ਬਰਂੈਪਟਨ, 24 ਮਾਰਚ (ਪੋਸਟ ਬਿਊਰੋ)- ਫੈਡਰਲ ਕੰਜਰਵੇਟਿਵ ਪਾਰਟੀ ਵਲੋਂ ਆਪਣੇ ਐਮਪੀ ਲਈ ਬਰੈਂਪਟਨ ਸਾਊਥ ਤੋਂ ਉਮੀਦਵਾਰ ਦੀ ਚੋਣ 6 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਕੈਨੇਡੀਅਨ ਕਨਵੈਸ਼ਨ ਸੈਂਟਰ ਵਿਖੇ ਸਾਢੇ 9 ਵਜੇ ਤੋ ਲੈ ਕੇ ਸਾਢੇ 4 ਵਜੇ ਤੱਕ ਕਰਵਾਈ ਜਾ ਰਹੀ ਹੈ। ਇਸ ਨਾਮੀਨੇਸ਼ਨ ਵਿਚ ਛੇ ਉਮੀਦਵਾਰ ਭਾਗ ਲੈ ਰਹੇ ਹਨ ਅਤੇ ਇਨ੍ਹਾਂ ਉਮੀਦਵਾਰਾਂ ਵਿਚੋਂ ਕੈਨੇਡਾ ਦੇ ਜੰਮਪਲ ਤੇ ਪੜ੍ਹੇ ਲਿਖੇ ਨੌਜਵਾਨ ਨੂੰ ਹਰਦੀਪ ਗਰੇਵਾਲ ਨੂੰ ਇਸ ਸਮੇਂ ਭਾਈਚਾਰੇ ਵਿਚੋਂ ਭਾਰੀ ਉਤਸ਼ਾਹ ਮਿਲ ਰਿਹਾ ਹੈ। ਹਰਦੀਪ ਗਰੇਵਾਲ ਨੇ ਦਸੰਬਰ ਮਹੀਨੇ ਵਿਚ ਆਪਣੀ ਕੈਂਪੇਨ ਸ਼ੁਰੂ ਕੀਤੀ ਤੇ ਮਾਰਚ 14 ਤੱਕ ਰਿਕਾਰਡਤੋੜ ਮੈਂਬਰਸਿ਼ਪ ਸਾਈਨ ਕਰਨ ਲਈ ਹਲਕੇ ਦੇ ਲੋਕਾਂ ਨੂੰ ਪ੍ਰੇਰਿਆ। ਕੱਲ੍ਹ ਹਰਦੀਪ ਗਰੇਵਾਲ ਨਾਲ ਵੱਖ-ਵੱਖ ਕਾਲਜ ਤੇ ਯੂਨੀਵਰਸਿਟੀ ਤੋਂ ਆਏ ਇਕ ਗਰੁੱਪ ਨੇ ਗੱਲਬਾਤ ਕੀਤੀ ਤੇ ਉਸ ਨੂੰ ਆਪਣਾ ਪੂਰਨ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਇਨ੍ਹਾਂ ਨੌਜਵਾਨਾਂ ਨੇ ਵੀਕੈਂਡ ਉਤੇ ਹਰਦੀਪ ਗਰੇਵਾਲ ਨਾਲ ਹੁਣ ਤੱਕ ਸਾਈਨ ਕੀਤੀ ਮੈਂਬਰਸਿ਼ਪ ਦੇ ਡੋਰ ਨਾਕ ਕੀਤੇ, ਉਥੇ ਲੋਕਾਂ ਨੂੰ ਇਹ ਵੀ ਪ੍ਰੇਰਿਤ ਕਰਨ ਦੀ ਕੋਸਿ਼ਸ਼ ਕੀਤੀ ਕਿ ਇਥੋਂ ਦੇ ਜੰਮਪਲ ਨੌਜਵਾਨ ਹੀ ਪਾਰਲੀਮੈਂਟ ਵਿਚ ਸਾਡੀ ਆਵਾਜ਼ ਵਧੀਆ ਢੰਗ ਨਾਲ ਉਠਾ ਸਕਦੇ ਹਨ, ਸੋ ਤੁਸੀਂ ਹਰਦੀਪ ਗਰੇਵਾਲ ਦਾ ਸਹਿਯੋਗ ਦੇਵੋ। ਹਰਦੀਪ ਗਰੇਵਾਲ ਨੇ ਇਸ ਪ੍ਰਤੀ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਮੈਂਬਰਸਿ਼ਪ ਸਾਈਨ ਕਰਨ ਵਿਚ ਭਾਈਚਾਰੇ ਵਿਚੋਂ ਵੱਡਾ ਹੁੰਗਾਰਾ ਸਾਨੂੰ ਮਿਲਿਆ ਹੈ ਤੇ ਸਾਡੀ ਮਿਹਨਤ ਨੂੰ ਫਲ ਲੱਗਿਆ ਹੈ, ਇਸੇ ਤਰ੍ਹਾਂ ਹੀ ਭਾਈਚਾਰਾ ਬਰੈਂਪਟਨ ਸਾਊਥ ਤੋਂ ਹੁਣ ਸਾਡੇ ਵਲੋਂ ਕੀਤੀ ਜਾ ਰਹੀ ਮਿਹਨਤ ਨੂੰ ਸਫਲ ਕਰੇਗਾ ਤੇ ਵੱਡੀ ਗਿਣਤੀ ਵਿਚ ਨਿੱਕਲ ਕੇ ਵੋਟ ਪਾਵੇਗਾ। ਹਰਦੀਪ ਗਰੇਵਾਲ ਨੇ ਦੱਸਿਆ ਕਿ ਬੈਲੇਟ ਪੇਪਰ ਉਪਰ ਮੇਰਾ ਨਾਮ ਚੌਥੇ ਨੰਬਰ ਉਤੇ ਹੋਵੇਗਾ ਅਤੇ ਗਰੇਵਾਲ ਹਰਦੀਪ ਦੇ ਨਾਲ ਬਣੇ ਖਾਨੇ ਵਿਚ 1 ਨੰਬਰ ਲਿਖ ਕੇ ਤੁਸੀਂ ਉਨ੍ਹਾਂ ਨੂੰ ਆਪਣਾ ਕੀਮਤੀ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਡਰਾਇਵਿੰਗ ਲਾਈਸੰਸ, ਓਂਟਾਰੀਓ ਆਈਡੀ, ਕੈਨੇਡੀਅਨ ਪਾਸਪੋਰਟ, ਪੀਆਰ ਕਾਰਡ, ਹੈਲਥ ਕਾਰਡ ਜਾਂ ਫੇਰ ਲੈਟਰ, ਸੀਆਰਏ ਜਾਂ ਫੇਰ ਬੈਂਕ ਸਟੇਟਮੈਟ ਜਾਂ ਬਿਲ ਕੋਈ ਵੀ ਜਿਸ ਉਪਰ ਤੁਹਾਡੇ ਘਰ ਦਾ ਪਤਾ ਹੋਵੇ ਫੋਟੋ ਆਈਡੀ ਦੇ ਨਾਲ ਹੋਣਾ ਜਰੂਰੀ ਹੈ।