Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਰਾਰਾ ਰੇਡੀਓ, ਦਿਲ ਦੇ ਕਰੀਬ

April 12, 2019 05:43 AM

-ਰਾਕੇਸ਼ ਰਮਨ
‘ਰਾਰਾ ਰੇਡੀਓ' ਮੁੱਢਲੀ ਜਮਾਤ ਵਿੱਚ ਮਾਤ ਭਾਸ਼ਾ ਸਿੱਖਣ ਦਾ ਇਹ ਗੁਰ ਅਜੇ ਵੀ ਕਦੇ-ਕਦੇ ਮੇਰੇ ਮਨ ਮਸਤਕ ਵਿੱਚ ਗੂੰਜ ਉਠਦਾ ਹੈ। ਰੇਡੀਓ ਮੇਰੀ ਮਾਤ ਭਾਸ਼ਾ ਦਾ ਸ਼ਬਦ ਨਹੀਂ, ਪਰ ਸਾਡੇ ਪਹਿਲੀ ਜਮਾਤ ਦੇ ਕੈਦੇ ਵਿੱਚ ਜੋ ਤਸਵੀਰਾਂ ਵਾਲੀ ਵਰਣਮਾਲਾ ਛਪੀ ਹੋਈ ਸੀ, ਉਸ ਵਿੱਚ ਰੇਡੀਓ ਦੀ ਤਸਵੀਰ ਦੇ ਨਾਲ ‘ਰ' ਅੰਕਿਤ ਰਾਰਾ ਰੇਡੀਓ ਸੀ। ਹੋਰ ਅੱਖਰਾਂ ਦੇ ਨਾਲ-ਨਾਲ ਅਸੀਂ ਇਸ ਨੂੰ ਉਚੀ ਆਵਾਜ਼ ਵਿੱਚ ਬੋਲਦੇ। ‘ਰਾਰਾ' ਰੇਡੀਓ ਸ਼ਾਇਦ ਸਾਡੇ ਸਾਰਿਆਂ ਲਈ ਇਕ ਪੰਜਾਬੀ ਸ਼ਬਦ ਹੀ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਰੇਡੀਓ ਨਾਲ ਸਾਡਾ ਵਾਹ ਪੰਜਾਬੀ ਸ਼ਬਦ ਵਜੋਂ ਹੀ ਪਿਆ ਹੈ।
ਬਚਪਨ ਵਿੱਚ ਇਹ ਸ਼ਬਦ ਮੈਨੂੰ ਸਭ ਤੋਂ ਚੰਗੇ ਲੱਗਣ ਵਾਲੇ ਸ਼ਬਦਾਂ ਵਿੱਚੋਂ ਇਕ ਸੀ। ਇਸ ਰਾਹੀਂ ਮੈਨੂੰ ਵਿਚਾਰਾਂ ਅਤੇ ਕਲਾਵਾਂ ਦੇ ਵਿਸ਼ਾਲ ਸੰਸਾਰ ਨਾਲ ਜੁੜਨ ਦਾ ਮੌਕਾ ਮਿਲਿਆ। ਉਂਜ ਸਾਡੇ ਘਰ ਵਿੱਚ ਰੇਡੀਓ ਨਹੀਂ ਸੀ। ਸ਼ਹਿਰੀਏ ਪਹਿਲਾਂ ਰੇਡੀਓ ਲੈ ਆਏ ਸਨ, ਸ਼ਹਿਰਾਂ ਵਿਚਲੇ ਰਿਸ਼ਤੇਦਾਰਾਂ ਦੇ ਘਰ ਜਾਂਦੇ ਸੀ ਤਾਂ ਉਨ੍ਹਾਂ ਦੀਆਂ ਪੜਛੱਤੀਆਂ 'ਤੇ ਸਜਾ ਕੇ ਰੱਖੇ ਹੋਏ ਰੇਡੀਓ ਤੋਂ ਫਿਲਮੀ ਗਾਣੇ ਸੁਣ ਆਉਂਦੇ ਸੀ। ਚੰਗਾ ਲੱਗਦਾ ਸੀ, ਫਿਰ ਵੀ ਰੇਡੀਓ ਤੇ ਮੇਰੇ ਦਰਮਿਆਨ ਜੋ ਦੂਰੀ ਬਣੀ ਰਹਿੰਦੀ ਸੀ, ਉਹ ਮੈਨੂੰ ਰੜਕਦੀ ਰਹਿੰਦੀ ਸੀ।
