Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਫੁੱਫੜਾਂ ਵਿਚਾਲੇ ਸਪੀਕਰ ਵਾਲਾ

October 02, 2018 07:43 AM

-ਬਲਬੀਰ ਸੋਚੀ
ਮਾਰਚ ਦਾ ਮਹੀਨਾ ਸੀ। ਮਿੱਠੀ ਮਿੱਠੀ ਠੰਢ ਪੈ ਰਹੀ ਸੀ। ਘਰ ਵਿੱਚ ਗਹਿਮਾ ਗਹਿਮੀ ਸੀ ਕਿਉਂਕਿ ਛੋਟੇ ਚਾਚੇ ਦਾ ਵਿਆਹ ਸੀ। ਰੰਗ-ਬਿਰੰਗੀਆਂ ਪਤੰਗੀਆਂ ਨਾਲ ਸਾਰਾ ਵਿਹੜਾ ਖੜ ਖੜ ਕਰ ਰਿਹਾ ਸੀ। ਰਿਸ਼ਤੇਦਾਰਾਂ ਅਤੇ ਘਰ ਵਾਲਿਆਂ ਨੇ ਨਵੇਂ ਕੱਪੜੇ ਪਾਏ ਹੋਏ ਸਨ। ਘਰ ਵਿੱਚੋਂ ਵੱਖ-ਵੱਖ ਤਰ੍ਹਾਂ ਦੀ ਖੁਸ਼ਬੂ ਆ ਰਹੀ ਸੀ। ਹਲਵਾਈ ਵੱਲੋਂ ਮਠਿਆਈਆਂ ਦੀ ਖੁਸ਼ਬੂ ਆ ਰਹੀ ਸੀ ਅਤੇ ਮਸਾਲੇ ਭੁੰਨੇ ਜਾ ਰਹੇ ਸਨ, ਜਦੋਂ ਕਿ ਕੁੜੀਆਂ ਵਾਲੇ ਪਾਸਿਉਂ ਮਹਿੰਦੀ ਦੀ ਭਿੰਨੀ ਭਿੰਨੀ ਖੁਸ਼ਬੂ ਆ ਰਹੀ ਸੀ। ਮੈਂ ਵੀ ਵਿਆਹ ਵਾਲੇ ਚਾਚੇ ਕੋਲ ਬੈਠਾ ਸੀ। ਅਗਲੇ ਦਿਨ ਸ਼ਗਨ ਸੀ ਤੇ ਪਰਸੋਂ ਬਰਾਸਤ ਜਾਣੀ ਸੀ।
ਇੰਨੇ ਨੂੰ ਮੇਰਾ ਫੁੱਫੜ ਕੋਲ ਆਇਆ ਤੇ ਕਹਿਣ ਲੱਗਾ ਕਿ ਸਪੀਕਰ ਵਾਲਾ ਨਹੀਂ ਆਇਆ। ਚਾਚੇ ਨੇ ਜਵਾਬ ਦਿੱਤਾ ਕਿ ਆਉਂਦਾ ਹੀ ਹੋਣਾ ਹੈ। ਬੇਬੇ ਹੋਰੀਂ ਤੇ ਚਾਚੀਆਂ ਗੀਤ ਗਾ ਰਹੀਆਂ ਸਨ। ਲੱਡੂ ਵੱਟੇ ਜਾ ਰਹੇ ਸਨ। ਘਰ ਵਿੱਚ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਸੀ। ਕੋਈ ਰੋਟੀ ਖਾ ਰਿਹਾ ਸੀ, ਕੋਈ ਖਾ ਚੁੱਕਾ ਸੀ। ਭਾਂਡਿਆਂ ਵਾਲੀ ਕੋਲ ਬਹੁਤ ਵੱਡਾ ਢੇਰ ਲੱਗਿਆ ਹੋਇਆ ਸੀ। ਇਸ ਲਈ ਹਰ ਪਾਸੇ ਭਾਂਡਿਆਂ ਦਾ ਖੜਾਕ ਸੁਣਾਈ ਦੇਂਦਾ ਸੀ। ਦਿਨ ਦੇ ਕੋਈ ਬਾਰ੍ਹਾਂ ਵਜੇ ਸਪੀਕਰ ਵਾਲਾ ਪਹੁੰਚਿਆ। ਉਸ ਦਾ ਵਧੀਆ ਸਵਾਗਤ ਕੀਤਾ ਗਿਆ। ਚਾਹ ਪਿਆਈ ਗਈ। ਲੱਡੂ ਖੁਆਏ ਗਏ। ਉਸ ਕੋਲ ਇੱਕ ਵੱਡਾ ਜਿਸਤ ਦਾ ਸੰਦੂਕ ਸੀ, ਜਿਸ ਵਿੱਚ ਤਵਿਆਂ ਵਾਲੀ ਮਸ਼ੀਨ, ਤਵੇ ਮਾਈਕ ਤੇ ਨਾਲ ਐਂਪਲੀਫਾਇਰ ਨੂੰ ਚਲਾਉਣ ਵਾਸਤੇ ਬੈਟਰੀ ਤੇ ਹੋਰ ਨਿੱਕ-ਸੁੱਕ ਸੀ। ਉਸ ਦਾ ਟਿਕਾਣਾ ਘਰ ਤੋਂ ਥੋੜ੍ਹੀ ਦੂਰ ਸੜਕ 'ਤੇ ਪੈਂਦੀ ਬੈਠਕ ਵਿੱਚ ਕਰ ਦਿੱਤਾ ਗਿਆ। ਉਸ ਨੇ ਬੈਠਕ ਉਪਰ ਦੋ ਮੰਜੇ ਜੋੜ ਕੇ ਉਪਰ ਲਾਊਡ ਸਪੀਕਰ ਟੰਗ ਦਿੱਤਾ। ਸਭ ਤੋਂ ਪਹਿਲਾਂ ਧਾਰਮਿਕ ਗੀਤ ‘ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ’ ਚਲਾਇਆ ਤਾਂ ਸਾਨੂੰ ਬਹੁਤ ਚੰਗਾ ਲੱਗਿਆ।
ਸਮਾਂ ਬੀਤਦਾ ਗਿਆ। ਸ਼ਾਮ ਨੂੰ ਛੋਟਾ ਫੁੱਫੜ ਤੇ ਭੂਆ ਵੀ ਆ ਗਏ। ਦੋਵੇਂ ਫੁੱਫੜ ਸਾਡੇ ਬਾਪੂ ਤੋਂ ਚੋਰੀਓਂ ਸਪੀਕਰ ਵਾਲੇ ਕੋਲ ਬੈਠ ਕੇ ਦਾਰੂ ਪੀਣ ਲੱਗੇ। ਹੌਲੀ ਹੌਲੀ ਦਾਰੂ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਵੱਡਾ ਫੁੱਫੜ ਸਪੀਕਰ ਵਾਲੇ ਨੂੰ ਕਹਿਣ ਲੱਗਿਆ ਕਿ ਕੋਈ ਜੀਜਾ ਸਾਲੀ ਦਾ ਗੀਤ ਸੁਣਾ। ਉਸ ਨੇ ਅਜਿਹਾ ਗੀਤ ਲਾ ਦਿੱਤਾ। ਇਸ 'ਤੇ ਛੋਟਾ ਫੁੱਫੜ ਭੜਕ ਗਿਆ ਤੇ ਸਪੀਕਰ ਵਾਲੇ ਨੂੰ ਕਹਿੰਦਾ ਕਿ ਤੂੰ ਅਜਿਹਾ ਗੀਤ ਇਹਦੇ ਆਖੇ ਕਿਉਂ ਲਾਇਆ, ਸਪੀਕਰ ਬੰਦ ਕਰ ਦੇ। ਸਪੀਕਰ ਵਾਲੇ ਨੇ ਉਸ ਦਾ ਕਿਹਾ ਮੰਨ ਕੇ ਸਪੀਕਰ ਬੰਦ ਕਰ ਦਿੱਤਾ। ਦੋਵੇਂ ਫੁੱਫੜਾਂ ਵਿਚਾਲੇ ਵਿਚਾਰਾ ਸਪੀਕਰ ਵਾਲਾ ਫਸ ਗਿਆ। ਵੱਡਾ ਫੁੱਫੜ ਕਹੇ ਸਪੀਕਰ ਲਾ, ਛੋਟਾ ਆਖੇ ਬੰਦ ਕਰ। ਇਸ ਰੌਲੇ ਵਿੱਚ ਵੱਡੇ ਫੁੱਫੜ ਨੇ ਸਪੀਕਰ ਵਾਲੇ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਛੋਟੇ ਨੇ ਤਵਿਆਂ ਵਾਲੀ ਮਸ਼ੀਨ ਚੁੱਕ ਕੇ ਪਰ੍ਹਾਂ ਸੁੱਟ ਦਿੱਤੀ।
