ਓਟਵਾ, 11 ਅਪਰੈਲ (ਪੋਸਟ ਬਿਊਰੋ) : ਸਪੀਕਰ ਜੈੱਫ ਰੀਗਨ ਨੇ ਸਪਸ਼ਟ ਕੀਤਾ ਕਿ ਜੇਨ ਫਿਲਪੌਟ ਦੇ ਇਸ ਦਾਅਵੇ ਉੱਤੇ ਫੈਸਲਾ ਦੇਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਕਿ ਪ੍ਰਧਾਨ ਮੰਤਰੀ ਨੇ ਲਿਬਰਲ ਕਾਕਸ ਵਿੱਚੋਂ ਉਸ ਨੂੰ ਤੇ ਜੋਡੀ ਵਿਲਸਨ ਰੇਅਬੋਲਡ ਨੂੰ ਬਾਹਰ ਕਰਨ ਸਮੇਂ ਪਾਰਲੀਆਮੈਂਟਰੀ ਕਾਨੂੰਨ ਦੀ ਉਲੰਘਣਾ ਕੀਤੀ ਸੀ।
ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਰੀਗਨ ਨੇ ਆਖਿਆ ਕਿ ਉਹ ਇਹ ਨਹੀਂ ਤੈਅ ਕਰ ਪਾ ਰਹੇ ਕਿ ਮਾਰਖਮ ਸਟੱਫਵਿੱਲੇ ਤੋਂ ਮੈਂਬਰ ਨੂੰ ਉਨ੍ਹਾਂ ਦੀ ਪਾਰਲੀਆਮੈਂਟਰੀ ਡਿਊਟੀ ਕਰਨ ਤੋਂ ਰੋਕਿਆ ਗਿਆ। ਇਸ ਲਈ ਪਹਿਲੀ ਨਜ਼ਰੇ ਇਹ ਵਿਸ਼ੇਸ਼ ਅਧਿਕਾਰ ਦਾ ਸਵਾਲ ਹੀ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਆਖਿਆ ਕਿ ਕਾਕਸ ਦੀਆਂ ਅੰਦਰੂਨੀ ਵੋਟਾਂ ਬਾਰੇ ਕੁੱਝ ਤੈਅ ਕਰਨ ਵਿੱਚ ਸਪੀਕਰ ਦੀ ਕੋਈ ਭੂਮਿਕਾ ਨਹੀਂ ਹੁੰਦੀ।
ਜਿ਼ਕਰਯੋਗ ਹੈ ਕਿ ਮੰਗਲਵਾਰ ਨੂੰ ਫਿਲਪੌਟ ਨੇ ਹਾਊਸ ਆਫ ਕਾਮਨਜ਼ ਵਿੱਚ ਖੜ੍ਹੇ ਹੋ ਕੇ ਇਹ ਆਖਿਆ ਸੀ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਬਿਨਾਂ ਕਾਕਸ ਤੋਂ ਵੋਟ ਕਰਵਾਇਆਂ ਉਨ੍ਹਾਂ ਨੂੰ ਕਾਕਸ ਵਿੱਚੋਂ ਕੱਢ ਕੇ ਮੈਂਬਰ ਪਾਰਲੀਆਮੈਂਟ ਵਜੋਂ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾਂ ਕੀਤੀ।