Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਕੀ ਲੋਕ ਮੋਦੀ ਨੂੰ ਇੱਕ ਹੋਰ ਮੌਕਾ ਦੇਣਗੇ

March 22, 2019 09:07 AM

-ਕਲਿਆਣੀ ਸ਼ੰਕਰ
ਚੋਣਾਂ ਨੇੜੇ ਆਉਂਦਿਆਂ ਹੀ ਜਿੱਤਣ ਵਾਸਤੇ ਕਈ ਅਹਿਮ ਮੁੱਦਿਆਂ ਉਤੇ ਚਰਚਾ ਸ਼ੁਰੂ ਹੋ ਜਾਂਦੀ ਹੈ। ਇਹ ਮੁੱਦੇ ਵੋਟਰਾਂ ਨੂੰ ਪ੍ਰਭਾਵਤ ਕਰਦੇ ਹਨ, ਪਰ ਇਹ ਸਥਾਈ ਨਹੀਂ ਹੁੰਦੇ, ਕਿਉਂਕਿ ਉਸ ਸਮੇਂ ਵਿਸ਼ੇਸ਼ ਵਿੱਚ ਸਿਆਸੀ ਮਾਹੌਲ ਅਨੁਸਾਰ ਮੁੱਦੇ ਬਦਲਦੇ ਰਹਿੰਦੇ ਹਨ। ਹਰ ਵਾਰ ਦੀਆਂ ਚੋਣਾਂ ਵਾਂਗ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਵੀ ਕੁਝ ਅਹਿਮ ਮੁੱਦੇ ਸਾਹਮਣੇ ਆਏ ਹਨ। ਮਿਸਾਲ ਵਜੋਂ ਇਨ੍ਹਾਂ ਚੋਣਾਂ ਵਿੱਚ ‘ਮੋਦੀ ਫੈਕਟਰ' ਵੱਡੀ ਭੂਮਿਕਾ ਨਿਭਾਏਗਾ ਕਿਉਂਕਿ ਇਸ ਫੈਕਟਰ ਦਾ ਕਾਫੀ ਪ੍ਰਭਾਵ ਰਹੇਗਾ। ਭਾਜਪਾ ਦਾ ਮੰਨਣਾ ਹੈ ਕਿ ‘ਮੋਦੀ ਮੈਜਿਕ' ਇਸ ਵਾਰ ਵੀ ਕੰਮ ਕਰੇਗਾ। 2014 ਵਿੱਚ ਮੋਦੀ ਲੋਕਾਂ ਲਈ ਨਵੇਂ ਸਨ। ਪੰਜ ਸਾਲ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ, ਸੁਣਿਆ ਤੇ ਉਨ੍ਹਾਂ ਦੇ ਕੰਮਾਂ ਨੂੰ ਜਾਂਚਿਆ ਹੈ। ਇਸ ਦਰਮਿਆਨ ਸੱਤਾ ਵਿਰੋਧੀ ਲਹਿਰ ਮੋਦੀ ਦੇ ਵਿਰੁੱਧ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਦਾ ਰਿਪੋਰਟ ਕਾਰਡ ਬਹੁਤ ਚੰਗਾ ਨਹੀਂ। ਕੁੱਲ ਮਿਲਾ ਕੇ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਲੋਕ ਮੋਦੀ ਨੂੰ ਇੱਕ ਹੋਰ ਮੌਕਾ ਦੇਣ ਲਈ ਤਿਆਰ ਹਨ?
ਪ੍ਰਿਅੰਕਾ ਗਾਂਧੀ ਵਾਡਰਾ, ਜੋ ਪਿੱਛੇ ਜਿਹੇ ਸਰਗਰਮ ਸਿਆਸਤ ਵਿੱਚ ਉਤਰੀ ਹੈ, ਵੀ ਇੱਕ ਫੈਕਟਰ ਵਜੋਂ ਉਭਰ ਕੇ ਸਾਹਮਣੇ ਆਈ ਹੈ। ਉਸ ਬਾਰੇ ਨਵਾਂਪਣ, ਬਿਨਾਂ ਪਰਖਿਆ ਗੁਣ, ਉਸ ਦੇ ਬੋਲਣ ਦਾ ਅੰਦਾਜ਼ ਤੇ ਉਸ ਦੀ ਸ਼ਖਸੀਅਤ ਤੋਂ ਇਲਾਵਾ ਉਸ ਦਾ ਗਾਂਧੀ ਪਰਵਾਰ ਨਾਲ ਜੁੜੀ ਹੋਣਾ ਵੀ ਭੂਮਿਕਾ ਨਿਭਾਅ ਸਕਦਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪ੍ਰਿਅੰਕਾ ਦਾ ਪ੍ਰਭਾਵ ਸੀਮਿਤ ਰਹੇਗਾ ਕਿਉਂਕਿ ਸਿਆਸੀ ਗਿਣਤੀ ਜਾਤ-ਪਾਤ ਦੀ ਸਿਆਸਤ ਤੇ ਗਠਜੋੜ ਦੀਆਂ ਚੁਣੌਤੀਆਂ ਪ੍ਰਿਅੰਕਾ ਦਾ ਰਾਹ ਮੁਸ਼ਕਲ ਕਰਨਗੀਆਂ। ਇਸ ਤੋਂ ਇਲਾਵਾ ਉਹ ਦੇਰ ਨਾਲ ਸਿਆਸੀ ਮੈਦਾਨ ਵਿੱਚ ਆਈ ਹੈ।
ਬਸਪਾ ਸੁਪਰੀਮੋ ਮਾਇਆਵਤੀ ਦਹਾਕਿਆਂ ਤੋਂ ਸਿਆਸਤ ਵਿੱਚ ਹੈ, ਪਰ ਇਸ ਵਾਰ ਉਹ ਵੱਡਾ ਫੈਕਟਰ ਬਣ ਗਈ ਹੈ ਕਿਉਂਕਿ ਬਸਪਾ ਨੂੰ ਐਤਕੀਂ ‘ਵੱਡਾ ਖਿਡਾਰੀ’ ਮੰਨਿਆ ਜਾ ਰਿਹਾ ਹੈ। ਬਹੁਤ ਸਾਰੀਆਂ ਪਾਰਟੀਆਂ ਮਾਇਆਵਤੀ ਨਾਲ ਹੱਥ ਮਿਲਾਉਣ ਦੀਆਂ ਚਾਹਵਾਨ ਹਨ ਕਿਉਂਕਿ ਬਸਪਾ ਦੀਆਂ ਵੋਟਾਂ ਟਰਾਂਸਫਰ ਹੁੰਦੀਆਂ ਹਨ। ਯੂ ਪੀ ਵਿੱਚ ਗੱਠਜੋੜ ਨੂੰ ਚੰਗੀਆਂ ਸੀਟਾਂ ਮਿਲ ਗਈਆਂ ਤਾਂ ਲੰਗੜੀ ਲੋਕ ਸਭਾ ਬਣਨ ਦੀ ਸਥਿਤੀ 'ਚ ਉਹ ਕਿੰਗਮੇਕਰ ਭੂਮਿਕਾ ਨਿਭਾ ਸਕਦੀ ਹੈ। ਇਸ ਤੋਂ ਇਲਾਵਾ ਮਾਇਆਵਤੀ ਨੇ ਪ੍ਰਧਾਨ ਮੰਤਰੀ ਦੀ ਇੱਛਾ ਵੀ ਪਾਲੀ ਹੋਈ ਹੈ।
ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਜੇਲ੍ਹ ਵਿੱਚ ਕੈਦ ਦੀ ਸਜ਼ਾ ਕੱਟ ਰਹੇ ਹਨ। ਇਸ ਦੇ ਬਾਵਜੂਦ ਉਹ ਬਿਹਾਰ ਵਿੱਚ ਵੱਡੇ ਖਿਡਾਰੀ ਹਨ। ਬਿਹਾਰ ਤੋਂ ਮਿਲੀ ਫੀਡਬੈਕ ਅਨੁਸਾਰ ਜੇਲ੍ਹ ਦੀ ਸਜ਼ਾ ਨੇ ਲਾਲੂ ਵੱਲ ਲੋਕਾਂ 'ਚ ਹਮਦਰਦੀ ਪੈਦਾ ਕੀਤੀ ਹੈ ਤੇ ਇਸ ਹਮਦਰਦੀ ਨੂੰ ਉਹ ਕਾਂਗਰਸ ਨਾਲ ਗੱਠਜੋੜ ਦੇ ਪੱਖ 'ਚ ਕੈਸ਼ ਕਰਨਾ ਚਾਹੁੰਦੇ ਹਨ।
