-ਨਿਰਮਲ ਸਿੰਘ ਕੰਧਾਲਵੀ
ਪਿਛਲੇ ਸਾਲ ਅਕਤੂਬਰ ਮਹੀਨੇ ਪੰਜਾਬ ਵਿੱਚ ਸਾਂ। ਇਕ ਸਕੂਲ ਦੇ ਮੁੱਖ ਅਧਿਆਪਕ ਦਾ ਸੱਦਾ ਮਿਲਿਆ ਕਿ ਮੈਂ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਇੰਗਲੈਂਡ ਦੇ ਜਨ ਜੀਵਨ ਬਾਰੇ ਕੁਝ ਜਾਣਕਾਰੀ ਦੇਵਾਂ। ਮਿਥੇ ਦਿਨ ਉੱਤੇ ਮੈਂ ਬੱਚਿਆਂ ਨੂੰ ਤਕਰੀਬਨ ਇਕ ਘੰਟਾ ਉਨ੍ਹਾਂ ਦੀ ਉਮਰ ਮੁਤਾਬਕ ਭਾਸ਼ਨ ਦਿੱਤਾ ਅਤੇ ਬੱਚਿਆਂ ਨੇ ਬੜੇ ਧਿਆਨ ਨਾਲ ਸਭ ਕੁਝ ਸੁਣਿਆ। ਅਖੀਰ 'ਤੇ ਬੱਚਿਆਂ ਨੂੰ ਕਿਹਾ ਕਿ ਜੇ ਉਹ ਕੋਈ ਸਵਾਲ ਪੁੱਛਣਾ ਚਾਹੁੰਦੇ ਹਨ ਤਾਂ ਜ਼ਰੂਰ ਪੁੱਛਣ।
ਬੱਚਿਆਂ ਨੇ ਬੜੀ ਉਤਸੁਕਤਾ ਨਾਲ ਸਵਾਲ ਪੁੱਛੇ। ਇਕ ਬੱਚੇ ਨੇ ਪੁੱਛਿਆ ਕਿ ਜਿਸ ਤਰ੍ਹਾਂ ਆਈਲੈਂਟਸ ਕਰਕੇ ਇਥੇ ਦੀ ਜਵਾਨੀ ਬਾਹਰਲੇ ਦੇਸ਼ਾਂ ਨੂੰ ਜਾ ਰਹੀ ਹੈ, ਇਸ ਹਿਸਾਬ ਪੰਜਾਬ ਵਿੱਚ ਕੌਣ ਰਹੇਗਾ? ਮੈਂ ਸਮਾਜਿਕ, ਆਰਥਿਕ ਤੇ ਰਾਜਨੀਤਕ ਪੱਖ ਤੋਂ ਆਪਣੀ ਸੋਚ ਅਨੁਸਾਰ ਇਸ ਸਵਾਲ ਦਾ ਜਵਾਬ ਦਿੱਤਾ। ਇਕ ਬੱਚੀ ਨੇ ਜਿਹੜਾ ਸਵਾਲ ਪੁੱਛਿਆ, ਉਸ ਦਾ ਜ਼ਿਕਰ ਮੈਂ ਜ਼ਰਾ ਵਿਸਥਾਰ ਨਾਲ ਕਰਨਾ ਚਾਹਾਂਗਾ। ਉਸ ਦਾ ਸਵਾਲ ਸੀ ਕਿ ਜਿਹੜੇ ਪੰਜਾਬੀ ਲੋਕ ਬਾਹਰਲੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ, ਖਾਸ ਕਰਕੇ ਪੱਛਮੀ ਦੇਸ਼ਾਂ ਅਤੇ ਆਸਟਰੇਲੀਆ, ਨਿਊਜ਼ੀਲੈਂਡ ਆਦਿ ਵਿੱਚ, ਉਹ ਵਾਪਸ ਕਿਉਂ ਨਹੀਂ ਆਉਂਦੇ? ਉਥੇ ਹੀ ਕਿਉਂ ਟਿਕ ਜਾਂਦੇ ਹਨ?
