Welcome to Canadian Punjabi Post
Follow us on

20

August 2019
ਨਜਰਰੀਆ

ਕੰਜਕਾਂ ਪੂਜ ਲਈਆਂ..

April 16, 2019 09:18 AM

-ਸੁਰਜੀਤ ਭਗਤ
ਸਾਰੇ ਮੁਹੱਲੇ ਵਿੱਚ ਵਾਹਰ ਪਈ ਹੋਈ ਸੀ। ਪ੍ਰਵਾਸੀਆਂ ਦੀ ਕੁੜੀ ਉਧਲ ਗਈ। ਸਾਰੇ ਮਿਰਚ ਮਸਾਲਾ ਲਾ ਕੇ ਗੱਲਾਂ ਬਣਾ ਰਹੇ ਸਨ। ਚਰਚਾ ਦਾ ਵਿਸ਼ਾ ਇਹ ਵੀ ਸੀ ਕਿ ਕੁੜੀ ਅਜੇ ਨਾਬਾਲਗ ਸੀ ਅਤੇ ਬਾਲ ਵਿਆਹ ਹੋਇਆ ਹੋਣ ਕਾਰਨ ਅਗਲੇ ਮਹੀਨੇ ਉਸ ਦਾ ‘ਗੌਨਾ' (ਮੁਕਲਾਵਾ) ਜਾਣਾ ਸੀ। ਉਸ ਨੂੰ ਉਧਾਲਣ ਵਾਲਾ ਲੜਕਾ ਵੀ ਇਸੇ ਮੁਹੱਲੇ ਵਿੱਚ ਉਨ੍ਹਾਂ ਤੋਂ ਇਕ ਘਰ ਛੱਡ ਕੇ ਰਹਿੰਦਾ ਸੀ। ਜਦੋਂ ਮੈਂ ਘਰੋਂ ਦਫਤਰ ਜਾਣ ਲਈ ਹੇਠਾਂ ਉਤਰਿਆ ਤਾਂ ਚਰਚਾ ਦਾ ਪਤਾ ਲੱਗਾ। ਕੁੜੀ ਦਾ ਬਾਪ ਰਿਕਸ਼ਾ ਚਾਲਕ ਅਜੇ ਮਹੀਨਾ ਕੁ ਪਹਿਲਾਂ ਮੁਹੱਲੇ ਵਿੱਚ ਕਿਰਾਏ 'ਤੇ ਰਹਿਣ ਨੂੰ ਆਇਆ ਸੀ। ਡੌਰ ਭੌਰ ਹੋਏ ਫਿਰਦੇ ਨੂੰ ਉਸ ਨੂੰ ਕੁਝ ਨਹੀਂ ਸੀ ਸੁਝ ਰਿਹਾ। ਕੋਈ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਵਿਚਾਰਾ ਕਿਸੇ ਨਾਲ ਗੱਲ ਕਰੇ ਵੀ ਕੀ? ਕਮਲਾ ਹੋਇਆ ਫਿਰਦਾ ਸੀ। ਮੈਂ ਮੋਟਰ ਸਾਈਕਲ ਨੂੰ ਕਿੱਕ ਮਾਰਨ ਲੱਗਾ ਸੀ ਕਿ ਦੋ ਤਿੰਨ ਜਣੇ ਇਹੀ ਦੱਸਣ ਲਈ ਮੇਰੇ ਕੋਲ ਆ ਗਏ, ਜਿਵੇਂ ਉਹ ਮੈਨੂੰ ਇਹ ਖਬਰ ਦੇ ਕੇ ਕੋਈ ਮਾਅਰਕਾ ਮਾਰ ਰਹੇ ਹੋਣ। ਅਜੇ ਗੱਲ ਕਰ ਹੀ ਰਹੇ ਸਨ ਕਿ ਲੜਕੀ ਦਾ ਬਾਪ ਆ ਗਿਆ।
‘ਸਾਬ੍ਹ ਮੈਂ ਪਰਦੇਸੀ ਆਦਮੀ ਹੂੰ, ਮੇਰਾ ਯਹਾਂ ਕੋਈ ਨਹੀਂ ਹੈ। ਕਿਸੀ ਤਰ੍ਹਾਂ ਮੇਰੀ ਬੇਟੀ ਮੁਝੇ ਵਾਪਸ ਦਿਲਵਾ ਦੋ। ਮੈਂ ਜ਼ਿੰਦਗੀ ਭ੍ਹਰ ਆਪ ਕੋ ਯਾਦ ਰਖੂੰਗਾ।' ਅੱਖਾਂ ਵਿੱਚ ਗਲੇਡੂ ਭਰੀ, ਉਹ ਹੱਥ ਜੋੜੀ ਮੈਨੂੰ ਕਹਿ ਰਿਹਾ ਸੀ। ਕੰਬਦਾ ਹੋਣ ਕਰ ਕੇ ਉਸ ਕੋਲੋਂ ਚੰਗੀ ਤਰ੍ਹਾਂ ਗੱਲ ਵੀ ਨਹੀਂ ਸੀ ਹੋ ਰਹੀ।
‘ਪੂਰੇ ਮੁਹੱਲੇ ਮੇਂ ਮੇਰੀ ਮਦਦ ਕਰਨੇ ਵਾਲਾ ਕੋਈ ਬੀ ਨਹੀਂ।' ਪਤਾ ਨਹੀਂ ਪੂਰੇ ਮੁਹੱਲੇ ਵਿੱਚ ਉਸ ਨੂੰ ਮੈਂ ਹੀ ਉਸ ਦੀ ਮਦਦ ਕਰਨ ਵਾਲਾ ਕਿਉਂ ਦਿਖਾਈ ਦਿੱਤਾ ਸਾਂ? ਉਸ ਨੂੰ ਲੱਗਦਾ ਸੀ, ਪੰਜਾਬੀ ਹੋਣ ਕਰਕੇ ਸਭ ਲੜਕੇ ਦੀ ਹੀ ਮਦਦ ਕਰਨਗੇ। ਉਸ ਦੇ ਹਾੜੇ ਸੁਣ ਕੇ ਇਕ ਪਲ ਲਈ ਮੈਨੂੰ ਜਾਪਿਆ, ਜਿਵੇਂ ਕਿਤੇ ਮੈਂ ਦੂਰ ਦੁਰਾਡੇ, ਕਿਸੇ ਅਜਿਹੀ ਹੀ ਹਾਲਾਤ ਵਿੱਚ ਹੱਥ ਜੋੜੀ, ਅਜਨਬੀ ਲੋਕਾਂ ਕੋਲ ਮਦਦ ਲੈਣ ਲਈ ਤਰਲੇ ਪਾ ਰਿਹਾ ਹੋਵਾਂ ਤੇ ਕੋਈ ਮੇਰੀ ਗੱਲ ਨਾ ਸੁਣ ਰਿਹਾ ਹੋਵੇ। ਮੈਂ ਕੰਬ ਉਠਿਆ ਅਤੇ ਉਸ ਦੀ ਮਦਦ ਕਰਨ ਅਤੇ ਹਰ ਹਾਲਤ ਵਿੱਚ ਉਸ ਦੀ ਲੜਕੀ ਉਸ ਕੋਲ ਪੁੱਜਦੀ ਕਰਨ ਦਾ ਤਹੱਈਆ ਕਰ ਲਿਆ। ਸਾਰਾ ਹਾਲ ਸਮਝਣ ਲਈ ਮੈਨੂੰ ਕੋਈ ਖਾਸ ਤਰੱਦਦ ਨਹੀਂ ਕਰਨਾ ਪਿਆ। ਪਤਾ ਲੱਗਾ ਕਿ ਕੱਲ੍ਹ ਸ਼ਾਮ ਹੀ ਲੜਕਾ, ਲੜਕੀ ਨੂੰ ਆਪਣੀ ਫੈਕਟਰੀ ਦੇ ਮਾਲਕਾਂ ਦੇ ਘਰ ਲੈ ਗਿਆ ਸੀ। ਮੈਂ ਲੜਕੇ ਨੂੰ ਫੋਨ ਲਗਾਇਆ।
‘ਹੈਲੋ, ਕਿਥੇ ਐ ਤੂੰ? ਮੈਂ ਖਰ੍ਹਵਾ ਜਿਹਾ ਬੋਲਿਆ।
‘ਚਾਚਾ, ਮੈਂ ਜਨਕਪੁਰੀ ਆਂ।' ਉਹ ਕਾਫੀ ਹੌਸਲੇ ਵਿੱਚ ਸੀ।
‘ਲੱਗਦਿਆ ਚਾਚੇ ਦਿਆ, ਕੀ ਪੁੱਠੇ ਕੰਮ ਫੜੇ ਐ ਤੂੰ? ਕੋਈ ਸੰਗ ਸ਼ਰਮ ਨੀ ਆਉਂਦੀ ਤੈਨੂੰ, ਕਿੱਥੇ ਆ ਕੁੜੀ?' ਮੈਂ ਥੋੜ੍ਹਾ ਟੇਢਾ ਬੋਲਿਆ।
‘ਕੁੜੀ ਮੇਰੇ ਨਾਲ ਈ ਆ। ਵਿਆਹ ਕਰਾਣਾ ਬਸ। ਅਸੀਂ ਆ ਰਹੇ ਹਾਂ, ਦੋ ਕੁ ਘੰਟੇ ਬਾਅਦ।' ਮੇਰੀ ਝਿੜਕ ਦਾ ਉਸ ਉਤੇ ਕੋਈ ਖਾਸ ਅਸਰ ਨਹੀਂ ਸੀ ਜਾਪ ਰਿਹਾ।
‘ਦੋ ਘੰਟੇ ਨਹੀਂ ਲੱਗਦੇ ਉਥੋਂ ਆਉਣ ਦੇ, ਅੱਧੇ ਘੰਟੇ ਵਿੱਚ ਆ ਜੋ ਦੋਵੇਂ ਬੰਦੇ ਦੇ ਪੁੱਤ ਬਣ ਕੇ, ਨਹੀਂ ਤਾਂ ਤੇਰੀ ਧੌੜੀ ਲਾਹ ਦੂੰ।' ਮੈਂ ਅਜੇ ਵੀ ਤੈਸ਼ ਵਿੱਚ ਸਾਂ।
ਉਸ ਨੇ ਫੋਨ ਬੜੀ ਬੇਪਰਵਾਹੀ ਨਾਲ ਕੱਟ ਦਿੱਤਾ, ਪਰ ਆਉਣ ਵਿੱਚ ਘੰਟਾ ਡੇਢ ਲਾ ਦਿੱਤਾ। ਆਇਆ ਵੀ ਸਿੱਧਾ ਆਪਣੇ ਮੁਹੱਲੇ ਵਿੱਚ ਨਹੀਂ, ਸਗੋਂ ਤੀਜੇ ਮੁਹੱਲੇ ਵਿੱਚ ਰਹਿੰਦੇ ਖੱਬੀਖਾਨ ਕਹਾਉਂਦੇ ਬੰਦੇ ਦੇ ਘਰ। ਲੜਕੀ ਦਾ ਬਾਪ ਬੇਹੱਦ ਬੌਂਦਲਿਆ ਪਿਆ ਸੀ। ਚਿਮਟੇ ਵਾਂਗ ਕੰਬਦਾ ਉਹ ਮੇਰੇ ਨਾਲ ਉਸ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸੀ ਜਿੱਥੇ ਕੁੜੀ ਮੁੰਡਾ ਅਤੇ ਉਨ੍ਹਾਂ ਦੇ ਹਮਾਇਤੀ ਬੈਠੇ ਸਨ।
ਜਦੋਂ ਗੱਲ ਸ਼ੁਰੂ ਹੋਈ ਤਾਂ ਮੈਂ ਇਹ ਕਹਿ ਕੇ ਕਿ ਮੁਹੱਲੇ ਵਿੱਚ ਆਏ ਕਿਸੇ ਪਰਦੇਸੀ ਦੀ ਧੀ ਸਭ ਦੀ ਧੀ ਧਿਆਣ ਹੁੰਦੀ ਹੈ, ਸਭ 'ਤੇ ਹਾਵੀ ਹੋ ਗਿਆ, ਪਰ ਕੁੜੀ, ਮੁੰਡੇ ਨਾਲ ਜਾਣ ਲਈ ਬਜ਼ਿੱਦ ਸੀ। ਬਾਪ ਦੇ ਜੋੜੇ ਹੱਥ ਤੇ ਤਰਲੇ ਵੀ ਉਸ ਦੇ ਪਿਆਰ ਮੂਹਰੇ ਨਿਤਾਣੇ ਹੋ ਕੇ ਰਹਿ ਗਏ। ਉਹ ਸਿਰਫ ਇਕ ਘੰਟੇ ਦੀ ਮੋਹਲਤ ਮੰਗ ਰਿਹਾ ਸੀ- ‘ਸਾਬ੍ਹ ਸਿਰਫ ਏਕ ਘੰਟੇ ਕੇ ਲੀਏ ਇਸ (ਲੜਕੀ) ਕੋ ਮੇਰੇ ਸਾਥ ਘਰ ਭੇਜ ਦੋ, ਮੈਂ ਇਸ ਕੋ ਸਮਝਾ ਲੂੰਗਾ। ਇਸ ਕੀ ਸ਼ਾਦੀ ਤੈਅ ਕਰ ਰੱਖੀ ਹੈ। ਗਾਂਵ ਮੇਂ ਮੈਂ ਕਿਆ ਮੂੰਹ ਲੈ ਕੇ ਜਾਊਂਗਾ? ਯੇ ਕ੍ਰਿਪਾ ਕਰ ਦੋ ਸਰਦਾਰ ਜੀ, ਫਿਰ ਕਬੀ ਮੈਂ ਇਧਰ ਕੋ ਭੂਲ ਕਰ ਭੀ ਮੂੰਹ ਨਹੀਂ ਕਰੂੰਗਾ।' ਉਸ ਨੂੰ ਸਾਰਾ ਪੰਜਾਬ ਹੀ ਸ਼ਾਇਦ ਧਾੜਵੀ ਜਾਪ ਰਿਹਾ ਸੀ।
ਮੈਂ ਲੜਿਆ ਭਿੜਿਆ ਅਤੇ ਕੁੜੀ ਨੂੰ ਸਮਝਾਉਣ ਦੀ ਸਿਰਤੋੜ ਕੋਸ਼ਿਸ਼ ਕੀਤੀ ਕਿ ਉਹ ਅਜੇ ਨਿਆਣੀ ਹੈ, ਇਹ ਗਲਤੀ ਉਸ ਦੀ ਜ਼ਿੰਦਗੀ ਬਰਬਾਦ ਕਰ ਦੇਵੇਗੀ, ਅਖੀਰ ਉਹ ਘਰ ਜਾਣ ਲਈ ਰਾਜ਼ੀ ਹੋ ਗਈ। ਘਰ ਆ ਕੇ ਪਿਓ ਧੀ ਵਿਚਾਲੇ ਕੀ ਗੱਲ ਹੋਈ, ਇਹ ਤਾਂ ਪਤਾ ਨਹੀਂ, ਪਰ ਉਹ ਮੁੰਡੇ ਦਾ ਖਹਿੜਾ ਛੱਡ ਕੇ ਬਾਪ ਨਾਲ ਪਿੰਡ ਜਾਣ ਲਈ ਤਿਆਰ ਹੋ ਗਈ। ਮੈਂ ਹਿੰਮਤ ਕਰਕੇ ਦੁਪਹਿਰੇ ਹੀ ਉਨ੍ਹਾਂ ਨੂੰ ਪਿੰਡ ਦੀ ਗੱਡੀ ਚੜ੍ਹਾ ਦਿੱਤਾ। ਜਾਂਦੇ ਹੋਏ ਖੁਸ਼ੀ ਦੇ ਮਾਰਿਆਂ ਬਾਪ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ, ਪਰ ਉਸ ਦੀਆਂ ਸਿੱਲੀਆਂ ਅੱਖਾਂ, ਫਰਕਦੇ ਬੁੱਲ੍ਹ ਤੇ ਧੰਨਵਾਦ ਲਈ ਜੁੜੇ ਕੰਬਦੇ ਹੱਥ ਬੜਾ ਕੁਝ ਕਹਿ ਰਹੇ ਸਨ। ਦੋ ਦਿਨਾਂ ਬਾਅਦ ਮੁਹੱਲੇ ਵਿੱਚ ਕੰਜਕਾਂ ਪੂਜਣ ਦੀ ਤਿਆਰੀ ਹੁੰਦੀ ਦੇਖ ਕੇ ਮੈਂ ਮਨ ਹੀ ਮਨ ਕਹਿ ਰਿਹਾ ਸਾਂ ਕਿ ਕੁਰਾਹੇ ਪਈ ਧੀ ਨੂੰ ਸਹੀ ਰਾਹ ਪਾ ਕੇ ਮੈਂ ਤਾਂ ਦੋ ਦਿਨ ਪਹਿਲਾਂ ਹੀ ਕੰਜਕਾਂ ਪੂਜ ਚੁੱਕਿਆ ਹਾਂ।

Have something to say? Post your comment