ਜਦੋਂ ਸਪੀਕਰ ਬੰਦ ਹੋ ਗਿਆ ਤਾਂ ਬਾਪੂ ਤੇ ਵਿਆਹ ਵਾਲਾ ਚਾਚਾ ਨੌਹਰੇ ਵਿੱਚ ਆਏ। ਉਨ੍ਹਾਂ ਨੇ ਦੇਖਿਆ ਕਿ ਦੋਵੇਂ ਫੁੱਫੜ ਆਪੋ ਵਿੱਚ ਲੜ ਰਹੇ ਹਨ। ਬਾਪੂ ਤੋਂ ਦੋਵੇਂ ਫੁੱਫੜ ਹੀ ਡਰਦੇ ਸਨ। ਬਾਪੂ ਨੂੰ ਦੇਖ ਕੇ ਦੋਵੇਂ ਚੁੱਪ ਕਰ ਗਏ ਤੇ ਇੱਕ ਦੂਜੇ ਤੋਂ ਦੂਰ ਜਾ ਕੇ ਖਲੋ ਗਏ। ਬਾਪੂ ਨੇ ਦੋਵਾਂ ਫੁੱਫੜਾਂ ਦੀ ਬਹੁਤ ਲਾਹ-ਪਾਹ ਕੀਤੀ, ਪਰ ਦੋਵਾਂ ਵਿੱਚੋਂ ਕੋਈ ਨਾ ਬੋਲਿਆ ਅਤੇ ਮਾਹੌਲ ਸ਼ਾਂਤ ਹੋ ਗਿਆ। ਮੈਂ ਬਾਪੂ ਕੋਲ ਗਿਆ ਤੇ ਬਾਪੂ ਨੂੰ ਕਿਹਾ ਕਿ ਇਨ੍ਹਾਂ ਨੇ ਸਪੀਕਰ ਵਾਲੇ ਦੀ ਮਸ਼ੀਨ ਭੰਨ ਦਿੱਤੀ ਹੈ ਤੇ ਵਿਚਾਰੇ ਗਰੀਬ ਦਾ ਨੁਕਸਾਨ ਕਰ ਦਿੱਤਾ ਹੈ। ਜਦੋਂ ਬਾਪੂ ਸਪੀਕਰ ਵਾਲੇ ਕੋਲ ਗਿਆ ਤਾਂ ਉਹ ਉਚੀ ਉਚੀ ਰੋਣ ਲੱਗ ਪਿਆ। ਬਾਪੂ ਨੇ ਉਸ ਨੂੰ ਹੌਸਲਾ ਦਿੱਤਾ, ‘‘ਕੋਈ ਗੱਲ ਨਹੀਂ। ਇਸ ਨੂੰ ਠੀਕ ਕਰਵਾ ਲਿਆ, ਜੋ ਖਰਚਾ ਲੱਗੇਗਾ ਉਹ ਅਸੀਂ ਦੇ ਦਿਆਂਗੇ ਤੇ ਦੁਬਾਰਾ ਇਨ੍ਹਾਂ ਨੂੰ ਆਪਣੇ ਕੋਲ ਨਾ ਖੜ੍ਹਨ ਦੇਈਂ।”
ਸਪੀਕਰ ਵਾਲਾ ਵਿਚਾਰਾ ਮੂੰਹ ਹਨੇਰੇ ਬਠਿੰਡੇ ਨੂੰ ਜਾਣ ਵਾਲੀ ਗੱਡੀ ਚੜ੍ਹਿਆ। ਗਿਆਰਾਂ ਵਾਲੀ ਗੱਡੀ 'ਤੇ ਵਾਪਸ ਭੁੱਖਣ ਭਾਣਾ ਉਹ ਮਸ਼ੀਨ ਠੀਕ ਕਰਵਾ ਕੇ ਲਿਆਇਆ। ਫਿਰ ਕਿਤੇ ਜਾ ਕੇ ਸ਼ਗਨ ਦੀ ਤਿਆਰੀ ਹੋਣ ਲੱਗੀ। ਪਹਿਲਾਂ ਸਮਿਆਂ ਵਿੱਚ ਸ਼ਗਨ ਦੁਪਹਿਰ ਤੋਂ ਬਾਅਦ ਪਿਆ ਕਰਦਾ ਸੀ। ਚਾਰ ਦਹਾਕੇ ਬੀਤਣ ਤੋਂ ਬਾਅਦ ਸੋਚਦਾ ਹਾਂ ਕਿ ਨਸ਼ਾ ਬੰਦੇ ਨੂੰ ਕਿਵੇਂ ਪਾਗਲ ਕਰ ਦਿੰਦਾ ਹੈ। ਇਸ ਦੇ ਵੱਸ ਪਿਆ ਵਿਅਕਤੀ ਆਪਣਾ ਮਾਣ-ਸਨਮਾਨ ਖਤਮ ਕਰ ਲੈਂਦਾ ਹੈ। ਕਿੱਥੇ ਤਾਂ ਫੁੱਫੜਾਂ ਨੇ ਆਪਣੀ ਸੇਵਾ ਪ੍ਰਾਹੁਣਿਆਂ ਵਾਂਗ ਕਰਵਾਉਣੀ ਸੀ ਤੇ ਕਿੱਥੇ ਬਾਪੂ ਦੀਆਂ ਗਾਲ੍ਹਾਂ ਨਾਲ ਹੋਈ।

Have something to say? Post your comment