Welcome to Canadian Punjabi Post
Follow us on

21

May 2019
ਸੰਪਾਦਕੀ

ਜੇ ਬਰੈਂਪਟਨ ਖਤਰੇ ਵਿੱਚ ਹੈ ਤਾਂ ਹੱਲ ਲਈ ਕੌਣ ਖੜਾ ਹੈ?

October 02, 2018 08:57 AM

ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ

ਉਂਟੇਰੀਓ ਵਿੱਚ ਮਿਉਂਸੀਪਲ ਚੋਣਾਂ ਦਾ ਜ਼ੋਰ ਆਪਣੇ ਸਿਖ਼ਰਾਂ ਉੱਤੇ ਹੈ। ਹਰ ਉਮੀਦਵਾਰ ਦੀ ਆਪਣੀ ਸੋਚ, ਆਪਣੀ ਦੂਰ-ਦ੍ਰਿਸ਼ਟੀ ਅਤੇ ਅਪਣੀ ਪਹੁੰਚ ਹੈ ਜਿਸ ਨੂੰ ਸਾਹਮਣੇ ਰੱਖ ਕੇ ਉਹ ਇੱਕ ਚੰਗੇਰੇ ਭੱਵਿਖ ਦੀ ਉਸਾਰੀ ਲਈ ਲੀਡਰਸਿ਼ੱਪ ਪ੍ਰਦਾਨ ਕਰਨ ਲਈ ਜਦੋਜਹਿਦ ਕਰ ਰਿਹਾ ਹੈ। ਦੂਜੇ ਪਾਸੇ ਵੋਟਰ ਹਨ ਜਿਹਨਾਂ ਵਿੱਚੋਂ ਹਰ ਇੱਕ ਦੀ ਆਪਣੀ ਇੱਕ ਆਸ, ਇੱਕ ਤਵੱਕੋ ਅਤੇ ਇੱਕ ਝਾਕ ਹੈ ਜਿਸਨੂੰ ਸਾਹਮਣੇ ਰੱਖ ਕੇ ਉਹ ਕਿਸੇ ਉਮੀਦਵਾਰ ਨੂੰ ਵੋਟ ਪਾਉਣ ਜਾਂ ਨਾ ਪਾਉਣ ਦਾ ਫੈਸਲਾ ਕਰਦਾ ਹੈ। ਉਮੀਦਵਾਰਾਂ ਅਤੇ ਵੋਟਰਾਂ ਤੋਂ ਇਲਾਵਾ ਇੱਕ ਹੋਰ ਸਖ਼ਸਿ਼ਅਤ ਹੁੰਦੀ ਹੈ ਜਿਸਦੀਆਂ ਆਸ਼ਾਵਾਂ, ਚਾਵਾਂ ਅਤੇ ਦੂਰ ਦ੍ਰਿਸ਼ਟੀਆਂ ਦਾ ਮਿਉਂਸੀਪਲ ਚੋਣਾਂ ਵਿੱਚ ਬਹੁਤ ਅਹਿਮ ਰੋਲ ਹੁੰਦਾ ਹੈ। ਇਹ ਤੀਜੀ ਧਿਰ ਹੈ ਸ਼ਹਿਰ ਜਾਂ ਸਿਟੀ ਖੁਦ। ਹਰ ਸ਼ਹਿਰ ਦਾ ਆਪਣਾ ਕਿਰਦਾਰ, ਆਪਣੀ ਪਹਿਚਾਣ, ਆਪਣੀ ਦਿੱਖ ਅਤੇ ਆਪਣੇ ਵਿਕਾਸ ਦਾ ਇੱਕ ਮਾਰਗ ਹੁੰਦਾ ਹੈ, ਇੱਕ ਰਾਹ ਹੁੰਦਾ ਹੈ ਜੋ ਸ਼ਹਿਰ ਵਾਸੀਆਂ ਅਤੇ ਇਸਦੇ ਲੀਡਰਾਂ ਨੇ ਤਿਆਰ ਕਰਨਾ ਹੁੰਦਾ ਹੈ।

