Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਇਟਲੀ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਖਿਝੇ ਬੰਦੇ ਨੇ ਸਕੂਲ ਬੱਸ ਨੂੰ ਅੱਗ ਲਾਈ

March 24, 2019 01:36 AM

ਰੋਮ, 23 ਮਾਰਚ (ਪੋਸਟ ਬਿਊਰੋ)- ਇਟਲੀ ਸਰਕਾਰ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਤੰਗ ਆਏ ਅਪਰਾਧਿਕ ਰਿਕਾਰਡ ਵਾਲੇ ਇੱਕ ਵਿਅਕਤੀ ਓਸੇਨੀਆ ਸਈ, ਜਿਹੜਾ ਮੂਲ ਤੌਰ 'ਤੇ ਸ਼ੇਨੈਗਲ ਦਾ ਹੈ, ਪਰ 2004 ਤੋਂ ਇਟਾਲੀਅਨ ਨਾਗਰਿਕਤਾ ਲੈ ਚੁੱਕਾ ਹੈ, ਨੇ ਇਟਲੀ ਦੇ ਕਿਰਮੋਨਾ ਸ਼ਹਿਰ ਦੇ ਇਕ ਮਿਡਲ ਸਕੂਲ ਦੀ 51 ਮਾਸੂਮ ਬੱਚਿਆਂ ਨਾਲ ਭਰੀ ਬੱਸ ਨੂੰ 47 ਸਾਲਾ ਡਰਾਈਵਰ ਸਮੇਤ ਅਗਵਾ ਕਰ ਲਿਆ। 40 ਮਿੰਟ ਇਹ ਬੱਚੇ ਉਸ ਦੇ ਕਬਜ਼ੇ ਵਿੱਚ ਰਹੇ, ਜਿਨ੍ਹਾਂ ਨੂੰ ਅਗਵਾਕਾਰ ਸਈ ਨੇ ਪ੍ਰੇਸ਼ਾਨ ਕੀਤਾ ਅਤੇ ਫਿਰ ਬੱਸ ਵਿੱਚ ਮੌਜੂਦ ਇਕ ਟੀਚਰ ਨੂੰ ਬੱਚਿਆਂ ਦੇ ਫੋਨ ਖੋਹ ਕੇ ਪਲਾਸਟਿਕ ਵਰਗੀ ਕਿਸੇ ਚੀਜ਼ ਨਾਲ ਮਾਰਨ ਦੇ ਇਰਾਦੇ ਨਾਲ ਹੱਥ ਬੰਨ੍ਹਣ ਲਈ ਕਿਹਾ, ਪਰ ਇਨ੍ਹਾਂ ਵਿੱਚੋਂ ਇਕ 13 ਸਾਲਾ ਬੱਚਾ ਕਿਸੇ ਤਰ੍ਹਾਂ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦੇਣ ਵਿੱਚ ਕਾਮਯਾਬ ਹੋ ਗਿਆ।
ਦੱਸਿਆ ਗਿਆ ਹੈ ਕਿ ਇਸ ਦੀ ਜਾਣਕਾਰੀ ਮਿਲਦੇ ਹੀ ਪੁਲਸ ਬੱਚਿਆਂ ਨੂੰ ਬਚਾਉਣ ਲਈ ਕਾਰਵਾਈ ਵਿੱਚ ਜੁਟ ਗਈ। ਅਗਵਾਕਾਰ, ਜਿਹੜਾ ਵਾਰ-ਵਾਰ ਬੱਚਿਆਂ ਨੂੰ ਇਹ ਕਹਿ ਰਿਹਾ ਸੀ ਕਿ ਕੋਈ ਨਹੀਂ ਬਚੇਗਾ, ਨੇ ਬੱਸ ਨੂੰ ਇਕ ਰੋਡ ਵਿੱਚ ਖੜੀ ਕਰਕੇ ਰਸਤੇ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਉਹ ਬੱਚਿਆਂ ਦਾ ਕੋਈ ਨੁਕਸਾਨ ਕਰ ਸਕਦਾ, ਪੁਲਸ ਨੇ ਪਿਛਲੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਕੱਢ ਲਿਆ, ਪਰ ਇੰਨੇ ਵਿੱਚ ਦੋਸ਼ੀ ਨੇ ਅੱਗ ਲਾ ਦਿੱਤੀ, ਜਿਸ ਦੇ ਧੂੰਏਂ ਦੇ ਪ੍ਰਭਾਵ ਕਾਰਨ 12 ਬੱਚਿਆਂ ਨੂੰ ਹਸਪਤਾਲ ਲਿਜਾਣਾ ਪਿਆ।
ਇਟਲੀ ਸਰਕਾਰ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਖਿਝੇ ਓਸੇਨੀਆ ਸਈ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸਕੂਲ ਬੱਸ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ, ਪਰ ਸਭ ਬੱਚੇ ਬਿਲਕੁਲ ਠੀਕ ਠਾਕ ਹਨ।

Have something to say? Post your comment