ਇਸੇ ਦੌਰਾਨ ‘ਮਰਫੀ' ਅਤੇ ‘ਫਿਲਪ'ਜ਼' ਦੇ ਛੋਟੇ ਰੇਡੀਓ (ਟਰਾਂਜਿਸਟਰ) ਪਿੰਡਾਂ ਵਿੱਚ ਆ ਗਏ ਤੇ ਆਂਢ ਗੁਆਂਢ ਵਿੱਚ ਰੇਡੀਓ ਸੁਣਨ ਦੀ ਸੁਵਿਧਾ ਹਾਸਲ ਹੋ ਗਈ। ਮੈਨੂੰ ਯਾਦ ਹੈ ਕਿ ਮੇਰੀ ਇਕ ਤਾਈ ਰੇਡੀਓ ਸੁਣਨ ਦਾ ਲਾਲਚ ਦੇ ਕੇ ਮੇਰੇ ਤੋਂ ਕਈ ਘਰੇਲੂ ਕੰਮ ਕਰਵਾ ਲੈਂਦੀ ਸੀ। ਮੈਨੂੰ ਇਹ ਸੌਦਾ ਖਰਾ ਲੱਗਦਾ ਸੀ, ਕਿਉਂਕਿ ਕੰਮ ਪਿੱਛੋਂ ਮੈਨੂੰ ਆਪਣਾ ਮਨ ਪਸੰਦ ਸਟੇਸ਼ਨ ਲਾਉਣ ਦੀ ਖੁੱਲ੍ਹ ਮਿਲ ਜਾਂਦੀ ਸੀ।
ਉਦੋਂ ਸਟੇਸ਼ਨ ਵੀ ਗਿਣੇ ਚੁਣੇ ਸਨ। ਇਕ ਸਟੇਸ਼ਨ ਨੂੰ ਜਲੰਧਰ ਕਹੀਦਾ ਸੀ, ਇਕ ਨੂੰ ਵਿੱਧ (ਵਿਵਿਧ) ਭਾਰਤੀ, ਇਕ ਆਲ ਇੰਡੀਆ ਰੇਡੀਓ, ਇਹ ਰੇਡੀਓ ਲਾਹੌਰ ਵੀ ਖਿੱਚਦੇ ਸਨ। ਸਿਲੋਨ ਤੋਂ ਆਉਂਦੀ ਆਵਾਜ਼ ਕਦੇ ਉਚੀ ਹੋ ਜਾਂਦੀ ਸੀ ਤੇ ਕਦੇ ਹੌਲੀ। ਸਾਨੂੰ ਦੱਸਿਆ ਜਾਂਦਾ ਸੀ ਕਿ ਇਹ ਸਟੇਸ਼ਨ ਸਮੁੰਦਰ 'ਤੇ ਬਣਿਆ ਹੋਇਆ ਹੈ ਤੇ ਉਥੋਂ ਆਵਾਜ਼ ਉਵੇਂ ਹੀ ਆਉਂਦੀ ਹੈ, ਜਿਵੇਂ ਸਮੁੰਦਰ ਵਿੱਚੋਂ ਲਹਿਰਾਂ ਜ਼ੋਰ ਨਾਲ ਉਠਦੀਆਂ ਤੇ ਫਿਰ ਪਿੱਛੇ ਮੁੜਦੀਆਂ ਹਨ। ਮਨ ਅੰਦਰ ਇਹ ਜਗਿਆਸਾ ਉਸਲਵੱਟੇ ਲੈਂਦੀ ਰਹਿੰਦੀ ਕਿ ਆਖਰ ਕਿੱਦਾਂ ਦੇ ਹੋਣਗੇ ਰੇਡੀਓ ਸਟੇਸ਼ਨ। ਨਾਨਕਿਆਂ ਨੂੰ ਰੇਲ ਗੱਡੀ ਤੋਂ ਜਾਂਦੇ ਸੀ, ਇਸ ਲਈ ‘ਰੇਲਵੇ ਸਟੇਸ਼ਨ' ਦੇਖਣ ਦਾ ਮੌਕਾ ਤਾਂ ਮਿਲਦਾ ਹੀ ਰਹਿੰਦਾ ਸੀ। ਬਚਪਨ ਵਿੱਚ ਇਹ ਰੀਝ ਸੀ ਕਿ ਕਾਸ਼! ਕਿਤੇ ‘ਰੇਡੀਓ ਸਟੇਸ਼ਨ' ਦੇਖਣ ਦਾ ਸਬੱਬ ਵੀ ਬਣ ਜਾਵੇ।
