Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਅਸੀਂ ਹੁਣ ਉਹ ਨਹੀਂ ਰਹਿ ਗਏ

March 20, 2019 08:50 AM

-ਬਲਦੇਵ ਸਿੰਘ ਆਜ਼ਾਦ
ਲੀਲੂ ਲੂਤਲ ਵੱਲੋਂ ਲੰਮਾ ਸਮਾਂ ਨਿਰਵਿਘਨ ਕੀਤੀ ਚਮਚਾਗਿਰੀ ਆਖਰ ਰੰਗ ਲੈ ਆਈ ਸੀ। ਨੇਤਾ ਜੀ ਨੇ ਉਸ ਨੂੰ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੈਂਬਰ ਨਾਮਜ਼ਦ ਕਰਵਾ ਦਿੱਤਾ ਸੀ। ਮੈਂਬਰ ਨਾਮਜ਼ਦ ਹੁੰਦਿਆਂ ਹੀ ਉਸ ਨੇ ਅਖਬਾਰਾਂ 'ਚ ਵੱਡੇ ਵੱਡੇ ਇਸ਼ਤਿਹਾਰ ਛਪਵਾਏ, ਕੰਧਾਂ-ਕੌਲਿਆਂ 'ਤੇ ਆਦਮ ਕੱਦ ਹੋਰਡਿੰਗ ਲਗਵਾਏ, ਆਪਣੇ ਜੋਟੀਦਾਰਾਂ ਨੂੰ ‘ਸੋਮਰਸ' ਦੇ ਪਿਆਲੇ ਭਰ-ਭਰ ਕੇ ਖੂਬ ਪਿਆਏ ਤੇ ਬਾਪੂ ਦੇ ਖੂਨ ਪਸੀਨੇ ਦੀ ਕਮਾਈ ਨਾਲ ਜੋੜੇ ਪੈਸੇ ਪਾਣੀ ਵਾਂਗ ਵਹਾਏ। ਮੈਂਬਰ ਨਾਮਜ਼ਦ ਹੁੰਦਿਆਂ ਸਾਰ ਉਸ ਦੇ ਸੁਭਾਅ 'ਚ ਬਹੁਤ ਵੱਡੀ ਤਬਦੀਲੀ ਆ ਗਈ ਸੀ। ਹਰੇਕ ਨੂੰ ਗਿੱਠ ਕੁ ਦਾ ਹੋ ਕੇ ਮਿਲਣ ਵਾਲਾ ਲੀਲੂ ਲੂਤਲ ਫਿਰ ਜਣੇ-ਖਣੇ ਨੂੰ ਉਖੜੀ ਕੁਹਾੜੀ ਵਾਂਗ ਪੈ ਨਿਕਲਦਾ। ‘ਤੂੰ ਬੁੜ੍ਹੀਏ ਸਵੇਰੇ-ਸਵੇਰੇ ਕਿੱਧਰ ਬੁਥਾੜ ਚੁੱਕਿਐ, ਖਾਲੀ ਟੋਕਰਾ ਲੈ ਕੇ ਮੇਰੇ ਅੱਗੇ ਆ ਖੜ੍ਹੀ ਏਂ। ਅੱਗਾ-ਪਿੱਛਾ ਤਾਂ ਵੇਖ ਲਿਆ ਕਰੋ ਬਾਹਰ ਨਿਕਲਣ ਲੱਗਿਆਂ, ਪਰ ਥੋਨੂੰ ਅਨਪੜ੍ਹ ਲੋਕਾਂ ਨੂੰ ਅਕਲ ਕਿੱਥੇ, ਤੈਨੂੰ ਪਤੈ ਅੱਜ ਮੈਂ ਕਿੰਨੀ ਜ਼ਰੂਰੀ ਮੀਟਿੰਗ 'ਤੇ ਚੱਲਿਐਂ?’ ਆਪਣੀ ਗੁਆਂਢਣ ਤਾਈ ਨਿਹਾਲੋ ਨੂੰ ਲੀਲੂ ਲੂਤਲ ਚਾਰੇ ਚੁੱਕ ਕੇ ਪੈ ਜਾਂਦਾ ਹੈ।
‘ਵਾਅ ਵੇ ਪੁੱਤ, ਮਾਂ ਸਦਕੇ, ਮਾਂ ਵਾਰੀ, ਪਹਿਲਾਂ ਤਾਂ ਪੁੱਤ ਜਦੋਂ ਤੂੰ ਮੈਨੂੰ ਮਿਲਦਾ ਸੈਂ, ਮੇਰੇ ਗੋਡੀਂ ਹੱਥ ਲਾਉਂਦੈ ਸੈਂ ਤੇ ਅੱਜ ਤੈਨੂੰ ਕੀ ਹੋ ਗਿਐ। ਸੁੱਖ ਤਾਂ ਹੈ? ਅੱਜ ਕਿਤੇ ਲੜ ਕੇ ਤਾਂ ਨਹੀਂ ਆਇਆ ਮੇਰੀ ਨੂੰਹ ਰਾਣੀ ਨਾਲ?’ ਤਾਈ ਨਿਹਾਲੋ ਲੀਲੂ ਲੂਤਲ ਦੇ ਸੁਭਾਅ 'ਚ ਅਚਾਨਕ ਆਈ ਤਬਦੀਲੀ ਤੋਂ ਹੈਰਾਨ ਪ੍ਰੇਸ਼ਾਨ ਸੀ।
‘ਤਾਈ ਅਸੀਂ ਉਹ ਲੀਲੂ ਨਹੀਂ ਰਹਿ ਗਏ। ਸਾਡੀ ਕੁਰਸੀ ਵੱਡੇ-ਵੱਡੇ ਅਫਸਰਾਂ ਨਾਲ ਡਹਿੰਦੀ ਐ। ਸਾਰੇ ਬਾਬੂਆਂ ਦੀ ਪਲਟੂਨ ਸਾਨੂੰ ਸਲੂਟ ਠੋਕਦੀ ਐ। ਸਾਡੇ ਨਾਲ ਮੂੰਹ ਸੰਭਾਲ ਕੇ ਗੱਲ ਕਰੋ। ਨਾਲੇ ਜੇ ਕਿਸੇ ਦੀ ਸ਼ਿਕਾਇਤ-ਸ਼ਕੂਤ ਕਰਾਉਣੀ ਐਂ ਤਾਂ ਦੱਸੀਂ, ਆਪਣੇ ਕੋਲ ਬਹੁਤ ਵੱਡੀ ਪਾਵਰ ਆ ਗਈ ਐ।’ ਲੀਲੂ ਲੂਤਲ ਆਪਣੀਆਂ ਚੂਹੇ ਵਰਗੀਆਂ ਮੁੱਛਾਂ ਨੂੰ ਥੁੱਕ ਲਾ-ਲਾ ਕੇ ਖੜ੍ਹੀਆਂ ਕਰਨ ਦਾ ਅਸਫਲ ਯਤਨ ਕਰਦਾ ਹੈ। ‘ਵਾਅ ਵੇ ਪੁੱਤ, ਸ਼ੁਕਰ ਐ ਰੱਬ ਦਾ, ਜੀਹਨੇ ਮੇਰੇ ਪੁੱਤ ਦੀ ਸੁਣ ਲਈ। ਨਾਲੇ ਬਾਰ੍ਹਾਂ ਵਰ੍ਹਿਆਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਐ। ਤੈਨੂੰ ਤਾਂ ਭਾਈ ਕਾਕਾ ਉਮਰ ਹੋ ਗਈ ਸੀ ਲੀਡਰਾਂ ਦੀਆਂ ਲਾਲਾਂ ਚਟਦਿਆਂ, ਹਾਂ ਪੁੱਤਰ, ਸ਼ਿਕਾਇਤ ਤਾਂ ਮੈਂ ਕਾਹਨੂੰ ਕਿਸੇ ਦੀ ਕਰਨੀ ਐਂ, ਮੇਰੀਆਂ ਤਾਂ ਐਵੇਂ ਡੂਢ ਕੁ ਮੰਗਾਂ ਨੇ ਤੇਰੇ ਅੱਗੇ। ਇੱਕ ਤਾਂ ਭਾਈ ਕਾਕਾ ਮੇਰੀ ਪੈਨਸ਼ਨ ਲੁਆ ਦੇ। ਇੱਕ ਭਾਈ ਰੱਬ ਤੇਰਾ ਭਲਾ ਕਰੇ ਆਪਣਾ ਸਕੂਲ ਮਾਸਟਰਾਂ ਵੰਨੀਓਂ ਜਵਾਂ ਵਿਹਲਾ ਪਿਐ-ਕੁਝ ਮਾਸਟਰ ਲਿਆ ਦੇ। ਇੱਕ, ਟੂਟੀਆਂ 'ਚ ਪਾਣੀ ਆਇਆਂ ਮਹੀਨਾ ਹੋ ਗਿਆ ਉਹ ਛੁਡਵਾ ਦੇ। ਇੱਕ, ਰੱਬ ਤੇਰੀ ਕੁਰਸੀ ਹੋਰ ਵੱਡੀ ਕਰੇ-ਹਸਪਤਾਲ 'ਚ ਕੋਈ ਡਾਕਟਰ ਹੈਨੀ, ਉਹ ਮੰਗਵਾ ਦੇ।’ ਤਾਈ ਨਿਹਾਲੋ ਨੇ ਮੰਗ-ਪੱਤਰ ਪੇਸ਼ ਕੀਤਾ।
‘‘ਚੰਗਾ ਤਾਈ, ਮੈਂ ਅਫਸਰਾਂ ਦੀ ਜ਼ਰੂਰੀ ਮੀਟਿੰਗ 'ਤੇ ਜਾ ਆਵਾਂ। ਫਿਰ ਤੇਰੀਆਂ ਇਨ੍ਹਾਂ ਮੰਗਾਂ ਦਾ ਕਰਦੇ ਆਂ ਕੋਈ ਬੰਨ੍ਹ-ਸ਼ੁੱਭ। ਤੂੰ ਬੱਸ ਆਪਣੇ ਘਰ ਦੇ ਸਾਰੇ ਜੀਆਂ ਨੂੰ ਕਹਿ ਦੇਈਂ ਕਿ ਸਾਡੇ ਨਾਲ ਬੰਦਿਆਂ ਵਾਂਗ ਪੇਸ਼ ਆਇਆ ਕਰਨ, ਨਾਲੇ ਅਸੀਂ ਉਹ ਨਹੀਂ ਰਹਿ ਗਏ, ਹੀਂ...ਹੀਂ...।” ਲੀਲੂ ਲੂਤਲ ਦੀਆਂ ਚੁੱਚੀਆਂ ਅੱਖਾਂ ਤਿੰਨ ਸੈਲਾਂ ਵਾਲੀ ਬੈਟਰੀ ਜਿੰਨੀ ਰੌਸ਼ਨੀ ਡੱਲ੍ਹਕਾਂ ਮਾਰ ਰਹੀ ਸੀ।
‘‘ਲੀਲੂ ਜੀ ਸਤਿ ਸ੍ਰੀ ਅਕਾਲ, ਬਈ ਤੇਰਾ ਬਾਰ੍ਹਵੀਂ 'ਚ ਪੜ੍ਹਦਾ ਬੇਟਾ ਮਲਕੀਤ ਸਕੂਲ ਬਿਲਕੁਲ ਨਹੀਂ ਵੜਦਾ। ਉਸ ਨੂੰ ਸਮਝਾ ਲੈ। ਜੇ ਚਾਰ ਜਮਾਤਾਂ ਪੜ੍ਹ ਗਿਆ ਤਾਂ ਕਿਧਰੇ ਫਿੱਟ ਹੋ ਜੂ, ਨਹੀਂ ਤਾਂ ਤੇਰੇ ਵਾਂਗ ਕੰਧਾਂ-ਕੌਲਿਆਂ 'ਚ ਵਜਦਾ ਫਿਰੂ।” ਪ੍ਰਿੰਸੀਪਲ ਵੇਦ ਸ਼ਰਮਾ ਬਸ ਅੱਡੇ ਅੱਡੇ ਉੱਤੇ ਖੜ੍ਹੇ ਲੀਲੂ ਲੂਤਲ ਨੂੰ ਸਰਸਰੀ ਉਲ੍ਹਾਂਭਾ ਦਿੰਦਾ ਹੈ। ‘‘ਗੱਲ ਸੁਣ ਓ ਮਾਸਟਰਾ, ਤੈਨੂੰ ਅਕਲ-ਉਕਲ ਹੈ ਕਿ ਸਿਖਾਵਾਂ? ਤੂੰ ਜੁਆਕਾਂ ਨੂੰ ਕੀ ਖੇਹ ਸਿੱਖਿਆ ਦਿੰਦਾ ਹੋਵੇਂਗਾ, ਜਦੋਂ ਤੈਨੂੰ ਖੁਦ ਨੂੰ ਬੋਲਣ ਦਾ ਭੋਰਾ ਚੱਜ ਹੈ ਨੀ। ਤੈਨੂੰ ਪਤੈ ਤੂੰ ਕੀਹਦੇ ਨਾਲ ਗੱਲ ਕਰ ਰਿਹੈਂ?” ਪ੍ਰਿੰਸੀਪਲ ਵੇਦ ਡੌਰ-ਭੌਰ ਖੜ੍ਹਾ ਸੋਚ ਰਿਹਾ ਸੀ ਕਿ ਉਸ ਤੋਂ ਕਿਹੜਾ ਗਿੱਲੇ ਗੋਹੇ 'ਤੇ ਪੈਰ ਧਰਿਆ ਗਿਐ, ਜਿਸ ਕਰ ਕੇ ਪਿੰਡ ਦਾ ਇੱਕ ਸਾਧਾਰਨ ਆਦਮੀ ਅਵਾ-ਤਵਾ ਬੋਲੀ ਜਾ ਰਿਹਾ ਹੈ। ‘ਸਾਡੇ ਵੱਲ ਉਲੂ ਵਾਂਗ ਕੀ ਮੁਤਰ-ਮੁਤਰ ਵੇਖੀ ਜਾ ਰਿਹੈਂ? ਅਸੀਂ ਉਹ ਨਹੀਂ ਰਹਿ ਗਏ। ਅਸੀਂ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਬਣ ਗਏ ਆਂ। ਹਰ ਮਹੀਨੇ ਸਾਡੀ ਜ਼ਿਲ੍ਹੇ ਦੇ ਵੱਡੇ ਅਫਸਰਾਂ ਨਾਲ ਮੀਟਿੰਗ ਹੁੰਦੀ ਐ। ਡਿਪਟੀ ਕਮਿਸ਼ਨਰ ਸਾਨੂੰ ਆਵਦੇ ਬਿਲਕੁਲ ਕੋਲ ਬਹਾਉਂਦੈ। ਜੇ ਮੈਂ ਤੇਰੀ ਸ਼ਿਕਾਇਤ ਕਰਤੀ ਤਾਂ ਇਨਕੁਆਰੀਆਂ ਦੇ ਚੱਕਰ 'ਚ ਚੰਡੀਗੜ੍ਹ ਦੇ ਗੇੜੇ ਕੱਢਦਾ ਰਿਟਾਇਰ ਹੋ ਜਾਏਂਗਾ। ਜਾਹ ਅੱਜ ਅਸੀਂ ਤੈਨੂੰ ਮੁਆਫ ਕਰਦੇ ਆਂ। ਅੱਗੇ ਤੋਂ ਸਾਨੂੰ ਬੰਦਿਆਂ ਵਾਂਗ ਬੁਲਾਇਆ ਕਰੀਂ। ਹਾਂ ਸੱਚ, ਸਾਡੇ ਕਾਕੇ ਦਾ ਵਿਸ਼ੇਸ਼ ਧਿਆਨ ਰੱਖੀਂ। ਨਾਲੇ ਗੱਲ ਸੁਣ, ਅਸੀਂ ਤੇਰੇ ਆਲੇ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਛੇਤੀ ਬਣ ਜਾਣੈ। ਨੇਤਾ ਜੀ ਨੇ ਇਹਦੀ ਹਰੀ ਝੰਡੀ ਦੇ ਦਿੱਤੀ ਐ। ਫੇਰ ਤੂੰ ਸਕੂਲ ਦੀਆਂ ਸਾਰੀਆਂ ਗਰਾਂਟਾਂ ਸਾਡੇ ਰਾਹੀਂ ਹੀ ਖਰਚਿਆ ਕਰਨੀਐਂ।” ਪ੍ਰਿੰਸੀਪਲ ਵੇਦ ਸ਼ਰਮਾ ਦੀ ਅਨ-ਸ਼ੇਵਡ ਦਾੜ੍ਹੀ ਦੇ ਵਾਲ ਲੀਲੂ ਲੂਤਲ ਦੇ ਅਣਕਿਆਸੇ ਦਬਕੇ ਕਾਰਨ ਚਰ੍ਹੀ ਦੇ ਕਰਚਿਆਂ ਵਾਂਗ ਨੱਬੇ ਡਿਗਰੀ ਦੇ ਕੋਣ 'ਤੇ ਖੜ੍ਹੇ ਹੋ ਗਏ ਸਨ।
‘‘ਆ ਗਿਐਂ ਲੋਕਾਂ ਦੇ ਕੰਧਾਂ-ਕੌਲੇ ਕੱਛ ਕੇ, ਕਦੇ ਘਰ ਦਾ ਵੀ ਕੋਈ ਡੱਕਾ ਤੋੜ ਕੇ ਦੂਹਰਾ ਕਰ ਲਿਆ ਕਰ, ਪਰ ਤੇਰੇ ਕੋਲ ਘਰ ਦੇ ਕੰਮਾਂ ਵਾਸਤੇ ਟੈਮ ਕਿੱਥੇ? ਤੇਰੇ ਤਾਂ ਆਹ ਲੀਡਰੀ ਹੀ ਸਾਰਾ ਦਿਨ ਪੱਬ ਨਹੀਂ ਲੱਗਣ ਦਿੰਦੀ...।” ਲੀਲੂ ਲੂਤਲ ਦੀ ਪਤਨੀ ਪਤਾ ਨਹੀਂ ਕਦੋਂ ਕੁ ਦੀ ਭਰੀ-ਪੀਤੀ ਬੈਠੀ ਸੀ।
‘‘ਭਲੀਏ ਲੋਕੇ, ਅਸੀਂ ਉਹ ਨਹੀਂ ਰਹਿ ਗਏ। ਤੂੰ ਪਹਿਲਾਂ ਵਾਲੀਆਂ ਗੱਲਾਂ ਛੱਡ ਦੇ ਤੇ ਸਾਡੇ ਨਾਲ ਬੰਦਿਆਂ ਵਾਂਗ ਗੱਲ ਕਰਿਆ ਕਰ, ਅਸੀਂ ਚੁੱਲ੍ਹੇ ਮੂਹਰੇ ਪੱਬਾਂ ਭਾਰ ਬਹਿ ਕੇ ਰੋਟੀ ਖਾਣ ਵਾਲੇ ਲੀਲੂ ਨਹੀਂ ਰਹੇ। ਅਸੀਂ ਵੱਡੇ-ਵੱਡੇ ਅਫਸਰਾਂ ਤੇ ਲੀਡਰਾਂ ਨਾਲ ਡਾਈਨਿੰਗ ਟੇਬਲਾਂ 'ਤੇ ਬਹਿ ਕੇ ਭੋਜ ਛਕਦੇ ਆਂ, ਬੀਅਰਾਂ ਛੀਅਰਾਂ ਪੀਂਦੇ ਆਂ ਤੇ ਰਾਜੇ-ਮਹਾਰਾਜਿਆਂ ਵਾਂਗ ਜੀਂਦੇ ਆਂ...।” ਘਰੋਂ ਬਾਹਰ ਲੋਕਾਂ ਨੂੰ ਦਬਕੇ ਮਾਰਨ ਵਾਲਾ ਲੀਲੂ ਆਪਣੀ ਘਰ ਵਾਲੀ ਅੱਗੇ ਇਸ ਤਰ੍ਹਾਂ ਬੇਵੱਸ ਖੜ੍ਹਾ ਸੀ, ਜਿਵੇਂ ਸੱਤ-ਪੰਜਾਹ ਦਾ ਕੋਈ ਦੋਸ਼ੀ ਠਾਣੇਦਾਰ ਅੱਗੇ ਨੀਵੀਂ ਪਾਈ ਖੜ੍ਹੇ ਹੋਵੇ।
‘ਵੇ ਮੈਂ ਤੈਨੂੰ ਜਾਣਦੀ ਆਂ ਅਫਸਰਾਂ ਤੇ ਲੀਡਰਾਂ ਨਾਲ ਡਾਈਨਿੰਗ ਟੇਬਲਾਂ 'ਤੇ ਬਹਿ ਕੇ ਭੋਜ ਛਕਣ ਵਾਲੇ ਨੂੰ, ਸਾਰਾ ਦਿਨ ਉਨ੍ਹਾਂ ਪਤੰਦਰਾਂ ਮੂਹਰੇ ਪੂਛ-ਪੂਛ ਕਰਦਾ ਰਹਿਨੈਂ, ਅਖੇਂ ਜੀ, ਅਸੀਂ ਉਹ ਨਹੀਂ ਰਹਿ ਗਏ, ਨਾ ਤੇਰੇ ਕੀ ਲੂਹਲਾਂ ਲੱਗ ਗਈਐਂ। ਜਿਹੜਾ ਲੀਲੂ ਤੂੰ ਪਹਿਲਾਂ ਸੀ, ਉਹੀ ਐਂ। ਇਨ੍ਹਾਂ ਤੇਰੇ ਧਗੜਿਆਂ ਨੇ ਸਾਰੇ ਰੂਟਾਂ 'ਤੇ ਬਿਨਾਂ ਪਰਮਿਟੋਂ ਆਪਣੀਆਂ ਏ ਸੀ ਬਸਾਂ ਪਾ ਲਈਆਂ, ਪੰਚਾਇਤੀ ਜ਼ਮੀਨਾਂ ਆਵਦੇ ਕੁੱਤਿਆਂ-ਬਿੱਲਿਆਂ ਦੇ ਨਾਂਅ ਕਰਵਾ ਲਈਆਂ, ਰੇਤੇ ਬੱਜਰੀ ਦੇ ਧੰਦੇ 'ਚੋਂ ਖੂਬ ਰਿਸ਼ਵਤਾਂ ਖਾਂ ਲਈਆਂ ਤੇ ਨਸ਼ਿਆਂ ਦੇ ਕਾਲੇ ਦਰਿਆ 'ਚ ਵਾਧੂ ਡੁਬਕੀਆਂ ਲਾ ਲਈਆਂ। ਅਗਲਿਆਂ ਨੇ ਕਰੋੜਾਂ ਰੁਪਏ ਕਮਾ ਲਏ, ਏਦਾਂ ਦੀਆਂ ਕਾਲੀਆਂ ਕਰਤੂਤਾਂ ਕਰ-ਕਰ ਕੇ ਤੈਨੂੰ ਫੜਾ ਤਾਂ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੈਂਬਰੀ ਦਾ ਛਣਕਣਾ, ਵਜਾਉਂਦਾ ਫਿਰ ਗਲੀ-ਗਲੀ। ਭੋਲਿਆ ਬੰਦਿਆ, ਤੇਰੇ ਘਰ ਕੋਠੇ ਜਿੱਡੀਆਂ ਦੋ ਜਵਾਨ ਧੀਆਂ ਪੜ੍ਹ-ਲਿਖ ਕੇ ਕੁਆਰੀਆਂ ਬੈਠੀਆਂ। ਦੋਵੇਂ ਮੁੰਡੇ ਬੇਰੋਜ਼ਗਾਰ ਹਨ। ਜਿਹੜੀਆਂ ਚਾਰ ਓੜਾਂ ਕੋਲ ਸਨ, ਉਹ ਤੇਰੀ ਇਸ ਚੰਦਰੀ ਲੀਡਰੀ ਨੇ ਚਟਮ ਕਰ ਲਈਐਂ, ਲੀਡਰਾਂ ਦੇ ਚੱਟੇ ਤਾਂ ਦਰੱਖਤ ਵੀ ਹਰੇ ਨਹੀਂ ਹੁੰਦੇ। ਤੂੰ ਇਨ੍ਹਾਂ ਦੇ ਅੜਿੱਕੇ ਕਿਧਰੋਂ ਆ ਗਿਐਂ, ਬੰਦਾ ਬਣ ਕੇ ਆਵਦੀ ਕਬੀਲਦਾਰੀ ਸਾਂਭ, ਗੋਲੀ ਮਾਰ ਇਹੋ ਜਿਹੀ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੈਂਬਰੀ ਦੇ, ਅਖੇ ਅਸੀਂ ਉਹ ਨਹੀਂ ਰਹਿ ਗਏ ਜੀ ਹੂੰ...।” ਲੀਲੂ ਲੂਤਲ ਦੀ ਪਤਨੀ ਦੇ ਮੂੰਹੋਂ ਨਿਕਲਿਆ ਇੱਕ-ਇੱਕ ਸ਼ਬਦ ਲੀਲੂ ਦੇ ਕੰਨਾਂ ਦੇ ਕਪਾਟ ਖੋਲ੍ਹੀ ਜਾ ਰਿਹਾ ਸੀ।

Have something to say? Post your comment