ਕੌਮੀ ਸੁਰੱਖਿਆ ਦਾ ਮੁੱਦਾ ਵੀ ਬੜਾ ਅਹਿਮ ਹੈ, ਜਿਸ ਦਾ ਲਾਭ ਭਾਜਪਾ ਇਨ੍ਹਾਂ ਚੋਣਾਂ ਵਿੱਚ ਲੈਣਾ ਚਾਹੇਗੀ ਕਿਉਂਕਿ ਪੁਲਵਾਮਾ ਹਮਲੇ ਅਤੇ ਉਸ ਦੇ ਜਵਾਬ ਵਿੱਚ ਬਾਲਾਕੋਟ ਏਅਰ ਸਟ੍ਰਾਈਕ ਭਾਜਪਾ ਦੇ ਪ੍ਰਚਾਰ ਮੁਹਿੰਮ ਦੀ ਮੁੱਖ ਧੁਰੀ ਬਣ ਗਈ ਹੈ। ਭਾਜਪਾ ਲਈ ਇਸ ਮੁੱਦੇ ਨੂੰ ਅਗਲੇ ਦੋ ਮਹੀਨਿਆਂ ਤੱਕ ਢੁੱਕਵਾਂ ਬਣਾਈ ਰੱਖਣਾ ਔਖਾ ਹੋਵੇਗਾ ਕਿਉਂਕਿ ਵਿਰੋਧੀ ਧਿਰ ਬੇਰੋਜ਼ਗਾਰੀ, ਨੋਟਬੰਦੀ, ਜੀ ਐਸ ਟੀ, ਖੇਤੀਬਾੜੀ ਸੰਕਟ ਆਦਿ ਮੂਲ ਮੁੱਦਿਆਂ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ।
ਦਿਹਾਤੀ ਖੇਤਰ ਵਿੱਚ ਨਿਰਾਸ਼ਾ ਦਾ ਮਾਹੌਲ ਵੀ ਇੱਕ ਮੁੱਦਾ ਹੈ। ਭਾਜਪਾ ਨੂੰ ਸ਼ਹਿਰੀ ਪਾਰਟੀ ਵਜੋਂ ਜਾਣਿਆ ਜਾਂਦਾ ਹੈ, ਪਰ 2014 ਦੀਆਂ ਚੋਣਾਂ ਵਿੱਚ ਦਿਹਾਤੀ ਲੋਕਾਂ ਨੇ ਮੋਦੀ ਦੇ ਪੱਖ 'ਚ ਵੋਟ ਦੇ ਕੇ ਭਾਜਪਾ ਨੂੰ ਜਿਤਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ, ਪਰ ਇਸ ਵਾਰੀ ਭਾਜਪਾ ਤੋਂ ਦਿਹਾਤੀਆਂ ਦਾ ਮੋਹ ਭੰਗ ਹੋ ਚੁੱਕਾ ਹੈ। ਕਿਸਾਨ ਖੁਦਕੁਸ਼ੀਆਂ ਦੇ ਵੱਧ ਮਾਮਲਿਆਂ ਨੂੰ ਦੇਖਦੇ ਹੋਏ ਖੇਤੀ ਸੰਕਟ ਵੀ ਇਸ ਸਮੇਂ ਅਹਿਮ ਮੁੱਦਾ ਹੈ। ਪਿਛਲੇ ਸਾਲ ਦਸੰਬਰ ਵਿੱਚ ਹੋਈਆਂ ਚੋਣਾਂ ਦੌਰਾਨ ਤਿੰਨ ਸੂਬਿਆਂ ਵਿੱਚ ਭਾਜਪਾ ਦੀ ਹਾਰ ਲਈ ਇਸ ਨੂੰ ਮੁੱਖ ਕਾਰਨਾਂ 'ਚੋਂ ਇੱਕ ਮੰਨਿਆ ਜਾ ਰਿਹਾ ਹੈ। ਜੇ ਮੋਦੀ ਸੱਤਾ ਵਿੱਚ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਸਾਨ ਵੋਟਰਾਂ ਦਾ ਭਰੋਸਾ ਜਿੱਤਣਾ ਪਵੇਗਾ।