ਮੈਂ ਕਿਹਾ, ਮੈਂ ਇਥੇ ਦੋ ਭਾਰਤ ਦੀਆਂ ਤੇ ਇਕ ਇੰਗਲੈਂਡ ਦੀ ਘਟਨਾ ਦਾ ਜ਼ਿਕਰ ਕਰਾਂਗਾ, ਉਮੀਦ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਵਿੱਚੋਂ ਹੀ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ। ਮੈਂ ਕਹਿਣਾ ਸ਼ੁਰੂ ਕੀਤਾ ਕਿ ਘਟਨਾ ਬੱਸ ਵਿੱਚ ਅੰਮ੍ਰਿਤਸਰ ਨੂੰ ਜਾਂਦਿਆਂ ਦੇਖੀ, ਜਦ ਬੱਸ ਕੰਡਕਟਰ ਨੇ ਸੱਤਰ ਪੰਝੱਤਰ ਸਾਲ ਦੀ ਬਜ਼ੁਰਗ ਮਾਈ ਲਈ ਬਹੁਤ ਭੈੜੀ ਸ਼ਬਦਾਵਲੀ ਵਰਤੀ, ਜੋ ਕਿਸੇ ਸੱਭਿਅਕ ਸਮਾਜ ਵਿੱਚ ਪ੍ਰਵਾਨ ਨਹੀਂ ਹੋ ਸਕਦੀ। ਉਸ ਮਾਤਾ ਦਾ ਕਸੂਰ ਸਿਰਫ ਇੰਨਾ ਸੀ ਕਿ ਟਿਕਟ ਲੈਣ ਲਈ ਉਸ ਪਾਸ ਦਸ ਰੁਪਏ ਖੁੱਲ੍ਹੇ ਨਹੀਂ ਸਨ। ਇਹ ਜੁਰਮ ਨਹੀਂ ਸੀ, ਜਿਸ ਬਦਲੇ ਉਸ ਨੂੰ ਜ਼ਲੀਲ ਕੀਤਾ ਗਿਆ। ਬਾਹਰਲੇ ਦੇਸ਼ਾਂ ਵਿੱਚ ਇੰਨੀ ਕੁ ਗੱਲ ਬਦਲੇ ਕੋਈ ਕਿਸੇ ਦੀ ਬੇਇੱਜ਼ਤੀ ਕਰਨ ਦੀ ਜੁਰਅੱਤ ਨਹੀਂ ਕਰ ਸਕਦਾ। ਕਾਨੂੰਨ ਦਾ ਰਾਜ ਹੈ। ਹਰ ਇਕ ਦੇ ਸਵੈ-ਮਾਣ ਦੇ ਸਤਿਕਾਰ ਦਾ ਖਿਆਲ ਰੱਖਿਆ ਜਾਂਦਾ ਹੈ।
ਦੂਸਰੀ ਘਟਨਾ ਬਾਰੇ ਮੈਂ ਦੱਸਿਆ ਕਿ ਕਿਵੇਂ ਕੁਝ ਦਿਨ ਹੋਏ, ਭਾਰਤੀ ਰੇਲਵੇ ਦੇ ਦੋ ਮੁਲਾਜ਼ਮਾਂ ਨੇ ਇਕ ਮੁਸਾਫਰ ਨੂੰ ਚੱਲਦੀ ਰੇਲ ਗੱਡੀ 'ਚੋਂ ਬਾਹਰ ਸੁੱਟ ਦਿੱਤਾ। ਉਸ ਦਾ ਕਸੂਰ ਬਸ ਇਹ ਸੀ ਕਿ ਉਸ ਨੇ ਉਨ੍ਹਾਂ ਦੋਵਾਂ ਵੱਲੋਂ ਮੁਸਾਫਰਾਂ ਤੋਂ ਨਾਜਾਇਜ਼ ਪੈਸੇ ਉਗਰਾਹੁਣ ਦਾ ਵਿਰੋਧ ਕੀਤਾ ਸੀ ਤੇ ਉਹ ਉਨ੍ਹਾਂ ਦੀ ਇਸ ਕੰਮ ਦੀ ਆਪਣੇ ਫੋਨ 'ਤੇ ਵੀਡੀਓ ਬਣਾਉਣ ਲੱਗ ਪਿਆ ਸੀ। ਉਸ ਨੂੰ ਉਤਰ ਪ੍ਰਦੇਸ਼ ਵਿਚਲੇ ਕਿਸੇ ਸ਼ਹਿਰ ਦੇ ਹਸਪਤਾਲ 'ਚ ਗੰਭੀਰ ਜ਼ਖਮੀ ਹਾਲਤ ਵਿੱਚ ਦਾਖਲ ਕਰਾਇਆ ਗਿਆ। ਬੱਚੇ ਸਾਹ ਰੋਕ ਕੇ ਇਸ ਵਾਰਤਾ ਨੂੰ ਸੁਣ ਰਹੇ ਸਨ।
