Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਸੰਪਾਦਕੀ

ਮਸਾਂ ਲੱਭੇ ਵਿਸ਼ਵਾਸ਼ ਦੀ ਹੱਤਿਆ ਦਾ ਦੁਖਾਂਤ

April 04, 2019 10:13 AM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਵਿੱਚ ਚਿਰਾਂ ਤੋਂ ਇੱਕ ਰਿਵਾਇਤ ਚੱਲੀ ਆ ਰਹੀ ਹੈ ਜਿਸਦਾ ਨਾਮ daughters of vote ਭਾਵ ਵੋਟ ਦੀਆਂ ਧੀਆਂ ਹੈ। 2001 ਤੋਂ ਇਸ ਲਹਿਰ ਤਹਿਤ ਦੇਸ਼ ਭਰ ਦੀ ਹਰ ਰਾਈਡਿੰਗ ਵਿੱਚੋਂ 18 ਤੋਂ 23 ਸਾਲ ਉਮਰ ਦੇ ਦਰਮਿਆਨ ਇੱਕ ਨੌਜਵਾਨ ਲੜਕੀ ਨੂੰ ਪਾਰਲੀਮੈਂਟ ਵਿੱਚ ਇੱਕ ਦਿਨ ਬਿਤਾਉਣ ਲਈ ਬੁਲਾਇਆ ਜਾਂਦਾ ਹੈ। ਉਦੇਸ਼ ਹੁੰਦਾ ਹੈ ਕਿ ਇਹ ਲੜਕੀ ਕੈਨੇਡਾ ਦੀਆਂ ਲੋਕਤਾਂਤਰਿਕ ਕਦਰਾਂ ਕੀਮਤਾਂ ਬਾਰੇ ਜਾਣੇ ਅਤੇ ਅਜਿਹਾ ਅਨੁਭਵ ਲੈ ਕੇ ਜਾਵੇ ਜਿਸ ਨਾਲ ਉਹ ਖੁਦ ਅਤੇ ਆਪਣੇ ਆਲੇ ਦੁਆਲੇ ਦੇ ਹੋਰ ਨੌਜਵਾਨ ਖਾਸ ਕਰਕੇ ਲੜਕੀਆਂ ਨੂੰ ਲੋਕਤੰਤਰ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਰ ਕਰ ਸਕੇ।

 ਕੱਲ ਕੈਨੇਡਾ ਭਰ ਤੋਂ ਪਾਰਲੀਮੈਂਟ ਵਿੱਚ ਪੁੱਜੀਆਂ 338 ਲੜਕੀਆਂ ਨੂੰ ਸੰਬੋਧਨ ਕਰਨ ਲਈ ਜਿਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੋਲਣਾ ਆਰੰਭ ਕੀਤਾ ਤਾਂ ਕੁੱਝ ਲੜਕੀਆਂ ਉਸ ਵੱਲ ਪਿੱਠ ਘੁਮਾ ਕੇ ਖੜੀਆਂ ਹੋ ਗਈਆਂ। ਇੱਕ ਮਾਤਮ ਜੋ ਲੋਕਤੰਤਰ ਦੀ ਮਰਿਆਦਾ ਦੇ ਭੰਗ ਹੋਣ ਉੱਤੇ ਕੀਤਾ ਗਿਆ। ਅਜਿਹਾ ਵਰਤਾਰਾ ਸਟੀਫਨ ਹਾਰਪਰ ਜਾਂ ਕਿਸੇ ਹੋਰ ਆਗੂ ਦੀ ਹਾਜ਼ਰੀ ਵਿੱਚ ਹੋਇਆ ਹੁੰਦਾ ਤਾਂ ਸ਼ਾਇਦ ਇਸਦੇ ਅਰਥ ਬਹੁਤ ਵੱਖਰੇ ਕੱਢ ਲਏ ਜਾਂਦੇ ਪਰ ਜਸਟਿਨ ਟਰੂਡੋ ਲਈ ਅਜਿਹਾ ਹੋਣਾ ਨੌਜਵਾਨ ਲੜਕੀਆਂ ਦਾ ਸਾਡੇ ਸਿਸਟਮ ਵਿੱਚ ਵਿਸ਼ਵਾਸ਼ ਦੇ ਉੱਠ ਜਾਣ ਦਾ ਇੱਕ ਝਲਕਾਰਾ ਹੈ।

 ਇਹ ਦੁਖਦਾਈ ਹੈ ਕਿਉਂਕਿ ਕੈਨੇਡੀਅਨਾਂ ਨੂੰ ਮਸਾਂ ਮਸਾਂ ਲੱਭੇ ਵਿਸ਼ਵਾਸ਼ ਦੀ ਇੱਕ ਕਿਸਮ ਨਾਲ ਆਤਮਹੱਤਿਆ ਹੋ ਚੁੱਕੀ ਹੈ। ਇਹ ਆਤਮਹੱਤਿਆ ਕਿਸੇ ਵਿਅਕਤੀ ਦੀ ਨਹੀਂ, ਕਿਸੇ ਅਹੁਦੇਦਾਰ ਦੀ ਨਹੀਂ, ਕਿਸੇ ਸਿਆਸੀ ਪਾਰਟੀ ਦੇ ਕਾਰਕੁਨ ਦੀ ਨਹੀਂ ਅਤੇ ਨਾ ਹੀ ਕਿਸੇ ਪ੍ਰਭਾਵਸ਼ਾਲੀ ਆਗੂ ਦੀ ਹੈ। ਆਤਮਹੱਤਿਆ ਹੋਈ ਹੈ ਉਸ ਵਿਸ਼ਵਾਸ਼ ਦੀ ਜਿਸ ਬਾਰੇ ਕੈਨੇਡੀਅਨਾਂ ਨੂੰ 2015 ਵਿੱਚ ਭਰੋਸਾ ਹੋਇਆ ਸੀ ਕਿ ਉਹ ਕਬਰਾਂ ਵਿੱਚੋਂ ਉੱਠ ਖਲੋਇਆ ਹੈ। ਅਫਸੋਸ ਕਿ ਇਹ ਵਿਸ਼ਵਾਸ਼ ਮਹਿਜ਼ ਚਾਰ ਸਾਲ ਤੋਂ ਵੀ ਘੱਟ ਉਮਰ ਹੰਢਾ ਮੁੜ ਉੱਥੇ ਜਾ ਪੁੱਜਾ ਹੈ ਜਿੱਥੇ ਤੋਂ ਅਚਾਨਕ ਉੱਗ ਖਲੋਇਆ ਸੀ।

 ਉਹ ਵਿਸ਼ਵਾਸ਼ ਜੋ ਸਾਰੇ ਵਿਸ਼ਵ ਨੂੰ ਮੂਲਵਾਸੀਆਂ ਨਾਲ ਸਨਮਾਨਪੂਰਵਕ ਸਲੂਕ ਕਰਨ ਬਾਰੇ ਕੋਠੇ ਚੜ ਕੇ ਮੱਤਾਂ ਦੇਂਦਾ ਸੀ। ਜਿਸਨੂੰ ਮੂਲਵਾਸੀਆਂ ਦੇ ਹਾਲਾਤ ਵੇਖਕੇ ਮੱਲੋਜ਼ੋਰੀ ਅੱਥਰੂ ਵੱਗ ਤੁਰਦੇ ਸਨ। ਜੋ ਹਰ ਮੂਲਵਾਸੀ ਬਜ਼ੁਰਗ ਔਰਤ ਨੂੰ ਇੰਝ ਕਲਾਵੇ ਲੈਂਦਾ ਸੀ ਜਿਵੇਂ ਉਹਨਾਂ ਦਾ ਚਿਰਾਂ ਤੋਂ ਵਿਛੜਿਆ ਜੰਮਿਆ ਜਾਇਆ ਪੁੱਤਰ ਹੋਵੇ। ਪਰ ਜਦੋਂ ਪੂਰੀ ਦੀ ਪੂਰੀ ਮੂਲਵਾਸੀ ਕੌਮ ਦੀ ਬੇਟੀ ਨੂੰ ਛੰਡਣ ਦਾ ਵਕਤ ਆਇਆ ਤਾਂ ਆਪਣੇ ਚਹੇਤਿਆਂ ਦੀਆਂ ਵੱਜਦੀਆਂ ਤਾੜੀਆਂ ਵਿੱਚ ਘਿਉ ਵਿੱਚੋਂ ਵਾਲ ਕੱਢਣ ਵਾਂਗੂੰ ਬਾਹਰ ਕਰ ਮਾਰਿਆ। ਇਹ ਹੋਣੀ ਦਾ ਕੇਹਅ ਮਜਾਕ ਸੀ ਕਿ ਜਦੋਂ ਜੋਡੀ ਵਿਲਸਨ ਰੇਅਬਲਡ ਨੂੰ ਲਿਬਰਲ ਕਾਕਸ ਵਿੱਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ ਤਾਂ ਲਿਬਰਲ ਐਮ ਪੀਆਂ ਨੇ ਇੰਝ ਤਾੜੀਆਂ ਮਾਰੀਆਂ ਜਿਵੇਂ ਜੁਲੀਅਸ ਸੀਜ਼ਰ (Julius Caesar) ਨੂੰ ਉਸਦੇ ਆਪਣੇ ਸੀਨੇਟਰ ਖੰਜਰ ਮਾਰ ਰਹੇ ਹੋਣ।

