Welcome to Canadian Punjabi Post
Follow us on

29

March 2024
 
ਨਜਰਰੀਆ

ਸੰਪਾਦਕਾਂ ਵਿਰੁੱਧ ਮਾਣਹਾਨੀ ਦੇ ਮਾਮਲੇ ਚਿੰਤਾ ਦਾ ਵਿਸ਼ਾ

March 18, 2019 09:25 AM

-ਵਿਪਿਨ ਪੱਬੀ
ਸੰਪਾਦਕਾਂ ਅਤੇ ਰਿਪੋਰਟਰਾਂ ਦੇ ਵਿਰੁੱਧ ‘ਮਾਣਹਾਨੀ’ ਦੇ ਕੇਸ ਬਣ ਜਾਣਾ ਆਮ ਗੱਲ ਹੋ ਗਈ ਹੈ। ਲਗਭਗ ਸਾਰੇ ਸੰਪਾਦਕਾਂ ਨੇ ਵੱਖ-ਵੱਖ ਲੋਕਾਂ ਵੱਲੋਂ ਅਜਿਹੇ ਮਾਮਲਿਆਂ ਦਾ ਸਾਹਮਣਾ ਕੀਤਾ ਹੋਵੇਗਾ ਤੇ ਇਹ ਉਨ੍ਹਾਂ ਨੂੰ ਇਸ ਲਈ ਕਰਨਾ ਪਿਆ ਹੋਵੇਗਾ ਕਿ ਉਨ੍ਹਾਂ ਦੇ ਪੱਤਰਕਾਰਾਂ ਵੱਲੋਂ ਭੇਜੀ ਗਈ ਰਿਪੋਰਟ ਲਈ ‘ਪ੍ਰੈਸ ਐਂਡ ਰਜਿਸਟਰੇਸ਼ਨ ਆਫ ਬੁੱਕਸ ਐਕਟ 1867’ ਦੇ ਤਹਿਤ ਉਹ ਉਸ ਨੂੰ ਛਾਪਣ ਦੇ ਲਈ ਜ਼ਿੰਮੇਵਾਰ ਹਨ। ਕੁਝ ਮਾਮਲਿਆਂ ਵਿੱਚ ਮਾਣਹਾਨੀ ਦੇ ਕੇਸ ਸਹੀ ਹੁੰਦੇ ਹਨ, ਪਰ ਬਹੁਤੇ ਅਜਿਹੇ ਕੇਸਾਂ ਦਾ ਮਕਸਦ ਮੀਡੀਆ ਦਾ ਮੂੰਹ ਬੰਦ ਕਰਵਾਉਣਾ ਤੇ ਉਨ੍ਹਾਂ 'ਤੇ ਦਬਾਅ ਪਾਉਣਾ ਹੁੰਦਾ ਹੈ ਤਾਂ ਕਿ ਮੀਡੀਆ ਕਿਸੇ ਖਾਸ ਕੇਸ ਦੀ ਰਿਪੋਰਟਿੰਗ ਕਰਨੀ ਬੰਦ ਕਰ ਦੇਵੇ। ਇਹ ਇਸ ਗੱਲ ਤੋਂ ਸਾਫ ਹੁੰਦਾ ਹੈ ਕਿ ਅਜਿਹੇ ਕੇਸਾਂ ਵਿੱਚ ਬਹੁਤ ਘੱਟ ਵਿਅਕਤੀਆਂ ਨੂੰ ਸਜ਼ਾ ਹੁੰਦੀ ਹੈ, ਜਦ ਕਿ ਸੁਣਵਾਈ ਸਾਲਾਂ ਤੱਕ ਚਲਦੀ ਰਹਿੰਦੀ ਹੈ।
ਹੋਰ ਤਰ੍ਹਾਂ ਦੇ ਕੇਸ, ਜਿਨ੍ਹਾਂ ਦਾ ਸਾਹਮਣਾ ਪੱਤਰਕਾਰਾਂ ਨੂੰ ਕਰਨਾ ਪੈਂਦਾ ਹੈ, ਉਹ ਅਦਾਲਤ ਦੀ ਤੌਹੀਨ ਤੇ ਸਰਕਾਰੀ ਭੇਤ ਗੁਪਤ ਰੱਖਣ ਦੇ ਕਾਨੂੰਨ ਦੀ ਉਲੰਘਣਾ ਦੇ ਹੁੰਦੇ ਹਨ। ਇਹ ਦੋ ਤਰ੍ਹਾਂ ਦੇ ਕੇਸ ਬਹੁਤੀ ਚਿੰਤਾ ਦਾ ਵਿਸ਼ਾ ਹਨ, ਕਿਉਂਕਿ ਇਨ੍ਹਾਂ ਵੱਲੋਂ ਮੀਡੀਆ ਦੀ ਆਜ਼ਾਦੀ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹੇ ਕੇਸ ਜਾਂ ਨਿਆਂ ਪਾਲਿਕਾ ਵੱਲੋਂ ਜਾਂ ਸਰਕਾਰ ਵੱਲੋਂ ਚਲਾਏ ਜਾਂਦੇ ਹਨ। ਬਦਕਿਸਮਤੀ ਨਾਲ ਪਿਛਲੇ ਇੱਕ ਮਹੀਨੇ ਤੋਂ ਉਕਤ ਦੋਵਾਂ ਤਰ੍ਹਾਂ ਦੇ ਕੇਸ ਸੁਰਖੀਆਂ 'ਚ ਛਾਏ ਹੋਏ ਹਨ ਅਤੇ ਇਹ ਆਜ਼ਾਦ ਮੀਡੀਆ ਦਾ ਸਮਰਥਨ ਕਰਨ ਵਾਲਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹਨ।
ਕੇਂਦਰ ਸਰਕਾਰ ਨੇ ਪ੍ਰਸਿੱਧ ਪੱਤਰਕਾਰ ਅਤੇ ‘ਦਿ ਹਿੰਦੂ' ਅਖਬਾਰ ਸਮੂਹ ਦੇ ਚੇਅਰਮੈਨ ਐਨ ਰਾਮ ਦੇ ਖਿਲਾਫ ਸਰਕਾਰੀ ਭੇਤ ਗੁਪਤ ਰੱਖਣ ਦੇ ਕਾਨੂੰਨ ਹੇਠ ਕਾਰਵਾਈ ਕੀਤੇ ਜਾਣ ਦੀ ਧਮਕੀ ਦਿੱਤੀ ਹੈ ਕਿਉਂਕਿ ਅਖਬਾਰ ਨੇ ਕਈ ਐਕਸਕਲੂਜ਼ਿਵ ਰਿਪੋਰਟਾਂ ਛਾਪੀਆਂ ਸਨ, ਜਿਨ੍ਹਾਂ 'ਚ ਰਾਫੇਲ ਜਹਾਜ਼ ਸੌਦੇ ਦੇ ਮਾਮਲੇ ਵਿੱਚ ਮੋਦੀ ਸਰਕਾਰ ਨੂੰ ਬੇਨਕਾਬ ਕੀਤਾ ਗਿਆ ਸੀ। ਇਨ੍ਹਾਂ ਰਿਪੋਰਟਾਂ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੌ ਕਿ ਰਾਫੇਲ ਦੀ ਕੀਮਤ ਇਸ ਲਈ ਵਧੀ ਕਿ ਸੌਦੇ ਵਿੱਚ ਜ਼ਰੂਰੀ ਪ੍ਰਕਿਰਿਆਵਾਂ ਨੂੰ ‘ਬਾਈਪਾਸ’ ਕਰ ਦਿੱਤਾ ਗਿਆ। ਫਰਾਂਸੀਸੀ ਧਿਰ ਨੇ ਵੀ ਭਾਰਤ ਦੀ ਸਰਕਾਰੀ ਪੱਖ ਤੋਂ ਹੋ ਰਹੀ ਗੱਲਬਾਤ ਦੇ ਬਰਾਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫਤਰ ਵੱਲੋਂ ਕੀਤੀ ਗਈ ਗੱਲਬਾਤ ਦਾ ਲਾਭ ਉਠਾਇਆ, ਜਿਸ ਨਾਲ ਭਾਰਤ ਦੀ ਸਥਿਤੀ ਕਮਜ਼ੋਰ ਹੋਈ। ਛਾਪੀਆਂ ਗਈਆਂ ਰਿਪੋਰਟਾਂ 'ਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਕਿ ਸਰਕਾਰ ਨੇ ਵਿੱਤੀ ਸਲਾਹਕਾਰਾਂ ਦੀਆਂ ਸਿਫਾਰਸ਼ਾਂ ਨੂੰ ਅਣਡਿੱਠ ਕਰ ਕੇ ਇਹ ਸੌਦਾ ਯੂ ਪੀ ਏ ਸਰਕਾਰ ਵੇਲੇ ਰੱਖੀ ਗਈ ਤਜਵੀਜ਼ ਨਾਲੋਂ ਬਿਹਤਰ ਨਹੀਂ ਸੀ ਕੀਤਾ।
ਸੁਪਰੀਮ ਕੋਰਟ ਵਿੱਚ ਰਾਫੇਲ ਜਹਾਜ਼ ਕੇਸ ਦੀ ਹੋ ਸੁਣਵਾਈ ਦੌਰਾਨ ਭਾਰਤ ਸਰਕਾਰ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਛਾਪੀਆਂ ਗਈਆਂ ਰਿਪੋਰਟਾਂ ਚੋਰੀ ਕੀਤੇ ਗਏ ਦਸਤਾਵੇਜ਼ 'ਤੇ ਆਧਾਰਤ ਹਨ ਅਤੇ ਇਸ ਸੰਬੰਧ ਵਿੱਚ ਸਰਕਾਰੀ ਭੇਤ ਗੁਪਤ ਰੱਖਣ ਦੇ ਕਾਨੂੰਨ ਹੇਠ ਮੁਕੱਦਮਾ ਚੱਲਣਾ ਚਾਹੀਦਾ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਇਹ ਰਿਪੋਰਟਾਂ ਤੱਥਾਂ ਦੇ ਪੱਖ ਤੋਂ ਸਹੀ ਹਨ ਜਾਂ ਗਲਤ। ਅੰਗਰੇਜ਼ਾਂ ਦੇ ਰਾਜ ਵੇਲੇ ਇਸ ਕਾਨੂੰਨ ਤਹਿਤ ਐਨ ਰਾਮ ਜਾਂ ‘ਦਿ ਹਿੰਦੂ' ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਪਰ ਸਰਕਾਰ ਦੇ ਨੁੁਮਾਇੰਦੇ ਵੱਲੋਂ ਸੁਪਰੀਮ ਕੋਰਟ ਵਿੱਚ ਇਸ ਤਰ੍ਹਾਂ ਦੀ ਗੱਲ ਕਹਿਣ ਨਾਲ ਕਾਫੀ ਆਲੋਚਨਾ ਹੋਈ ਅਤੇ ਚਿੰਤਾ ਪ੍ਰਗਟ ਕੀਤੀ ਗਈ ਹੈ।
ਅਸਲ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ ਦੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਾਫੀ ਸਮੇਂ ਤੋਂ ਹੋ ਰਹੀ ਹੈ ਕਿਉਂਕਿ ਇਹ ਕਾਨੂੰਨ ਪ੍ਰੈਸ ਦਾ ਮੂੰਹ ਬੰਦ ਕਰਨ/ ਪ੍ਰੈਸ ਨੂੰ ਦਬਾਉਣ ਲਈ ਬਣਾਇਆ ਗਿਆ ਸੀ। ਵਰਨਣ ਯੋਗ ਹੈ ਕਿ ‘ਦਿ ਹਿੰਦੂ' ਅਖਬਾਰ ਵੱਲੋਂ ਛਾਪੀਆਂ ਗਈਆਂ ਰਿਪੋਰਟਾਂ 'ਚ ਕਿਸੇ ਵੀ ਸੰਵੇਦਨਸ਼ੀਲ ਦਸਤਾਵੇਜ਼ ਜਾਂ ਹੋਰ ਕਿਸੇ ਅਜਿਹੀ ਸੂਚਨਾ ਨੂੰ ਜਨਤਕ ਨਹੀਂ ਕੀਤਾ ਗਿਆ, ਜੋ ਦੇਸ਼ ਦੀ ਸੁਰੱਖਿਆ ਜਾਂ ਇਸ ਦੀ ਫੌਜ ਦੇ ਵਿਰੁੱਧ ਹੋ ਸਕਦੀ ਹੈ। ਇਸ ਕਾਨੂੰਨ ਦੇ ਵਿਰੁੱਧ ਮੁੱਖ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਮੀਡੀਆ ਨੂੰ ਸਰਕਾਰ ਦੇ ਗਲਤ ਕੰਮਾਂ ਦਾ ਪਰਦਾ ਫਾਸ਼ ਕਰਨ ਲਈ ਦਸਤਾਵੇਜ਼ ਹਾਸਲ ਕਰਨੇ ਪੈਂਦੇ ਹਨ। ਕੋਈ ਵੀ ਸਰਕਾਰ ਮੀਡੀਆ ਨੂੰ ਉਹ ਸਬੂਤ ਨਹੀਂ ਦੇਵੇਗੀ, ਜੋ ਉਸ ਦੇ ਵਿਰੁੱਧ ਜਾਂਦੇ ਹੋਣ। ਜੇ ਅਜਿਹੀ ਖੋਜੀ ਪੱਤਰਕਾਰੀ ਨਾ ਹੁੰਦੀ ਤਾਂ ਸ਼ਾਇਦ ਅਗਸਤਾ ਵੈਸਟਲੈਂਡ ਜਾਂ ਵਾਟਰਗੇਟ ਸਕੈਂਡਲ ਜਾਂ ਫਿਰ ਪਨਾਮਾ ਪੇਪਰਜ਼ ਵਰਗੇ ਘਪਲਿਆਂ ਦਾ ਪਰਦਾ ਹੀ ਫਾਸ਼ ਨਾ ਹੁੰਦਾ।
ਇਸ ਦੌਰਾਨ ‘ਸ਼ਿਲਾਂਗ ਟਾਈਮਜ਼' ਦੇ ਸੰਪਾਦਕ ਅਤੇ ਪਬਲਿਸ਼ਰਜ਼ ਵਿਰੁੱਧ ਅਦਾਲਤ ਦੀ ਮਾਣਹਾਨੀ ਦਾ ਕੇਸ ਵੀ ਅੱਜਕੱਲ੍ਹ ਚਿੰਤਾ ਦਾ ਵਿਸ਼ਾ ਬਣਿਆ ਪਿਆ ਹੈ। ਇਹ ਇੱਕ ਪ੍ਰਸਿੱਧ ਅਖਬਾਰੀ ਅਦਾਰਾ ਹੈ, ਜਿਸ ਦੀ ਉਸ ਖੇਤਰ ਵਿੱਚ ਚੰਗੀ ਤਕੜੀ ਸਰਕੂਲੇਸ਼ਨ ਹੈ। ਇਸ ਅਖਬਾਰ ਨੇ ਕੁਝ ਰਿਪੋਰਟਾਂ ਛਾਪੀਆਂ ਹਨ, ਜਿਨ੍ਹਾਂ ਵਿੱਚ ਦੱਅਿਸਆ ਗਿਆ ਕਿ ਹਾਈ ਕੋਰਟ ਨੇ ਜੱਜਾਂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਸੇਵਾ ਮੁਕਤੀ ਦੇ ਲਾਭ ਦਿੱਤੇ ਹਨ। ਇੱਕ ਸੰਪਾਦਕੀ ਲੇਖ ਵੀ ਛਾਪਿਆ ਗਿਆ, ਜਿਸ ਦਾ ਸਿਰਲੇਖ ਸੀ ‘ਵੈ੍ਹਨ ਜੱਜਿਜ਼ ਜੱਜ ਦੈਮਸੈਲਵਜ਼'। ਹਾਈ ਕੋਰਟ ਨੇ ਇਨ੍ਹਾਂ ਨੂੰ ਦੋਵਾਂ ਲੇਖਾਂ ਦਾ ਨੋਟਿਸ ਲਿਆ ਤੇ ਇਸ ਅਖਬਾਰ ਦੇ ਸੰਪਾਦਕ ਤੋਂ ਸਪੱਸ਼ਟੀਕਰਨ ਮੰਗਿਆ। ਸੰਪਾਦਕ ਪੈਟ੍ਰੀਸ਼ੀਆ ਮੁਖੀਮ ਤੇ ਪਬਲਿਸ਼ਰ ਸ਼ੋਭਨਾ ਚੌਧਰੀ ਨੇ ਇਹ ਕਹਿ ਕੇ ਮੁਆਫੀਨਾਮਾ ਪੇਸ਼ ਕੀਤਾ ਕਿ ਉਨ੍ਹਾਂ ਦਾ ਇਰਾਦਾ ਨਿਆਂ ਪਾਲਿਕਾ ਦੀ ‘ਮਾਣਹਾਨੀ ਕਰਨਾ ਨਹੀਂ। ਫਿਰ ਵੀ ਕੋਰਟ ਨੇ ਆਪਣੀ ਕਾਰਵਾਈ ਜਾਰੀ ਰੱਖੀ ਤੇ ਦੋਵਾਂ ਨੂੰ ਸੰਵਿਧਾਨ ਦੀ ਧਾਰਾ 215 ਦੇ ਦੋਸ਼ੀ ਮੰਨਦੇ ਹੋਏ ਉਸ ਦਿਨ ਅਦਾਲਤ ਦੀ ਕਾਰਵਾਈ ਖਤਮ ਹੋਣ ਤੱਕ ‘ਅਦਾਲਤ ਦੇ ਕੋਨੇ ਵਿੱਚ ਬੈਠਣ’ ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਨੇ ਉਨ੍ਹਾਂ ਨੂੰ ਦੋ-ਦੋ ਲੱਖ ਰੁਪਏ ਜੁਰਮਾਨਾ ਦੇਣ ਲਈ ਵੀ ਕਿਹਾ ਅਤੇ ਇਹ ਵੀ ਆਖ ਦਿੱਤਾ ਕਿ ਜੁਰਮਾਨਾ ਨਾ ਦੇਣ 'ਤੇ ਉਨ੍ਹਾਂ ਨੂੰ ਛੇ ਮਹੀਨਿਆਂ ਦੀ ਕੈਦ ਹੋਵੇਗੀ ਤੇ ‘ਸ਼ਿਲਾਂਗ ਟਾਈਮਜ਼' ਨਾਂਅ ਦਾ ਪੇਪਰ ਆਪਣੇ ਆਪ ‘ਬੰਦ' ਹੋ ਜਾਵੇਗਾ (ਇਸ 'ਤੇ ਪਾਬੰਦੀ ਲਾ ਦਿੱਤੀ ਜਾਵੇਗੀ)। ਉਤਰ-ਪੂਰਬੀ ਖੇਤਰ ਦੇ ਸਭ ਤੋਂ ਪੁਰਾਣੇ ਤੇ ਪ੍ਰਭਾਵਸ਼ਾਲੀ ਅਖਬਾਰਾਂ 'ਚੋਂ ਇੱਕ ਇਸ ਅਖਬਾਰ ਦੇ ਬੰਦ ਹੋਣ ਦਾ ਖਤਰਾ ਯਕੀਨੀ ਤੌਰ 'ਤੇ ਲੋਕਤੰਤਰ ਦੇ ਚੌਥੇ ਥੰਮ੍ਹ 'ਤੇ ਹਮਲਾ ਹੈ।
ਸਾਰੇ ਦੇਸ਼ ਦੇ ਸੰਪਾਦਕਾਂ ਦੀ ਨੁਮਾਇੰਦਗੀ ਕਰਨ ਵਾਲੇ ‘ਦਿ ਐਡੀਟਰਜ਼ ਗਿਲਡ ਆਫ ਇੰਡੀਆ' ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਇਸ ਕੇਸ ਵਿੱਚ ਮੇਘਾਲਿਆ ਹਾਈ ਕੋਰਟ ਦੇ ਹੁਕਮ ਤੋਂ ਕਾਫੀ ਨਿਰਾਸ਼ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ, ‘‘ਇਹ ਹੁਕਮ ਡਰਾਉਣ ਵਾਲਾ ਹੈ, ਜਿਸ ਵਿੱਚ ਬਾਕੀ ਚੀਜ਼ਾਂ ਤੋਂ ਬਿਨਾ ਜੁਰਮਾਨਾ ਲਾਇਆ ਗਿਆ ਹੈ, ਜੇਲ੍ਹ ਭੇਜਣ ਅਤੇ ਪ੍ਰਕਾਸ਼ਨ 'ਤੇ ਪਾਬੰਦੀ ਦੀ ਚਿਤਾਵਨੀ ਦਿੱਤੀ ਗਈ ਹੈ। ਅਦਾਲਤ ਪ੍ਰੈੱਸ ਦੀ ਆਜ਼ਾਦੀ ਨੂੰ ਘੱਟ ਕਰ ਕੇ ਜਾਣ ਰਹੀ ਹੈ। ਇਹ ਆਪਾ-ਵਿਰੋਧੀ ਹੈ। ਜਿਸ ਨਿਆਂ ਪਾਲਿਕਾ ਨੂੰ ਪ੍ਰੈਸ ਦੀ ਆਜ਼ਾਦੀ ਲਈ ਕੰਮ ਕਰਨਾ ਚਾਹੀਦਾ ਹੈ, ਉਸ ਨੇ ਹੀ ਅਜਿਹਾ ਹੁਕਮ ਜਾਰੀ ਕੀਤਾ, ਜਿਸ ਨਾਲ ਆਜ਼ਾਦ ਪ੍ਰਗਟਾਵਾ ਪ੍ਰਭਾਵਿਤ ਹੁੰਦਾ ਹੈ।” ਇਸ ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ‘‘ਗਿਲਡ ਨਿਆਂ ਪਾਲਿਕਾ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਪੂਰੀ ਸਾਵਧਾਨੀ ਨਾਲ ਕਰੇ ਤਾਂ ਕਿ ਲੋਕਤੰਤਰ 'ਚ ਆਜ਼ਾਦ ਮੀਡੀਆ ਦੀ ਭੂਮਿਕਾ ਦਾ ਸਨਮਾਨ ਬਣਿਆ ਰਹੇ।”
ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਹਾਈ ਕੋਰਟ ਦਾ ਹੁਕਮ ਸੁਪਰੀਮ ਕੋਰਟ ਵੱਲੋਂ ਪਲਟ ਦਿੱਤਾ ਜਾਵੇਗਾ ਤੇ ਉਹ ਮਾਣਹਾਨੀ ਕਾਨੂੰਨਾਂ ਦੀ ਵਰਤੋਂ ਬਾਰੇ ਹਦਾਇਤਾਂ ਜਾਰੀ ਕਰੇਗੀ। ਇਹ ਵੀ ਆਸ ਕੀਤੀ ਜਾਂਦੀ ਹੈ ਕਿ ਸਰਕਾਰ ‘ਦਿ ਹਿੰਦੂ' ਵਿਰੁੱਧ ਸਰਕਾਰੀ ਭੇਤ ਗੁਪਤ ਰੱਖਣ ਸੰਬੰਧੀ ਕਾਨੂੰਨ ਦੇ ਤਹਿਤ ਕਾਰਵਾਈ ਨਹੀਂ ਕਰੇਗੀ ਅਤੇ ਉਸ ਦੀਆਂ ਖੋਜੀ ਰਿਪੋਰਟਾਂ 'ਚ ਉਠਾਏ ਗਏ ਸਵਾਲਾਂ 'ਤੇ ਸਥਿਤੀ ਸਪੱਸ਼ਟ ਕਰੇਗੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