ਮੈਂ ਕਿਹਾ, ਅੱਗੋਂ ਸੁਣੋ ਇੰਗਲੈਂਡ ਦੇ ਸ਼ਹਿਰ ਬਰਮਿੰਘਮ 'ਚ ਮੇਰੇ ਆਪਣੇ ਨਾਲ ਵਾਪਰੀ ਘਟਨਾ ਬਾਰੇ। ਮੈਂ ਆਪਣੇ ਸ਼ਹਿਰ ਜਾਣ ਲਈ ਰੇਲ ਗੱਡੀ ਫੜਨੀ ਸੀ। ਸਟੇਸ਼ਨ 'ਤੇ ਟਾਈਮ ਟੇਬਲ ਬੋਰਡ ਦੇਖਿਆ। ਗੱਡੀ ਚੱਲਣ 'ਚ ਦੋ ਮਿੰਟ ਰਹਿੰਦੇ ਸਨ। ਮੈਂ ਭੱਜ ਕੇ ਰੇਲ ਗੱਡੀ ਉੱਤੇ ਚੜ੍ਹ ਗਿਆ। ਮੇਰੇ ਬੈਠਦਿਆਂ ਹੀ ਗੱਡੀ ਚੱਲ ਪਈ। ਥੋੜ੍ਹੀ ਦੇਰ ਬਾਅਦ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਗਲਤ ਗੱਡੀ ਫੜ ਲਈ ਸੀ ਤੇ ਇਹ ਮੇਰੇ ਸ਼ਹਿਰ ਤੋਂ ਉਲਟ ਦਿਸ਼ਾ ਨੂੰ ਜਾ ਰਹੀ ਸੀ। ਅਜੇ ਮੈਂ ਸੋਚ ਹੀ ਰਿਹਾ ਸਾਂ ਕਿ ਕੀ ਕਰਾਂ, ਜਦ ਨੂੰ ਲੇਡੀ ਕੰਡਕਟਰ ਟਿਕਟਾਂ ਚੈਕ ਕਰਨ ਆ ਗਈ। ਮੈਂ ਜਦ ਉਸ ਨੂੰ ਦੱਸਿਆ ਕਿ ਮੈਂ ਗਲਤ ਗੱਡੀ ਵਿੱਚ ਚੜ੍ਹ ਗਿਆ ਹਾਂ ਤਾਂ ਉਸ ਨੇ ਮੁਸਕਰਾਉਂਦਿਆਂ ਕਿਹਾ, ‘ਮਿਸਟਰ ਸਿੰਘ, ਕੋਈ ਫਿਕਰ ਨਾ ਕਰ, ਅਕਸਰ ਲੋਕ ਕਈ ਵਾਰ ਭੁਲੇਖੇ ਨਾਲ ਗਲਤ ਗੱਡੀ ਚੜ੍ਹ ਜਾਂਦੇ ਹਨ।' ਉਸ ਨੇ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਜਾਣਾ ਸੀ। ਮੇਰੇ ਦੱਸਣ 'ਤੇ ਉਸ ਨੇ ਮੈਨੂੰ ਆਪਣੇ ਪਿੱਛੇ-ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਉਹ ਮੈਨੂੰ ਆਪਣੇ ਨਾਲ ਆਪਣੇ ਕੈਬਿਨ ਵਿੱਚ ਲੈ ਗਈ, ਜਿਥੇ ਉਸ ਦਾ ਸਹਿ-ਕਰਮੀ ਬੈਠਾ ਸੀ। ਉਸ ਨੂੰ ਮੇਰੀ ਮੁਸ਼ਕਲ ਦੱਸੀ। ਉਸ ਨੇ ਝੱਟ ਲੈਪਟਾਪ ਖੋਲ੍ਹ ਕੇ ਗੱਡੀਆਂ ਦੇ ਟਾਈਮ ਟੇਬਲ ਦਾ ਚਾਰਟ ਕੱਢਿਆ ਤੇ ਦੱਸਿਆ ਕਿ ਅਗਲੇ ਸਟੇਸ਼ਨ ਤੋਂ ਮੈਨੂੰ ਵਾਪਸੀ ਦੀ ਗੱਡੀ, ਇਸ ਦੇ ਉਥੇ ਪਹੁੰਚਣ ਤੋਂ ਪੰਜ ਮਿੰਟ ਬਾਅਦ ਪਲੇਟਫਾਰਮ ਨੰਬਰ ਚਾਰ ਤੋਂ ਮਿਲ ਜਾਵੇਗੀ। ਆਪਣੀ ਥਰਮਸ ਬੋਤਲ ਵਿੱਚੋਂ ਉਨ੍ਹਾਂ ਮੈਨੂੰ ਚਾਹ ਦੇ ਕੱਪ ਦੀ ਵੀ ਪੇਸ਼ਕਸ਼ ਕੀਤੀ, ਜਿਸ ਨੂੰ ਮੈਂ ਧੰਨਵਾਦ ਸਹਿਤ ਇਨਕਾਰ ਕਰ ਦਿੱਤਾ।
ਬੱਚੇ ਕਿਸੇ ਪਰੀ ਕਹਾਣੀ ਵਾਂਗ ਇਹ ਘਟਨਾ ਸੁਣ ਰਹੇ ਸਨ। ਮੈਂ ਦੇਖਿਆ ਕਿ ਉਨ੍ਹਾਂ ਦੇ ਚਿਹਰਿਆਂ 'ਤੇ ਸੰਤੁਸ਼ਟੀ ਸੀ, ਜਿਵੇਂ ਉਨ੍ਹਾਂ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇ।