Welcome to Canadian Punjabi Post
Follow us on

20

August 2019
ਨਜਰਰੀਆ

ਚੋਰ ਬਨਾਮ ਚੌਕੀਦਾਰ

April 16, 2019 09:18 AM

-ਤਰਲੋਚਨ ਸਿੰਘ ਦੁਪਾਲਪੁਰ
ਇਹ ਘਟਨਾ ਭਾਵੇਂ ਅੰਗਰੇਜ਼ੀ ਰਾਜ ਵੇਲੇ ਦੀ ਹੈ ਪਰ ਹੈ ਇਹ ਵਰਤਮਾਨ ਦੌਰ ਵਿੱਚ ਵੀ ਦਿਲਚਸਪੀ ਨਾਲ ਪੜ੍ਹਨ ਸੁਣਨ ਵਾਲੀ। ਜਿਸ ਖੂਬਸੂਰਤ ਅੰਦਾਜ਼ੇ ਪੇਸ਼ਕਾਰੀ ਨਾਲ ਮੈਂ ਇਹ ਪਿੰਡ ਦੇ ਬਜ਼ੁਰਗਾਂ, ਖਾਸ ਕਰਕੇ ਆਪਣੇ ਬਾਪ ਦੇ ਮੂੰਹੋਂ ਸੁਣਦਾ ਰਿਹਾ ਹਾਂ, ਉਹ ਰੰਗ ਸ਼ਾਇਦ ਮੈਥੋਂ ਇਸ ਦੇ ਲਿਖਤੀ ਰੂਪ ਵਿੱਚ ਨਾ ਭਰਿਆ ਜਾ ਸਕੇ! ਦਰਅਸਲ ਉਹ ਸਾਰੇ ਉਸ ਵਾਕਿਆ ਦੇ ਤਕਰੀਬਨ ਚਸ਼ਮਦੀਦ ਗਵਾਹ ਸਨ, ਇਸ ਲਈ ਅੱਖੀਂ ਦੇਖੇ ਵੇਰਵੇ ਸੁਣਾਉਣ ਵੇਲੇ ਉਨ੍ਹਾਂ ਦੇ ਚਿਹਰਿਆਂ ਦੇ ਹਾਵ-ਭਾਵ ਕਹਾਣੀ ਦੇ ਕਥਾ ਰਸ ਨੂੰ ਹੋਰ ਰੌਚਕ ਬਣਾ ਦਿੰਦੇ ਸਨ।
ਸਾਡੇ ਲਾਗਲੇ ਪਿੰਡ ਸ਼ਾਹਪੁਰ ਵਿੱਚ ਹੋਰ ਕਈ ਬਰਾਦਰੀਆਂ ਦੇ ਨਾਲ ਵੱਡੀ ਗਿਣਤੀ ਮੁਸਲਮਾਨ ਪਰਵਾਰਾਂ ਦੀ ਸੀ, ਜਿਨ੍ਹਾਂ ਵਿੱਚ ਇਕ ਸਈਦ ਖਾਨਦਾਨ ਦਾ ਭਰਿਆ ਭਕੁੰਨਾ ਵੱਡਾ ਪਰਵਾਰ ਵਸਦਾ ਸੀ। ਜਿਵੇਂ ਸਿੱਖ ਸਮਾਜ ਵਿੱਚ ਸੋਢੀ ਜਾਂ ਬੇਦੀ ਪਰਵਾਰਾਂ ਨੂੰ ਗੁਰੂ ਸਾਹਿਬਾਨ ਦੀ ਅੰਸ-ਬੰਸ ਜਾਣ ਕੇ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਇਵੇਂ ਮੁਸਲਿਮ ਸਮਾਜ ਵਿੱਚ ਸਈਦ ਪਰਵਾਰਾਂ ਨੂੰ ਉਚੇਚਾ ਮਾਣ ਮਿਲਦਾ ਹੈ। ਸਈਦਾਂ ਦੇ ਅਦਬ ਸਤਿਕਾਰ ਬਾਰੇ ਇਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਮੁਗਲ ਬਾਦਸ਼ਾਹਾਂ ਵੇਲੇ ਉਨ੍ਹਾਂ ਦੀ ਅਸਵਾਰੀ ਲਈ ਵਰਤੇ ਜਾਂਦੇ ਹਾਥੀਆਂ ਦੇ ਮਹਾਵਤ ਕੇਵਲ ਸਈਦ ਹੋ ਸਕਦੇ ਸਨ। ਕਾਰਨ ਇਹ ਕਿ ਹਾਥੀ ਦੇ ਸਿਰ 'ਤੇ ਬੈਠਣ ਵਾਲੇ ਮਹਾਵਤ ਦੀ ਪਿੱਠ ਬਾਦਸ਼ਾਹ ਵੱਲ ਹੁੰਦੀ ਸੀ, ਤੇ ਬਾਦਸ਼ਾਹ ਵੱਲ ਪਿੱਠ ਕਰਕੇ ਕੋਈ ਆਮ ਬੰਦਾ ਨਹੀਂ, ਸਿਰਫ ਉਚੇ ਖਾਨਦਾਨ ਵਾਲਾ ਸਈਦ ਹੀ ਬਹਿ ਸਕਦਾ ਸੀ।
ਪੂਰੇ ਇਲਾਕੇ ਵਿੱਚ ਸਤਿਕਾਰੇ ਜਾਂਦੇ ਸ਼ਾਹਪੁਰੀਏ ਸਈਦਾਂ ਦੇ ਘਰੇ ਇਕ ਵਾਰ ਚੋਰੀ ਹੋ ਗਈ। ਟੱਬਰ ਦੇ ਜੀਅ ਦੂਰ ਨੇੜੇ ਕਿਤੇ ਵਿਆਹ ਸ਼ਾਦੀ 'ਤੇ ਚਲੇ ਗਏ, ਮਗਰੋਂ ਕੋਈ ਕੱਪੜੇ ਲੱਤੇ ਅਤੇ ਇਕ ਦੋ ਗਹਿਣਿਆਂ ਸਮੇਤ ਥੋੜ੍ਹੀ ਬਹੁਤ ਨਕਦੀ ਨੂੰ ਹੱਥ ਮਾਰ ਗਿਆ। ਸਰਕਾਰੇ ਦਰਬਾਰੇ ਚੋਖਾ ਅਸਰ ਰਸੂਖ ਰੱਖਦੇ ਇਸ ਟੱਬਰ ਵਿੱਚ ਚੋਰੀ ਦੀ ਖਬਰ ਸੁਣ ਕੇ ਇਲਾਕੇ ਵਿੱਚ ਸੁੰਨ ਪਸਰ ਗਈ ਕਿ ਕਿਹੜਾ ਮਾਈ ਦਾ ਲਾਲ ਹੋਵੇਗਾ, ਜਿਸ ਨੇ ਐਡੀ ਜੁਰਅਤ ਦਿਖਾ ਕੇ ਇਕ ਤਰ੍ਹਾਂ ਨਾਲ ਹਾਕਮ ਦੇ ਘਰ ਨੂੰ ਜਾ ਸੰਨ੍ਹ ਲਾਈ। ਸਈਦਾਂ ਨੇ ਵੀ ਇਸ ਵਾਰਦਾਤ ਨੂੰ ਆਪਣੇ ਮਾਣ ਮਰਾਤਬੇ ਉਤੇ ਵੱਡੀ ਸੱਟ ਸਮਝਿਆ। ਕਿੱਥੇ ਸਾਰਾ ਇਲਾਕਾ ਉਨ੍ਹਾਂ ਅੱਗੇ ਝੁਕ-ਝੁਕ ਸਲਾਮਾਂ ਕਰਦਾ ਸੀ ਤੇ ਕਿੱਥੇ ਚੋਰ ਨੇ ਉਨ੍ਹਾਂ ਨੂੰ ਕੱਖੋਂ ਹੌਲੇ ਕਰ ਛੱਡਿਆ ਸੀ।
ਉਸ ਦੌਰ ਵਿੱਚ ਸਾਡੇ ਇਲਾਕੇ ਦਾ ਮੰਨਿਆ ਦੰਨਿਆ ਜ਼ਿਮੀਂਦਾਰ ਰਾਹੋਂ ਦਾ ਚੌਧਰੀ ਇੱਜ਼ਤ ਖਾਂ ਸੀ ਜੋ ਇਸ ਸਈਦ ਪਰਵਾਰ ਦਾ ਬਹੁਤ ਇਹਤਰਾਮ ਕਰਦਾ ਸੀ। ਦੱਸਦੇ ਨੇ ਕਿ ਉਹ ਚੋਰੀ ਦੀ ਗੱਲ ਸੁਣ ਕੇ ਰਾਹੋਂ ਥਾਣੇ ਤੋਂ ਥਾਣੇਦਾਰ ਨੂੰ ਵੀ ਸ਼ਾਹਪੁਰ ਨਾਲ ਲੈ ਆਇਆ। ਇਥੋਂ ਮੁੜਨ ਵੇਲੇ ਉਹ ਥਾਣੇਦਾਰ ਨੂੰ ਸਖਤ ਹਦਾਇਤ ਕਰ ਗਿਆ ਕਿ ਉਹ ਚੋਰ ਲੱਭੇ ਤੋਂ ਹੀ ਵਾਪਸ ਪਰਤੇ। ਲਉ ਜੀ ਹੋ ਗਈ ਪੁਲਸ ਜਾਂਚ ਸ਼ੁਰੂ। ਪਹਿਲਾਂ ਸ਼ਾਹਪੁਰ ਪਿੰਡ ਦੇ ਹੀ ਸ਼ੱਕੀ ਜਿਹੇ ਸਮਝੇ ਜਾਂਦੇ ਬੰਦਿਆਂ ਦੀ ਰੱਜ ਕੇ ਛਿੱਤਰ ਕੁੱਟ ਹੋਈ। ਕੋਈ ਸੁਰਾਗ ਹੱਥ ਨਾ ਲੱਗਾ। ਫਿਰ ਵਾਰੋ-ਵਾਰ ਲਾਗ ਨੇੜਲੇ ਪਿੰਡਾਂ ਦੇ ਮਸ਼ਕੂਕ ਬੰਦੇ ਸ਼ਾਹਪੁਰ ਦੇ ਪਿੜ ਵਿੱਚ ਥਾਪੜਨੇ ਸ਼ੁਰੂ ਹੋਏ। ਉਨ੍ਹਾਂ ਦਿਨਾਂ ਵਿੱਚ ਸਾਡੇ ਇਲਾਕੇ ਦੇ ਇਕ ਪਿੰਡ ਵਿੱਚ ਡਾਕੇ ਚੋਰੀਆਂ ਲਈ ਬਦਨਾਮ ਕਬੀਲਾ ਰਹਿੰਦਾ ਸੀ। ਕਹਿੰਦੇ, ਉਸ ਕਬੀਲੇ ਦੇ ਬੰਦੇ ਜ਼ਨਾਨੀਆਂ ਤੇ ਗਭਰੇਟ ਮੁੰਡਿਆਂ ਉਤੇ ਬਹੁਤ ਤਸ਼ੱਦਦ ਹੋਇਆ ਪਰ ਸਈਦਾਂ ਦੀ ਚੋਰੀ ਦਾ ਕੋਈ ਲੜ ਸਿਰਾ ਹੱਥ ਨਾ ਲੱਗਿਆ।
ਥਾਣੇਦਾਰ ਅਤੇ ਉਹਦੇ ਨਾਲ ਦੇ ਦੋ ਚਾਰ ਸਿਪਾਹੀਆਂ ਦਾ ਟਿਕਾਣਾ ਸ਼ਾਹਪੁਰ ਦੇ ਸਕੂਲ ਵਿੱਚ ਕੀਤਾ ਹੋਇਆ ਸੀ। ਮਸ਼ਕੂਕ ਦੀ ਛਿੱਤਰ ਪਰੇਡ ਹੁੰਦੀ ਨੂੰ ਜਦ ਤਿੰਨ ਚਾਰ ਦਿਨ ਹੋ ਗਏ ਤਾਂ ਸੂਰਤੇ ਹਵਾਲ ਦਾ ਪਤਾ ਲੈਣ ਲਈ ਚੌਧਰੀ ਇੱਜ਼ਤ ਖਾਂ ਫਿਰ ਸ਼ਾਹਪੁਰ ਪਹੁੰਚਿਆ। ਨਿਰਾਸ਼ ਹੋਏ ਨੇ ਥਾਣੇਦਾਰ ਨੂੰ ਸਈਦਾਂ ਦੇ ਘਰੇ ਬੁਲਾਇਆ ਅਤੇ ਕਿਸੇ ਅਗਲੀ ਰਣਨੀਤੀ ਉਤੇ ਵਿਚਾਰ ਹੋਣ ਲੱਗੀ। ਦੁਪਹਿਰ ਦੀ ਰੋਟੀ ਦਾ ਵੇਲਾ ਹੋ ਗਿਆ। ਸਈਦਾਂ ਦੇ ਨੌਕਰ ਚਾਕਰ ਸਾਰੇ ਅਮਲੇ ਫੈਲੇ ਨੂੰ ਰੋਟੀ ਖੁਆਉਣ ਲੱਗ ਪਏ। ਪਾਣੀ ਦਾ ਗਲਾਸ ਲੈ ਕੇ ਆਏ ਨੌਕਰ ਤੋਂ ਪਾਣੀ ਫੜਦਿਆਂ ਥਾਣੇਦਾਰ ਨੇ ਉਹਦੇ ਵੱਲ ਗਹੁ ਨਾਲ ਦੇਖਿਆ ਤੇ ਫਿਰ ਸਹਿਵਨ ਹੀ ਘਰ ਦੇ ਇਕ ਬੰਦੇ ਨੂੰ ਪੁੱਛਿਆ, ‘ਮੀਆਂ ਜੀ! ਆਹ ਪਾਣੀ ਦਾ ਵਰਤਾਰਾ ਕੌਣ ਐ ਤੇ ਕਿੱਥੋਂ ਦਾ ਰਹਿਣ ਵਾਲੈ?'
ਜਿਵੇਂ ਆਪਣੇ ਕਿਸੇ ਬਹੁਤ ਭਰੋਸੇਮੰਦ ਜਾਣੂ ਸ਼ਖਸ ਬਾਰੇ ਦਿਲ ਪਸੀਜਵੇਂ ਸ਼ਬਦ ਬੋਲ ਕੇ ਭਰੋਸਾ ਪ੍ਰਗਟਾਈਦਾ ਹੈ, ਇਵੇਂ ਹੀ ਥਾਣੇਦਾਰ ਦੇ ਸ਼ੱਕੀ ਜਿਹੇ ਸਵਾਲ ਦੇ ਜਵਾਬ ਵਿੱਚ ਸਈਦ ਬੋਲਿਆ, ‘ਖਾਨ ਸਾਬ੍ਹ ਇਹ ਵਿਚਾਰਾ ਸਾਡੇ ਪਿੰਡ ਦਾ ਸਾਊ ਸ਼ਰੀਫ ਚੌਕੀਦਾਰ ਐ, ਜੋ ਸਾਡੇ ਹਵੇਲੀ ਪਸ਼ੂਆਂ ਨੂੰ ਪੱਠੇ ਦੱਬੇ ਪਾਉਣ ਦੇ ਨਾਲ ਸਾਡੇ ਘਰੇ ਪਾਣੀ ਵੀ ਭਰ ਛੱਡਦਾ ਹੈ (ਉਦੋਂ ਖੂਹ ਤੋਂ ਘੜੇ ਭਰ-ਭਰ ਘਰੇ ਰੱਖੇ ਜਾਂਦੇ ਸਨ)।
ਕਹਿੰਦੇ ਹਨ ਕਿ ਇਹ ਗੱਲ ਸੁਣ ਕੇ ਮੁੱਛਾਂ 'ਤੇ ਹੱਥ ਫੇਰਦਿਆਂ ਥਾਣੇਦਾਰ ਕਹਿੰਦਾ, ‘ਮੈਂ ਇਸ ‘ਵਿਚਾਰੇ' ਨੂੰ ਜ਼ਰਾ ਬਾਹਰ ਲੈ ਜਾਨਾ ਵਾਂ।'
ਰੋਟੀ ਪਾਣੀ ਛਕਣ ਤੋਂ ਬਾਅਦ ਇੱਜ਼ਤ ਖਾਂ ਚੌਧਰੀ ਅਤੇ ਸਈਦ ਭਰਾ ਅਜੇ ਕੋਈ ਸੋਚ ਵਿਚਾਰ ਹੀ ਕਰ ਰਹੇ ਸਨ ਕਿ ਥਾਣੇਦਾਰ ‘ਚੌਕੀਦਾਰ ਵਿਚਾਰੇ' ਨੂੰ ਧੌਣ ਤੋਂ ਫੜ ਕੇ ਅੰਦਰ ਲੈ ਆਇਆ। ਤਿੰਨ ਚਾਰ ਦਿਨਾਂ ਤੋਂ ਲੋਕਾਂ ਦੀ ਹੁੰਦੀ ਛਿੱਤਰ ਕੁੱਟ ਤੇ ਪੈਂਦਾ ਅੜ੍ਹਾਟ ਸੁਣਦਾ ਰਿਹਾ ਹੋਣ ਕਰਕੇ ਚੌਕੀਦਾਰ ਨੇ ਪਟੇ ਚਾਰ ਨਾ ਸਹੇ ਕਿ ਥਾਣੇਦਾਰ ਨੂੰ ਸਭ ਕੁਝ ਦੱਸ ਦਿੱਤਾ। ਉਸੇ ਵੇਲੇ ਸਿਪਾਹੀਆਂ ਨੂੰ ਉਹਦੇ ਨਾਲ ਘਰੇ ਭੇਜ ਕੇ ਚੋਰੀ ਦਾ ਸਮਾਨ ਵੀ ਲੈ ਆਂਦਾ। ਚੌਕੀਦਾਰ ਹੀ ਚੋਰ ਨਿਕਲਿਆ ਜੋ ਨਿਰਦੋਸ਼ ਲੋਕਾਂ ਦੇ ਐਵੇਂ ਕੁੱਟ ਪੁਆਈ ਗਿਆ ਸੀ!

Have something to say? Post your comment