Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਜ਼ਿੰਦਗੀ ਖੂਬਸੂਰਤ ਹੈ

October 02, 2018 07:42 AM

-ਰੋਹਿਤ ਸੋਨੀ
ਕਿਸੇ ਦੀ ਜ਼ਿੰਦਗੀ 'ਚ ਕੋਈ ਦੁੱਖ-ਤਕਲੀਫ ਜਾਂ ਮੁਸੀਬਤ ਨਾ ਆਵੇ, ਇਹ ਹੋ ਨਹੀਂ ਸਕਦਾ। ਅਸੀਂ ਇਨ੍ਹਾਂ ਦੁੱਖਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹਾਂ ਜਾਂ ਕਿਸ ਤਰੀਕੇ ਨਾਲ ਹੱਲ ਕਰਦੇ ਹਾਂ, ਇਹ ਸਾਡੇ 'ਤੇ ਨਿਰਭਰ ਕਰਦਾ ਹੈ। ਜੇ ਇਨ੍ਹਾਂ ਦੁੱਖਾਂ ਨੂੰ ਦੁਖੀ ਹੋ ਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਹੋਰ ਵੀ ਦੂਣ-ਸਵਾਏ ਹੋ ਸਕਦੇ ਹਨ, ਪਰ ਜੇ ਥੋੜ੍ਹਾ ਸਬਰ ਤੇ ਸੰਤੋਖ ਰੱਖ ਕੇ ਖੁਸ਼ੀ-ਖੁਸ਼ੀ ਇਨ੍ਹਾਂ ਦਾ ਨਿਵਾਰਨ ਕਰਾਂਗੇ ਤਾਂ ਜਲਦੀ ਖਤਮ ਹੋ ਜਾਂਦੇ ਹਨ ਤੇ ਮਹਿਸੂਸ ਵੀ ਨਹੀਂ ਹੁੰਦੇ।
ਗੱਲ ਲਗਭਗ ਸੰਨ 2000 ਦੀ ਹੈ। ਓਦੋਂ ਮੇਰੀ ਉਮਰ 18 ਕੁ ਸਾਲ ਦੀ ਸੀ। ਸਾਲ ਕੁ ਪਹਿਲਾਂ ਮਾਂ ਦੇ ਮੁੱਕ ਜਾਣ ਕਾਰਨ ਸਾਰਾ ਟੱਬਰ ਖੇਰੂੰ-ਖੇਰੂੰ ਹੋ ਗਿਆ ਸੀ। ਅਸੀਂ ਤਿੰਨ ਭਰਾ ਸਾਂ ਤੇ ਤਿੰਨੋਂ ਹੀ ਕੁਆਰੇ। ਮਾਂ ਦੇ ਇਲਾਜ 'ਚ ਘਰ-ਬਾਰ ਵਿਕ ਗਿਆ ਤੇ ਜੀਵਨ ਸਾਥੀ ਦੇ ਟੁਰ ਜਾਣ ਕਾਰਨ ਪਿਤਾ ਜੀ ਅੰਦਰੋਂ-ਅੰਦਰੀ ਟੁੱਟ ਚੁੱਕੇ ਸਨ। ਕਿਸੇ ਵੀ ਸ਼ਰੀਕੇ ਵਾਲੇ ਨੇ ਸਾਡੀ ਬਾਂਹ ਨਾ ਫੜੀ ਤੇ ਅਸੀਂ ਤਿੰਨੋ ਭਰਾ ਆਪੋ-ਆਪਣੇ ਰੋਜ਼ਗਾਰ ਦੀ ਭਾਲ 'ਚ ਨਿਕਲ ਪਏ। ਪਿਤਾ ਜੀ ਮੁਕਤਸਰ ਹੀ ਰਹਿੰਦੇ ਸਨ। ਇੱਕ ਵਾਰ ਮੈਂ ਆਪਣੇ ਇੱਕ ਦੋਸਤ ਦੇ ਕਹਿਣ 'ਤੇ ਦਿੱਲੀ ਚਲਾ ਗਿਆ ਤੇ ਉਥੇ ਕੁਝ ਮਹੀਨੇ ਕੰਮ ਕਰਨ ਤੋਂ ਬਾਅਦ ਮੈਂ ਮੁਕਤਸਰ ਆਉਣ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਹੁੰਚਿਆ ਹੀ ਸੀ ਕਿ ਟਿਕਟ ਲੈਣ ਲੱਗਿਆਂ ਪਤਾ ਲੱਗਾ ਕਿ ਕਿਸੇ ਨੇ ਮੇਰੀ ਜੇਬ 'ਤੇ ਹੱਥ ਸਾਫ ਕਰ ਦਿੱਤਾ ਸੀ। ਬੜੀ ਮੁਸੀਬਤ ਸੀ।
ਨਾ ਵਾਪਸ ਜਾ ਸਕਦਾ ਸੀ ਤੇ ਨਾ ਅੱਗੇ ਜਾ ਸਕਦਾ ਸੀ। ਉਤੋਂ ਘਰ ਪਹੁੰਚਣ ਦੀ ਕਾਹਲ ਤੇ ਫਿਕਰ...। ਖੈਰ! ਲੈ ਕੇ ਰੱਬ ਦਾ ਨਾਂਅ, ਬਿਨਾਂ ਟਿਕਟੋਂ ਪੰਜਾਬ ਮੇਲ ਗੱਡੀ ਚੜ੍ਹ ਗਿਆ। ਸਾਰੇ ਰਾਹ ਡਰ ਲੱਗਾ ਰਿਹਾ ਕਿ ਟੀ ਟੀ ਬਾਬੂ ਆਇਆ ਕਿ ਆਇਆ, ਪਰ ਕੁਦਰਤੀ ਰਾਹ ਵਿੱਚ ਕੋਈ ਟੀ ਟੀ ਨਾ ਆਇਆ। ਦਿੱਲੀ ਤੋਂ ਮੁਕਤਸਰ ਦੀ ਸਿੱਧੀ ਟਰੇਨ ਨਾ ਹੋਣ ਕਾਰਨ ਸੋਚਿਆ ਕਿ ਕੋਟਕਪੂਰੇ ਉੱਤਰ ਕੇ ਸਟੇਸ਼ਨ ਤੋਂ ਬਾਹਰ ਨਿਕਲ ਕੇ ਕਿਸੇ ਟਰੈਕਟਰ-ਟਰਾਲੀ ਪਿੱਛੇ ਲਮਕ ਕੇ ਮੁਕਤਸਰ ਪਹੁੰਚ ਜਾਵਾਂਗਾ। ਇਸ ਲਈ ਕੋਟਕਪੂਰੇ ਉਤਰਨਾ ਸੀ। ਸਾਰੀ ਰਾਤ ਦੇ ਉਨੀਂਦਰੇ ਕਾਰਨ ਜੈਤੋ ਆ ਕੇ ਅੱਖ ਲੱਗ ਗਈ। ਜਾਗ ਉਦੋਂ ਆਈ ਜਦੋਂ ਕੋਟਕਪੂਰਾ ਪਿੱਛੇ ਰਹਿ ਗਿਆ ਤੇ ਫਰੀਦਕੋਟ ਪਹੁੰਚ ਗਿਆ। ਫਰੀਦਕੋਟ ਤੋਂ ਮੁਕਤਸਰ ਜਾਣਾ ਵੱਧ ਮੁਸ਼ਕਲ ਸੀ। ਇੰਨਾ ਹੀ ਪਤਾ ਲੱਗਾ ਕਿ ਫਿਰੋਜ਼ਪੁਰ ਤੋਂ ਵਾਇਆ ਫਰੀਦਕੋਟ ਹੋ ਕੇ ਦਿੱਲੀ ਜਾਣ ਵਾਲੀ ਜਨਤਾ ਐਕਸਪ੍ਰੈਸ ਫਰੀਦਕੋਟ ਸਟੇਸ਼ਨ 'ਤੇ ਆਉਣ ਵਾਲੀ ਹੈ। ਟਿਕਟ ਲੈਣ ਦਾ ਫਿਰ ਪੰਗਾ ਪੈ ਗਿਆ। ਫਿਰ ਸੋਚਿਆ ਕਿ ਦਿੱਲੀ ਤੋਂ ਬਿਨਾਂ ਟਿਕਟੋਂ ਆ ਗਿਆ ਹਾਂ ਤਾਂ ਏਥੇ ਕੀਹਨੇ ਪੁੱਛਣਾ ਹੈ? ਇੰਨੀ ਗੱਲ ਸੋਚ ਕੇ ਮਨ ਤਕੜਾ ਕੀਤਾ ਤੇ ਫਿਰੋਜ਼ਪੁਰੋਂ ਦਿੱਲੀ ਜਾਣ ਵਾਲੀ ਗੱਡੀ ਜਨਤਾ ਐਕਸਪ੍ਰੈਸ ਆਈ ਤਾਂ ਮਾਰ ਕੇ ਛਾਲ ਗੱਡੀ 'ਚ ਚੜ੍ਹ ਗਿਆ ਕਿ ਬਈ ਕੋਟਕਪੂਰੇ ਜਾ ਕੇ ਉਤਰਾਂਗਾ, ਪਰ ਮੁਸੀਬਤ ਜਿਵੇਂ ਫਿਰ ਮੇਰਾ ਇੰਤਜ਼ਾਰ ਕਰ ਰਹੀ ਸੀ।