 ਇਹ ਸੋਚਣਾ ਗਲਤ ਹੋਵੇਗਾ ਕਿ ਹੱਤਿਆ ਸਿਰਫ਼ ਮੂਲਵਾਸੀਆਂ ਦੇ ਵਿਸ਼ਵਾਸ਼ ਦੀ ਹੋਈ ਹੈ। ਹੱਤਿਆ ਤਾਂ ਸਮੂਹ ਕੈਨੇਡੀਅਨਾਂ ਦੇ ਉਸ ਵਿਸ਼ਵਾਸ਼ ਦੀ ਹੋਈ ਹੈ ਜੋ ਔਰਤਾਂ ਦੀ ਬਰਾਬਰੀ ਲਈ ਆਵਾਜ਼ ਚੁੱਕਣ, ਸਿਆਸਤ ਨੂੰ ਇਖਲਾਕੀ ਕਦਰਾਂ ਕੀਮਤਾਂ ਦੇ ਰਾਹ ਤੋਰਨ, ਮੂਲਵਾਸੀਆਂ ਨਾਲ ਨਵੇਂ ਸਿਰੇ ਤੋਂ ਸਬੰਧ ਪੈਦਾ ਕਰਨ, ਹਰ ਰੁੱਖ ਪਿੱਛੇ ਲੁਕੇ ਸ਼ੱਕ ਨੂੰ ਦੂਰ ਕਰਨ ਲਈ ਮੁੜ ਜੰਮਿਆ ਸੀ। ਨਾਇਕ ਖਸਮ ਹਮਾਰੇ ਦੀ ਧਾਰਨਾ ਤਾਂ ਇੱਕ ਪਾਸੇ ਰਹੀ, ਸਾਡੇ ਵਿਚਕਾਰੋਂ ਤਾਂ ਨਾਇਕ ਹੋਣ ਦਾ ਵਿਖਾਵਾ ਕਰਨ ਵਾਲਾ ਵੀ ਚੁੱਪ ਚੁਪੀਤੇ ਉੱਠ ਗਿਆ ਹੈ। ਬਾਕੀ ਰਹਿ ਗਿਆ ਹੈ ਮਹਿਜ਼ ਗੱਲਾਂ ਕਰਨ ਵਾਲਾ ਖੋਖਲਾ ਕਲਬੂਤ ਜਿਸਦਾ ਨਿਸ਼ਾਨਾ ਸਿਰਫ਼ ਅਤੇ ਸਿਰਫ਼ ਕੁਰਸੀ ਉੱਤੇ ਕਾਬਜ਼ ਰਹਿਣਾ ਹੈ।

 19 ਅਕਤੂਬਰ 2015 ਨੂੰ ਜਨਮੇ ਵਿਸ਼ਵਾਸ਼ ਦਾ ਬਿਨਾ ਵਕਤ ਚਲੇ ਜਾਣਾ ਦੁਖਦਾਈ ਹੈ। ਕਿਸੇ ਵੀ ਕੌਮ ਨੂੰ ਵੱਡਾ ਕਰਨ ਵਿੱਚ ਉਹਨਾਂ ਆਗੂਆਂ ਦਾ ਵੱਡਾ ਯੋਗਦਾਨ ਹੁੰਦਾ ਹੈ ਜੋ ਦੂਰਦਰਸ਼ੀ ਹੋਣ, ਨਿਰੱਪਖ ਹੋਣ, ਸੱਚ ਉੱਤੇ ਖੜੇ ਰਹਿਣ ਦਾ ਤਹਈਆ ਰੱਖਦੇ ਹੋਣ ਅਤੇ ਆਪਣੇ ਸ਼ਬਦਾਂ ਨੂੰ ਅਮਲ ਵਿੱਚ ਢਾਲਣ ਦੀ ਹਿੰਮਤ ਰੱਖਦੇ ਹੋਣ। ਜਿੱਥੇ ਕਿਤੇ ਵੀ ਅਤੇ ਜਿਸ ਕਿਸੇ ਵੀ ਵਿਅਕਤੀ ਵਿੱਚ ਅਜਿਹੇ ਗੁਣ ਹੋਣ ਦੀ ਸੰਭਾਵਨਾ ਵਿਖਾਈ ਦੇਂਦੀ ਹੈੇ, ਚਿਰਾਂ ਤੋਂ ਸਹੀ ਕੁੱਖ ਲੱਭਦੇ ਧੀ ਪੁੱਤਰ ਵਾਗੂੰ ਵਿਸ਼ਵਾਸ਼ ਕਬਰਾਂ ਵਿੱਚੋਂ ਵੀ ਮੁੜ ਉੱਠ ਖੜਾ ਹੋ ਜਾਂਦਾ ਹੈ ਜਿਸਦਾ ਜਸ਼ਨ ਸਾਰੇ ਮਨਾਉਂਦੇ ਹਨ। ਅਜਿਹੇ ਵਿਸ਼ਵਾਸ਼ ਦੀ ਹੱਿਤਆ ਹੋਣਾ ਲਾਜ਼ਮੀ ਹੀ ਦੁਖਦਾਈ ਹੁੰਦਾ ਹੈ ਪਰ ਉਸਤੋਂ ਵੱਧ ਦੁੱਖ ਉਸ ਵੇਲੇ ਹੁੰਦਾ ਹੈ ਜਦੋਂ ਕਈ ਵੱਲੋਂ ਵਿਸ਼ਵਾਸ਼ ਦੀ ਹੱਤਿਆ ਦਾ ਵੀ ਜਸ਼ਨ ਮਨਾਇਆ ਜਾਂਦਾ ਹੈ।

Have something to say? Post your comment