Welcome to Canadian Punjabi Post
Follow us on

29

March 2024
 
ਨਜਰਰੀਆ

ਬਜ਼ੁਰਗ ਵੀ ਦਿਖਾਉਣ ਵਡੱਪਣ

September 27, 2018 08:03 AM

-ਪ੍ਰੋਫੈਸਰ ਮਨਜੀਤ ਤਿਆਗੀ
ਆਧੁਨਿਕ ਦੌਰ ਵਿੱਚ ਹਰ ਰਿਸ਼ਤੇ 'ਚ ਤਰੇੜਾਂ ਆ ਰਹੀਆਂ ਹਨ। ਅਕਸਰ ਬੁਢਾਪੇ 'ਚ ਮਾਂ-ਬਾਪ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਕਈ ਬੱਚੇ ਆਪਣੇ ਮਾਂ-ਬਾਪ ਨੂੰ ਬਿਰਧ-ਆਸ਼ਰਮਾਂ ਵਿੱਚ ਛੱਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਸਮਾਜਕ ਵਰਤਾਰਾ ਨਿੰਦਣਯੋਗ ਹੀ ਨਹੀਂ, ਸ਼ਰਮਨਾਕ ਹੈ। ਬਜ਼ੁਰਗਾਂ ਦੀ ਅਣਦੇਖੀ ਕਰ ਕੇ ਅਸੀਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। ਭਾਵੇਂ ਨਵੀਂ ਪੀੜ੍ਹੀ ਉੱਤੇ ਅੱਜ ਪਦਾਰਥਵਾਦੀ ਕਦਰਾਂ-ਕੀਮਤਾਂ ਭਾਰੂ ਪੈ ਰਹੀਆਂ ਹਨ, ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਹਮੇਸ਼ਾ ਬੱਚੇ ਗਲਤ ਹੁੰਦੇ ਹਨ। ਬਹੁਤ ਵਾਰ ਮਾਂ-ਬਾਪ ਦਾ ਕਸੂਰ ਵੀ ਦੇਖਣ ਨੂੰ ਮਿਲਦਾ ਹੈ। ਅਜਿਹੇ ਵਿੱਚ ਪਰਵਾਰਕ ਮਾਹੌਲ ਤਣਾਅ ਭਰਪੂਰ ਹੋ ਜਾਂਦਾ ਹੈ।
ਜ਼ਿਆਦਾਤਰ ਬਜ਼ੁਰਗਾਂ ਨੂੰ ਬਚਪਨ ਤੇ ਜਵਾਨੀ ਵੇਲੇ ਉਨ੍ਹਾਂ ਦੇ ਮਾਂ-ਬਾਪ ਨੇ ਤਾੜ ਕੇ ਰੱਖਿਆ ਹੁੰਦਾ ਹੈ ਤੇ ਉਨ੍ਹਾਂ ਨੇ ਮਿਹਨਤ ਵੀ ਚੋਖੀ ਕੀਤੀ ਹੁੰਦੀ ਹੈ। ਇਸ ਲਈ ਅੱਜ ਉਹ ਵੀ ਔਲਾਦ ਨੂੰ ਤਾੜ ਕੇ ਰੱਖਣਾ ਚਾਹੁੰਦੇ ਹਨ। ਉਚ ਸਿਖਿਆ ਪ੍ਰਾਪਤ ਕਰ ਚੁੱਕੇ ਬੱਚੇ ਦਲੀਲ ਨਾਲ ਗੱਲ ਕਰਦੇ ਹਨ। ਨਵੀਂ ਪੀੜ੍ਹੀ ਟੋਕਾ-ਟਾਕੀ ਬਰਦਾਸ਼ਤ ਨਹੀਂ ਕਰਦੀ, ਪੁਰਾਣੀ ਪੀੜ੍ਹੀ ਆਪਣਾ ਤਜਰਬਾ ਤੇ ਗਿਆਨ ਉਨ੍ਹਾਂ 'ਤੇ ਥੋਪਣਾ ਚਾਹੁੰਦੀ ਹੈ। ਅਜਿਹਾ ਟਕਰਾਅ ਘਰ ਨੂੰ ਨਰਕ ਬਣਾ ਦਿੰਦਾ ਹੈ।
