ਨਵੀਂ ਦਿੱਲੀ, 25 ਮਾਰਚ (ਪੋਸਟ ਬਿਊਰੋ)- ਚੱਕਰਵਾਤ ਤੂਫਾਨ ਤੋਂ ਪ੍ਰਭਾਵਤ ਮੌਜ਼ੰਬੀਕ ਵਿੱਚ ਭਾਰਤੀ ਸਮੁੰਦਰੀ ਫੌਜ ਦੇ ਜਵਾਨ ਫਰਿਸ਼ਤਾ ਬਣ ਗਏ। ਰਾਹਤ ਮੁਹਿੰਮ ਦੇ ਤਹਿਤ ਭਾਰਤੀ ਸਮੁੰਦਰੀ ਫੌਜ ਨੇ 192 ਤੋਂ ਵੱਧ ਲੋਕਾਂ ਦੀ ਨਾ ਕੇਵਲ ਜਾਨ ਬਚਾਈ, ਸਗੋਂ ਆਪਣੇ ਮੈਡੀਕਲ ਕੈਂਪਾਂ ਵਿੱਚ 1381 ਲੋਕਾਂ ਦੀ ਮਦਦ ਵੀ ਕੀਤੀ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਦੇ ਅਨੁਸਾਰ ਮੌਜ਼ੰਬੀਕ ਦੀ ਅਪੀਲ ਉਤੇ ਭਾਰਤ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਮੁੰਦਰੀ ਫੌਜ ਦੇ ਤਿੰਨ ਜਹਾਜ਼ਾਂ ਨੂੰ ਬੀਰਾ ਬੰਦਰਗਾਹ ਭੇਜਿਆ। ਆਈ ਐੱਨ ਐੱਸ ਸੁਜਾਤਾ, ਆਈ ਸੀ ਜੀ ਐਸ ਸਾਰਥੀ ਅਤੇ ਆਈ ਐੱਨ ਐੱਸ ਸ਼ਾਰਦੁਲ ਜਹਾਜ਼ਾਂ ਉੱਤੇ ਤੈਨਾਤ ਜਵਾਨ ਸਥਾਨਕ ਅਧਿਕਾਰੀਆਂ ਅਤੇ ਮਾਪੁਟੋ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਨਾਲ ਤਾਲਮੇਲ ਨਾਲ ਪਿਛਲੇ ਕਈ ਦਿਨਾਂ ਤੋਂ ਰਾਹਤ ਅਤੇ ਬਚਾਅ ਕੰਮ ਕਰ ਰਹੇ ਹਨ। ਇਨ੍ਹਾਂ ਵੱਲੋਂ ਭਾਰਤ ਦਾ ਚੇਤਕ ਹੈਲੀਕਾਪਟਰ ਪ੍ਰਭਾਵਤ ਇਲਾਕੇ ਦੇ ਹਵਾਈ ਸਰਵੇ ਅਤੇ ਪੀੜਤਾਂ ਤੱਕ ਮਦਦ ਪਹੁੰਚਾਉਣ ਵਿੱਚ ਲੱਗਾ ਹੋਇਆ ਹੈ। ਰਾਹਤ ਸਮੱਗਰੀ ਨਾਲ ਲੱਦੇ ਇੱਕ ਹੋਰ ਜਹਾਜ਼ ਆਈ ਐੱਨ ਐੱਸ ਮਗਰ ਨੂੰ ਮੌਜ਼ੰਬੀਕ ਭੇਜਿਆ ਜਾ ਰਿਹਾ ਹੈ। ਚੱਕਰਵਾਤ ‘ਈਡਾਈ’ ਨੇ ਪੂਰਬੀ ਅਤੇ ਦੱਖਣੀ ਅਫਰੀਕਾ ਵਿੱਚ 15 ਮਾਰਚ ਨੂੰ ਦਸਤਕ ਦਿੱਤੀ ਸੀ।