ਮੇਰਾ ਰੇਡੀਓ ਸੁਣਨ ਦਾ ‘ਝੱਲ' ਘਰ ਵਿੱਚ ਕਿਸੇ ਨੂੰ ਵੀ ਪਸੰਦ ਨਹੀ ਸੀ। ਮੇਰੀ ਮਾਂ ਅਕਸਰ ਮੈਨੂੰ ਰੇਡੀਓ ਸੁਣਨੋਂ ਵਰਜਦੀ ਤੇ ਮੇਰੀਆਂ ਜਣੇ ਖਣੇ ਕੋਲ ਸ਼ਿਕਾਇਤਾਂ ਕਰਨ ਲੱਗ ਪੈਂਦੀ। ‘ਕੀ ਕੰਮ ਫੜ ਰੱਖਿਆ ਇਹਨੇ, ਢੈਅ ਜਾਣਾ ਰੇੜੂਆ ਸੁਣਨ ਖਾਤਰ ਲੋਕਾਂ ਦਾ ਗੋਲਪੁਣਾ ਕਰੀ ਜਾਂਦੈ, ਆ ਲੈਣ ਦੇ ਘਰੇ ਸੰਵਾਰਦੀ ਆਂ ਭੁਗਤ ਏਹਦੀ..।' ਉਸ ਦੇ ਝਿੜਕਣ ਦੀ ਆਵਾਜ਼ ਗੁਆਂਢੀਆਂ ਦੇ ਘਰ ਮੇਰੇ ਕੰਨੀਂ ਪੈ ਜਾਂਦੀ, ਪਰ ਮੈਂ ਰੇਡੀਓ ਦੇ ਮਾਮਲੇ ਵਿੱਚ ਪੂਰਾ ‘ਢੀਠ' ਬਣਿਆ ਹੋਇਆ ਸੀ। ਅੱਜ ਕੱਲ੍ਹ ਦੇ ਜ਼ਮਾਨੇ ਮੁਤਾਬਕ ਕਹਿਣਾ ਹੋਵੇ ਤਾਂ ਕਹਿ ਸਕਦਾ ਹਾਂ ਕਿ ਰੇਡੀਓ ਦੇ ਮਾਮਲੇ ਵਿੱਚ ਮੈਂ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਸਾਂ। ਮੈਂ ਮਿੱਥਿਆ ਹੋਇਆ ਸੀ ਕਿ ਜੋ ਮਰਜ਼ੀ ਹੋ ਜੇ, ਮਾਂ ਜੋ ਮਰਜ਼ੀ ਕਹੀ ਜਾਵੇ, ਰੇਡੀਓ ਮੈਂ ਸੁਣਾਂਗਾ ਹੀ। ਉਧਰ ਦੂਜੇ ਪਾਸੇ ਮੇਰੇ ਰੇਡੀਓ ਸੁਣਨ ਦੇ ਸ਼ੌਕ ਨੂੰ ਪਰਵਾਰ ਵਾਲਿਆਂ ਨੇ ਮੇਰਾ ਐਬ ਘੋਸ਼ਿਤ ਕਰ ਦਿੱਤਾ ਸੀ। ਹੁਣ ਘਰ ਵਾਲਿਆਂ ਦੀ ਨਜ਼ਰ ਵਿੱਚ ਮੈਂ ਐਬੀ ਸਾਂ, ਉਨ੍ਹਾਂ ਦੇ ਹਿਸਾਬ ਨਾਲ ਮੈਂ ਵਿਗੜ ਰਿਹਾ ਸਾਂ, ਪਰ ਆਪਣੀ ਨਜ਼ਰ ਵਿੱਚ ਮੈਂ ਸੁਧਰ ਰਿਹਾ ਸਾਂ। ਮੇਰੀ ਜਾਣਕਾਰੀ ਵਿੱਚ ਵਾਧਾ ਹੋ ਰਿਹਾ ਸੀ ਤੇ ਜਾਣਕਾਰੀਆਂ ਹਾਸਲ ਕਰਨ ਵਿੱਚ ਸ਼ਰੀਫ ਅਤੇ ਜ਼ਿੰਮੇਦਾਰ ਭੈਣ ਭਰਾਵਾਂ ਨੂੰ ਪਛਾੜਦਾ ਜਾ ਰਿਹਾ ਸਾਂ। ਇਹ ਵੀ ਸ਼ਾਇਦ ਰੇਡੀਓ ਪ੍ਰੋਗਰਾਮਾਂ ਨੂੰ ਸ਼ਿੱਦਤ ਨਾਲ ਸੁਣਨ ਦਾ ਹੀ ਨਤੀਜਾ ਸੀ ਕਿ ਬਾਅਦ ਵਿੱਚ ਮੈਂ ਆਪਣੀ ਵੱਡੀਆਂ ਜਮਾਤਾਂ ਦੀ ਪੜ੍ਹਾਈ ਦੌਰਾਨ ਰੇਡੀਓ ਵਿੱਚ ਕੰਮ ਕਰਦੀ ਆਵਾਜ਼ ਦੀ ਗਤੀ ਦੇ ਵਿਗਿਆਨਕ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਣ ਦੇ ਸਮਰੱਥ ਹੋ ਗਿਆ।
ਖੈਰ! ਬਚਪਨ ਵਿੱਚ ਅਜਿਹੀਆਂ ਚੀਜ਼ਾਂ ਦੀ ਸੋਝੀ ਆ ਸਕਣਾ ਸੰਭਵ ਨਹੀਂ ਸੀ। ਉਦੋਂ ਤਾਂ ਬਸ ਇਹ ਲੱਗਣਾ ਹੀ ਕਾਫੀ ਹੁੰਦੀ ਸੀ ਕਿ ਕਿਹੜੇ ਰੇਡੀਓ ਸਟੇਸ਼ਨ 'ਤੇ ਕਿਹੜੇ-ਕਿਹੜੇ ਪ੍ਰੋਗਰਾਮ ਚੱਲਦੇ ਹਨ। ਸੁਣਨ ਵਾਲੇ ਆਪਣੇ ਮਨਪਸੰਦ ਪ੍ਰੋਗਰਾਮਾਂ ਵਿੱਚ ਮੈਂ ਖਬਰਾਂ ਨੂੰ ਵੀ ਥਾਂ ਦੇ ਰੱਖੀ ਸੀ। ਪਿੰਡ ਦੇ ਬੋਹੜ ਹੇਠਾਂ ਗਰਮੀਆਂ ਦੀ ਦੁਪਹਿਰ ਕੱਟਣ ਲਈ ਰੋਜ਼ਾਨਾ ਆਉਂਦਾ ਇਕ ਬਜ਼ੁਰਗ ਨਾਲ ਰੇਡੀਓ ਵੀ ਲੈ ਆਉਂਦਾ ਸੀ। ਰੇਡੀਓ ਸਿਰਹਾਣੇ ਰੱਖ ਕੇ ਉਹ ਅਕਸਰ ਹੀ ਗਾਣੇ ਸੁਣਦਾ ਰਹਿੰਦਾ ਸੀ। ਜਦੋਂ ਖਬਰਾਂ ਪ੍ਰਸਾਰਿਤ ਹੋਣ ਲੱਗਦੀਆਂ ਤਾਂ ਝੱਟ ਸਟੇਸ਼ਨ ਬਦਲ ਲੈਂਦਾ। ਇਕ ਵਾਰ ਮੈਂ ਸੁਭਾਵਿਕੀ ਉਸ ਤੋਂ ਪੁੱਛ ਬੈਠਾ, ‘ਬਾਬਾ ਤੂੰ ਖਬਰਾਂ ਨੀਂ ਸੁਣਦਾ ਹੁੰਦਾ?' ਉਹ ਮੁਸਕਣੀਆਂ ਹੱਸਦਾ ਉਠ ਬੈਠਾ ਤੇ ਸਿਰ ਹੇਠ ਰੱਖਿਆ ਡੱਬੀਦਾਰ ਸਾਫਾ ਸਿਰ 'ਤੇ ਵਲੇਟਦਿਆਂ ਬੋਲਿਆ, ‘ਕਿਉਂ, ਖਬਰਾਂ ਕਿਉਂ ਸੁਣਾਂ?' ਭਲਾ ਕੋਈ ਪਾਕਿਸਤਾਨ ਨਾਲ ਲੜਾਈ ਲੱਗੀ ਹੋਈ ਆ?' ਫੇਰ ਉਸ ਨੇ ‘ਵਾਜੇ ਦਾ ਕੰਨ ਮਰੋੜਿਆ, ‘ਗਾਣਾ ਵੱਜ ਉਠਿਆ, ‘ਮੇਰੀ ਐਸੀ ਝਾਂਜਰ ਛਣਕੇ..।' ਸੁਣ ਕੇ ਬਜ਼ੁਰਗ ਦੀਆਂ ਵਾਛਾਂ ਖਿੜ ਗਈਆਂ ਤੇ ਉਸ ਨੇ ਮੈਨੂੰ ਵੀ ਸਲਾਹ ਦਿੱਤੀ ਕਿ ਮੈਂ ਵੀ ਗਾਣੇ ਸੁਣਿਆ ਕਰਾਂ। ਖਬਰਾਂ ਉਹੀ ਲੋਕ ਸੁਣਦੇ ਸਨ, ਜਿਨ੍ਹਾਂ ਵਿੱਚ ਦੇਸ਼ ਦੁਨੀਆ ਨੂੰ ਜਾਣਨ ਦੀ ਵਧੇਰੇ ਉਤਸੁਕਤਾ ਹੁੰਦੀ ਸੀ। ਬਹੁਤੇ ਲੋਕ ਗਾਣੇ ਸੁਣ ਕੇ ਮਨ ਪਰਚਾਉਂਦੇ ਅਤੇ ਜੀਵਨ ਦੇ ਕਈ ਖੇਤਰਾਂ ਨਾਲ ਸਬੰਧਤ ਪ੍ਰੋਗਰਾਮ ਸੁਣ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਦੇ।
ਇਸ ਤੋਂ ਅੱਗੇ ਜਾ ਕੇ ਇਕ ਸਮੇਂ ਰੇਡੀਓ ਸ਼ੌਕੀਨੀ ਦਾ ਪ੍ਰਤੀਕ ਵੀ ਬਣ ਗਿਆ ਸੀ। ਪਿੰਡਾਂ 'ਚ ਨੱਤੀਆਂ ਵਾਲੇ ਕਈ ਗੱਭਰੂ ਆਪਣੇ ਲਾਇਸੈਂਸੀ ਸਾਈਕਲਾਂ 'ਤੇ ਸਵਾਰ ਹੋ ਜਦੋਂ ਵਾਂਢੇ ਜਾਂਦੇ ਤਾਂ ਮੋਢੇ 'ਤੇ ਟਰਾਂਜਿਸਟਰ ਵੀ ਲਟਕਾ ਕੇ ਲੈ ਜਾਂਦੇ। ਟਰਾਂਜਿਸਟਰ ਉਪਰ ਵੱਧਰੀ ਵਾਲਾ ਚਮੜੇ ਦਾ ਕਵਰ ਚੜ੍ਹਾ ਲਿਆ ਜਾਂਦਾ। ਵੱਧਰੀ ਰਾਹੀਂ ਟਰਾਂਜਿਸਟਰ ਨੂੰ ਆਸਾਨੀ ਨਾਲ ਮੋਢੇ 'ਤੇ ਟੰਗਿਆ ਜਾ ਸਕਦਾ ਸੀ। ਜਦੋਂ ਸਾਡੇ ਘਰ ਪਹਿਲਾਂ ਟਰਾਂਜਿਸਟਰ ਆਇਆ ਅਤੇ ਜਦੋਂ ਮੈਂ ਤੇ ਮੇਰਾ ਵੱਡਾ ਭਰਾ ਸਾਈਕਲ ਚਲਾਉਣ ਜੋਗੇ ਹੋਏ, ਆਪਣੇ ਪਿੰਡ ਤੋਂ ਤਿੰਨ ਕੁ ਮੀਲ ਦੂਰ ਰਿਸ਼ਤੇਦਾਰੀ ਵਿੱਚ ਅਸੀਂ ਵੀ ਇਸੇ ਅੰਦਾਜ਼ ਵਿੱਚ ਟਰਾਂਜਿਸਟਰ ਲੈ ਕੇ ਗਏ। ਸਾਰੇ ਰਾਹ ਡਰਦੇ ਹੀ ਗਏ ਤੇ ਡਰਦੇ ਹੀ ਮੁੜੇ ਕਿ ਕਿਤੇ ਕੋਈ ਰੇਡੀਓ ਹੀ ਨਾ ਖੋਹ ਲਵੇ। ਜਦੋਂ ਰਿਸ਼ਤੇਦਾਰਾਂ ਦੇ ਵਿਹੜੇ 'ਚ ਸਾਡੇ ਲਈ ਮੰਜਾ ਡਾਹਿਆ ਤਾਂ ਅਸੀਂ ਟੌਹਰ ਨਾਲ ਬੈਠੇ, ਸਾਡੇ ਕੋਲ ਰੇਡੀਓ ਜੋ ਸੀ।
ਰੇਡੀਓ ਉਤੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਸਮਾਜ ਦੇ ਹਰ ਵਰਗ ਨਾਲ ਸਬੰਧ ਰੱਖਣ ਵਾਲੇ ਹੁੰਦੇ ਸਨ, ਹਰ ਵਰਗ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਪ੍ਰੋਗਰਾਮ, ਜਾਣਕਾਰੀ ਵਿੱਚ ਵਾਧਾ ਕਰਨ ਵਾਲੇ, ਸੇਧ ਦੇਣ ਵਾਲੇ ਅਤੇ ਵੰਨ ਸੁਵੰਨੇ ਪ੍ਰੋਗਰਾਮ। ਰੇਡੀਓ ਸਟੇਸ਼ਨ ਉਪਰ ਇਹ ਸੌਖਿਆਂ ਹੀ ਉਪਲੱਬਧ ਹੁੰਦੇ ਸਨ, ਜਿਵੇਂ ਅੱਜ ਕੱਲ੍ਹ ਟੀ ਵੀ ਉਪਰ ਚੰਗੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਪਰ ਉਹ ਅਕਸਰ ਚੈਨਲਾਂ ਦੀ ਭੀੜ ਵਿੱਚ ਗੁਆਚੇ ਹੁੰਦੇ ਹਨ। ਰੇਡੀਓ ਦੇ ਜ਼ਮਾਨੇ ਵਿੱਚ ਚੰਗਿਆਈ ਦੀ ਇਹੋ ਜਿਹੀ ਦੁਰਦਸ਼ਾ ਨਹੀਂ ਸੀ ਹੁੰਦੀ। ਪ੍ਰੋਗਰਾਮ ਦੀ ਪੇਸ਼ਕਾਰੀ ਬੜੀ ਜ਼ਬਰਦਸਤ ਹੁੰਦੀ ਸੀ। ਪ੍ਰੋਗਰਾਮ ਦਾ ਸ਼ੁਰੂਆਤੀ ਸੰਗੀਤ ਮਨ ਨੂੰ ਮੋਹ ਲੈਂਦਾ ਸੀ ਅਤੇ ਸੁਤੇਸਿੱਧ ਹੀ ਮਨ ਦੀ ਇਕਾਗਰਤਾ ਕਾਇਮ ਹੋ ਜਾਂਦੀ ਸੀ। ਮਿਸਾਲ ਵਜੋਂ ‘ਜ਼ਰਾਇਤੀ ਪ੍ਰੋਗਰਾਮ' ਦੇ ਆਰੰਭ ਵਿੱਚ ਅਲਗੋਜ਼ਿਆਂ ਦਾ ਸੰਗੀਤ ਹੁੰਦਾ ਸੀ। ਅਲਗੋਜ਼ਿਆਂ ਦਾ ਜਾਦੂ ਤਾਂ ਉਂਜ ਹੀ ਦਿਹਾਤੀ ਸਰੋਤੇ ਦੇ ਸਿਰ ਚੜ੍ਹ ਕੇ ਬੋਲਦਾ ਹੈ। ਦਹਾਕਿਆਂ ਤੱਕ ‘ਜ਼ਰਾਇਤੀ' ਅਤੇ ‘ਦਿਹਾਤੀ ਪ੍ਰੋਗਰਾਮ' ਪੰਜਾਬੀ ਸਰੋਤਿਆਂ ਦੇ ਮਨਭਾਉਂਦੇ ਪ੍ਰੋਗਰਾਮ ਰਹੇ। ਇਹ ਪ੍ਰੋਗਰਾਮ ਪੰਜਾਬ ਦੇ ਹਰੇ ਇਨਕਲਾਬ ਨੂੰ ਵੱਡਾ ਹੁਲਾਰਾ ਵੀ ਦਿੰਦੇ ਰਹੇ ਤੇ ਕਈ ਸਾਰੀਆਂ ਹੋਰ ਨਵੀਆਂ ਸਮਾਜਿਕ ਤਬਦੀਲੀਆਂ ਦੇ ਵਾਹਕ ਵੀ ਬਣੇ।
ਇਸ ਬਾਰੇ ਕੋਈ ਵੀ ਦੋ ਰਾਵਾਂ ਨਹੀਂ ਹਨ ਕਿ ਰੇਡੀਓ ਵਾਲਿਆਂ ਕੋਲ ਬੜੇ ਪ੍ਰਤਿਭਾਸ਼ਾਲੀ ਪੇਸ਼ਕਾਰ ਸਨ, ਜਿਨ੍ਹਾਂ ਦੀ ਕਲਾਤਮਕ ਪੇਸ਼ਕਾਰੀ ਬੇਜੋੜ ਸੀ। ਇਹ ਨਿਰੇ ਪੇਸ਼ਕਾਰ ਵੀ ਨਹੀਂ, ਸਗੋਂ ਨਾਟਕਾਂ ਵਿੱਚ ਆਵਾਜ਼ ਦਿੰਦੇ ਸਨ, ਵਾਰਤਾ ਪੇਸ਼ ਕਰਨ ਦੇ ਮਾਹਰ ਵੀ ਸਨ, ਪ੍ਰੋਗਰਾਮਾਂ ਵਿੱਚ ਵਾਰਤਾਲਾਪ ਵੀ ਕਰਦੇ ਸਨ, ਗੱਲ ਕੀ ਸੋਲਾਂ ਕਲਾਂ ਸਪੰਨ ਹੁੰਦੇ ਸਨ। ਰੇਡੀਓ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੇ ਨਾਮ ਕੁਝ ਹੋਰ ਹੁੰਦੇ ਸਨ, ਜਿਵੇਂ ਭਾਈਆ ਜੀ, ਠੰਢੂ ਰਾਮ, ਰੌਣਕੀ ਰਾਮ ਫੌਜਾ ਸਿੰਘ, ਮਾਸਟਰ ਜੀ ਆਦਿ। ਮੈਨੂੰ ਇਸ ਗੱਲ ਦੀ ਅੰਦਰੋਂ-ਅੰਦਰੀਂ ਬੜੀ ਖੁਸ਼ੀ ਹੁੰਦੀ ਸੀ ਕਿ ਮੈਂ ਉਨ੍ਹਾਂ ਦੇ ਅਸਲੀ ਨਾਂ ਜਾਣਦਾ ਹਾਂ।
ਵਿਸ਼ੇਸ਼ ਪ੍ਰੋਗਰਾਮਾਂ ਦੇ ਪੇਸ਼ਕਾਰ ਪ੍ਰੋਗਰਾਮ ਨੂੰ ਬੜੇ ਸਹਿਜ ਢੰਗ ਨਾਲ ਸ਼ੁਰੂ ਕਰਦੇ ਸਨ। ਦਿਹਾਤੀ ਪ੍ਰੋਗਾਰਮ ਇਉਂ ਪੇਸ਼ ਕੀਤਾ ਜਾਂਦਾ ਸੀ, ਜਿਵੇਂ ਤਿ੍ਰਕਾਲਾਂ ਵੇਲੇ ਕਿਸੇ ਦੇ ਘਰ ਗੱਲਾਂ ਬਾਤਾਂ ਕਰਨ ਲਈ ਕੁਝ ਗਿਣੇ ਚੁਣੇ ਲੋਕ ਇਕੱਠੇ ਹੋ ਰਹੇ ਹੋਣ। ਦੋ ਤਿੰਨ ਬੰਦੇ ਪੱਕੇ ਤੇ ਬਾਕੀ ਹਿੱਸਾ ਲੈਣ ਵਾਲੇ ਮਾਹਿਰ ਤੇ ਹੁਨਰਮੰਦ। ਇਹ ਪੱਕੇ ਬੰਦੇ ਬਾਹਰੋਂ ਆਉਂਦੇ ਮਾਸਟਰ ਜੀ ਜਾਂ ਭਾਈਆ ਜੀ ਨੂੰ ਦਰਵਾਜ਼ਾ ਲੰਘ ਆਉਣ ਦਾ ਸੱਦਾ ਦਿੰਦੇ ਤੇ ਕੋਈ ਗੱਲ ਸਵਾਲ ਰੂਪ ਵਿੱਚ ਪੁੱਛ ਲੈਂਦੇ, ਜਿਵੇਂ ‘ਕੀ ਗੱਲ ਭਾਈਆ ਜੀ ਬੜੇ ਘਬਰਾਏ ਹੋਏ ਹੋ?' ਉਹ ਅੱਗੋਂ ਗਲੀ ਵਿੱਚ ਆਵਾਰਾ ਕੁੱਤਿਆਂ ਦੀ ਭਰਮਾਰ ਦਾ ਵੇਰਵਾ ਪਾਉਂਦਾ ਤੇ ਇਉਂ ਗੱਲਬਾਤ ਸੁਭਾਵਿਕ ਜਿਹੇ ਢੰਗ ਨਾਲ ਹਲਕਾਅ ਦੀ ਬਿਮਾਰੀ ਬਾਰੇ ਹੋਣ ਲੱਗਦੀ, ਗੱਲਬਾਤ ਦੀ ਅਗਲੀ ਕੜੀ ਵਿੱਚ ਕੋਈ ਮਾਹਿਰ ਹਲਕਾਅ ਦੀ ਬਿਮਾਰੀ ਬਾਰੇ ਵਾਰਤਾ ਪੇਸ਼ ਕਰ ਦਿੰਦਾ। ਕਦੇ ਕੋਈ ਸਮਾਜਿਕ ਕੁਰੀਤੀਆਂ ਬਾਰੇ, ਕਦੇ ਫਸਲਾਂ ਦੇ ਰੋਗਾਂ ਬਾਰੇ, ਫਸਲਾਂ ਬਾਰੇ, ਉਨਤ ਕਿਸਮਾਂ ਬਾਰੇ, ਅਣਮੁੱਕ ਵਿਸ਼ੇ ਹੁੰਦੇ ਸਨ। ਇਸ ਪ੍ਰੋਗਰਾਮ ਉੱਤੇ ਸਿਰਫ ਵਾਰਤਾਲਾਪ ਰਾਹੀਂ ਪੇਸ਼ਕਾਰ ਕਦੇ ਸੰਜੀਦਾ ਤੇ ਕਦੇ ਰੰਗਾ ਰੰਗ ਮਾਹੌਲ ਉਸਾਰ ਦਿੰਦੇ ਸਨ। ਸਰੋਤੇ ਨੂੰ ਅਕਸਰ ਮਹਿਸੂਸ ਹੋਣ ਲੱਗਦਾ ਸੀ ਕਿ ਪ੍ਰੋਗਰਾਮ ਦਾ ਸਮਾਂ ਬਹੁਤ ਘੱਟ ਹੈ।