ਵਿਆਹ ਮਗਰੋਂ ਜਦੋਂ ਸਹੁਰਾ ਪਰਵਾਰ ਨੂੰਹ ਨੂੰ ਪੱਕਾ ਸੇਵਾਦਾਰ ਸਮਝਣ ਲੱਗਦਾ ਹੈ ਤਾਂ ਇਥੋਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਨੂੰਹ ਨੂੰ ਆਪਣੀ ਧੀ ਸਮਝਣਾ ਚਾਹੀਦਾ ਹੈ ਕਿਉਂਕਿ ਉਹ ਆਪਣਾ ਘਰ ਪਰਵਾਰ ਛੱਡ ਕੇ ਤੁਹਾਡੇ ਘਰ ਆਈ ਹੈ। ਤੁਸੀਂ ਹੀ ਉਸ ਦੇ ਮਾਂ-ਬਾਪ ਹੋ। ਇਹ ਤੁਹਾਡੇ ਉਤੇ ਨਿਰਭਰ ਹੈ ਕਿ ਤੁਸੀਂ ਉਸ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ। ਚੰਗੀਆਂ ਕਦਰਾਂ-ਕੀਮਤਾਂ ਨਾਲ ਵਿਹਾਰ ਕਰੋਗੇ ਤਾਂ ਬਦਲੇ ਵਿੱਚ ਇੱਜ਼ਤ ਮਿਲੇਗੀ। ਜੇ ਕਿਸੇ ਨੂੰ ਜ਼ਬਰਦਸਤੀ ਦਬਾਓਗੇ ਤਾਂ ਇੱਕ ਸਥਿਤੀ ਤੋਂ ਬਾਅਦ ਉਹ ਟੁੱਟੇਗੀ ਜਾਂ ਓਨੀ ਸਖਤੀ ਨਾਲ ਵਾਪਸ ਉਛਲੇਗੀ। ਅਕਸਰ ਹੀ ਮਾਂ-ਬਾਪ ਨੂੰ ਵਿਆਹ ਮਗਰੋਂ ਬੇਟੇ ਦੇ ਵਿਹਾਰ 'ਚ ਤਬਦੀਲੀ ਦੀ ਸ਼ਿਕਾਇਤ ਹੁੰਦੀ ਹੈ। ਮਾਂ-ਬਾਪ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੇਟਾ ਭੋਲਾ ਹੈ ਤੇ ਨੂੰਹ ਚਲਾਕ। ਇਸ ਕਰ ਕੇ ਉਹ ਪਤਨੀ ਦਾ ਗੁਲਾਮ ਬਣ ਗਿਆ ਹੈ। ਮਾਂ-ਬਾਪ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਬੇਟਾ ਕਿਸੇ ਦਾ ਪਤੀ ਵੀ ਹੈ। ਅੱਜਕੱਲ੍ਹ ਪੜ੍ਹੇ-ਲਿਖੇ ਲੜਕੇ ਜੇ ਕੰਮ ਕਾਰ 'ਚ ਆਪਣੀ ਪਤਨੀ ਦੀ ਮਦਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ‘ਜ਼ੋਰੂ ਕਾ ਗੁਲਾਮ' ਨਹੀਂ ਕਹਿ ਸਕਦੇ ਕਿਉਂਕਿ ਅਨੇਕਾਂ ਅਜਿਹੇ ਕੰਮ, ਜੋ ਪਤੀ ਦੇ ਹਿੱਸੇ ਦੇ ਹੁੰਦੇ ਹਨ, ਪਤਨੀ ਕਰ ਦਿੰਦੀ ਹੈ। ਆਪਸੀ ਸਹਿਯੋਗ ਨਾਲ ਗ੍ਰਹਿਸਥੀ ਜੀਵਨ ਅੱਗੇ ਵਧ ਸਕਦਾ ਹੈ। ਕਈ ਬਜ਼ੁਰਗਾਂ ਨੂੰ ਨਵੀਂ ਨੂੰਹ ਆਉਣ 'ਤੇ ਪਹਿਲਾਂ ਆਈ ਵੱਡੀ ਨੂੰਹ 'ਚ ਅਨੇਕਾਂ ਕਮੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ। ਉਹ ਭੁੱਲ ਜਾਂਦੇ ਹਨ ਕਿ ਹੁਣ ਤੱਕ ਕੌਣ ਉਨ੍ਹਾਂ ਦੀ ਸੇਵਾ ਕਰਦਾ ਰਿਹਾ ਹੈ।
ਘਰ ਆਏ ਮਹਿਮਾਨ ਵੱਲੋਂ ਹਾਲਚਾਲ ਪੁੱਛਣ 'ਤੇ ਕਈ ਵਾਰ ਬਜ਼ੁਰਗ ਜਦੋਂ ਲੰਮਾ ਜਿਹਾ ਹਉਕਾ ਲੈ ਕੇ ਕਹੇ, ‘ਬਸ ਠੀਕ ਹੀ ਆ’, ਇਸ ਤੋਂ ਮਹਿਮਾਨ ਸਭ ਸਮਝ ਜਾਂਦਾ ਹੈ ਤੇ ਦੁੱਖ ਵੰਡਾਉਣ ਲਈ ਤੱਤਪਰ ਹੋ ਜਾਂਦਾ ਹੈ। ਮੌਕਾ ਮਿਲਣ 'ਤੇ ਬਜ਼ੁਰਗ ਆਪਣੇ ਮਨ ਦੇ ਭਾਵਾਂ ਨੂੰ ਮਹਿਮਾਨ ਅੱਗੇ ਢੇਰੀ ਕਰ ਦਿੰਦੇ ਹਨ। ਫਿਰ ਖਾਸ ਮਹਿਮਾਨ ਸਾਰੇ ਰਿਸ਼ਤੇਦਾਰਾਂ ਵਿੱਚ ਮੁਨਿਆਦੀ ਕਰ ਕੇ ਬਜ਼ੁਰਗ ਤੇ ਉਸ ਦੇ ਬੱਚਿਆਂ ਦਾ ਦੁੱਖ ਵੰਡਾਉਂਦਾ ਹੈ। ਬਜ਼ੁਰਗਾਂ ਨੂੰ ਰਿਸ਼ਤੇਦਾਰਾਂ ਕੋਲ ਏਦਾਂ ਆਪਣੇ ਬੱਚਿਆਂ ਦੀ ਬੁਰਾਈ ਨਹੀਂ ਕਰਨੀ ਚਾਹੀਦੀ। ਜੋ ਕੁਝ ਬੱਚੇ ਕਰ ਸਕਦੇ ਹਨ, ਉਹ ਰਿਸ਼ਤੇਦਾਰ ਨਹੀਂ ਕਰ ਸਕਦੇ।
ਘਰ ਦੇ ਮਾਹੌਲ ਨੂੰ ਖੁਸ਼ਗਵਾਰ ਰੱਖਣ ਲਈ ਬਜ਼ੁਰਗਾਂ ਨੂੰ ਕਈ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੇ ਨਾਲ ਨਾਲ ਛੋਟੇ ਬੱਚਿਆਂ ਨਾਲ ਸਮਾਂ ਗੁਜ਼ਾਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਸਮਾਂ ਚੰਗਾ ਬਤੀਤ ਹੋਵੇਗਾ ਤੇ ਬੱਚੇ ਵੀ ਹੋਰ ਪਿਆਰ ਕਰਨਗੇ। ਪੜ੍ਹ ਲਿਖ ਕੇ ਰੁਜ਼ਗਾਰ ਲਈ ਥਾਂ-ਥਾਂ ਧੱਕੇ ਖਾ ਕੇ ਨਿਰਾਸ਼ ਹੋ ਚੁੱਕੇ ਬੱਚਿਆਂ ਦਾ ਮਨੋਬਲ ਵਧਾਉਣ ਲਈ ਵੱਡਿਆਂ ਦੀ ਹਮਦਰਦੀ ਕਾਰਗਰ ਸਾਬਤ ਹੋ ਸਕਦੀ ਹੈ। ