Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਕਾਉਂਸਲਰ ਢਿੱਲੋਂ ਨੇ ਯੌਨ ਅਪਰਾਧੀ ਹਾਰਕਸ ਨੂੰ ਬਰੈਂਪਟਨ ਤੋਂ ਹਟਾਉਣ ਦੀ ਕੀਤੀ ਮੰਗ

March 26, 2019 08:07 AM

ਬਰੈਂਪਟਨ, 25 ਮਾਰਚ (ਪੋਸਟ ਬਿਊਰੋ) : ਬਰੈਂਪਟਨ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੂੰ ਚਿੱਠੀ ਲਿਖ ਕੇ ਯੌਨ ਅਪਰਾਧੀ (ਸੈਕਸ ਓਫੈਂਡਰ) ਮੈਥਿਊ ਹਾਰਕਸ ਨੂੰ ਬਰੈਂਪਟਨ ਤੋਂ ਹਟਾਉਣ ਦੀ ਮੰਗ ਕੀਤੀ ਹੈ। 
ਬ੍ਰਿਟਿਸ਼ ਕੋਲੰਬੀਆ ਦੇ ਮੈਥਿਊ ਹਾਰਕਸ, ਜਿਸ ਨੂੰ ਹੁਣ ਮੈਡੀਲਿਨ ਹਾਰਕਸ ਵਜੋਂ ਜਾਣਿਆ ਜਾਦਾ ਹੈ, 3 ਮਾਮਲਿਆਂ ਵਿੱਚ ਅੱਠ ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਉੱਤੇ ਜਿਨਸੀ ਹਮਲੇ ਦਾ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਉਸ ਵੱਲੋਂ 60 ਹੋਰਨਾਂ ਕੁੜੀਆਂ ਨੂੰ ਆਪਣਾ ਸਿ਼ਕਾਰ ਬਣਾਉਣ ਦਾ ਦਾਅਵਾ ਕੀਤਾ ਜਾਂਦਾ ਹੈ। ਪੀਲ ਰੀਜਨਲ ਪੁਲਿਸ ਨੇ ਇਹ ਸੰਕੇਤ ਦਿੱਤਾ ਹੈ ਕਿ ਹਾਰਕਸ ਦੁਬਾਰਾ ਅਜਿਹਾ ਗੁਨਾਹ ਕਰ ਸਕਦਾ ਹੈ। 
ਹਾਰਕਸ ਨੂੰ ਹੁਣ ਡਾਊਨਟਾਊਨ ਬਰੈਂਪਟਨ ਵਿੱਚ ਪਾਬੰਦੀਆਂ ਤਹਿਤ ਹਾਲਫਵੇਅ ਹਾਊਸ ਵਿੱਚ ਲਾਂਗ ਟਰਮ ਸੁਪਰਵਾਈਜ਼ਡ ਆਰਡਰ ਉੱਤੇ ਰੱਖਿਆ ਗਿਆ ਹੈ। ਉਹ ਜਨਤਕ ਸਵਿੰਮਿੰਗ ਵਾਲੀਆਂ ਥਾਂਵਾਂ, ਡੇਅਕੇਅਰਜ਼, ਸਕੂਲ ਗ੍ਰਾਊਂਡਜ਼ ਜਾਂ ਕਮਿਊਨਿਟੀ ਸੈਂਟਰਜ਼ ਵਿੱਚ ਨਹੀਂ ਜਾ ਸਕਦਾ ਪਰ ਉਸ ਨੂੰ ਦਿਨ ਵਿੱਚ ਚਾਰ ਘੰਟੇ ਅਜਿਹੇ ਵੀ ਮਿਲਿਆ ਕਰਨਗੇ ਜਦੋਂ ਕੋਈ ਵੀ ਉਸ ਦੀ ਨਿਗਰਾਨੀ ਨਹੀਂ ਕਰੇਗਾ। 
ਕਾਊਂਸਲਰ ਢਿੱਲੋਂ ਨੇ ਆਖਿਆ ਕਿ ਇਹ ਗੱਲ ਸਵੀਕਾਰਨਯੋਗ ਨਹੀਂ ਹੈ ਕਿ ਹਾਰਕਸ ਨੂੰ ਸਾਡੇ ਸ਼ਹਿਰ ਰੱਖਕੇ ਸਾਡੇ ਬੱਚਿਆਂ ਨੂੰ ਖਤਰੇ ਵਿੱਚ ਪਾਇਆ ਜਾਵੇ। ਬਰੈਂਪਟਨ ਵਾਸੀ ਕਦੇ ਵੀ ਇਸ ਤਰ੍ਹਾਂ ਦੇ ਯੌਨ ਅਪਰਾਧੀ ਨੂੰ ਆਪਣੇ ਵਿੱਚ ਰਹਿੰਦਾ ਬਰਦਾਸ਼ਤ ਨਹੀਂ ਕਰਨਗੇ। ਬਰੈਂਪਟਨ ਵਾਸੀਆਂ, ਖਾਸ ਤੌਰ ਉੱਤੇ ਸਾਡੇ ਬੱਚਿਆਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਿਆ ਜਾਣਾ ਬੇਹੱਦ ਜ਼ਰੂਰੀ ਹੈ। ਹਾਰਕਸ ਨੂੰ ਦੁਬਾਰਾ ਗੁਨਾਹ ਦੁਹਰਾਉਣ ਤੇ ਸਾਡੇ ਨਾਗਰਿਕਾਂ ਨੂੰ ਖਤਰੇ ਵਿੱਚ ਪਾਉਣ ਦਾ ਮੌਕਾ ਨਹੀਂ ਦੇਣਾ ਚਾਹੀਦਾ। ਉਨ੍ਹਾਂ ਗੁਡੇਲ ਨੂੰ ਲਿਖੀ ਚਿੱਠੀ ਵਿੱਚ ਅੱਗੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਇਸ ਬਾਬਤ ਫੌਰੀ ਕਾਰਵਾਈ ਕੀਤੀ ਜਾਵੇ। ਕਾਉਂਸਲਰ ਢਿੱਲੋਂ ਨਾਲ ਮੇਅਰ ਪੈਟ੍ਰਿਕ ਬ੍ਰਾਊਨ ਨੇ ਵੀ ਗੁਡੇਲ ਨੂੰ ਇਸ ਬਾਰੇ ਜਲਦ ਕੁੱਝ ਕਰਨ ਲਈ ਚਿੱਠੀ ਲਿਖੀ।

 

 
Have something to say? Post your comment