ਰੋਜ਼ਗਾਰ (ਜਾਂ ਬੇਰੋਜ਼ਗਾਰੀ) ਇੱਕ ਹੋਰ ਮੁੱਦਾ ਹੈ ਕਿਉਂਕਿ ਨੌਜਵਾਨ ਇਸ ਮਾਮਲੇ ਵਿੱਚ ਨਿਰਾਸ਼ਾ ਦੀ ਸਥਿਤੀ ਵਿੱਚ ਹਨ। ਮੋਦੀ ਨੇ 2014 ਵਿੱਚ ਜਿੰਨੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਓਨੀਆਂ ਨਹੀਂ ਦੇ ਸਕੇ। ਇਸ ਸਮੇਂ ਬੇਰੋਜ਼ਗਾਰੀ ਦੀ ਦਰ ਪਿਛਲੇ ਤੀਹ ਸਾਲਾਂ ਵਿੱਚ ਸਭ ਤੋਂ ਵੱਧ ਹੈ। ਨੌਜਵਾਨਾਂ ਲਈ ਇਹ ਮੁੱਦਾ ਹੋਰ ਸਾਰੇ ਮੁੱਦਿਆਂ 'ਤੇ ਹਾਵੀ ਹੋ ਚੁੱਕਾ ਹੈ। ਇਸ ਵਾਰ 13 ਕਰੋੜ ਨਵੇਂ ਵੋਟਰ ਵੀ ਭੂਮਿਕਾ ਨਿਭਾਉਣਗੇ। 2014 ਦੀਆਂ ਚੋਣਾਂ ਵਿੱਚ ਲਗਭਗ 15 ਕਰੋੜ ਨਵੇਂ ਵੋਟਰਾਂ ਨੇ ਮੋਦੀ ਵੱਲ ਵੋਟਿੰਗ ਕੀਤੀ ਸੀ। ਇਸ ਵਾਰ ਲਗਭਗ ਹਰੇਕ ਸੀਟ 'ਤੇ ਡੇਢ ਲੱਖ ਨਵੇਂ ਵੋਟਰ ਦਰਜ ਹੋਏ ਹਨ, ਜੋ ਕਿਸੇ ਵੀ ਵਿਚਾਰਧਾਰਾ ਨਾਲ ਜੁੜੇ ਹੋਏ ਨਹੀਂ ਅਤੇ ਸਭ ਪਾਰਟੀਆਂ ਦੀਆਂ ਨਜ਼ਰਾਂ ਇਨ੍ਹਾਂ ਵੋਟਰਾਂ 'ਤੇ ਹਨ।
ਸਿਆਸੀ ਪਾਰਟੀਆਂ ਲਈ ਮਹਿਲਾ ਵੋਟਰ ਵੀ ਅਹਿਮ ਹਨ। ਚੋਣ ਕਮਿਸ਼ਨ ਤੋਂ ਮਿਲੇ ਅੰਕੜਿਆਂ ਅਨੁਸਾਰ 2014 ਦੀਆਂ ਆਮ ਚੋਣਾਂ 'ਚ ਵੋਟਿੰਗ ਦੀ ਦਰ ਕਾਫੀ ਵਧੀ ਹੈ, ਜਿਸ ਦਾ ਇੱਕ ਮੁੱਖ ਕਾਰਨ ਮਹਿਲਾ ਵੋਟਰਾਂ ਵੱਲੋਂ ਵੱਧ-ਚੜ੍ਹ ਕੇ ਵੋਟਿੰਗ ਦਾ ਹਿੱਸਾ ਲੈਣਾ ਹੈ। ਇਹ ਵੀ ਅਹਿਮ ਹੈ ਕਿ ਬੀਜੂ ਜਨਤਾ ਦਲ ਨੇ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਤਿ੍ਰਣਮੂਲ ਕਾਂਗਰਸ ਨੇ ਔਰਤਾਂ ਲਈ 41 ਫੀਸਦੀ ਸੀਟਾਂ ਰੱਖੀਆਂ ਹਨ, ਜਦ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਭਾਜਪਾ ਵੀ ਕਈ ਸਰਕਾਰੀ ਪ੍ਰੋਗਰਾਮਾਂ ਦੇ ਜ਼ਰੀਏ ਮਹਿਲਾ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੁਨੀਆ ਭਰ ਵਿੱਚ ਬਹੁਤ ਸਾਰੇ ਨੇਤਾਵਾਂ ਨੇ ਅਰਥ ਵਿਵਸਥਾ ਦੇ ਮੁੱਦੇ 'ਤੇ ਚੋਣਾਂ ਜਿੱਤੀਆਂ ਤੇ ਹਾਰੀਆਂ ਹਨ। ਅਸਲ ਵਿੱਚ ਮੋਦੀ ਅਰਥ ਵਿਵਸਥਾ ਦੇ ਮੁੱਦੇ 'ਤੇ ਸਵਾਰ ਹੋ ਕੇ ਸੱਤਾ ਵਿੱਚ ਆਏ ਸਨ। ਉਨ੍ਹਾਂ ਵੱਲੋਂ ਚੁੱਕੇ ਗਏ ਨੋਟਬੰਦੀ ਤੇ ਜੀ ਐਸ ਟੀ ਵਰਗੇ ਕਦਮ ਵੋਟਰਾਂ ਨੂੰ ਰਾਸ ਨਹੀਂ ਆਏ। ਅਜਿਹੀ ਸਥਿਤੀ ਵਿੱਚ ਵਿਰੋਧੀ ਧਿਰ ਭਾਜਪਾ ਨੂੰ ਆਰਥਿਕ ਮੁੱਦਿਆਂ ਤੇ ਘੇਰਨਾ ਚਾਹੁੰਦੀ ਹੈ। ਜਾਤ ਦਾ ਮੁੱਦਾ ਵੀ ਹਰ ਵਾਰ ਦੀਆਂ ਚੋਣਾਂ ਦੀ ਹਕੀਕਤ ਹੈ ਤੇ ਚੋਣਾਂ ਜਿੱਤਣ ਲਈ ਚੋਣ ਗਣਿਤ ਵਿੱਚ ਜਾਤ ਦਾ ਸਮੀਕਰਣ ਅਹਿਮ ਭੂਮਿਕਾ ਨਿਭਾਉਂਦਾ ਹੈ। ਬਹੁਤ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਚੋਣ ਜਾਤ ਦੇ ਆਧਾਰ 'ਤੇ ਕਰਦੀਆਂ ਹਨ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਵੀ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਅਹਿਮ ਮੁੱਦਾ ਬਣ ਚੁੱਕਾ ਹੈ। 2014 ਵਿੱਚ ਸਾਰੀਆਂ ਪਾਰਟੀਆਂ ਨੇ ਸੋਸ਼ਲ ਮੀਡੀਆ ਦਾ ਖੂਬ ਇਸਤੇਮਾਲ ਕੀਤਾ ਅਤੇ ਇਸ ਵਾਰ ਇਸ ਦੀ ਵਰਤੋਂ ਹੋਰ ਵੀ ਜ਼ਿਆਦਾ ਹੋਵੇਗੀ। ਚੋਣ ਨਤੀਜੇ ਇਸ ਗੱਲ 'ਤੇ ਨਿਰਭਰ ਕਰਨਗੇ ਕਿ ਕਿਹੜੀਆਂ ਪਾਰਟੀਆਂ ਕਿਸ ਤਰ੍ਹਾਂ ਇਨ੍ਹਾਂ ਮੁੱਦਿਆਂ ਨੂੰ ਆਪਣੇ ਪੱਖ ਵਿੱਚ ਅਤੇ ਵਿਰੋਧੀਆਂ ਦੇ ਵਿਰੁੱਧ ਕਰ ਸਕਦੀਆਂ ਹਨ।

 

Have something to say? Post your comment