Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਸਤਯੁੱਗ ਦੇ ਟੋਟੇ

March 21, 2019 09:41 AM

-ਅਰਤਿੰਦਰ ਸੰਧੂ
ਮੇਰੇ ਸਕੂਲ ਪੜ੍ਹਦੇ ਸਮੇਂ ਭਾਰਤ ਸੇਵਕ ਸਮਾਜ ਵੱਲੋਂ ਪਿੰਡਾਂ ਵਿੱਚ ਕੈਂਪ ਲਾਏ ਜਾਂਦੇ ਸਨ ਤੇ ਦੂਜੇ ਪਿੰਡਾਂ ਤੇ ਸ਼ਹਿਰਾਂ ਦੀਆਂ ਕੁੜੀਆਂ ਨੂੰ ਸਕੂਲਾਂ ਵੱਲੋਂ ਕੈਂਪਾਂ ਵਿੱਚ ਹਿੱਸਾ ਲੈਣ ਭੇਜਿਆ ਜਾਂਦਾ ਸੀ। ਇਉਂ ਵਿਦਿਆਰਥਣਾਂ ਨੂੰ ਕਈ ਕੁਝ ਸਿੱਖਣ ਦਾ ਮੌਕਾ ਮਿਲਦਾ ਸੀ, ਉਨ੍ਹਾਂ ਦੇ ਮਾਪੇ ਵੀ ਆਪਣੀਆਂ ਲੜਕੀਆਂ ਨੂੰ ਅਜਿਹੇ ਕਾਰਜਾਂ ਲਈ ਭੇਜ ਕੇ ਮਾਣ ਮਹਿਸੂਸ ਕਰਦੇ ਸਨ। ਇਨ੍ਹਾਂ ਕਾਰਜਾਂ ਰਾਹੀਂ ਮੁਲਕ ਨੂੰ ਮਿਲੀ ਆਜ਼ਾਦੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਜਾਂਦਾ ਅਤੇ ਚੰਗੀ ਸਿਹਤ ਵਾਸਤੇ ਸਫਾਈ ਦੇ ਮਹੱਤਵ ਨੂੰ ਵੀ ਪ੍ਰਚਾਰਿਆ ਜਾਂਦਾ ਸੀ।
ਉਦੋਂ ਮੈਂ ਨੌਸ਼ਹਿਰਾ ਪੰਨੂਆਂ ਸਕੂਲ ਵਿੱਚ ਸੀ। ਮੈਥੋਂ ਇਕ ਜਮਾਤ ਅੱਗੇ ਪੜ੍ਹਦੀ ਲੜਕੀ ਧਰਵਿੰਦਰ ਅਤੇ ਮੈਨੂੰ ਅਕਸਰ ਸਕੂਲ ਵਾਲਿਆਂ ਵੱਲੋਂ ਅਜਿਹੇ ਕਾਰਜਾਂ ਲਈ ਭੇਜ ਦਿੱਤਾ ਜਾਂਦਾ। ਉਦੋਂ ਮੈਂ ਸੱਤਵੀਂ ਵਿੱਚ ਸਾਂ, ਜਦੋਂ ਸਾਨੂੰ ਦੋਵਾਂ ਜਣੀਆਂ ਨੂੰ ਪਿੰਡ ਲਾਲਪੁਰੇ ਵਿੱਚ ਹਫਤੇ ਭਰ ਦੇ ਕੈਂਪ ਵਿੱਚ ਭਾਗ ਲੈਣ ਵਾਸਤੇ ਭੇਜਿਆ ਗਿਆ। ਸਰਦੀਆਂ ਦੇ ਦਿਨ ਹੋਣ ਕਰ ਕੇ ਰਾਤ ਜਲਦੀ ਪੈ ਜਾਂਦੀ ਸੀ। ਜਿਸ ਦਿਨ ਕੈਂਪ ਖਤਮ ਹੋਇਆ, ਵਿਹਲੇ ਹੁੰਦਿਆਂ-ਹੁੰਦਿਆਂ ਤਿਰਕਾਲਾਂ ਪੈ ਗਈਆਂ ਸਨ। ਨੌਸਹਿਰਾ ਪੰਨੂਆਂ ਦਾ ਗ੍ਰਾਮ ਸੇਵਕ (ਜਿਸ ਦਾ ਨਾਮ ਯਾਦ ਨਹੀਂ) ਸਾਨੂੰ ਲੈਣ ਵਾਸਤੇ ਆਇਆ। ਉਦੋਂ ਬੱਸ ਸਰਵਿਸ ਬਹੁਤ ਘੱਟ ਸੀ। ਸ਼ਾਇਦ ਉਸ ਪਿੰਡ ਇਕ ਅੱਧ ਬੱਸ ਦਿਨੇ ਕਿਸੇ ਵੇਲੇ ਚੱਕਰ ਲਾਉਂਦੀ ਹੋਵੇ, ਸ਼ਾਮ ਵੇਲੇ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ। ਗ੍ਰਾਮ ਸੇਵਕ ਨੇ ਸਾਨੂੰ ਕਿਹਾ, ‘ਤੁਹਾਡੇ ਬੈਗ ਮੈਂ ਇਥੇ ਹੀ ਕਿਤੇ ਰਖਵਾ ਦਿੰਦਾ ਹਾਂ, ਕੱਲ੍ਹ ਤੁਹਾਨੂੰ ਪਹੁੰਚਾ ਦਿਆਂਗਾ।'
ਬੈਗ ਕਿਸੇ ਦੇ ਹੱਥ ਫੜਾ ਕੇ ਉਹ ਸਾਨੂੰ ਦੋਵਾਂ ਨੂੰ ਆਪਣੇ ਸਾਈਕਲ ਉਤੇ ਬਿਠਾ ਕੇ ਲੈ ਤੁਰਿਆ, ਇਕ ਨੂੰ ਅੱਗੇ ਤੇ ਦੂਜੀ ਨੂੰ ਪਿੱਛੇ। ਦੋ ਕੁ ਵਾਰ ਉਸ ਨੇ ਸਾਡੀਆਂ ਆਪਸੀ ਥਾਵਾਂ ਵੀ ਬਦਲੀਆਂ ਤਾਂ ਕਿ ਅੱਗੇ ਬੈਠਣ ਵਾਲੀ ਕੁੜੀ ਬਹੁਤੀ ਨਾ ਥੱਕੇ। ਜਲਦੀ ਹਨੇਰ ਹੋ ਗਿਆ। ਚੰਦਰਮਾ ਦੀ ਮਾੜੀ ਮੋਟੀ ਚਾਨਣੀ ਉਸ ਦਿਨ ਹੈ ਸੀ, ਨਹੀਂ ਤਾਂ ਘੁੱਪ ਹਨੇਰਾ ਹੁੰਦਾ। ਕਦੇ ਵਗਦੇ ਸੂਏ ਦੇ ਕਿਨਾਰੇ ਤੇ ਕਦੀ ਵੀਰਾਨ ਕੱਚੇ ਪਹਿਆਂ ਉਤੇ ਸਾਈਕਲ ਚਲਾਉਂਦਾ ਉਹ ਸਾਨੂੰ ਦੋਵਾਂ ਜਣੀਆਂ ਨੂੰ ਤਰਨ ਤਾਰਨ ਲੈ ਆਇਆ। ਉਦੋਂ ਤਰਨ ਤਾਰਨ ਦਾ ਬੱਸ ਅੱਡਾ ਬਾਜ਼ਾਰ ਦੇ ਸਾਹਮਣੇ ਸ਼ਹਿਰ ਵਿੱਚ ਅਤੇ ਸ਼ਹਿਰ ਦੇ ਇਕੋ ਇਕ ਸਿਨੇਮਾ ਘਰ ਦੇ ਨੇੜੇ ਸੀ। ਉਸ ਨੇ ਸਾਨੂੰ ਬੱਸ ਅੱਡੇ ਸਾਹਮਣੇ ਬਣੇ ਢਾਬਿਆਂ ਵਿੱਚੋਂ ਰੋਟੀ ਖਵਾਈ, ਫਿਰ ਨੌਸ਼ਹਿਰਾ ਪੰਨੂਆ ਜਾਣ ਵਾਸਤੇ ਅੱਡੇ ਬਾਹਰ ਖਲੋਤੀ ਉਸ ਦਿਨ ਦੀ ਆਖਰੀ ਬੱਸ ਵਿੱਚ ਬਿਠਾ ਲਿਆ। ਆਪਣਾ ਸਾਈਕਲ ਉਸ ਨੇ ਬੱਸ ਉਤੇ ਰੱਖ ਦਿੱਤਾ ਸੀ। ਨੌਸ਼ਹਿਰੇ ਜਾ ਕੇ ਬੱਸ ਵਿੱਚੋਂ ਉਤਰਨ ਤੋਂ ਬਾਅਦ ਉਹ ਸਾਨੂੰ ਸਾਡੇ ਘਰੀਂ ਛੱਡਣ ਤੁਰ ਪਿਆ। ਦੂਜੀ ਕੁੜੀ ਦਾ ਘਰ ਬੱਸ ਅੱਡੇ ਦੇ ਨੇੜੇ ਹੀ ਸੀ। ਪਹਿਲਾਂ ਉਸ ਨੂੰ ਘਰ ਪਹੁੰਚਾਇਆ ਤੇ ਫਿਰ ਉਹ ਮੈਨੂੰ ਛੱਡਣ ਤੁਰ ਪਿਆ। ਮੇਰਾ ਘਰ ਸਾਰਾ ਪਿੰਡ ਪਾਰ ਕਰਨ ਪਿੱਛੋਂ ਦੂਜੇ ਪਾਸੇ ਸੀ। ਜਦੋਂ ਘਰ ਪਹੁੰਚੇ ਤਾਂ ਅੱਗੇ ਘਰ ਵਾਲੇ ਸੁੱਤੇ ਪਏ ਸੀ। ਉਨ੍ਹਾਂ ਸਮਝਿਆ ਹੋਣਾ ਹੈ ਕਿ ਸ਼ਾਇਦ ਕੁੜੀਆਂ ਕੱਲ੍ਹ ਵਾਪਸ ਮੁੜਨਗੀਆਂ। ਮੈਂ ਹੀ ਬੂਹਾ ਖੜਕਾ ਕੇ ਸਭ ਨੂੰ ਜਗਾਇਆ। ਮੈਨੂੰ ਘਰਦਿਆਂ ਦੇ ਹਵਾਲੇ ਕਰਕੇ ਉਹ ਭਲਾ ਆਦਮੀ ਵਾਪਸ ਚਲਾ ਗਿਆ। ਅਗਲੇ ਦਿਨ ਸਾਡੇ ਬੈਗ ਵੀ ਸਾਡੇ ਘਰੀਂ ਦੇ ਗਿਆ।
ਅੱਜ ਇਨ੍ਹਾਂ ਗੱਲਾਂ ਬਾਰੇ ਸੋਚਦੀ ਹਾਂ ਤਾਂ ਇਸ ਬਿਰਤਾਂਤ ਦੀਆਂ ਕੜੀਆਂ ਮਨੁੱਖਾਂ ਦੇ ਆਪਸੀ ਯਕੀਨ, ਸੁਹਿਰਦਤਾ ਤੇ ਫਰਜ਼ ਪ੍ਰਤੀ ਇਮਾਨਦਾਰੀ ਦੀ ਤਿ੍ਰਵੈਣੀ ਵਿੱਚ ਆ ਸਿਮਟਦੀਆਂ ਹਨ। ਸਕੂਲ ਵਾਲੇ ਸਿਰਫ ਸਾਨੂੰ ਦੋ ਕੁੜੀਆਂ ਨੂੰ ਕਹਿ ਦਿੰਦੇ ਸਨ ਕਿ ਫਲਾਣੇ ਦਿਨ ਤੁਸੀਂ ਇਸ ਜਗ੍ਹਾ ਇੰਨੇ ਦਿਨਾਂ ਵਾਸਤੇ ਕੈਂਪ ਵਿੱਚ ਹਿੱਸਾ ਲੈਣ ਵਾਸਤੇ ਜਾਣਾ ਹੈ ਤਿਆਰ ਹੋ ਜਾਇਓ। ਘਰ ਦੇ ਬਿਨਾਂ ਕੋਈ ਉਜ਼ਰ ਜਾਂ ਫਿਕਰ ਕੀਤੇ ਸਾਡੀ ਤਿਆਰੀ ਕਰ ਦਿੰਦੇ ਤੇ ਓਪਰੇ ਲੋਕਾਂ ਨਾਲ ਭੇਜ ਦਿੰਦੇ। ਉਦੋਂ ਨਾ ਫੋਨ ਸਨ ਤੇ ਨਾ ਕਿਤੇ ਬਾਹਰ ਜਾਣ ਪਿੱਛੋਂ ਇੰਨੇ ਦਿਨਾਂ ਲਈ ਚਿੱਠੀ ਪੱਤਰੀ ਦੀ ਗੁੰਜਾਇਸ਼ ਹੁੰਦੀ ਸੀ। ਨਾ ਕਦੀ ਘਰ ਦਾ ਕੋਈ ਜੀਅ ਸਾਡੇ ਪਿੱਛੇ ਇਹ ਦੇਖਣ ਆਇਆ ਕਿ ਸਾਡੀਆਂ ਲੜਕੀਆਂ ਕਿੱਥੇ ਤੇ ਕਿਸ ਤਰ੍ਹਾਂ ਰਹਿ ਰਹੀਆਂ ਹਨ। ਬੱਸ ਕੋਈ ਯਕੀਨ ਹੀ ਸੀ ਕਿ ਸਭ ਕੁਝ ਅਤੇ ਸਾਰੇ ਲੋਕ ਸਹੀ ਹਨ ਤੇ ਸਾਡੀਆਂ ਬੱਚੀਆਂ ਨੂੰ ਕੋਈ ਖਤਰਾ ਨਹੀਂ। ਜਿਨ੍ਹਾਂ ਲੋਕਾਂ ਨੂੰ ਸਾਡੀ ਜ਼ਿੰਮੇਵਾਰੀ ਦਿੱਤੀ ਜਾਂਦੀ, ਉਹ ਵੀ ਹਰ ਹਾਲ, ਦਿਨ ਹੋਵੇ ਤੇ ਭਾਵੇਂ ਰਾਤ, ਇਸ ਫਰਜ਼ ਨੂੰ ਨਿਭਾਉਂਦੇ।
ਕਈ ਵਾਰ ਸਕੂਲ ਦਾ ਦਰਜਾ ਚਾਰ ਮੁਲਾਜ਼ਮ ਹੀ ਘਰ ਸੁਨੇਹਾ ਦੇ ਜਾਂਦਾ ਕਿ ਸਕੂਲ ਵੱਲੋਂ ਕੁੜੀਆਂ ਨੂੰ ਫਲਾਨੀ ਥਾਂ ਕੈਂਪ 'ਤੇ ਭੇਜਿਆ ਜਾਣਾ ਹੈ, ਇੰਨੇ ਵਜੇ ਤਿਆਰ ਕਰ ਦੇਣਾ, ਤੇ ਅਸੀਂ ਤਿਆਰ ਹੋ ਜਾਣਾ। ਅੱਜ ਦੇ ਮੁਤਾਬਕ ਸੋਚਦੀ ਹਾਂ ਤਾਂ ਦੁੱਖ ਹੁੰਦਾ ਹੈ ਕਿ ਮਨੁੱਖੀ ਰਿਸ਼ਤਿਆਂ ਦਾ ਤਾਣਾ ਕਿੰਨਾ ਨਿੱਘਰ ਚੁੱਕਾ ਹੈ। ਕੋਈ ਲੜਕੀ ਬਾਹਰ ਕੀ, ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਜਾਪਦੀ। ਹਰ ਮਾਂ ਬਾਪ ਆਪਣੀ ਬੱਚੀ ਜਾਂ ਬੱਚੇ ਨੂੰ ਕਿਸੇ ਵੀ ਅਨਜਾਣ ਨਾਲ ਤਾਂ ਕੀ, ਆਪਣੇ ਨਾਲ ਵੀ ਕਿਤੇ ਭੇਜਣ ਤੋਂ ਡਰਨ ਲੱਗਾ ਹੈ। ਉਹ ਸਮਾਂ ਬੀਤਿਆਂ ਅਜੇ ਕੋਈ ਬਹੁਤਾ ਵਕਤ ਨਹੀਂ ਹੋਇਆ ਪਰ ਮਨੁੱਖੀ ਕਦਰਾਂ ਕੀਮਤਾਂ ਲੀਰੋ ਲੀਰ ਹੋ ਗਈਆਂ ਹਨ। ਉਸ ਸਮੇਂ ਨੂੰ ਚਿਤਵਦਿਆਂ ਜਾਪਦਾ ਹੈ ਕਿ ਜਿਸ ਸਤਯੁੱਗ ਦੀਆਂ ਕਹਾਣੀਆਂ ਸੁਣਦੇ ਹਾਂ, ਉਹ ਇਸ ਤੋਂ ਵੱਧ, ਹੋਰ ਕੀ ਹੁੰਦਾ ਹੋਵੇਗਾ! ਸਤਯੁੱਗ ਤਾਂ ਸਾਨੂੰ ਇਸੇ ਤਰ੍ਹਾਂ ਦੇ ਟੋਟਿਆਂ ਵਿੱਚ ਹੀ ਕਦੇ ਕਦਾਈ ਮਿਲ ਜਾਂਦਾ ਹੈ ਬੱਸ!

Have something to say? Post your comment