Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਜਵਾਨੀ ਵੇਲੇ

March 22, 2019 09:08 AM

-ਪ੍ਰਿੰ. ਸਰਵਣ ਸਿੰਘ
ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਜੰਗ ਦਾ ਮਾਹੌਲ ਬਣਨ ਲੱਗਦਾ ਹੈ, ਮੈਨੂੰ 1965 ਦੀ ਜੰਗ ਯਾਦ ਆ ਜਾਂਦੀ ਹੈ। ਉਹ ਜੰਗ ਮੈਂ ਵਰ੍ਹਦੇ ਗੋਲਿਆਂ ਵਿੱਚ ਨੇੜਿਓਂ ਵੇਖੀ ਸੀ। ਮੈਂ ਉਨ੍ਹੀਂ ਦਿਨੀਂ ਫਾਜ਼ਿਲਕਾ ਲਾਗੇ ਆਪਣੀ ਭੂਆ ਦੇ ਪਿੰਡ ਕੋਠੇ ਗਿਆ ਹੋਇਆ ਸਾਂ, ਜੋ ਬਾਰਡਰ ਵਾਲੇ ਪਾਸੇ ਹੈ। ਮੈਂ ਉਥੇ ਐਮ ਆਰ ਕਾਲਜ ਫਾਜ਼ਿਲਕਾ ਤੋਂ ਬੀ ਏ ਕੀਤੀ ਸੀ।
ਐਮ ਆਰ ਕਾਲਜ ਦੀ ਹਾਕੀ ਟੀਮ ਦਾ ਪੰਜ ਸਤੰਬਰ 1965 ਸ਼ਾਮ ਨੂੰ ਬੀ ਐਸ ਐਫ ਫਾਜ਼ਿਲਕਾ ਨਾਲ ਦੋਸਤਾਨਾ ਮੈਚ ਸੀ। ਮੈਂ 1960-61 ਵਿੱਚ ਉਸ ਕਾਲਜ ਦੀ ਹਾਕੀ ਟੀਮ ਦਾ ਕੈਪਟਨ ਸਾਂ। ਕਾਲਜ ਦੇ ਮੁੰਡਿਆਂ ਨੇ ਮੈਨੂੰ ਟੀਮ ਵਿੱਚ ਖਿਡਾਉਣ ਲਈ ਸੱਦ ਲਿਆ। ਮੈਂ ਸਾਈਕਲ ਉਤੇ ਕਾਲਜ ਦੇ ਹੋਸਟਲ ਪਹੁੰਚਿਆ ਤਾਂ ਬੀ ਐਸ ਐਫ ਵਾਲਿਆਂ ਦਾ ਸੁਨੇਹਾ ਆ ਗਿਆ ਕਿ ਮੈਚ ਨਹੀਂ ਹੋਣਾ। ਤਦੇ ਇਕ ਪਾਕਿਸਤਾਨੀ ਹਵਾਈ ਜਹਾਜ਼ ਨੇ ਫਾਜ਼ਿਲਕਾ ਸ਼ਹਿਰ ਉਤੋਂ ਦੀ ਕਾਫੀ ਨੀਵਾਂ ਹੋ ਕੇ ਚੱਕਰ ਲਾਇਆ। ਜਹਾਜ਼ ਦੀ ਗਰਜ ਤੋਂ ਲੋਕ ਦਹਿਲ ਗਏ। ਜਿਥੇ ਵੀ ਚਾਰ ਬੰਦੇ ਜੁੜਦੇ, ਸਭ ਉਸ ਜਹਾਜ਼ ਦੀਆਂ ਗੱਲਾਂ ਕਰਦੇ ਡਰੇ-ਡਰੇ ਲੱਗਦੇ। ਸਾਨੂੰ ਕੋਈ ਡਰ ਡੁਰ ਨਾ ਲੱਗਾ। ਮੈਂ ਹਨ੍ਹੇਰਾ ਪੈਣ ਤੋਂ ਪਹਿਲਾਂ ਪਿੰਡ ਮੁੜਨਾ ਠੀਕ ਸਮਝਿਆ। ਦਿਨ ਛਿਪਣ ਸਾਰ ਪਾਕਿਸਤਾਨ ਵਲੋਂ ਅਚਾਨਕ ਗੋਲੀਬਾਰੀ ਹੋਣ ਲੱਗੀ, ਜਿਸ ਦੀ ਆਵਾਜ਼ ਕੜਕਦੀ ਬਿਜਲੀ ਵਰਗੀ ਸੀ। ਸੁਲੇਮਾਨਕੀ ਸੜਕ ਉਤੇ ਜਾਂਦੇ ਮੈਂ ਤ੍ਰਹਿਕ ਕੇ ਡਿੱਗ ਪਿਆ। ਮੇਰੇ ਮੂਹਰੇ ਜਾਂਦੇ ਇਕ ਹੋਰ ਸਾਈਕਲ ਸਵਾਰ ਨਾਲ ਵੀ ਇਹੋ ਕੁਝ ਹੋਇਆ। ਇਸ ਘਟਨਾ ਨੂੰ ਭਾਵੇਂ ਚੁਰੰਜਾ ਸਾਲ ਹੋ ਗਏ ਹਨ, ਪਰ ਲੱਗਦਾ ਹੈ ਕਿ ਜਿਵੇਂ ਕੱਲ੍ਹ ਦੀ ਗੱਲ ਹੋਵੇ।
ਜਨਰਲ ਅਯੂਬ ਖਾਂ ਨੇ ਉਸੇ ਦਿਨ ਰੇਡੀਓ ਪਾਕਿਸਤਾਨ ਤੋਂ ਭਾਰਤ ਨੂੰ ਧਮਕੀ ਦਿੱਤੀ, ਜੋ ਸੱਚ ਕਰ ਵਿਖਾਈ ਸੀ। ਸਾਹਮਣਿਓਂ ਅਚਾਨਕ ਤੋਪਾਂ ਦੇ ਫਾਇਰ ਖੁੱਲ੍ਹ ਗਏ। ਮੈਂ ਰਿੜ੍ਹ ਕੇ ਖਤਾਨਾਂ ਵਿੱਚ ਜਾ ਲੁਕਿਆ ਅਤੇ ਗੋਲੀਬਾਰੀ ਰੁਕਣ ਉੱਤੇ ਹੋਸਟਲ ਪਰਤ ਗਿਆ। ਓਥੇ ਵੀਹ ਪੱਚੀ ਮੁੰਡੇ ਸਨ। ਅਸੀਂ ਸੜਕ ਵੱਲ ਦੀ ਕੰਧ ਕੋਲ ਸ਼ਹਿ ਕੇ ਬੈਠੇ ਬਾਰਡਰ ਨੂੰ ਜਾਂਦੀਆਂ ਫੌਜੀ ਗੱਡੀਆਂ ਵੇਖਣ ਲੱਗੇ। ਤਦੇ ਫੌਜੀ ਅਫਸਰਾਂ ਦੀ ਇਕ ਜੀਪ ਸਾਡੇ ਕੋਲ ਆ ਕੇ ਰੁਕੀ। ਉਹ ਸਾਥੋਂ ਬਾਰਡਰ ਦੇ ਪਿੰਡਾਂ ਬਾਰੇ ਜਾਣਕਾਰੀ ਲੈਣ ਲੱਗੇ। ਮੈਂ ਪਿੰਡ ਕੋਠੇ ਦਾ ਵੇਰਵਾ ਦਿੱਤਾ ਤਾਂ ਇਕ ਅਫਸਰ ਨੇ ਕਿਹਾ, ‘ਆਪ ਹਮਾਰੇ ਸਾਥ ਬੈਠੀਏ।'
ਮੈਂ ਜੀਪ ਵਿੱਚ ਬੈਠਣ ਲੱਗਾ ਸਾਂ ਕਿ ਹੋਸਟਲ ਵਾਰਡਨ ਨੇ ਮੈਨੂੰ ਰੋਕਿਆ ਕਿ ਅੱਗੇ ਜਾਣਾ ਖਤਰੇ ਤੋਂ ਖਾਲੀ ਨਹੀਂ। ਗੋਲੀਬਾਰੀ ਲਗਾਤਾਰ ਜਾਰੀ ਸੀ। ਬਾਰਡਰ ਵੱਲ ਦੇ ਪਿੰਡਾਂ ਤੋਂ ਲੋਕ ਗੱਡਿਆਂ, ਟਰੈਕਟਰਾਂ ਟਰਾਲੀਆਂ ਉੱਤੇ ਚੜ੍ਹੇ ਤੇ ਪੈਦਲ ਤੁਰੇ ਆ ਰਹੇ ਸਨ। ਮੈਂ ਸੜਕ 'ਤੇ ਖੜੇ ਹੋ ਕੇ ਕੋਠੇ ਤੋਂ ਆਉਣ ਵਾਲਿਆਂ ਨੂੰ ਉਡੀਕਣ ਲੱਗਾ, ਪਰ ਕੋਈ ਜੀਅ ਮੈਨੂੰ ਆਉਂਦਾ ਨਾ ਦਿਸਿਆ। ਫਿਰ ਖਿਆਲ ਆਇਆ ਕਿ ਸ਼ਾਇਦ ਕੋਠੇ ਵਾਲੇ ਪਿੰਡ ਦੇ ਲੋਕ ਆਵੇ ਵੱਲ ਕੱਚੇ ਰਾਹ ਨਿਕਲੇ ਹੋਣ। ਮੈਂ ਹਾਕੀ ਲੈ ਕੇ ਸੁਲੇਮਾਨਕੀ ਚੁੰਗੀ ਵੱਲ ਗਿਆ। ਉਥੇ ਵੀ ਕੋਠੇ ਦੇ ਕਿਸੇ ਬੰਦੇ ਦਾ ਪਤਾ ਨਾ ਲੱਗਾ।
ਤੋਪਾਂ ਦੇ ਫਾਇਰ ਬੰਦ ਹੋਏ ਤਾਂ ਅੱਧੀ ਰਾਤ ਮੈਂ ਪਿੰਡ ਆਵੇ ਨੂੰ ਚੱਲ ਪਿਆ। ਹਨੇ੍ਹਰਾ ਸਾਂ-ਸਾਂ ਕਰ ਰਿਹਾ ਸੀ। ਖੇਤਾਂ ਵਿੱਚ ਡਰਾਉਣੀ ਚੁੱਪ ਸੀ। ਅਸਾਮਾਨ ਵਿੱਚ ਤਾਰੇ ਵੀ ਡਰੇ-ਡਰੇ ਕੰਬਦੇ ਜਿਹੇ ਲੱਗਦੇ। ਹਵਾ ਦੇ ਬੁੱਲੇ ਨਾਲ ਹਿੱਲਦੀਆਂ ਝੋਨੇ ਦੀਆਂ ਮੁੰਜਰਾਂ ਗੋਲੀਆਂ ਚਲਾਉਂਦੀਆਂ ਜਾਪਦੀਆਂ। ਮੇਰੇ ਕੋਲ ਹਾਕੀ ਮੇਰਾ ਹਥਿਆਰ ਸੀ। ਸਿੱਲ੍ਹੀਆਂ ਪੈਲੀਆਂ ਵਿੱਚ ਭਾਦੋਂ ਦੀ ਭੜਾਸ ਸੀ। ਮੇਰੇ ਪੈਰ ਗਾਰੇ ਨਾਲ ਲਥਪਥ ਹੋ ਗਏ। ਆਵੇ ਪੁੱਜਾ ਤਾਂ ਕੋਠੇ ਵਾਲੇ ਗੱਡੇ ਤੇ ਟਰਾਲੀਆਂ ਰੋਕ ਕੇ ਖੜੇ ਸਨ ਤੇ ਕਹਿ ਰਹੇ ਸਨ, ‘ਤੋਪਾਂ ਬੰਦ ਹੋ ਗਈਆਂ ਤਾਂ ਪਿੰਡ ਛੱਡ ਕੇ ਦੂਰ ਕਾਹਦੇ ਲਈ ਜਾਣੈ?' ਮੈਂ ਕਿਹਾ, ‘ਤੋਪਾਂ ਉਨ੍ਹਾਂ ਨੇ ਆਪਾਂ ਤੋਂ ਪੁੱਛ ਕੇ ਨੀ ਚਲਾਉਣੀਆਂ। ਸਾਰਾ ਸ਼ਹਿਰ ਨਿਕਲ ਗਿਆ। ਚਲੋ ਛੇਤੀ ਨਿਕਲੀਏ।' ਅਸੀਂ ਉਸੇ ਵੇਲੇ ਤੁਰ ਪਏ। ਕੱਚੀ ਨੀਂਦੇ ਜਾਗੇ ਨਿਆਣੇ ਰੋ ਰਹੇ ਸਨ। ਜੋ ਕੁਝ 1947 ਦੇ ਬਟਵਾਰੇ ਬਾਰੇ ਪੜ੍ਹਿਆ ਸੁਣਿਆ ਸੀ, ਉਸੇ ਤਰ੍ਹਾਂ ਦਾ ਮੇਰੀਆਂ ਅੱਖਾਂ ਅੱਗੇ ਵਾਪਰ ਰਿਹਾ ਸੀ। ਲੋਕਾਂ ਦਾ ਗੱਡਿਆਂ ਉਤੇ ਉਧੜ ਗੁਧੜਾ ਸਾਮਾਨ ਲੱਦਿਆ ਸੀ, ਬੁੜ੍ਹੀਆਂ ਬੱਚੇ ਸਾਮਾਨ ਉਪਰ ਬੈਠੇ ਤੇ ਬੰਦੇ ਡੰਗਰ ਪਸ਼ੂ ਹੱਕ ਰਹੇ ਸਨ। ਫੁੱਫੜ ਹੋਰਾਂ ਦੀਆਂ ਭੈਣਾਂ ਪਿੰਡ ਗੋਨੇਆਣੇ ਵਿਆਹੀਆਂ ਸਨ, ਜਿਥੇ ਅਸੀਂ ਜਾਣਾ ਸੀ।
ਫੁੱਫੜ ਹੋਰੀਂ ਕਾਹਲੀ ਨਾਲ ਨਿਕਲੇ ਸਨ ਤੇ ਬਹੁਤਾ ਸਾਮਾਨ ਨਹੀਂ ਸੀ ਚੁੱਕ ਸਕੇ। ਕੁਝ ਘਰਾਂ ਦੇ ਬਜ਼ੁਰਗ ਸਾਮਾਨ ਅਤੇ ਡੰਗਰਾਂ ਦੀ ਰਾਖੀ ਲਈ ਪਿੱਛੇ ਛੱਡ ਆਏ ਸਨ, ਜਿਨ੍ਹਾਂ ਵਿੱਚ ਮੇਰੀ ਭੈਣ ਦਾ ਸਹੁਰਾ, ਮਾਸੜ ਜਗੀਰ ਸਿੰਘ ਵੀ ਸੀ। ਔਰਤਾਂ ਤੇ ਬੱਚਿਆਂ ਨੂੰ ਗੋਨੇਆਣਾ ਛੱਡ ਕੇ ਅਸੀਂ ਸਾਮਾਨ ਕੱਢਣ ਲਈ ਫਿਰ ਕੋਠੇ ਮੁੜੇ। ਸਾਡੇ ਟਰਾਲੀ ਆਪਣੇ ਖੇਤਾਂ ਕੋਲ ਪੁੱਜੀ ਤਾਂ ਤੋਪਾਂ ਫਿਰ ਚੱਲ ਪਈਆਂ। ਜ਼ੋਰ ਦੀ ਗੜਗੜਾਹਟ ਹੋਈ। ਟਰੈਕਟਰ ਟਰਾਲੀ ਤੋਂ ਛਾਲਾਂ ਮਾਰ ਕੇ ਅਸੀਂ ਖਾਲਿਆਂ ਵਿੱਚ ਜੇ ਲੇਟੇ। ਗੋਲੇ ਸਾਡੇ ਸਿਰਾਂ ਉਪਰ ਦੀ ਜਾ ਰਹੇ ਸਨ। ਇਕ ਗੋਲਾ ਅਸਲੋਂ ਮੇਰੇ ਨੇੜੇ ਡਿੱਗਾ ਤੇ ਡੂੰਘਾ ਟੋਆ ਪੈ ਗਿਆ। ਮੈਂ ਆਪਣੇ ਆਪ ਨੂੰ ਕੋਸਣ ਲੱਗਾ ਕਿ ਚੰਗੇ ਭਲੇ ਨਿਕਲ ਗਏ ਸਾਂ, ਫਿਰ ਆ ਫਸੇ ਹਾਂ। ਕੁਝ ਦੇਰ ਬਾਅਦ ਗੋਲੀਬਾਰੀ ਰੁਕੀ ਤਾਂ ਛੇਤੀ-ਛੇਤੀ ਘਰੋਂ ਸਾਮਾਨ ਚੁੱਕਿਆ। ਗੁਰਦਵਾਰਿਓਂ ਗੁਰੂ ਗੰ੍ਰਥ ਸਾਹਿਬ ਦੀ ਬੀੜ ਵੀ ਲੈ ਆਂਦੀ। ਬਚਦਾ ਸਾਮਾਨ ਲੈਣ ਲਈ ਦੁਬਾਰਾ ਕੋਠੇ ਗਏ। ਆਵੇ ਤੇ ਕੋਠੇ ਵਿਚਕਾਰ ਰੇਲਵੇ ਲਾਈਨ ਲੰਘਦੀ ਸੀ। ਉਥੇ ਮਾਸੜ ਜਗੀਰ ਸਿੰਘ ਮਿਲੇ। ਉਨ੍ਹਾਂ ਮੈਨੂੰ ਅੱਗੇ ਜਾਣ ਤੋਂ ਵਰਜਿਆ। ਜਵਾਨ ਉਮਰ ਸੀ, ਮੈਂ ਨਾ ਰੁਕਿਆ। ਦੋ ਦਿਨਾਂ ਪਿੱਛੋਂ ਖਬਰ ਮਿਲੀ, ਘਰ ਦੀ ਰਾਖੀ ਕਰਦੇ ਮਾਸੜ ਜਗੀਰ ਸਿੰਘ ਤੋਪ ਦਾ ਗੋਲਾ ਵੱਜਣ ਨਾਲ ਮੋੜ ਹੋ ਗਈ। ਉਹਦਾ ਸਸਕਾਰ ਕਈ ਦਿਨਾਂ ਬਾਅਦ ਹੋਇਆ।
ਟਿਕ ਟਿਕਾਅ ਹੋਇਆ ਤਾਂ ਮੈਂ ਤਬਾਹੀ ਦੇ ਦਿ੍ਰਸ਼ ਵੇਖਣ ਕੋਠੇ ਤੋਂ ਅਗਾਂਹ ਪਿੰਡ ਮੁਹੰਮਦ ਪੀਰੇ ਗਿਆ। ਉਥੇ ਡੰਗਰ ਹਲਾਲ ਕੀਤੇ ਜਾਣ ਨਾਲ ਮਿੱਟੀ ਲਹੂ ਦੀ ਘਾਣੀ ਬਣੀ ਹੋਈ ਸੀ। ਬੀਹੀਆਂ ਵਿੱਚ ਸਿਗਰਟਾਂ ਦੀਆਂ ਡੱਬੀਆਂ ਤੇ ਟੋਟੇ ਖਿਲਰੇ ਪਏ ਸਨ। ਕੋਈ ਘਰ ਸਬੂਤਾ ਨਹੀਂ ਸੀ। ਉਹ ਪਿੰਡ ਪਾਕਿਸਤਾਨੀ ਫੌਜਾਂ ਦੇ ਕਬਜ਼ੇ ਵਿੱਚ ਆ ਗਿਆ ਤੇ ਦੁਸ਼ਮਣ ਫੌਜ ਜੋ ਕੁਝ ਕਰਦੀ ਹੈ, ਕਿਸੇ ਤੋਂ ਗੁੱਝਾ ਨਹੀਂ। ਬੰਦੇ ਮਰਦੇ, ਪੈਲੀਆਂ ਉਜੜਦੀਆਂ ਤੇ ਅਸਮਤਾਂ ਲੁੱਟੀਆਂ ਜਾਂਦੀਆਂ ਹਨ। ਇੰਡੋ ਪਾਕਿ ਜੰਗ ਦੇ ਦੁੱਖ ਬਾਰਡਰ ਨੇੜੇ ਦੇ ਲੋਕ ਹੀ ਜਾਣਦੇ ਹਨ। ਦਿੱਲੀ ਬੈਠਿਆਂ ਨੂੰ ਜੰਗ ਦੇ ਸੰਤਾਪ ਦਾ ਅਹਿਸਾਸ ਨਹੀਂ। ਹਾਲੇ 1965, 71 ਤੇ ਕਾਰਗਿਲ ਦੀਆਂ ਜੰਗਾਂ ਦਾ ਪੰਜਾਬ ਨੂੰ ਲੱਗਾ ਸੇਕ ਹੀ ਠੰਢਾ ਨਹੀਂ ਪਿਆ। ਅੱਗੋ ਵੀ ਜੇ ਕਿਤੇ ਭਾਰਤ ਪਾਕਿ ਜੰਗ ਛਿੜ ਪਈ ਤਾਂ ਹਾਕਮਾਂ ਦੀਆਂ ਗੱਦੀਆਂ ਭਾਵੇਂ ਬਚ ਜਾਣ ਪਰ ਪੰਜਾਬ ਦਾ ਦੋਹੀਂ ਵੰਨੀ ਕੱਖ ਨਹੀਂ ਰਹਿਣਾ।

Have something to say? Post your comment