Welcome to Canadian Punjabi Post
Follow us on

25

April 2019
ਪੰਜਾਬ

ਜਲ੍ਹਿਆਂਵਾਲਾ ਬਾਗ਼ ਕਾਂਡ ਬਾਰੇ ਸੌ ਦਾ ਸਿੱਕਾ ਤੇ ਡਾਕ ਟਿਕਟ ਜਾਰੀ

April 15, 2019 09:49 AM

* ਬ੍ਰਿਟੇਨ ਸਰਕਾਰ ਨੇ ਰਾਜਦੂਤ ਭੇਜ ਕੇ ਦੁੱਖ ਪ੍ਰਗਟਾਇਆ 

ਅੰਮ੍ਰਿਤਸਰ, 14 ਅਪਰੈਲ, (ਪੋਸਟ ਬਿਊਰੋ)- ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦੀ ਵਰ੍ਹੇਗੰਢ ਮੌਕੇ ਬ੍ਰਿਟੇਨ ਦੀ ਸਰਕਾਰ ਨੇ ਇਸ ਵਾਰ ਭਾਰਤ ਵਿੱਚ ਆਪਣੇ ਰਾਜਦੂਤ ਨੂੰ ਏਥੇ ਭੇਜ ਕੇ ਦੁੱਖ ਪ੍ਰਗਟਾਇਆ ਅਤੇ ਇਸ ਕਾਂਡ ਨੂੰ ਸ਼ਰਮਨਾਕ ਕਿਹਾ ਹੈ। ਭਾਰਤ ਵਿਚ ਬ੍ਰਿਟੇਨ ਦੇ ਰਾਜਦੂਤ ਡੋਮਿਨਿਕ ਐਕਿਊਥ ਨੇ ਕਿਹਾ ਕਿ ਸੌ ਸਾਲ ਪਹਿਲਾਂ ਦੀ ਇਹ ਘਟਨਾ ਵੱਡੀ ਤ੍ਰਾਸਦੀ ਸੀ, ਏਥੇ ਜੋ ਕੁਝ ਵੀ ਹੋਇਆ, ਉਸ ਦਾ ਹਮੇਸ਼ਾ ਸਾਨੂੰ ਦੁੱਖ ਰਿਹਾ ਹੈ, ਇਹ ਬੇਹੱਦ ਸ਼ਰਮਨਾਕ ਸੀ।
ਅੱਜ ਹੀ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਏਥੇ ਆ ਕੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਸੌ ਸਾਲ ਪੂਰੇ ਹੋਣ ਉੱਤੇ ਹੋਏ ਸ਼ਰਧਾਂਜਲੀ ਸਮਾਗਮ ਵਿਚ ਸੌ ਰੁਪਏ ਦਾ ਵਿਸ਼ੇਸ਼ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ‘ਅੱਜ ਜਦੋਂ ਅਸੀਂ ਭਿਆਨਕ ਜਲ੍ਹਿਆਂਵਾਲਾ ਬਾਗ਼ ਦੇ ਕਾਂਡ ਬਾਰੇ ਸੌ ਸਾਲਾਂ ਪਿੱਛੋਂ ਚੇਤਾ ਕਰਦੇ ਹਾਂ ਤਾਂ ਦੇਸ਼ ਉਸ ਦਿਨ ਸ਼ਹੀਦ ਹੋਏ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਅਤੇ ਉਨ੍ਹਾਂ ਦੀ ਬਹਾਦਰੀ ਤੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਉਨ੍ਹਾਂ ਦੀ ਯਾਦ ਸਾਨੂੰ ਉਸ ਭਾਰਤ ਦੀ ਉਸਾਰੀ ਲਈ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਤ ਕਰਦੀ ਹੈ, ਜਿਸ ਉੱਤੇ ਉਨ੍ਹਾਂ ਨੂੰ ਮਾਣ ਹੋਵੇਗਾ।`
ਵਰਨਣ ਯੋਗ ਹੈ ਕਿ ਜਲ੍ਹਿਆਂਵਾਲਾ ਬਾਗ਼ ਵਿੱਚ ਅੱਜ ਤੋਂ ਸੌ ਸਾਲ ਪਹਿਲਾਂ ਬ੍ਰਿਟੇਨ ਦੇ ਫੌਜੀ ਅਫਸਰ ਡਾਇਰ ਨੇ ਨਿਹੱਥੇ ਭਾਰਤੀਆਂ ਨੂੰ ਗੋਲ਼ੀਆਂ ਚਲਾ ਕੇ ਮਾਰ ਦਿੱਤਾ ਸੀ, ਉਸ ਦੀ ਸ਼ਤਾਬਦੀ ਮੌਕੇ ਲੋਕਾਂ ਨੇ ਸ਼ਹੀਦਾਂ ਨੂੰ ਇਕਜੁੱਟਤਾ ਨਾਲ ਸ਼ਰਧਾਂਜਲੀਆਂ ਭੇਟ ਕੀਤੀਆਂ। ਮਨੁੱਖੀ ਇਤਿਹਾਸ ਦੇ ਭਿਆਨਕ ਦੁਖਾਂਤਾਂ ਵਿਚ ਸ਼ਾਮਲ ਇਸ ਕਾਂਡ ਦੀ ਯਾਦ ਮਨਾਏ ਜਾਣ ਲਈ ਏਥੇ ਕੌਮੀ ਯਾਦਗਾਰ ਵਿਖੇ ਕਰਵਾਏ ਸਮਾਗਮ ਵਿਚ ਉਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਆਏ ਤੇ ਕੇਂਦਰ ਸਰਕਾਰ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ, ਪੰਜਾਬ ਦੇ ਮੰਤਰੀ ਓਮ ਪ੍ਰਕਾਸ਼ ਸੋਨੀ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਐੱਮ ਪੀ ਡਾ: ਤਰਲੋਚਨ ਸਿੰਘ, ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਬੀਬੀ ਜਗੀਰ ਕੌਰ ਵੀ ਸਮਾਗਮ ਵਿਚ ਸ਼ਾਮਲ ਹੋਏ, ਜਿੱਥੇ ਉੱਪ ਰਾਸ਼ਟਰਪਤੀ ਨੇ ਇੱਕ ਵਿਸ਼ੇਸ਼ ਡਾਕ ਟਿਕਟ ਅਤੇ 100 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ।
ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੀਤੀ ਗਈ ਪ੍ਰਰਾਥਨਾ ਸਭਾ ਵਿਚ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਸਾਨੂੰ ਯਾਦ ਦਿਵਾਉਂਦਾ ਹੈ ਕਿ ਆਜ਼ਾਦੀ ਕਿੰਨੀਆਂ ਕੁਰਬਾਨੀਆਂ ਨਾਲ ਮਿਲੀ ਸੀ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਇਤਿਹਾਸ ਤੋਂ ਸਿੱਖਿਆ ਲੈ ਕੇ ਮਨੁੱਖਤਾ ਨੂੰ ਇਕ ਬਿਹਤਰ ਭਵਿੱਖ ਦੇਣ ਦੀ ਦਿਸ਼ਾ ਵੱਲ ਯਤਨ ਕੀਤੇ ਜਾਣ ਅਤੇ ਸਾਡਾ ਟੀਚਾ ਕੇਵਲ ਵਿਕਾਸ ਹੋਣਾ ਚਾਹੀਦਾ ਹੈ, ਪਰ ਬਿਨਾਂ ਸ਼ਾਂਤੀ ਦੇ ਵਿਕਾਸ ਸੰਭਵ ਨਹੀਂ।
ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਬਹੁਤ ਸਾਰੇ ਹੋਰ ਵੱਡੇ ਆਗੂਆਂ ਨੇ ਵੀ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕੀਤੀ।
ਬ੍ਰਿਟੇਨ ਦੇ ਹਾਈ ਕਮਿਸ਼ਨਰ ਸਵੇਰੇ ਜਲ੍ਹਿਆਂਵਾਲਾ ਬਾਗ਼ ਪਹੁੰਚੇ ਤੇ ਓਥੇ ਸ਼ਹੀਦ ਸਮਾਰਕ ਉੱਤੇ ਸੌ ਸਾਲ ਪਹਿਲਾਂ ਮਾਰੇ ਗਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਫੁੱਲ-ਮਾਲਾ ਭੇਟ ਕੀਤੀ। ਇਸ ਪਿੱਛੋਂ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ਼ ਦੇ ਹੋਰ ਹਿੱਸਿਆਂ ਨੂੰ ਦੇਖਿਆ। ਬ੍ਰਿਟਿਸ਼ ਹਾਈ ਕਮਿਸ਼ਨਰ ਡੋਮਿਨਿਕ ਨੇ ਜਲ੍ਹਿਆਂਵਾਲਾ ਬਾਗ਼ ਦੀ ਵਿਜਿ਼ਟਰ ਬੁੱਕ ਵਿੱਚ ਦਰਜ ਕੀਤਾ ਕਿ ‘ਸੌ ਸਾਲ ਪਹਿਲਾਂ ਹੋਈ ਘਟਨਾ ਵੱਡਾ ਦੁਖਾਂਤ ਸੀ। ਏਥੇ ਜੋ ਵੀ ਹੋਇਆ, ਉਸ ਦਾ ਸਾਨੂੰ ਸਦਾ ਦੁੱਖ ਰਿਹਾ ਹੈ। ਇਹ ਬੇਹੱਦ ਸ਼ਰਮਨਾਕ ਸੀ।’ ਅਸੀਂ ਇਤਿਹਾਸ ਨੂੰ ਦੁਬਾਰਾ ਨਹੀਂ ਲਿਖ ਸਕਦੇ।’ ਹਾਈ ਕਮਿਸ਼ਨਰ ਨੇ ਲਿਖਿਆ ਕਿ ਅਸੀਂ ਭਾਰਤ ਅਤੇ ਬ੍ਰਿਟੇਨ ਵਿਚਾਲੇ ਮਜ਼ਬੂਤ ਰਿਸ਼ਤਾ ਚਾਹੁੰਦੇ ਹਾਂ। ਵਰਨਣ ਯੋਗ ਹੈ ਕਿ ਤਿੰਨ ਦਿਨ ਪਹਿਲਾਂ ਬ੍ਰਿਟੇਨ ਦੀ ਸਰਕਾਰ ਨੇ ਵੀ ਇਸ ਕਤਲੇਆਮ ਉੱਤੇ ਦੁੱਖ ਪ੍ਰਗਟ ਕੀਤਾ ਸੀ।
ਇਸ ਦੌਰਾਨ ਅੱਜ ਓਦੋਂ ਅਜੀਬੋ-ਗ਼ਰੀਬ ਸਥਿਤੀ ਪੈਦਾ ਹੋ ਗਈ, ਜਦੋਂ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਤਾਂ ਓਥੇ ਮੌਜੂਦ ਕਾਂਗਰਸ ਦੇ ਵਿਦਿਆਰਥੀ ਵਿੰਗ ਦੇ ਕੁਝ ਵਰਕਰਾਂ ਨੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਾ ਦਿੱਤੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸਨੀ ਦਿਓਲ ਭਾਜਪਾ ਵੱਲੋਂ ਗੁਰਦਾਸਪੁਰੋਂ ਚੋਣ ਲੜੇਗਾ, ਹੰਸ ਰਾਜ ਹੰਸ ਦਿੱਲੀ ਤੋਂ
ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਤੋਂ ਤੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਨਗੇ
ਫੋਨ ਕਰ ਕੇ ਗਰੀਬ ਦੇ ਘਰ ਗਏ ਕਾਂਗਰਸ ਉਮੀਦਵਾਰ ਵੜਿੰਗ ਨੇ ਪਨੀਰ-ਰਾਇਤਾ ਖਾਧਾ
ਬੈਂਕ ਆਫ ਇੰਡੀਆ ਤੋਂ ਸੋਨੇ ਦੇ ਗਹਿਣੇ ਤੇ ਲੱਖਾਂ ਰੁਪਏ ਚੋਰੀ
ਚੋਣ ਜ਼ਾਬਤੇ ਦੌਰਾਨ ਅੱਜ ਤੱਕ ਪੰਜਾਬ ਵਿੱਚ 221 ਕਰੋੜ ਦਾ ਗੈਰ ਕਾਨੂੰਨੀ ਸਾਮਾਨ ਤੇ ਨਕਦੀ ਫੜੀ
ਡੇਰਾ ਪ੍ਰੇਮੀਆਂ ਨੇ ਕਿਸੇ ਪਾਰਟੀ ਨਾਲ ਖਾਸ ਮੋਹ ਨਹੀਂ ਦਿਖਾਇਆ
ਅੱਠ ਕਰੋੜ ਦਾ ਸਰਕਾਰੀ ਝੋਨਾ ਹੜੱਪ ਜਾਣ ਵਾਲਾ ਅਕਾਲੀ ਆਗੂ ਗ੍ਰਿਫਤਾਰ
ਭਾਰਤ-ਪਾਕਿ ਸਰਹੱਦ ਉਤੇ ਵੱਸਣ ਵਾਲੇ ਲੋਕ ਜੰਗ ਨਹੀਂ ਚਾਹੁੰਦੇ
ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦਾ ਧੰਨਵਾਦ
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ 26 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ ਭਰਨਗੇ