ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਵਾਸੀ ਵਾਤਾਵਰਣ ਰੀਸਰਚਰ, ਡਾਕੂਮੈਂਟਰੀ ਫਿਲਮ ਮੇਕਰ ਅਤੇ ਮੀਡੀਆ-ਕਰਮੀ ਪ੍ਰਭਜੋਤ ਕੌਰ ਕੈਂਥ ਨੂੰ ਕੈਨੇਡਾ ਦੇ ਗਵਰਨਰ ਜਨਰਲ ਵੱਲੋਂ Sovereign Award ਦਿੱਤਾ ਗਿਆ ਹੈ। ਇਸ ਸਬੰਧੀ ਸੂਚਨਾ ਬੀਬੀ ਕੈਂਥ ਨੂੰ ਥੋੜੇ ਦਿਨ ਪਹਿਲਾਂ ਪ੍ਰਾਪਤ ਹੋਈ ਹੈ।
ਪ੍ਰਭਜੋਤ ਕੈਂਥ ਪਿਛਲੇ 18 ਸਾਲ ਤੋਂ ਮਨੁੱਖੀ ਅਧਿਕਾਰਾਂ, ਉਸਾਰੂ ਵਾਤਾਰਵਣ ਲਈ ਵਿਸ਼ਵ ਦੇ ਵੱਖ 2 ਮੁਲਕਾਂ ਵਿੱਚ ਕਾਰਜਸ਼ੀਲ ਰਹੀ ਹੈ। ਪਲੈਨਟ ਵਨ ਫਾਉਂਡੇਸ਼ਨ ਦੀ ਸੰਸਥਾਪਕ ਪ੍ਰਭਜੋਤ ਕੈਂਥ ਮੁਤਾਬਕਤ ਉਹ ਬੀਤੇ ਕਈ ਸਾਲਾਂ ਤੋਂ ਗੰਧਲੇ ਪਾਣੀ ਦੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਭਾਰਤ ਵਿੱਚ ਕੈਂਪ ਲਾਉਂਦੀ ਆ ਰਹੀ ਹੈ। ਭਾਰਤ ਵਿੱਚ ਕੈਂਸਰ ਦੀ ਭਿਆਨਕ ਬਿਮਾਰੀ ਦੇ ਸੰਕਟ ਉੱਤੇ ਉਸਦੀਆਂ ਦਸਤਾਵੇਜ਼ੀ ਫਿਲਮਾਂ ਨੂੰ ਕਈ ਅੰਤਰਰਾਸ਼ਟਰੀ ਅਵਾਰਡ ਮਿਲ ਚੁੱਕੇ ਹਨ। ਉਹ ਪੰਜਾਬ ਵਿੱਚ ਲੜਕੀਆਂ ਨੂੰ ਸਿੱਖਿਅਤ ਕਰਨ ਅਤੇ ਸਮਰੱਥਵਾਨ ਬਣਾਉਣ ਲਈ ਵੀ ਵਾਲੰਟੀਅਰ ਕੰਮ ਕਰਦੀ ਹੈ। ਕਮਿਉਨਿਟੀ ਲਈ ਸੇਵਾਵਾਂ ਪ੍ਰਦਾਨ ਕਰਨ ਨੂੰ ਮੁੱਖ ਰੱਖਦੇ ਹੋਏ ਉਸਨੂੰ ਯੂਨਾਈਟਡ ਨੇਸ਼ਨਜ਼ ਸਸਟੇਨੇਬਲ ਡਿਵੈਲਪਮੈਂਟ ਟਰੇਨਿੰਗ ਲਈ ਵੀ ਬੁਲਾਇਆ ਗਿਆ ਸੀ। ਬੀਬੀ ਕੈਂਥ ਨੇ ਦੱਸਿਆ ਕਿ ਇਸਤੋਂ ਪਹਿਲਾਂ ਉਸਨੂੰ ਕੈਨੇਡਾ-150 ਅਤੇ ਲੈਫਟੀਨੈਂਟ ਗਵਰਨਰ ਜਨਰਲ ਦਾ ਵਾਲਟੀਅਰ ਅਵਾਰਡ ਵੀ ਹਾਸਲ ਹੋ ਚੁੱਕਾ ਹੈ।