ ਜੋ ਉਹ ਬਾਹਰ ਸੈਟ ਹੋ ਸਕਣ। ਪਹਿਲੀ ਜਮਾਤ ਤੋਂ ਪੀ ਐਚ ਡੀ ਅਤੇ ਆਈਲੈਟਸ ਤੱਕ ਦੇ ਪੇਪਰਾਂ 'ਚ ਨਕਲ ਮਾਰਨਾ ਕਾਨੂੰਨੀ ਤੌਰ 'ਤੇ ਜਾਇਜ਼ ਹੋਵੇਗਾ। ਸਰਕਾਰੀ ਜਗ੍ਹਾ 'ਤੇ ਕਬਜ਼ਾ ਕਰਨ ਤੇ ਨਾਜਾਇਜ਼ ਉਸਾਰੀਆਂ ਦੀ ਖੁੱਲ੍ਹ ਹੋਵੇਗੀ। ਫਿਰਕੂ ਨਫਰਤ ਫੈਲਾਉਣ ਦੇ ਨਾਲ ਹਰ ਤਰ੍ਹਾਂ ਦੇ ਪਾਖੰਡ ਅਤੇ ਕੁਕਰਮ ਦੀ ਖੁੱਲ੍ਹੀ ਛੁੱਟੀ ਹੋਵੇਗੀ। ਹੈਲਮਟ ਪਾਉਣ, ਸੀਟ ਬੈਲਟ ਲਗਾਉਣ ਸਮੇਤ ਸਾਰੇ ਟਰੈਫਿਕ ਨਿਯਮ ਗੈਰ ਕਾਨੂੰਨੀ ਐਲਾਨ ਦਿੱਤੇ ਜਾਣਗੇ। ਹਰ ਲੜਕੀ ਦੀ ਸ਼ਾਦੀ 'ਤੇ ਸਰਕਾਰ 50 ਲੱਖ ਰੁਪਏ ਖਰਚ ਕਰੇਗੀ। ਜਨਤਾ ਆਪਣੀ ਸਹੂਲਤ ਤੇ ਲੋੜ ਮੁਤਾਬਕ ਮੈਨੀਫੈਸਟੋ 'ਚ ਜਿੰਨੇ ਚਾਹੇ ਹੋਰ ਵਾਅਦੇ ਜੋੜ ਸਕਦੀ ਹੈ, ਉਨ੍ਹਾਂ ਨੂੰ ਪੂਰਾ ਨਾ ਕਰਨ ਬਾਰੇ ਸੋਚਿਆ ਜਾਵੇਗਾ। ਪਿਛਲੀਆਂ ਚੋਣਾਂ 'ਚ ਕੀਤੇ ਵਾਅਦੇ ਕਿਹੜਾ ਕਿਸੇ ਨੇ ਪੂਰੇ ਕੀਤੇ ਸਨ, ਜਿਹੜੇ ਅੱਗੋਂ ਕਰਨੇ ਹਨ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