ਬਰੱਸਲਜ਼, 21 ਮਾਰਚ (ਪੋਸਟ ਬਿਊਰੋ) : ਤਿੰਨ ਸਾਲਾਂ ਤੋਂ ਬ੍ਰੈਗਜਿ਼ਟ ਲਈ ਸੰਘਰਸ਼ ਕਰ ਰਹੇ ਲੰਡਨ ਨੂੰ ਵੀਰਵਾਰ ਨੂੰ ਯੂਰਪੀਅਨ ਯੂਨੀਅਨ ਦੇ ਆਗੂਆਂ ਨੇ ਬਲਾਕ ਤੋਂ ਪਾਸੇ ਹੋਣ ਲਈ ਥੋੜ੍ਹਾ ਹੋਰ ਸਮਾਂ ਦੇ ਦਿੱਤਾ। ਪਰ ਇਸ ਨਾਲ ਮੇਅ ਦੀਆਂ ਮੁਸੀਬਤਾਂ ਅਜੇ ਘੱਟ ਨਹੀਂ ਹੋਈਆਂ।
ਦੁਪਹਿਰ ਤੋਂ ਸ਼ੁਰੂ ਹੋਈ ਮੀਟਿੰਗ, ਜੋ ਕਿ ਡਿਨਰ ਤੱਕ ਚੱਲੀ, ਵਿੱਚ ਬਲਾਕ ਨੇ ਆਖਿਆ ਕਿ ਬ੍ਰਿਟੇਨ 29 ਮਾਰਚ ਨੂੰ ਹੋਣ ਵਾਲੇ ਆਪਣੇ ਤੋੜ ਵਿਛੋੜੇ ਨੂੰ ਮੁਲਤਵੀ ਕਰ ਸਕਦਾ ਹੈ ਬਸ਼ਰਤੇ ਯੂਕੇ ਦੀ ਪਾਰਲੀਆਮੈਂਟ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਇਸ ਡੀਲ ਉੱਤੇ ਅਗਲੇ ਹਫਤੇ ਮੁਹਰ ਲਾਉਂਦੀ ਹੈ। ਇਸ ਲਈ ਉਸ ਨੂੰ ਹੁਣ 22 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਦੋ ਵਾਰੀ ਰੱਦ ਕੀਤੀ ਜਾ ਚੁੱਕੀ ਇਸ ਡੀਲ ਨੂੰ ਹੁਣ ਜੇ ਤੀਜੀ ਵਾਰੀ ਵੀ ਰੱਦ ਕਰ ਦਿੱਤਾ ਗਿਆ ਤਾਂ ਬਲਾਕ ਨੇ ਆਖਿਆ ਕਿ ਬ੍ਰਿਟੇਨ ਕੋਲ 12 ਅਪਰੈਲ ਤੱਕ ਦਾ ਹੀ ਸਮਾਂ ਹੋਵੇਗਾ ਕਿ ਉਹ ਅਗਲੀ ਕਾਰਵਾਈ ਬਾਰੇ ਦੱਸੇ। ਯੂਰਪੀਅਨ ਕਾਉਂਸਲ ਦੇ ਪ੍ਰੈਜ਼ੀਡੈਂਟ ਡੌਨਲਡ ਟਸਕ ਨੇ ਆਖਿਆ ਕਿ ਮੇਅ ਨੇ ਇਸ ਯੋਜਨਾ ਲਈ ਸਹਿਮਤੀ ਦਿੱਤੀ ਹੈੇ।
ਬਰੱਸਲਜ਼ ਵਿੱਚ ਯੂਰਪੀਅਨ ਯੂਨੀਅਨ ਸਿਖਰ ਵਾਰਤਾ ਵਿੱਚ ਆਗੂਆਂ ਵਿਚਾਲੇ ਅਸਥਿਰਤਾ ਵਾਲਾ ਮਾਹੌਲ ਸਿਰਫ ਇਸ ਲਈ ਹੀ ਪਾਇਆ ਗਿਆ ਕਿਉਂਕਿ ਬ੍ਰਿਟੇਨ ਵਿੱਚ ਸਿਆਸਤਦਾਨ, ਕਾਰੋਬਾਰੀ ਤੇ ਨਾਗਰਿਕ ਇਸ ਮੁੱਦੇ ਉੱਤੇ ਕਾਫੀ ਫਿਕਰਮੰਦ ਹਨ। ਦੂਜੇ ਪਾਸੇ ਬ੍ਰਿਟੇਨ ਵਿੱਚ ਹਾਊਸ ਆਫ ਕਾਮਨਜ਼ ਵੀ ਇਸ ਮੁੱਦੇ ਨੂੰ ਲੈ ਕੇ ਕਿ ਯੂਰਪੀਅਨ ਯੂਨੀਅਨ ਨੂੰ ਛੱਡਿਆ ਜਾਵੇ ਜਾਂ ਨਾ, ਵੰਡਿਆ ਹੋਇਆ ਹੈ। ਦੋ ਵਾਰੀ ਇਸ ਡੀਲ ਨੂੰ ਰੱਦ ਕੀਤਾ ਜਾ ਚੁੱਕਿਆ ਹੈ।