Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਸੰਪਾਦਕੀ

ਕਾਰਬਨ ਟੈਕਸ, ਉਂਟੇਰੀਓ ਦੀ ਅਦਾਲਤੀ ਚੁਣੌਤੀ- ਕੌਣ ਸਹੀ ਕੌਣ ਗਲਤ

April 16, 2019 11:11 AM

ਪੰਜਾਬੀ ਪੋਸਟ ਸੰਪਾਦਕੀ

ਫੈਡਰਲ ਸਰਕਾਰ ਵੱਲੋਂ ਕਾਰਬਨ ਟੈਕਸ ਲਾ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਨੂੰ ਉਂਟੇਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਅਦਾਲਤ ਵਿੱਚ ਦਿੱਤੀ ਚੁਣੌਤੀ ਉੱਤੇ ਸੁਣਵਾਈ ਕੱਲ ਆਰੰਭ ਹੋ ਗਈ ਹੈ। ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਕੋਈ ਵੀ ਧਿਰ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦਾ ਵਿਰੋਧ ਨਹੀਂ ਕਰ ਰਹੀ ਅਤੇ ਨਾ ਹੀ ਕੋਈ ਇਸ ਗੱਲ ਤੋਂ ਇਨਕਾਰੀ ਹੈ ਕਿ ਕੈਨੇਡਾ ਵਿੱਚ ਵਾਤਾਵਰਣ ਦਾ ਪ੍ਰਦੂਸਿ਼ਤ ਹੋਣਾ ਸਮੱਸਿਆ ਨਹੀਂ ਹੈ। ਜਿੱਥੇ ਫੈਡਰਲ ਸਰਕਾਰ ਕਾਰਬਨ ਟੈਕਸ ਨੂੰ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਰ ਦੇ ਰਹੀ ਹੈ, ਉੱਥੇ ਡੱਗ ਫੋਰਡ ਸਰਕਾਰ ਕਾਰਬਨ ਟੈਕਸ ਨੂੰ ਆਮ ਪਬਲਿਕ ਦਾ ਸਾਹ ਘੋਟਣ ਵਾਲਾ ਕਦਮ ਆਖ ਰਹੀ ਹੈ। ਹਕੀਕਤ ਵਿੱਚ ਇਹ ਮਸਲਾ ਸਿਆਸੀ ਹੈ ਜਿਸ ਉੱਤੇ ਸਹਿਮਤੀ ਜਾਂ ਅਸਹਿਮਤੀ ਸਿਆਸੀ ਲਾਈਨਾਂ ਉੱਤੇ ਹੀ ਬਣਾਈ ਜਾਂ ਢਾਹੀ ਜਾ ਸਕਦੀ ਹੈ।

ਸਿਆਸਤ ਦੀ ਦੋ ਧਾਰੀ ਤਲਵਾਰ ਨਾਲ ਆਮ ਆਦਮੀ ਨੂੰ ਕੋਈ ਜਿ਼ਆਦਾ ਫ਼ਰਕ ਨਹੀਂ ਪੈਣ ਲੱਗਾ ਕਿਉਂਕਿ ਹੋਰ ਟੈਕਸ ਕਿਹੜਾ ਉਸਦੀ ਮਰਜ਼ੀ ਨਾਲ ਲਾਏ ਜਾਂ ਹਟਾਏ ਜਾਂਦੇ ਹਨ। ਆਮ ਪਬਲਿਕ ਨੂੰ ਫਰਕ ਉਸ ਵੇਲੇ ਪੈਂਦਾ ਹੈ ਜਦੋਂ ਅੰਨ੍ਹਾਂ ਧੁੰਦ ਸਿਆਸੀ ਲੜਾਈ ਕਾਰਣ ਪੈਦਾ ਹੋਏ ਸ਼ੋਰ-ਸ਼ਰਾਬੇ ਤੋਂ ਪਰੇਸ਼ਾਨ ਹੋ ਕੇ ਕਈ ਨਿਰਦੋਸ਼ੇ ਖੁਦ ਨੂੰ ਕਸੂਰਵਾਰ ਸਮਝ ਕੇ ਸਜ਼ਾ ਦੇਣ ਲੱਗ ਪੈਂਦੇ ਹਨ। ਮਿਸਾਲ ਵਜੋਂ ਕੈਨੇਡਾ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਵਾਤਾਵਰਣ ਪ੍ਰਦੂਸ਼ਣ ਦੇ ਨਤੀਜਿਆਂ ਤੋਂ ਘਬਰਾ ਕੇ ਬੱਚੇ ਜੰਮਣ ਤੋਂ ਇਨਕਾਰੀ ਹੋ ਰਹੇ ਹਨ। ਇੰਗਲੈਂਡ ਤੋਂ ਚੱਲੀ ਇੱਕ ਮੁਹਿੰਮ ਵਿੱਚ ਬੱਚੇ ਨਾ ਕਰਨ ਦੀ ਪ੍ਰਕਿਰਿਆ ਨੂੰ ‘ਜੰਮਣ ਹੜਤਾਲ’ (birth-strike) ਕਿਹਾ ਜਾ ਰਿਹਾ ਹੈ। ਹਾਲਾਂਕਿ ਅਜਿਹੇ ਇੱਕਧਿਰੇ (onesided) ਕਦਮਾਂ ਨੂੰ ਚੰਗਾ ਨਹੀਂ ਆਖਿਆ ਜਾ ਸਕਦਾ ਪਰ ਹੱਤਾਸ਼ ਹੋਏ ਲੋਕਾਂ ਦੀ ਸੋਚ ਹੈ ਕਿ ਸਮੱਸਿਆ ਦੀ ਗੰਭੀਰਤਾ ਨੂੰ ਘਰ 2 ਪਹੁੰਚਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ।

ਹੱਤਾਸ਼ ਹੋਏ ਲੋਕ ਕੁੱਝ ਕਰ ਸਕੱਣਗੇ ਜਾਂ ਨਹੀਂ ਪਰ ਉਹ ਜਸਟਿਨ ਟਰੂਡੋਆਂ ਅਤੇ ਡੱਗ ਫੋਰਡਾਂ ਦੇ ਦਿਲ ਦਿਮਾਗ ਨਹੀਂ ਬਦਲ ਸਕੱਣਗੇ। ਜਸਟਿਨ ਟਰੂਡੋ ਲਈ ਉਹ ਪ੍ਰੋਵਿੰਸ ਪਿਆਰੇ ਹਨ ਜਿਹੜੇ ਕਾਰਬਨ ਟੈਕਸ ਨਾਲ ਹਾਮੀ ਭਰਦੇ ਹਨ (ਜਿ਼ਅਦਾਤਰ ਲਿਬਰਲ ਪ੍ਰੀਮੀਅਰ) ਅਤੇ ਵਿਰੋਧ ਕਰਨ ਵਾਲਿਆਂ ਵਿੱਚ ਡੱਗ ਫੋਰਡ ਤੋਂ ਇਲਾਵਾ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ, ਨਿਊਬਰੱਨਸਵਿੱਕ ਦੇ ਪ੍ਰੀਮੀਅਰ ਬਲੇਨ ਹਿੱਗਸ ਅਤੇ ਅਲਬਰਟਾ ਦੀ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੇ ਜੇਸਨ ਕੈਨੀ (ਅੱਜ ਹੋਣ ਜਾ ਰਹੀ ਚੋਣ ਵਿੱਚ ਪ੍ਰੀਮੀਅਰ ਬਣਨ ਦਾ ਖੁਆਬ ਵੇਖਣ ਵਾਲੇ) ਹਨ। ਸੋ ਗੱਲ ਲੋਕਾਂ ਦੀ ਨਹੀਂ ਸਗੋਂ ਵੋਟਾਂ ਦੀ ਹੈ।

ਉਂਟੇਰੀਓ ਦੀ ਅਪੀਲਜ਼ ਕੋਰਟ (Court of appealsਵਿੱਚ ਸੋਮਵਾਰ ਤੋਂ ਵੀਰਵਾਰ ਤੱਕ ਚੱਲਣ ਵਾਲੇ ਇਸ ਕੇਸ ਦਾ ਫੈਸਲਾ ਤੈਅ ਕਰੇਗਾ ਕਿ ਅਗਲੀਆਂ ਚੋਣਾਂ ਵਿੱਚ ਕਿਹੜੀ ਧਿਰ ਕਿਹੋ ਜਿਹਾ ਸਟੈਂਡ ਲੈਂਦੀ ਹੈ। ਅਜਿਹੇ ਮਾਮਲਿਆਂ ਵਿੱਚ ਅਦਾਲਤਾਂ ਅਕਸਰ ਸਥਾਨਕ ਖਦਸਿ਼ਆਂ ਦੀ ਥਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹੁੰਚ ਨੂੰ ਵਧੇਰੇ ਤਰਜੀਹ ਦੇਂਦੀਆਂ ਹਨ। ਇਸ ਤੱਥ ਦੇ ਸਨਮੁਖ ਵੇਖਣਾ ਦਿਲਚਸਪ ਹੋਵੇਗਾ ਕਿ ਫੈਡਰਲ ਜਾਂ ਪ੍ਰੋਵਿੰਸ਼ੀਅਲ ਸਰਕਾਰ ਕਿਹੋ ਜਿਹੀ ਪੁਜੀਸ਼ਨ ਲੈਣਗੀਆਂ। ਐਂਡਰੀਊ ਸ਼ੀਅਰ ਅਤੇ ਫੈਡਰਲ ਕੰਜ਼ਰਵੇਟਿਵਾਂ ਲਈ ਵੀ ਇਹ ਕੇਸ ਅਹਿਮ ਹੈ ਕਿਉਂਕਿ ਉਹ ਸਰਕਾਰ ਬਣਨ ਦੀ ਸੂਰਤ ਵਿੱਚ ਕਾਰਬਨ ਟੈਕਸ ਦੀ ਫੱਟੀ ਪੋਚਣ ਦਾ ਐਲਾਨ ਕਰ ਚੁੱਕੇ ਹਨ।

ਅੱਜ ਦੇ ਆਰਟੀਕਲ ਵਿੱਚ ਵਾਤਾਵਰਣ ਦੇ ਪਰੀਪੇਖ ਵਿੱਚ ਜੋ ਬੱਚਿਆਂ ਦੀ ਗੱਲ ਕੀਤੀ ਗਈ ਹੈ, ਉਹ ਆਪਣੀ ਥਾਂ ਅਹਿਮੀਅਤ ਰੱਖਣ ਵਾਲਾ ਮੁੱਦਾ ਹੈ। ਅਮਰੀਕਾ ਵਿੱਚ ਨਿਊਯਾਰਕ ਟਾਈਮਜ਼ ਅਤੇ ਮੌਰਨਿੰਗ ਕਨਸਲਟ ਪੋਲ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ 38% ਲੋਕਾਂ ਨੇ ਕਿਹਾ ਕਿ ਪ੍ਰਦੂਸਿ਼ਤ ਵਾਤਾਵਰਣ ਦੇ ਅਗਲੀ ਪੀੜੀ ਦੇ ਬੱਚਿਆਂ ਉੱਤੇ ਪੈਣ ਵਾਲੇ ਪ੍ਰਭਾਵ ਕਾਰਣ ਉਹ ਨਮੋਸ਼ੀ ਮਹਿਸੂਸ ਕਰਦੇ ਹਨ। 33% ਨੇ ਕਿਹਾ ਕਿ ਉਹ ਘੱਟ ਬੱਚੇ ਪੈਦਾ ਕਰਨ ਦੀ ਸੋਚ ਰਹੇ ਹਨ।

ਯੂਨਾਈਟਡ ਨੇਸ਼ਨਜ਼ ਦਾ ਅੰਦਾਜ਼ਾ ਹੈ ਕਿ ਸਾਲ 2030 ਤੱਕ ਵਿਸ਼ਵ ਦੀ ਜਨਸੰਖਿਆ ਵਿੱਚ 1 ਬਿਲੀਅਨ ਜੀਆਂ ਦਾ ਵਾਧਾ ਹੋਵੇਗਾ ਜਿਸ ਨਾਲ ਧਰਤੀ ਉੱਤੇ 8.5 ਬਿਲੀਅਨ ਲੋਕ ਹੋ ਜਾਣਗੇ। ਮਜ਼ੇਦਾਰ ਗੱਲ ਇਹ ਕਿ ਵਾਤਾਵਰਣ ਦਾ ਸੱਭ ਤੋਂ ਮਾੜਾ ਪ੍ਰਭਾਵ ਏਸ਼ੀਆ ਅਤੇ ਅਫਰੀਕਨ ਮੁਲਕਾਂ ਉੱਤੇ ਪੈਂਦਾ ਹੈ ਜਿੱਥੇ ਵਿਸ਼ਵ ਦੀ ਬਹੁ-ਗਿਣਤੀ ਵੱਸੋਂ ਵੱਸਦੀ ਹੈ ਅਤੇ ਪੈਦਾ ਹੋ ਰਹੀ ਹੈ। ਪਰ ਇਹ ਮੁਲਕ ਵਾਤਾਵਰਣ ਖਰਾਬ ਕਰਨ ਵਿੱਚ ਐਨਾ ਹਿੱਸਾ ਨਹੀਂ ਪਾਉਂਦੇ। ਦੂਜੇ ਪਾਸੇ ਵਾਤਾਵਰਣ ਨੂੰ ਖਰਾਬ ਕਰਨ ਦਾ ਵੱਡਾ ਕਾਰਣ ਵਿਕਸਿਤ ਦੇਸ਼ ਹਨ ਜਿੱਥੇ ਬੱਚੇ ਵੈਸੇ ਵੀ ਘੱਟ ਹੀ ਪੈਦਾ ਹੋ ਰਹੇ ਹਨ। ਕਿਸਨੂੰ ਆਖਿਆ ਜਾਵੇ ਕੌਣ ਸਹੀ ਅਤੇ ਕੌਣ ਗਲਤ ਹੈ?

Have something to say? Post your comment