ਕੋਟਕਪੂਰੇ ਉਤਰਿਆ ਤਾਂ ਉਤਰਦੇ ਸਾਰ ਟੀ ਟੀ ਨੇ ਘੇਰ ਲਿਆ। ਮੇਰੀ ਬਾਂਹ ਫੜ ਕੇ ਕਹਿੰਦਾ ‘ਟਿਕਟ ਦਿਖਾਓ।’
ਮੈਂ ਕਿਹਾ, ‘ਬਾਊ ਜੀ! ਟਿਕਟ ਤਾਂ ਹੈ ਨੀ।’ ਟੀ ਟੀ ਨੇ ਪੁੱਛਿਆ, ‘ਕਿੱਥੋਂ ਆਇਆਂ।’ ਮੈਂ ਕਿਹਾ, ‘ਜੀ ਦਿੱਲੀਓਂ।’ ਟੀ ਟੀ ਗੁੱਸੇ ਨਾਲ ਬੋਲਿਆ, ‘ਬੇਵਕੂਫ ਬਣਾਉਂਦਾ ਏਂ। ਗੱਡੀ ਫਿਰੋਜ਼ਪੁਰੋਂ ਆਈ ਆ, ਤੇ ਤੂੰ ਕਹਿਨੈਂ ਦਿੱਲੀਓਂ ਆ ਰਿਹਾ ਹਾਂ।’ ਮੈਂ ਟੀ ਟੀ ਨੂੰ ਸਾਰੀ ਵਾਰਤਾ ਦੱਸੀ ਤੇ ਇਹ ਵੀ ਦੱਸਿਆ ਕਿ ਮੈਂ ਅੱਗੇ ਮੁਕਤਸਰ ਜਾਣਾ ਹੈ ਅਤੇ ਉਹ ਵੀ ਕਿਸੇ ਦੀ ਮਿੰਨਤ-ਤਰਲਾ ਕਰ ਕੇ ਜਾਣਾ ਪੈਣਾ ਹੈ। ਟੀ ਟੀ ਬਾਊ ਨੇ ਮੇਰੀ ਇੱਕ ਨਾ ਮੰਨੀ ਤੇ ਦਫਤਰ 'ਚ ਲਿਜਾ ਕੇ 80 ਰੁਪਏ ਦੇ ਜੁਰਮਾਨੇ ਦੀ ਪਰਚੀ ਮੇਰੇ ਹੱਥ ਫੜਾ ਦਿੱਤੀ ਤੇ ਇਵਜ਼ ਵਿੱਚ ਮੇਰੇ ਹੱਥ 'ਚ ਫੜਿਆ ਕੱਪੜਿਆਂ ਵਾਲਾ ਬੈਗ ਰੱਖ ਲਿਆ। ਕਹਿੰਦਾ ‘ਜੁਰਮਾਨਾ' ਦੇ ਜਾਵੀਂ ਤੇ ਬੈਗ ਲੈ ਜਾਵੀਂ। ਮੈਂ ਮਸੋਸਿਆ ਜਿਹਾ ਸਟੇਸ਼ਨ ਤੋਂ ਬਾਹਰ ਆ ਗਿਆ। ਬਾਹਰ ਆ ਕੇ ਕੁਝ ਸੋਚ ਕੇ ਫਿਰ ਟੀ ਟੀ ਕੋਲ ਚਲਾ ਗਿਆ ਤੇ ਕਿਹਾ, ‘ਬਾਊ ਜੀ! ਜੁਰਮਾਨੇ ਵਾਲੀ ਪਰਚੀ 'ਤੇ ਅੱਸੀ ਰੁਪਏ ਕਰ ਦਿਓ ਤੇ ਮੈਨੂੰ 10 ਰੁਪਏ ਹੋਰ ਦੇ ਦਿਓ। ਮੁਕਤਸਰ ਜਾਣਾ ਮੈਂ। ‘ਹੋਰ ਕੀਹਤੋਂ ਮੰਗਦਾ ਫਿਰੂੰਗਾ।’