ਪਰਵਾਸੀ ਬਹੁ ਗਿਣਤੀ ਵਾਲੇ ਸ਼ਹਿਰ ਬਰੈਂਪਟਨ ਦੀ ਕੀ ਸੋਚ ਅਤੇ ਕੀ ਦੂਰਦ੍ਰਿਸ਼ਟੀ ਹੈ? ਇਸਦੀ ਸੋਚ ਅਤੇ ਦੂਰਦ੍ਰਿਸ਼ਟੀ ਨੂੰ ਪੂਰਾ ਸੂਰਾ ਕਰਨ ਲਈ ਚੋਣ ਲੜਨ ਜਾ ਰਹੇ ਉਮੀਦਵਾਰਾਂ ਨੇ ਕਿਹੋ ਜਿਹੀਆਂ ਰਣਨੀਤੀਆਂ ਅਪਨਾਉਣੀਆਂ ਹਨ, ਇਸ ਬਾਰੇ ਪੰਜਾਬੀ ਪੋਸਟ ਵੱਲੋਂ ਆਰਟੀਕਲਾਂ ਦੀ ਇੱਕ ਲੜੀ ਬਰੈਂਪਟਨ ਲਈ ਤਿਆਰ ਕੀਤੀ ਗਈ ਦੂਰ ਦ੍ਰਿਸ਼ਟੀ ਭਾਵ ਵਿਜ਼ਨ (Visionਦੀ ਪਿੱਠਭੂਮੀ ਵਿੱਚ ਲਿਖੀ ਜਾ ਰਹੀ ਹੈ ਜਿਸਦਾ ਪਹਿਲਾ ਭਾਗ ਅੱਜ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਜਾ ਰਿਹਾ ਹੈ।

ਬਰੈਂਪਟਨ ਲਈ ਅਗਲੇ 40 ਸਾਲਾਂ ਵਾਸਤੇ ਇੱਕ ਸਾਵੀਂ, ਵਿਕਾਸਮੁਖੀ ਅਤੇ ਲੋਕ ਕਲਿਆਣ ਦੇ ਉਦੇਸ਼ ਨੂੰ ਲੈ ਕੇ ਇੱਕ ਠੋਸ ਅਤੇ ਅਸਰਦਾਰ ਦੂਰਦ੍ਰਿਸ਼ਟੀ ਪੈਦਾ ਕਰਨ ਲਈ ਵਰਤਮਾਨ ਕਾਉਂਸਲ ਵੱਲੋਂ 2017-18 ਵਿੱਚ ਵੱਡੇ ਪੱਧਰ ਉੱਤੇ ਇੱਕ ਮੁਹਿੰਮ ਚਲਾਈ ਗਈ। ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਬਰੈਂਪਟਨ ਵਾਸੀਆਂ ਦੇ ਟੈਕਸਾਂ ਵਿੱਚ ਰੰਗ ਮਾਣ ਰਹੀ ਕਾਉਂਸਲ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਪਲਾਨਿੰਗ ਅਤੇ ਅਰਬਨ ਡੀਜ਼ਾਈਨਰ ਲੈਰੀ ਬੀਸਲੇ  (LARRY BEASLEY) ਨੂੰ ਲਿਆਂਦਾ ਗਿਆ। ਲੈਰੀ ਬੀਸਲੇ ਉਹ ਮਹਾਨ ਅਰਬਨ ਡੀਜ਼ਾਈਨ ਹੈ ਜਿਸਦੇ ਪ੍ਰੋਜੈਕਟਾਂ ਵਿੱਚ ਡਾਲਾਸ (ਟੈਕਸਸ), ਆਬੂ ਧਾਬੀ, ਮਾਸਕੋ ਅਤੇ ਵੈਨਕੂਵਰ ਦਾ ਅਰਬਨ ਡੀਜ਼ਾਈਨ ਕਰਨਾ ਸ਼ਾਮਲ ਹੈ। ਉਹ ਆਸਟਰੀਆ ਤੋਂ ਲੈ ਕੇ ਕੈਨੇਡਗ ਦੀ ਕੌਮੀ ਅਰਬਨ ਡੀਜ਼ਾਈਨ ਕਮੇਟੀ ਦਾ ਮੁਖੀ ਰਹਿ ਚੁੱਕਾ ਹੈ। ਕਿਸੇ ਕੱਲੀ ਕਾਰੀ ਈਵੈਂਟ ਭਾਸ਼ਣ ਕਰਨ ਦੀ ਲੈਰੀ ਦੀ ਕਿੰਨੀ ਫੀਸ ਹੈ, ਇਸ ਬਾਰੇ ਦੱਸਣਾ ਬਹੁਤ ਮੁਸ਼ਕਲ ਹੈ। ਪਰ ਨੈਸ਼ਨਲ ਪੋਸਟ ਦਾ ਇੱਕ ਆਰਟੀਕਲ ਉਸਨੂੰ ਬਿੱਲ ਕਲਿੰਟਨ, ਹਿਲਰੀ ਕਲਿੰਟਨ, ਬਰਾਇਨ ਮੁਲਰੋਨੀ, ਜਸਟਿਨ ਟਰੂਡੋ (ਜਿਸ ਵੇਲੇ ਟਰੂਡੋ ਹੋਰੀਂ ਇੱਕ ਤਕਰੀਰ ਦੇ 20 ਹਜ਼ਾਰ ਡਾਲਰ ਲੈਂਦੇ ਸਨ) ਆਦਿ ਦੀ ਸ਼੍ਰੈਣੀ ਵਿੱਚ ਰੱਖਦਾ ਹੈ। ਵੈਸੇ ਕਲਿੰਟਨਾਂ ਅਤੇ ਮੁਲਰੋਨੀਆਂ ਦੀ ਫੀਸ ਲੱਖਾਂ ਵਿੱਚ ਹੈ।

ਅਜਿਹੇ ਲਾਮਿਸਾਲ ਅਤੇ ਮਹਿੰਗੇ ਡੀਜ਼ਾਈਨਰ ਲੈਰੀ ਬੀਸਲੇ ਨੇ ਸਤੰਬਰ 2017 ਤੋਂ ਆਰੰਭ ਕਰਕੇ ਕਈ ਮਹੀਨਿਆਂ ਤੱਕ ਚੱਲੇ ਅਭਿਆਨ ਰਾਹੀਂ ਬਰੈਂਪਟਨ ਲਈ 100 ਪੰਨਿਆਂ ਦਾ 2040 ਵਿਜ਼ਨ  (Brampton 2040 vision) ਦਸਤਾਵੇਜ਼ ਤਿਆਰ ਕੀਤਾ। ਇਸ ਦਸਤਾਵੇਜ਼ ਨੂੰ ਤਿਆਰ ਕਰਨ ਉੱਤੇ ਕਿੰਨੇ ਲੱਖ ਡਾਲਰ ਖਰਚ ਹੋਏ, ਇਸ ਬਾਰੇ ਕੋਈ ਅਨੁਮਾਨ ਨਹੀਂ। ਇੱਕ ਸਿਟੀ ਉਮੀਦਵਾਰ ਨੇ 1 ਮਿਲੀਅਨ ਡਾਲਰ ਦਾ ਅਨੁਮਾਨ ਲਾਇਆ ਜਦੋਂ ਕਿ ਕਈ ਹੋਰ ਇਸ ਖਰਚੇ ਦਾ ਅਨੁਮਾਨ ਇਸਤੋਂ ਕਿਤੇ ਵੱਧ ਦੱਸਦੇ ਹਨ।

ਇਸ ਦਸਤਾਵੇਜ਼ ਵਿੱਚ ਦਰਜ਼ ਕੀਤਾ ਗਿਆ ਹੈ ਕਿ ਆਪਣੇ ਵਿਕਾਸ ਲਈ ਅੱਜ ਸਫ਼ਰ ਆਰੰਭ ਕਰਕੇ ਸਾਲ 2040 ਤੱਕ ਬਰੈਂਪਟਨ ਕਿਸ ਮੁਕਾਮ ਉੱਤੇ ਪੁੱਜ ਜਾਵੇਗਾ। ਬਹੁਤ ਹੀ ਅਨੋਖੀਆਂ, ਦਿਲ-ਲੁਭਾਵਣੀਆਂ ਅਤੇ ਬਰੈਂਪਟਨ ਵਾਸੀਆਂ ਨੂੰ ਕਿਸੇ ਪਰੀ ਦੇਸ਼ ਵਿੱਚ ਸੁਰਗਾਂ ਦੇ ਝੂਟੇ ਲੈਣ ਲਈ ਤਿਆਰ ਰਹਿਣ ਵਾਸਤੇ ਹੋਕਾਂ ਦੇਂਦੀਆਂ ਗੱਲਾਂ ਬਰੈਂਪਟਨ 2040 ਵਿਜ਼ਨ ਦਸਤਾਵੇਜ਼ ਵਿੱਚ ਦਰਜ਼ ਹੋਈਆਂ ਹਨ। ਜੇ ਗੱਲਾਂ ਨਾਲ ਬਹਿਸ਼ਤ ਵੱਸਦੀ ਹੋਵੇ ਤਾਂ ਇਸ ਦਸਤਾਵੇਜ਼ ਵਿੱਚ ਸ਼ਬਦਾਂ ਦੀ ਤਾਮੀਰਦਾਰੀ ਬਹਿਸ਼ਤ ਦਾ ਹੂਟਾ ਦੁਆਉਣ ਵਿੱਚ ਕਸਰ ਨਹੀਂ ਛੱਡਦੀ। ਆਖਰ ਨੂੰ ਇਹ ਲੈਰੀ ਬੀਸਲੇ ਦਾ ਪ੍ਰੋਜੈਕਟ ਜੋ ਹੋਇਆ।

ਵਿਜ਼ਨ 2040 ਨੂੰ ਤਿਆਰ ਕਰਨ ਲਈ 13000 ਬਰੈਂਪਟਨ ਵਾਸੀਆਂ ਨੇ ਇੱਕ ਜਾਂ ਦੂਜੇ ਮੋੜ ਉੱਤੇ ਆਪਣਾ ਯੋਗਦਾਨ ਪਾਇਆ ਜਿਹਨਾਂ ਵਿੱਚੋਂ 11000 ਲੋਕਾਂ ਨੇ ਵਿਸ਼ੇਸ਼ ਟਿੱਪਣੀਆਂ ਅਤੇ ਬਿਆਨ ਦਰਜ਼ ਕਰਵਾਏ। 20 ਵਰਕ ਸੈਸ਼ਨ ਕਰਵਾਏ ਗਏ, 65 ਕਮਿਉਨਿਟੀ ਈਵੈਂਟਾਂ ਵਿੱਚ ਸਿਟੀ ਹਾਲ ਦੇ ਕਰਮਚਾਰੀਆਂ ਵੱਲੋਂ ਹਿੱਸਾ ਲਿਆ ਗਿਆ, ਕੈਨੇਡਾ ਦੇ ਜਾਣੇ ਪਹਿਚਾਣੇ ਅਰਬਨ ਡੀਵੇਲਪਰਾਂ ਅਤੇ ਪ੍ਰੋਫੈਸਰਾਂ ਨਾਲ ਸੈਸ਼ਨ ਕੀਤੇ ਗਏ, 4 ਲੱਖ 20 ਹਜ਼ਾਰ ਦੇ ਕਰੀਬ ਫੇਸਬੁੱਕ, ਟਵਿੱਟਰ ਉੱਤੇ ਕਾਮੈਂਟ ਪ੍ਰਾਪਤ ਕੀਤੇ ਗਏ, 1300 ਲੋਕਾਂ ਨੇ ਵੈੱਬਸਾਈਟ ਉੱਤੇ ਜਾ ਕੇ ਖਿਆਲਾਂ ਦਾ ਯੋਗਦਾਨ ਪਾਇਆ। ਐਨੇ ਵੱਡੇ ਘੋਲ ਤੋਂ ਬਾਅਦ ਬਰੈਂਪਟਨ ਵਿਜ਼ਨ 2040 ਤਿਆਰ ਹੋਇਆ ਪਰ??

ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਉਮੀਦਵਾਰ ਇਸ ਦਸਤਾਵੇਜ਼ ਬਾਰੇ ਗੱਲ ਤੱਕ ਨਹੀਂ ਕਰ ਰਿਹਾ। ਕਿਸੇ ਉਮੀਦਵਾਰ ਦੀ ਵੈੱਬਸਾਈਟ ਉੱਤੇ ਇਸਦਾ ਜਿ਼ਕਰ ਨਹੀਂ ਹੈ, ਕਿਸੇ ਦੇ ਫਲਾਇਰ ਉੱਤੇ ਬਰੈਂਪਟਨ 2040 ਨਾਮਕ ਜਾਨਵਰ ਦੀ ਤਸਵੀਰ ਨਹੀਂ ਹੈ ਅਤੇ ਕਿਸੇ ਚੋਣ ਈਵੈਂਟ ਵਿੱਚ, ਵੋਟਰਾਂ ਨਾਲ ਗੱਲਬਾਤ ਦੌਰਾਨ, ਮੀਡੀਆ ਵਿੱਚ ਕਿਸੇ ਮੇਅਰ ਅਹੁਦੇ ਲਈ ਉਮੀਦਵਾਰ, ਰੀਜਨਲ ਕਾਉਂਸਲ ਜਾਂ ਸਿਟੀ ਕਾਉਂਸਲ ਲਈ ਉਮੀਦਵਾਰ ਵੱਲੋਂ ਇਸ ਦਸਤਾਵੇਜ਼ ਬਾਰੇ ਗੱਲ ਤੱਕ ਨਹੀਂ ਕੀਤੀ ਜਾ ਰਹੀ। ਅਜਿਹਾ ਹੋਣਾ ਉਮੀਦਵਾਰਾਂ ਦੇ ਅਗਿਆਨ ਦੀ ਨਿਸ਼ਾਨੀ ਹੈ? ਜਾਂ ਇਹ ਸ਼ਾਤਰ ਸਿਆਸਤਦਾਨ ਜਾਣਬੁੱਝ ਕੇ ਇਸਦਾ ਜਿ਼ਕਰ ਨਹੀਂ ਕਰ ਰਹੇ ਜਾਂ ਫੇਰ ਇਹ ਲੀਡਰ ਲੋਕਾਂ ਨੂੰ ਮੂਰਖ ਸਮਝ ਰਹੇ ਹਨ? ਇਹਨਾਂ ਵਿੱਚੋਂ ਕਾਰਣ ਕੋਈ ਵੀ ਹੋਵੇ ਪਰ ਇਸ ਬਾਰੇ ਚੁੱਪ ਸ਼ਰਤੀਆ ਹੀ ਬਰੈਂਪਟਨ ਵੱਲੋਂ ਵਰਤਮਾਨ ਵਿੱਚ ਭੁਗਤੇ ਜਾ ਰਹੇ ਸੰਤਾਪ ਦੀ ਇੱਕ ਨਿਸ਼ਾਨੀ ਹੈ।

ਕੱਲ ਨੂੰ ਅਸੀਂ ਬਰੈਂਪਟਨ 2040 ਵਿਜ਼ਨ ਦਸਤਾਵੇਜ਼ ਦੇ ਕੁੱਝ ਚੋਣਵੇਂ ਸ਼ਬਦਾਂ ਦਾ ਹੂਬਹੂ ਉਲੱਥਾ ਛਾਪ ਕੇ ਆਪਣੀ ਗੱਲ ਨੂੰ ਅੱਗੇ ਤੋਰਾਂਗੇ। ਇਸਤੋਂ ਅਗਲੇ ਦਿਨਾਂ ਵਿੱਚ 2040 ਵਿਜ਼ਨ ਦੇ ਵੱਖ 2 ਪਹਿਲੂਆਂ ਦੀ ਪੜਚੋਲ ਕਰਨੀ ਜਾਰੀ ਰੱਖਾਂਗੇ। ਇਸ ਦਸਤਾਵੇਜ਼ ਦੀ ਇੱਕ ਲਾਈਨ ਦਾ ਅੱਜ ਜਿ਼ਕਰ ਕਰਨਾ ਲਾਜ਼ਮੀ ਬਣਦਾ ਹੈ ਤਾਂ ਜੋ ਕੱਲ ਨੂੰ ਲਿਖੇ ਜਾਣ ਵਾਲੇ ਆਰਟੀਕਲ ਲਈ ਲੜੀ ਨੂੰ ਬਰਕਰਾਰ ਰੱਖਿਆ ਜਾ ਸਕੇ:‘ਬਰੈਂਪਟਨ ਖਤਰੇ ਵਿੱਚ ਹੈ’।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