-ਦਲੀਪ ਸਿੰਘ ਉਪਲ
ਮੁਲਕ ਦੀ ਵੰਡ ਸਮੇਂ ਮੇਰੇ ਪਿੰਡ ਦੇ ਚਾਰ ਹਿੱਸੇ ਸਨ। ਮੁਸਲਮਾਨਾਂ ਵਾਲੇ ਪਾਸੇ ਨੂੰ ਅਰਾਈਆਂ ਪਾਸਾ, ਦਲਿਤਾਂ ਵਾਲੇ ਪਾਸੇ ਨੂੰ ਬਾਲਮੀਕਾਂ ਦੀ ਠੱਠੀ, ਸਾਡੇ ਘਰ ਵਾਲੇ ਪਾਸੇ ਨੂੰ ਢੱਡਿਆਂ ਵਿਹੜਾ ਅਤੇ ਚੌਥੇ ਪਾਸੇ ਜੱਟਾਂ ਵਿਹੜਾ ਕਹਿੰਦੇ ਸਨ। ਸਾਡੇ ਪਾਸੇ ਜੱਟਾਂ ਦੇ ਚਾਰ ਪੰਜ ਘਰ ਹੀ ਸਨ। ਬਾਕੀ ਘਰ ਬ੍ਰਾਹਮਣਾਂ, ਬਾਣੀਆਂ ਅਤੇ ਤਰਖਾਣਾਂ ਦੇ ਸਨ। ਸਿਰਫ ਇਕ ਘਰ ਮੁਸਲਮਾਨਾਂ ਦਾ ਸੀ। ਘਰ ਦਾ ਮੁਖੀ ਅਸਗਰੀ ਸਿਲਾਈ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਸਰਦਾਰਾਂ ਨੂੰ ਮੈਂ ਮਾਸੀ ਕਹਿੰਦਾ ਹੁੰਦਾ ਸੀ। ਮੇਰੀ ਮਾਂ ਤੇ ਮਾਸੀ ਸਰਦਾਰਾਂ ਦੇ ਨਾਨਕੇ ਇਕੋ ਪਿੰਡ ਵਿੱਚ ਸਨ। ਇਨ੍ਹਾਂ ਦਾ ਇਕ ਪੁੱਤਰ ਅਤੇ ਦੋ ਧੀਆਂ ਸਨ। ਬੇਟੇ ਦਾ ਨਾਂ ਫਕੀਰ ਮੁਹੰਮਦ ਸੀ, ਪਰ ਪਿਆਰ ਨਾਲ ਸਭ ਫੀਰੋ ਕਹਿੰਦੇ ਸਨ। ਅਸੀਂ ਦੋਵੇਂ ਹਮ-ਉਮਰ ਅਤੇ ਹਮ-ਜਮਾਤੀ ਸੀ। ਸਾਡੇ ਪਰਵਾਰ ਤੋਂ ਬਿਨਾਂ ਹੋਰ ਕਿਸੇ ਵੀ ਘਰ ਦਾ ਇਨ੍ਹਾਂ ਨਾਲ ਬਹੁਤਾ ਮੇਲ ਗੇਲ ਨਹੀਂ ਸੀ। ਮੇਰੀ ਮਾਂ ਅਤੇ ਮਾਸੀ ਸਰਦਾਰਾਂ ਤਾਂ ਜਿਵੇਂ ਸਕੀਆਂ ਭੈਣਾਂ ਹੋਣ! ਜੱਫੀ ਪਾ ਕੇ ਮਿਲਦੀਆਂ ਹੁੰਦੀਆਂ ਸਨ।
ਫੀਰੋ ਪੜ੍ਹਨ ਨੂੰ ਮੇਰੇ ਨਾਲੋਂ ਹੁਸ਼ਿਆਰ ਸੀ। ਮੈਂ ਸਕੂਲੋਂ ਦਿੱਤਾ ਗਿਆ ਕੰਮ ਉਸ ਦੇ ਘਰ ਜਾ ਕੇ ਕਰਦਾ ਸੀ। ਅਸੀਂ ਖੇਡਦੇ ਵੀ ਬਹੁਤਾ ਓਸੇ ਘਰ ਸੀ। ਉਸ ਦੀ ਵੱਡੀ ਭੈਣ ਬਹੁਤ ਲੜਾਕੀ ਸੀ, ਪਰ ਮੇਰੇ ਨਾਲ ਉਹਦਾ ਬਹੁਤ ਪਿਆਰ ਸੀ। ਆਪਣੇ ਭਰਾ ਦਾ ਨਾਂ ਲੈਂਦੀ ਸੀ ਤੇ ਮੈਨੂੰ ਵੀਰ ਜੀ ਕਹਿ ਕੇ ਬੁਲਾਉਂਦੀ ਹੁੰਦੀ ਸੀ। ਮੇਰੀ ਆਪਣੀ ਛੋਟੀ ਭੈਣ ਤੇ ਭਰਾ ਦੇ ਤਾਂ ਜਨਮ ਵੰਡ ਤੋਂ ਮਗਰੋਂ ਹੋਏ ਸਨ। ਮੇਰੇ ਪਿਤਾ ਜੀ ਪਰਵਾਰ ਵਿੱਚ ਸਭ ਤੋਂ ਵੱਡੇ ਸਨ। ਇਸ ਲਈ ਮੈਂ ਪਹਿਲਾ ਪੋਤਾ ਹੋਣ ਕਰਕੇ ਦਾਦੇ, ਦਾਦੀ ਤੇ ਚਾਚਿਆਂ ਦਾ ਲਾਡਲਾ ਸੀ। ਉਹ ਮਾਸੀ ਸਰਦਾਰਾਂ ਅਤੇ ਫੀਰੋ ਦੇ ਸਾਡੇ ਘਰ ਆਉਣ ਅਤੇ ਚੌਕੇ ਚੁੱਲ੍ਹੇ ਵਿੱਚ ਬੈਠਣ ਅਤੇ ਖਾਣ ਪੀਣ `ਤੇ ਵੀ ਇਤਰਾਜ਼ ਨਹੀਂ ਸੀ ਕਰਦੇ। ਗੁਆਂਢੀ ਇਸ ਗੱਲ ਦਾ ਬਹੁਤ ਬੁਰਾ ਮੰਨਾਉਂਦੇ। ਚਾਚੀ ਲੀਲ੍ਹਾਵੰਤੀ ਤਾਂ ਮੇਰੀ ਮਾਂ ਨਾਲ ਲੜ ਵੀ ਪੈਂਦੀ। ਉਸ ਦੇ ਕੋਈ ਔਲਾਦ ਨਹੀਂ ਸੀ। ਇਸ ਲਈ ਮੈਂ ਚਾਚੀ ਲੀਲ੍ਹਾਵੰਤੀ ਅਤੇ ਮਾਸੀ ਸਰਦਾਰਾਂ ਦਾ ਬਹੁਤ ਪਿਆਰਾ ਪੁੱਤਰ ਸੀ।
ਉਨ੍ਹੀਂ ਦਿਨੀਂ ਪੰਜਾਬ ਵਿੱਚ ਅਫਵਾਹਾਂ ਉਡਦੀਆਂ ਕਿ ਦੇਸ਼ ਵੰਡਿਆ ਜਾਣਾ ਹੈ, ਮੁਸਲਮਾਨਾਂ ਨੂੰ ਇਥੋਂ ਕੱਢ ਦਿੱਤਾ ਜਾਵੇਗਾ। ਸਹਿਮ ਭਾਰੀ ਪੈ ਰਿਹਾ ਸੀ। ਕੁਝ ਪਿੰਡਾਂ ਵਿੱਚ ਮਾਰ ਧਾੜ ਹੋ ਰਹੀ ਸੀ। ਮੈਂ ਇਕ ਦਿਨ ਸ਼ਾਮ ਮਾਸੀ ਸਰਦਾਰਾਂ ਦੇ ਘਰ ਫੀਰੋ ਨਾਲ ਪੜ੍ਹਨ ਗਿਆ। ਉਥੇ ਅਰਾਈਆਂ ਵਾਲੇ ਪਾਸਿਓਂ ਕੋਈ ਔਰਤ ਆਈ ਹੋਈ ਸੀ। ਉਸ ਦਾ ਛੋਟਾ ਪੁੱਤਰ ਫੀਰੋ ਦੀਆਂ ਭੈਣਾਂ ਨਾਲ ਖੇਡ ਰਿਹਾ ਸੀ। ਮਾਸੀ ਸਰਦਾਰਾਂ ਨੇ ਪਿੱਤਲ ਦਾ ਗਲਾਸ ਸੁਕ ਮਾਂਜਾ ਜਿਹਾ ਕਰਕੇ ਮੱਝ ਦੀ ਧਾਰ ਕੱਢਣ ਲੱਗਿਆਂ ਪਹਿਲਾਂ ਉਸ ਗਲਾਸ ਵਿੱਚ ਦੁੱਧ ਚੋਇਆ। ਗਲਾਸ ਪੌਣਾ ਭਰ ਕੇ ਮੇਰੇ ਕੋਲ ਆਈ ਤੇ ਮੇਰੇ ਵੱਲ ਵਧਾ ਕੇ ਕਿਹਾ, ‘ਲੈ ਪੁੱਤ, ਦੁੱਧ ਪੀ ਲਾ।' ਮਾਸੀ ਦੀ ਸਹੇਲੀ ਬੜੀ ਹੈਰਾਨ ਜਿਹੀ ਹੋ ਰਹੀ ਸੀ। ਉਹ ਪੁੱਠੇ ਡੇਲਿਆਂ ਨਾਲ ਝਾਕਦੀ ਸੀ। ਮੈਨੂੰ ਘਬਰਾਹਟ ਜਿਹੀ ਹੋਈ। ਉਸ ਨੇ ਮਾਸੀ ਨੂੰ ਕਿਹਾ, ‘ਨੀ ਸਰਦਾਰਾਂ, ਇਹ ਤੂੰ ਕੀ ਚੋਜ ਕਰਨ ਡਹੀ ਏਂ। ਇਹ ਪੁੱਠੇ ਜੂੜਿਆਂ ਵਾਲੇ ਸਵੇਰੇ-ਸਵੇਰੇ ਉਠ ਕੇ ਸਾਡੇ ਮੱਥੇ ਲੱਗਦੇ ਨੇ, ਨਰਕਾਂ ਨੂੰ ਜਾਣ ਇਹ ਸਿੰਘੜੇ। ਤੂੰ ਨਹੀਂ ਸੁਣਿਆਂ, ਕਈ ਪਿੰਡਾਂ ਵਿੱਚ ਇਨ੍ਹਾਂ ਨੇ ਸਾਡੇ ਭਰਾ ਮਾਰ ਸੁੱਟੇ ਨੇ। ਮੇਰੇ ਪੇਕਿਆਂ ਤੋਂ ਮੇਰੇ ਚਾਚੇ ਦੀ ਕੁੜੀ ਨੂੰ ਚੁੱਕ ਕੇ ਲੈ ਗਏ। ਤੇ ਤੂੰ, ਤੂੰ ਇਨ੍ਹਾਂ ਨੂੰ ਦੁੱਧ ਪਿਆਉਨੀ ਏਂ। ਕੀ ਲੱਗਦਾ ਏ ਨੀ ਇਹ ਤੇਰਾ?'