ਬਾਊ ਮੇਰੇ ਵੱਲ ਟੇਢਾ ਜਿਹਾ ਝਾਕਿਆ ਤੇ ਆਖਣ ਲੱਗਾ ਪਹਿਲੀ ਵਾਰ ਹੋਇਆ ਮਿਲਿਆ ਹੈ ਜਿਸ ਨੇ ਜੁਰਮਾਨਾ ਦੇਣ ਦੇ ਬਜਾਏ ਉਲਟਾ ਮੇਰੇ ਕੋਲੋਂ ਪੈਸੇ ਮੰਗ ਲਈ। ਫਿਰ ਉਹ ਬਾਊ ਹੱਸਦਾ-ਹੱਸਦਾ ਮੇਰੇ ਮੋਢੇ 'ਤੇ ਹੱਥ ਧਰ ਕੇ ਤੇ ਮੇਰਾ ਬੈਗ ਚੁੱਕ ਕੇ ਮੈਨੂੰ ਦਫਤਰ 'ਚੋਂ ਬਾਹਰ ਲੈ ਆਇਆ। ਨਾਲ ਉਸ ਨੇ ਮੈਨੂੰ ਆਪਣੀ ਜੇਬ 'ਚੋਂ 10 ਰੁਪਏ ਕੱਢ ਕੇ ਦਿੱਤੇ ਤੇ ਮੈਂ ਧੰਨਵਾਦ ਕਹਿ ਕੇ ਜਾਣ ਹੀ ਲੱਗਾ ਸਾਂ ਕਿ ਉਸ ਨੇ ਮੈਨੂੰ ਰੋਕ ਲਿਆ ਤੇ ਬੋਲਿਆ; ‘ਇਹ 10 ਰੁਪਏ ਤੈਨੂੰ ਕੁਝ ਖਾਣ-ਪੀਣ ਲਈ ਦਿੱਤੇ ਹਨ। ਪਤਾ ਨਹੀਂ ਤੂੰ ਕੁਝ ਖਾਧਾ ਵੀ ਜਾਂ ਨਹੀਂ।’ ਮੈਂ ਹੈਰਾਨ ਹੁੰਦੇ ਹੋਏ ਪੁੱਛਿਆ, ‘ਜੀ ਪਰ ਮੁਕਤਸਰ? ਤਾਂ ਉਹ ਮੇਰੀ ਗੱਲ ਵਿੱਚੋਂ ਹੀ ਕੱਟਦਾ ਹੋਇਆ ਕਹਿਣ ਲੱਗਾ, ‘ਚਿੰਤਾ ਨਾ ਕਰ। ਮੁਕਤਸਰ ਜਾਣ ਵਾਲੀ ਗੱਡੀ ਆਉਣ ਵਾਲੀ ਹੈ। ਮੈਂ ਤੈਨੂੰ ਉਸ 'ਚ ਚੜ੍ਹਾ ਦਿੰਦਾ ਹਾਂ।’ ਤੇ ਉਸ ਬਾਬੂ ਨੇ ਮੈਨੂੰ ਮੁਕਤਸਰ ਜਾਣ ਵਾਲੀ ਰੇਲ 'ਤੇ ਚੜ੍ਹਾਉਣ ਲੱਗੇ ਨੇ ਮੇਰੇ ਤੋਂ ਜੁਰਮਾਨੇ ਵਾਲੀ ਪਰਚੀ ਫੜ ਲਈ ਤੇ ਮੇਰਾ ਬੈਗ ਮੈਨੂੰ ਵਾਪਸ ਕਰ ਦਿੱਤਾ ਤੇ ਆਪਣੇ ਧੀਆਂ-ਪੁੱਤਰਾਂ ਵਾਂਗ ਮੇਰੇ ਸਿਰ 'ਤੇ ਹੱਥ ਫੇਰਦਾ ਹੋਇਆ ਬੋਲਿਆ, ‘ਤੈਨੂੰ ਆਉਣ ਦੀ ਲੋੜ ਨਹੀਂ ਤੇ ਸਫਰ ਕਰਦਿਆਂ ਆਪਣਾ ਖਿਆਲ ਰੱਖਿਆ ਕਰ।’ ਗੱਡੀ ਚੱਲ ਪਈ ਸੀ ਤੇ ਮੈਂ ਮੁਕਤਸਰ ਪਹੁੰਚ ਗਿਆ।
ਅੱਜ ਵੀ ਭਾਵੇਂ ਜ਼ਿੰਦਗੀ ਦੀ ਗੱਡੀ ਚੱਲ ਰਹੀ ਹੈ, ਪਰ ਉਹ ਨੇਕ ਇਨਸਾਨ ਮੇਰੇ ਜ਼ਿਹਨ 'ਚ ਕੋਈ ਅਭੁੱਲ ਯਾਦ ਬਣ ਕੇ ਅਜੇ ਵੀ ਵੱਸਿਆ ਹੋਇਆ ਹੈ।

Have something to say? Post your comment