Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਵੀਆਹੁ ਹੋਆ ਮੇਰੇ ਬਾਬੁਲਾ

March 20, 2019 08:52 AM

-ਪਰਮਜੀਤ ਕੌਰ ਸਰਹਿੰਦ
ਅਜੋਕੇ ਭੱਜ ਦੌੜ ਦੇ ਯੁੱਗ ਵਿੱਚ ਬਹੁਤ ਸਾਰੀਆਂ ਮਾਣਮੱਤੀਆਂ ਇਥੋਂ ਤੱਕ ਕਿ ਧਾਰਮਿਕ ਰਸਮਾਂ ਵੀ ਸੁੰਗੜ ਕੇ ਰਹਿ ਗਈਆਂ ਹਨ। ਲੋਕ ਉਨ੍ਹਾਂ ਦੀ ਮਹੱਤਤਾ ਨੂੰ ਸਮਝਣ ਦੀ ਥਾਂ ਕੇਵਲ ਜ਼ਰੂਰੀ ਕਾਰਜ ਵਾਂਗ ਨਿਪਟਾਉਣ ਵਾਲੀ ਸੋਚ ਦੇ ਧਾਰਨੀ ਬਣਦੇ ਜਾ ਰਹੇ ਹਨ। ਵਿਆਹ ਸਮੇਂ ਅਨੰਦ ਕਾਰਜ ਜਾਂ ਲਾਵਾਂ ਫੇਰੇ ਵੀ ਇਸੇ ਸੋਚ ਦੇ ਪ੍ਰਭਾਵ ਹੇਠ ਆ ਗਏ ਹਨ। ਪਿਛਲੇ ਸਮੇਂ ਇਸ ਕਾਰਜ ਨੂੰ ਪਵਿੱਤਰ ਤੇ ਅਹਿਮ ਰਸਮ ਜਾਣ ਕੇ ਮਾਣ ਮਰਿਆਦਾ ਨਾਲ ਨਿਭਾਇਆ ਜਾਂਦਾ ਸੀ। ਉਸ ਸਮੇਂ ਬਰਾਤ ਵੀ ਤਿੰਨ-ਤਿੰਨ ਦਿਨ ਰਹਿੰਦੀ ਸੀ। ਇਹ ਗੱਲ ਵੱਖਰੀ ਹੈ ਕਿ ਅੱਜ ਇਕ ਦਿਨ ਦੇ ਵਿਆਹ 'ਤੇ ਹੀ ਉਸ ਤੋਂ ਕਈ ਗੁਣਾ ਵੱਧ ਖਰਚਾ ਕੀਤਾ ਜਾਂਦਾ ਹੈ। ਉਸ ਸਮੇਂ ਵਿਆਹ ਘਰ ਦੇ ਜਾਂ ਗੁਆਂਢ ਦੇ ਖੁੱਲ੍ਹੇ ਵਿਹੜੇ ਵਿੱਚ ਕੀਤੇ ਜਾਂਦੇ ਅਤੇ ਅਨੰਦ ਕਾਰਜ ਵੀ ਉਥੇ ਹੀ। ਉਨ੍ਹਾਂ ਭਲੇ ਵੇਲਿਆਂ ਵਿੱਚ ਸਵੇਰੇ ਤੜਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਸਰੂਪ ਗੁਰਦੁਆਰਿਓਂ ਲਿਆ ਕੇ ਚਾਨਣੀਆਂ ਕਨਾਤਾਂ ਵਾਲੇ ਥਾਂ ‘ਅਣਲੱਗ' ਨਵਾਂ ਬਿਸਤਰਾ, ਦਰੀ ਗਦੇਲਾ ਤੇ ਚਾਦਰ ਵਿਛਾ ਕੇ ਮਹਾਰਾਜ ਪ੍ਰਕਾਸ਼ ਕੀਤਾ ਜਾਂਦਾ। ਉਦੋਂ ਕੀਰਤਨ ਢੋਲਕੀ ਛੈਣੇ ਤੇ ਹਾਰਮੋਨੀਅਮ ਨਾਲ ਕੀਤਾ ਜਾਂਦਾ ਸੀ। ਇਸ ਸੁਭਾਗੇ ਸਮੇਂ ਦਾ ਸਭ ਨੂੰ ਚਾਅ ਤੇ ਮਨਾਂ ਵਿੱਚ ਡੂੰਘੀ ਸ਼ਰਧਾ ਹੁੰਦੀ। ਵੱਡੇ ਬੰਦੇ ਮੂੰਹ ਹਨੇਰੇ ਹੀ ਪ੍ਰਾਹੁਣੇ, ਅਰਥਾਤ ਵਿਆਹ ਵਾਲੇ ਮੁੰਡੇ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਬੈਠਦੇ। ਹੌਲੀ-ਹੌਲੀ ਸਾਰੀ ਬਰਾਤ ਆ ਜਾਂਦੀ। ਕੁੜੀ ਵਾਲਿਆਂ ਦਾ ਸਾਰਾ ਮੇਲ ਤੇ ਪਰਵਾਰ ਵੀ ਹਾਜ਼ਰ ਹੋ ਜਾਂਦਾ। ਗੁਆਂਢ ਤੇ ਸ਼ਰੀਕਾ ਭਾਈਚਾਰਾ ਇਹ ਸੁਭਾਗਾ ਸਮਾਂ ਕਦੇ ਨਾ ਖੁੰਝਾਉਂਦਾ।
ਅੱਜ ਕੱਲ੍ਹ ਅਨੰਦ ਕਾਰਜ ਨੂੰ ਕੇਵਲ ਰਸਮ ਦੇ ਤੌਰ 'ਤੇ ਭੱਜ ਦੌੜ ਕੇ ਨਿਭਾਇਆ ਜਾਂਦਾ ਹੈ। ਕਈ ਵਾਰ ਇਸ ਸ਼ੁਭ ਕਾਰਜ ਨੂੰ ਤਿੰਨ ਚਾਰ ਵੀ ਵੱਜ ਜਾਂਦੇ ਹਨ। ਪੈਲੇਸ ਵਿੱਚ ਖਾਣ ਪੀਣ ਤੇ ਨੱਚਣ ਗੌਣ ਵਾਲੀਆਂ ਦੇਖਣ ਜਾਂ ਡੀ ਜੇ 'ਤੇ ਚੱਲਦੇ ਗਾਣੇ ਸੁਣਨ ਨੂੰ ਪਹਿਲ ਦਿੱਤੀ ਜਾਂਦੀ ਹੈ। ਮੁੰਡੇ ਕੁੜੀ ਦੋਵਾਂ ਧਿਰਾਂ ਦੇ ਗਿਣਵੇਂ ਰਿਸ਼ਤੇਦਾਰ ਮਾਂ ਪਿਓ ਨਾਲ ਗੁਰਦੁਆਰੇ ਪੁੱਜ ਜਾਂਦੇ ਹਨ। ਘਰ ਵਿੱਚ ਅਨੰਦ ਕਾਰਜ ਕਰਾਉਣ ਦੀ ਕੋਈ ਖੇਚਲ ਹੀ ਨਹੀਂ ਕਰਦਾ। ਆਸਾ ਦੀ ਵਾਰ ਦਾ ਕੀਰਤਨ ਨਹੀਂ ਹੁੰਦਾ। ਸਿੱਧਾ ਅਨੰਦ ਸਾਹਿਬ ਪੜ੍ਹ ਕੇ, ਉਹ ਵੀ ਛੇ ਪਾਉੜੀਆਂ, ਅਰਦਾਸ ਕਰਕੇ ਲਾਵਾਂ ਪੜ੍ਹਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਮੁੰਡਾ ਕੁੜੀ ਦੋਵੇਂ ਪੂਰੇ ਸਮੇਂ 'ਤੇ ਆਉਂਦੇ ਹਨ। ਇਕ ਦੋ ਸ਼ਬਦ ਪੜ੍ਹੇ ਜਾਂਦੇ ਤੇ ਘੰਟੇ ਵਿੱਚ ਸਾਰਾ ਕੰਮ ਨਿਪਟਾ ਦਿੱਤਾ ਜਾਂਦਾ ਹੈ। ਬਹੁਤ ਘੱਟ ਲੋਕ ਨੰਦ ਕਾਰਜ ਦੀ ਮਹੱਤਤਾ ਨੂੰ ਸਮਝਦੇ ਹੋਏ ਸਤਿਕਾਰ ਤੇ ਸਹਿਜ ਨਾਲ ਇਸ ਕਾਰਜ ਨੂੰ ਨਿਭਾਉਂਦੇ ਹਨ। ਇਸ ਤੋਂ ਬਾਅਦ ਲੋਕ ਮੁੜ ਪੈਲੇਸ ਵਿੱਚ ਜਾ ਕੇ ਢੋਲ ਢਮੱਕੇ, ਗਾਉਣ ਵਜਾਉਣ ਤੇ ਖਾਣ ਪੀਣ ਰੁੱਝ ਜਾਂਦੇ ਹਨ।
ਉਨ੍ਹਾਂ ਸਮਿਆਂ ਵਿੱਚ ਅਨੰਦ ਕਾਰਜ ਨੂੰ ਬੜਾ ਮਹਾਨ ਕਾਰਜ ਸਮਝਿਆ ਜਾਂਦਾ ਸੀ। ਸਾਰੇ ਵਿਆਹ ਦੀ ਸਿਖਰ ਇਸ ਪਵਿੱਤਰ ਰਸਮ ਨੂੰ ਮੰਨਿਆ ਜਾਂਦਾ ਸੀ। ਕੁੜੀ ਮੁੰਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਦੇਲੇ 'ਤੇ ਚਾਦਰ ਵਿਛਾਈ ਜਾਂਦੀ। ਉਸ 'ਤੇ ਪਹਿਲਾਂ ਮੁੰਡਾ ਸ਼ਰਧਾ ਪੂਰਵਕ ਮੱਥਾ ਟੇਕ ਕੇ ਬੈਠ ਜਾਂਦਾ, ਉਸ ਦੇ ਪਿੱਛੋਂ ਕੁੜੀ ਨੂੰ ਮਾਮਾ-ਮਾਮੀ ਫੜੀ ਆਉਂਦੈ, ਕਿਉਂਕਿ ਅੱਜ ਵਾਂਗ ਫਿਲਮੀ ਅੰਦਾਜ਼ 'ਚ ਸਹੇਲੀਆਂ ਨਾਲ ਠੁਮਕ-ਠੁਮਕ ਤੁਰੀ ਆਉਣ ਵਾਲੀ ਉਹ ਕੁੜੀ ਨਹੀਂ ਸੀ ਹੁੰਦੀ। ਉਦੋਂ ਕੁੜੀ ਨੂੰ ਪਹਿਲਾਂ ‘ਦੋਸੜਾ’ ਭਾਵ ਦੋ ਚੁੰਨੀਆਂ ਦਿੱਤੀਆਂ ਜਾਂਦੀਆਂ। ਫਿਰ ਉਪਰ ਸਫੈਦ ਚਾਦਰ ਵਿੱਚ ਇਉਂ ਲਪੇਟਿਆ ਹੁੰਦਾ, ਜਿਵੇਂ ਨਵਜੰਮੇ ਬੱਚੇ ਨੂੰ ਲਪੇਟਿਆ ਹੁੰਦਾ ਹੈ। ਉਸ ਦਾ ਮੂੰਹ ਤਾਂ ਕੀ, ਹੱਥ ਵੀ ਚਾਦਰ ਤੋਂ ਬਾਹਰ ਨਾ ਦਿਸਦੇ। ਕਿਸੇ ਤਰ੍ਹਾਂ ਮਾੜੀ ਮੋਟੀ ਚੋਰ ਮੋਰੀ 'ਚੋਂ ਦੇਖਦੀ ਹੋਈ ਉਹ ਪੈਰ ਪੁੱਟਦੀ ਤੇ ਮੱਥਾ ਟੇਕ ਕੇ ਆਪਣੇ ਬਣਨ ਵਾਲੇ ਸਾਥੀ ਦੇ ਖੱਬੇ ਪਾਸੇ ਬਿਠਾ ਦਿੱਤੀ ਜਾਂਦੀ।
ਜਦੋਂ ਧੀ ਦਾ ਬਾਪ ਕੁੜੀ ਨੂੰ ਮੁੰਡੇ ਦਾ ਪੱਲਾ ਜਾਂ ਲੜ ਫੜਾਉਂਦਾ ਤਾਂ ਸਭ ਦੀਆਂ ਅੱਖਾਂ ਭਰ ਕੇ ਡੁੱਲ੍ਹਦੀਆਂ। ਵਿਆਹ ਵਾਲੀ ਕੁੜੀ ਹਟਕੋਰੇ ਭਰ-ਭਰ ਰੋਂਦੀ ਕਿਉਂਕਿ ਇਸ ਸਮੇਂ ਬਾਬਲ ਉਸ ਨੂੰ ਪਰਾਈ ਕਰ ਦਿੰਦਾ। ਬਾਬਲ ਆਪਣੇ ਭਰੇ ਮਨ ਨਾਲ ਪਿੱਛੇ ਹੋ ਕੇ ਅੱਖਾਂ ਪੂੰਝਦਾ। ਅੱਜ ਉਹ ਗੱਲਾਂ ਕਿੱਥੇ? ਨੰਗੇ ਮੂੰਹ ਬੈਠੀ ਕੁੜੀ ਮੌਜ ਨਾਲ ਲਾਵਾਂ ਕਰਵਾਉਂਦੀ ਹੈ ਤੇ ਕੋਈ ਬਹੁਤੀ ਆਧੁਨਿਕ ਤਾਂ ਉਸ ਸਮੇਂ ਦੁਲਹੇ ਨਾਲ ਮਾੜੀ ਮੋਟੀ ਗੱਲ ਵੀ ਕਰ ਲੈਂਦੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਕੁੜੀ ਦੇ ਭਰਾ ਥੋੜ੍ਹੀ-ਥੋੜ੍ਹੀ ਵਿੱਥ ਨਾਲ ਖੜੇ ਹੁੰਦੈ। ਜਦੋਂ ਮਹਾਰਾਜ ਦੇ ਦੁਆਲੇ ਲਾਂਵ ਲੈਣੀ ਹੁੰਦੀ ਤਾਂ ਹੌਲੀ-ਹੌਲੀ ਤੁਰਦੀ ਕੁੜੀ ਨੂੰ ਇਕ ਭਰਾ ਫੜ ਕੇ ਤੋਰਦਾ ਤੇ ਅਗਲੇ ਨਾਲ ਖੜੇ ਨੂੰ ਫੜਾ ਕੇ ਸੰਭਾਲ ਦਿੰਦਾ। ਪੰਜ ਸੱਤ ਭਰਾ ਭੈਣ ਨੂੰ ਫੜ-ਫੜ ਕੇ ਤੋਰਦੇ ਲਾਵਾਂ ਦੀ ਰਸਮ ਕਰਾਉਂਦੇ। ਉਨ੍ਹਾਂ ਵਿੱਚ ਸਕਿਆਂ ਨਾਲ ਸਾਕ ਸਕੀਰੀ ਵਾਲੇ ਭਰਾ ਵੀ ਹੁੰਦੇ। ਲਾਵਾਂ ਹੋ ਜਾਂਦੀਆਂ, ਅਰਦਾਸ ਹੁੰਦੀ, ਕੋਈ ਕੁੜੀ ਵਾਲਿਆਂ ਵੱਲੋਂ ‘ਸਿੱਖਿਆ' ਪੜ੍ਹਦਾ ਤੇ ਕੋਈ ਮੁੰਡੇ ਵਾਲਿਆਂ ਵੱਲੋਂ ‘ਸਿਹਰਾ' ਪੜ੍ਹਦਾ, ਜਿਨ੍ਹਾਂ ਵਿੱਚ ਦੋਵਾਂ ਨੂੰ ਖਾਸ ਤੌਰ 'ਤੇ ਕੁੜੀ ਨੂੰ ਮੱਤਾਂ-ਸੁਮੱਤਾਂ ਦਿੱਤੀਆਂ ਜਾਂਦੀਆਂ। ਕੁੜੀ ਦੇ ਬਾਬਲ ਨੂੰ ‘ਲੜ ਵਧਾਉਣ' ਭਾਵ ਕੁੜੀ ਦੇ ਹੱਥ ਵਿੱਚ ਫੜਿਆ ਮੁੰਡੇ ਦੇ ਗਲ ਦੀ ਚੁੰਨੀ ਜਾਂ ਤੋਲੀਏ ਦਾ ਲੜ ਮੁੰਡੇ ਨੂੰ ਸੰਭਾਲਣ ਲਈ ਕਿਹਾ ਜਾਂਦਾ ਤੇ ਸ਼ਬਦ ਪੜ੍ਹਿਆ ਜਾਂਦਾ- ਜੋ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਪੰਨਾ 78 ਉਤੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਸਿਰੀ ਰਾਗੁ ਵਿੱਚ ਉਚਾਰਿਆ ਹੋਇਆ ਹੈ:
ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ॥
ਅਨੰਦ ਕਾਰਜ ਸਮੇਂ ਬੈਠੇ ਸਾਰੇ ਸੱਜਣਾਂ ਖਾਸ ਕਰਕੇ ਔਰਤਾਂ ਤੇ ਕੁੜੀਆਂ ਦੇ ਮਨ ਭਰ-ਭਰ ਆਉਂਦੇ। ਬੜਾ ਵੈਰਾਗ ਮਈ ਜਿਹਾ ਮਾਹੌਲ ਹੋ ਜਾਂਦਾ। ਪ੍ਰਸ਼ਾਦ ਵਰਤਾਇਆ ਜਾਂਦਾ ਤੇ ਕੁੜੀ ਨੂੰ ਮਾਮੇ-ਮਾਮੀਆਂ ਜਾਂ ਭਰਾ ਫੜ ਕੇ ਘਰ ਅੰਦਰ ਲੈ ਜਾਂਦੇ। ਮੁੰਡਾ ਉਥੋਂ ਉਠਾ ਕੇ ਬਰਾਤੀਆਂ ਕੋਲ ਬਿਠਾਇਆ ਜਾਂਦਾ। ਕੁਝ ਸਮਾਂ ਪਹਿਲਾਂ ਰਿਸ਼ਤੇਦਾਰਾਂ ਵੱਲੋਂ ਉਥੇ ਬੈਠੇ ਮੁੰਡੇ ਕੁੜੀ ਨੂੰ ਸ਼ਗਨ ਪਾ ਦਿੱਤੇ ਜਾਂਦੇ ਸਨ, ਪਰ ਪੁਰਾਣੇ ਸਮਿਆਂ ਵਿੱਚ ਅਜਿਹਾ ਰਿਵਾਜ ਨਹੀਂ ਸੀ। ਅਨੰਦ ਕਾਰਜ ਪਿੱਛੋਂ ਬਰਾਤ ਡੇਰੇ ਮੁੜ ਜਾਂਦੀ। ਅਜੋਕੇ ਸਮੇਂ ਵਾਂਗ ਕੋਈ ਮੁੰਡਾ ਕੁੜੀ ਵਿਆਹ ਤੋਂ ਪਹਿਲਾਂ ਇਕ ਦੂਜੇ ਨੂੰ ਮਿਲਦੇ ਨਹੀਂ ਸਨ। ਸਹੁਰਿਆਂ ਦੇ ਘਰ ਤਾਂ ਕੀ ਪਿੰਡ ਦੀ ਜੂਹ ਵਿੱਚ ਵੀ ਨਹੀਂ ਵੜਦੇ ਸਨ। ਅਨੰਦ ਕਾਰਜ ਤੋਂ ਬਾਅਦ ਮੁੰਡਾ ਜੁਆਈ ਬਣ ਜਾਂਦਾ। ਉਸ 'ਤੇ ਕੋਈ ਬੰਧਨ ਨਾ ਹੁੰਦਾ। ਉਹ ਦੋ ਚਾਰ ਦੋਸਤਾਂ ਜਾਂ ਭਰਾ ਨੂੰ ਨਾਲ ਰੱਖਦਾ ਅਤੇ ਉਸ ਨੂੰ ਡੇਰੇ ਜਾਣ ਦੀ ਥਾਂ ਸਹੁਰੇ ਘਰ ਅੰਦਰ ਸ਼ਗਨਾਂ ਨਾਲ ਵਾੜਿਆ ਜਾਂਦਾ। ਉਨ੍ਹਾਂ ਸਮਿਆਂ ਵਿੱਚ ਥੱਲੇ ਗਦੇਲਾ ਚਾਦਰ ਵਿਛਾ ਕੇ ਜੁਆਈ ਭਾਈ ਨੂੰ ਬਿਠਾਇਆ ਜਾਂਦਾ ਸੀ, ਦੂਜੇ ਮੁੰਡੇ ਖੜੇ ਰਹਿੰਦੇ ਜਾਂ ਕੋਈ ਕੋਲ ਬੈਠ ਵੀ ਜਾਂਦਾ। ਸੱਸ ਆਪਣੇ ਜੁਆਈ ਨੂੰ ਟਿੱਕਾ ਕਰਦੀ ਤੇ ਪੱਲੇ ਪੁੜੀ ਪਾਉਂਦੀ। ਇਸ ਮੌਕੇ ਕੋਈ ਨੇੜਲੀ ਰਿਸ਼ਤੇਦਾਰ ਹੀ ਇਹ ਸ਼ਗਨ ਕਰਦੀ, ਸਾਰੀਆਂ ਨਹੀਂ। ਇਸ ਮੌਕੇ ਨੂੰ ‘ਦੁੱਧ ਪਿਆਉਣ' ਦੀ ਰਸਮ ਕਿਹਾ ਜਾਂਦਾ। ਜੁਆਈ ਤੇ ਨਾਲ ਦੇ ਮੁੰਡਿਆਂ ਨੂੰ ਪਿੱਤਲ ਜਾਂ ਸਟੀਲ ਦੇ ਗਲਾਸ ਭਰ ਕੇ ਦੁੱਧ ਪਿਆਇਆ ਜਾਂਦਾ। ਅੱਜ ਇਹ ਰਸਮਾਂ ਮੁੱਕਦੀਆਂ ਜਾਂਦੀਆਂ ਹਨ। ਘਰ ਦੀ ਬਣੀ ਮਠਿਆਈ ਦੀ ਸਾਰੀ ਵੰਨਗੀ ਥਾਲ ਵਿੱਚ ਜੁਆਈ ਤੇ ਨਾਲ ਦੇ ਮੁੰਡਿਆਂ ਨੂੰ ਪਰੋਸੀ ਜਾਂਦੀ। ਕੁੜੀਆਂ ਲਈ ਇਹ ਸੁਨਹਿਰੀ ਮੌਕਾ ‘ਬਿੱਲੀ ਭਾਣੇ ਛਿੱਕਾ ਟੁੱਟਣ' ਵਰਗਾ ਹੁੰਦਾ। ਉਹ ਚਾਰੇ ਪਾਸੇ ਤੋਂ ਉਨ੍ਹਾਂ ਨੂੰ ਘੇਰ ਲੈਂਦੀਆਂ ਤੇ ਤਰ੍ਹਾਂ-ਤਰ੍ਹਾਂ ਦੇ ਮਖੌਲ ਕਰਦੀਆਂ। ਪਿਛਲੇ ਸਮੇਂ ‘ਛੰਦਾਂ' ਦਾ ਅਦਾਨ ਪ੍ਰਦਾਨ ਵੀ ਹੁੰਦਾ ਸੀ। ਕੁੜੀਆਂ ਕਹਿੰਦੀਆਂ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਦਾਣੇ
ਕੀ ਜੀਜਾ ਤੂੰ ਜੰਝ ਲਿਆਇਆ ਸਾਰੇ ਨਿੱਕੇ ਨਿਆਣੇ
ਵਿਆਂਦੜ੍ਹ ਨਾਲ ਦੇ ਮੁੰਡੇ ਜਾਂ ਉਹ ਖੁਦ ਕਹਿੰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਚੀਰੇ
ਜਾਂਝੀ ਸਾਰੇ ਰਾਂਝੇ ਵਰਗੇ ਕਰ ਲੈ ਪਸੰਦ ਕੋਈ ਹੀਰੇ
ਫਿਰ ਕੁੜੀਆਂ ਗਾਲ੍ਹਾਂ ਦਿੰਦੀਆਂ- ‘ਨਲੱਜ ਕਿਤੋਂ ਦੇ, ਮਾਂ ਨੇ ਅਕਲ ਨੀ ਦੇ ਕੇ ਤੋਰਿਆ?' ਤੇ ਕੋਈ ਸਿਆਣੀ ਔਰਤ ਕੁੜੀਆਂ ਨੂੰ ਝਿੜਕਦੀ ‘ਚੁੱਪ ਕਰੋ ਨੀਂ ਬਹੁਤੀਆਂ ਨਾ ਬੋਲੋ' ਤੇ ਗੱਭਰੂ ਮੁਸਕੜੀਏ ਹੱਸਦੇ। ਕੋਈ ਅਕਲ ਵਾਲੀ ਮੁਟਿਆਰ ਮੌਕਾ ਸਾਂਭ ਕੇ ਹੇਅਰਾ ਲਾਉਂਦੀ:
ਜੀਜਾ ਡੱਬੀ ਮੇਰੀ ਰੰਗਲੀ ਕੋਈ ਵਿੱਚ ਸੋਨੇ ਦੀ
ਵੇ ਕਰਮਾਂ ਵਾਲਿਆ ਵੇ ਡਲੀ
ਜੇ ਤੂੰ ਗੁਲਾਬ ਦਾ ਮੇਰੀ ਭੈਣ ਚੰਬੇ ਦੀ.. ਵੇ.. ਕਲੀ
ਅੱਜ ਅਸੀਂ ਇਨ੍ਹਾਂ ਰੰਗਲੀਆਂ ਰਸਮਾਂ ਤੋਂ ਵਿਹੂਣੇ ਹੋ ਕੇ ਦਿਖਾਵੇ ਅਡੰਬਰਾਂ ਵਿੱਚ ਉਲਝ ਗਏ ਹਾਂ। ਉਨ੍ਹਾਂ ਸੋਹਣੀਆਂ ਸਾਦੀਆਂ ਰਸਮਾਂ ਵਿੱਚ ਜੋ ਮਨ ਦਾ ਸੁੱਖ ਚੈਨ, ਅਪਣੱਤ ਤੇ ਰੂਹਾਨੀ ਤਿ੍ਰਪਤੀ ਮਿਲਦੀ ਸੀ, ਅੱਜ ਉਹ ਸੁਪਨਾ ਬਣ ਕੇ ਰਹਿ ਗਈ ਹੈ। ‘ਅਨੰਦ ਕਾਰਜ' ਸੱਚ ਮੁੱਚ ਹੀ ਮਨਾਂ ਨੂੰ ਅਨੰਦ ਬਖਸ਼ਦਾ ਸੀ।

Have something to say? Post your comment