ਮਾਸੀ ਸਰਦਾਰਾਂ ਨੇ ਧਾਰ ਵਿਚੇ ਛੱਡ ਦਿੱਤੀ। ਜੁੱਤੀ ਲਾਹ ਕੇ ਹੱਥ ਵਿੱਚ ਫੜ ਲਈ ਤੇ ਕੜਕ ਕੇ ਕਿਹਾ, ‘ਉਠ, ਉਠ ਤੇ ਦਫਾ ਹੋ ਜਾ ਮੇਰੇ ਘਰੋ! ਜੇ ਮੁੜ ਕੇ ਕਦੇ ਵੜੀ ਤਾਂ ਮਾਰ-ਮਾਰ ਜੁੱਤੀਆਂ ਸਿਰ ਪੋਲਾ ਕਰ ਦਊਂ। ਖਬਰਦਾਰ ਜੇ ਹੋਰ ਕੁਝ ਭੌਂਕੀ ਤਾਂ।' ਉਹ ਔਰਤ ਆਪਣੇ ਬੱਚੇ ਨੂੰ ਚੁੱਕ ਘਰੋਂ ਬਾਹਰ ਚਲੀ ਗਈ। ਮਾਸੜ ਅਸਗਰੀ ਤੇ ਫੀਰੋ ਬੜੇ ਹੈਰਾਨ ਸਨ, ਪਰ ਮਾਸੀ ਸਰਦਾਰਾਂ ਨੂੰ ਜਿਵੇਂ ਚੱਕਰ ਆ ਗਿਆ ਹੋਵੇ। ਉਹ ਮੰਜੇ 'ਤੇ ਡਿੱਗ ਪਈ। ਮੈਂ ਉਠ ਕੇ ਮਾਸੀ ਨੂੰ ਜੱਫੀ ਪਾ ਲਈ। ਦੁੱਧ ਪੈਰ ਵੱਜਣ ਨਾਲ ਡੁੱਲ੍ਹ ਗਿਆ ਸੀ। ਮਾਸੀ ਦੀਆਂ ਅੱਖਾਂ ਭਰ ਆਈਆਂ ਸਨ। ਮੈਨੂੰ ਜੱਫੀ ਪਾ ਕੇ ਕਹਿੰਦੀ, ‘ਕੋਈ ਗੱਲ ਨਹੀਂ ਮੇਰੇ ਹੀਰਿਆ, ਦੁੱਧ ਮੈਂ ਹੋਰ ਦੇ ਦਿੰਨੀ ਆਂ।'
ਇਸ ਘਟਨਾ ਤੋਂ ਤਰੀਬ ਦੋ ਮਹੀਨੇ ਮਗਰੋਂ ਮੁਸਲਮਾਨਾਂ ਦੇ ਗਰੋਹ ਨੇ ਲਾਗਲੇ ਚਾਰ ਪਿੰਡਾਂ ਦੇ ਸਿੱਖਾਂ ਦੇ ਘਰਾਂ ਨੂੰ ਅੱਗ ਲਾ ਕੇ ਸਾੜ ਦਿੱਤਾ। ਇਹ ਗਰੋਹ ਸਾਡੇ ਪਿੰਡ ਆਇਆ, ਪਰ ਅਰਾਈਆਂ ਪਾਸੇ ਵਾਲਿਆਂ ਨੇ ਅੱਗੇ ਹੋ ਕੇ ਪਿੰਡ ਬਚਾ ਲਿਆ। ਧੰਨ ਸਨ ਉਹ ਸਾਡੇ ਭਰਾ। ਬਦਕਿਸਮਤੀ ਕਿ ਪੰਦਰਾਂ ਦਿਨਾਂ ਨੂੰ ਇਕ ਹੋਰ ਬੜਾ ਵੱਡਾ ਜਥਾ ਆਇਆ ਤੇ ਆਉਂਦੇ ਸਾਰ ਅਰਾਈਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ। ਸਿੱਖ ਪਰਵਾਰਾਂ ਨੇ ਬਹੁਤ ਮਿੰਨਤਾਂ ਕੀਤੀਆਂ, ਪਰ ਗੱਲ ਕੋਈ ਨਾ ਸੁਣੀ। ਮੁਸਲਮਾਨਾਂ ਦੇ ਘਰ ਹੀ ਨਹੀਂ ਸਾੜੇ, ਸੈਂਕੜੇ ਬੇਦੋਸ਼ੇ ਕਤਲ ਕਰ ਦਿੱਤੇ। ਕੁਝ ਔਰਤਾਂ ਖੂਹਾਂ ਵਿੱਚ ਛਾਲਾਂ ਮਾਰ ਗਈਆਂ।
ਮੇਰੇ ਪਿਤਾ ਜੀ ਅਤੇ ਲੀਲ੍ਹਾਵੰਤੀ ਦਾ ਪਤੀ ਚਾਚਾ ਪ੍ਰਕਾਸ਼ ਥਾਣੇ ਤੋਂ ਪੁਲਸ ਲੈਣ ਗਏ ਸਨ, ਪਰ ਜਦੋਂ ਪੁਲਸ ਆਈ, ਭਾਣਾ ਵਾਪਰ ਚੁੱਕਾ ਸੀ। ਹਮਲਾ ਹੋਣ 'ਤੇ ਤੁਰੰਤ ਮਾਸੀ ਸਰਦਾਰਾਂ ਦਾ ਪਰਵਾਰ ਸਾਡੇ ਘਰ ਆ ਕੇ ਲੁਕ ਗਿਆ ਸੀ। ਵੱਡੀ ਬੇਟੀ ਅਰਾਈਆਂ ਪਾਸੇ ਗਈ ਹੋਣ ਕਰਕੇ ਮਾਰੀ ਗਈ। ਅਸਗਰੀ, ਮਾਸੀ ਸਰਦਾਰਾਂ, ਫੀਰੋ ਅਤੇ ਉਸ ਦੀ ਭੈਣ ਨੂੰ ਮੇਰੀ ਮਾਂ ਨੇ ਕੋਠੜੀ ਵਿੱਚ ਬੰਦ ਕਰ ਦਿੱਤਾ ਸੀ। ਉਹ ਸਾਡੇ ਕੋਲ ਤਕਰੀਬਨ ਦਸ ਦਿਨ ਰਹੇ।
ਇਕ ਦਿਨ ਰਾਤ ਨੂੰ ਮੇਰੇ ਪਿਤਾ ਜੀ, ਚਾਚਾ ਪ੍ਰਕਾਸ਼ ਅਤੇ ਮੇਰੇ ਪਿਤਾ ਜੀ ਦੇ ਸੀਰੀ ਇਨ੍ਹਾਂ ਨੂੰ ਰਫਿਊਜੀ ਕੈਂਪ ਵਿੱਚ ਛੱਡ ਆਏ। ਮਾਸੀ ਸਰਦਾਰਾਂ ਨਾਲ ਮੇਰੀ ਇਹ ਆਖਰੀ ਮਿਲਣੀ ਸੀ। ਉਨ੍ਹਾਂ ਦੀ ਕਦੇ ਕੋਈ ਚਿੱਠੀ ਵੀ ਨਹੀਂ ਆਈ। ਪਤਾ ਨਹੀਂ ਫੀਰੋ ਹੈ ਜਾਂ ਨਹੀਂ। ਮਾਸੀ ਸਰਦਾਰਾਂ ਕਦੇ ਨਹੀਂ ਭੁੱਲਦੀ। ਸਲਾਮ ਏ ਮਾਸੀ ਸਰਦਾਰਾਂ! ਤੂੰ ਜਿੱਥੇ ਹੋਵੇਂ, ਸੁਖੀ ਹੋਵੇਂ।