ਹਰ ਪ੍ਰੋਗਰਾਮ ਦੀ ਆਪਣੀ ਇਕ ਵੱਖਰੀ ਮੌਲਿਕ ਪਛਾਣ ਸੀ। ‘ਜਵਾਂ ਤਰੰਗ' ‘ਤਿ੍ਰੰਝਣ', ‘ਗੁਰਬਾਣੀ ਵਿਚਾਰ', ‘ਫੌਜੀ ਭਾਈਆਂ ਦਾ ਪ੍ਰੋਗਰਾਮ', ‘ਫਿਲਮੀ ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ'। ਮਤਲਬ ਹਰ ਵਰਗ ਦੀ ਲੋੜ ਤੇ ਰੰਗ ਵਿੱਚ ਰੰਗਿਆ ਪ੍ਰੋਗਰਾਮ ਰੇਡੀਓ 'ਤੇ ਉਪਲੱਬਧ ਹੁੰਦਾ ਸੀ। ਖਬਰਾਂ ਨਵੀਆਂ ਤੇ ਤਾਜ਼ਾ ਹੁੰਦੀਆਂ ਸਨ ਜੋ ਨਾਮਵਰ ਏਜੰਸੀਆਂ ਦੇ ਹਵਾਲੇ ਨਾਲ ਪੇਸ਼ ਹੁੰਦੀਆਂ ਸਨ, ਅੱਜ ਵਾਂਗ ਚੌਵੀ ਘੰਟੇ ਇਕੋ ਖਬਰ ਨਹੀਂ ਸੀ ਦੁਹਰਾਈ ਜਾਂਦੀ। ਲੋਕਾਂ ਨੇ ਇਕ ਮੁਹਾਵਰਾ ਵੀ ਬਣਾ ਰੱਖਿਆ ਸੀ, ‘ਰੇਡੀਓ ਦੂਜੀ ਵਾਰ ਖਬਰ ਨਹੀਂ ਦਿੰਦਾ।'
ਆਖਰ ਰੇਡੀਓ ਸਟੇਸ਼ਨ ਨੂੰ ਅੰਦਰੋਂ ਦੇਖਣ ਦੀ ਮੇਰੀ ਚਿਰੋਕਣੀ ਰੀਝ ਵੀ ਪੂਰੀ ਹੋ ਗਈ। ਬਾਰਾਂ ਕੁ ਸਾਲ ਪਹਿਲਾਂ ਜਲੰਧਰ ਰੇਡੀਓ ਸਟੇਸ਼ਨ ਦੇ ਇਕ ਪ੍ਰੋਗਰਾਮ ਪ੍ਰੋਡਿਊਸਰ ਦਾ ਸੱਦਾ ਆਇਆ। ਬੁਲਾਵੇ ਅਨੁਸਾਰ ਮੈਂ ਸ਼ਾਇਦ ਸੁਰਜੀਤ ਪਾਤਰ ਦੀ ਇੰਟਰਵਿਊ ਕਰਨੀ ਸੀ। ਉਹ ਦਿਨ ਮੇਰੇ ਲਈ ਯਾਦਗਾਰੀ ਹੋ ਗਿਆ, ਦੋ ਖੁਸ਼ੀਆਂ ਇਕੱਠੀਆਂ ਮਿਲ ਗਈਆਂ। ਮੈਂ ਰੇਡੀਓ ਸਟੇਸ਼ਨ ਦੀ ਅੰਦਰਲੀ ਦੁਨੀਆ ਵੀ ਦੇਖ ਸਕਿਆ ਤੇ ਇੰਟਰਵਿਊ ਮਗਰੋਂ ਸੁਰਜੀਤ ਪਾਤਰ ਨੇ ਮੇਰੇ ਅੰਦਾਜ਼ ਦੀ ਭਰਵੀਂ ਤਾਰੀਫ ਵੀ ਕੀਤੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”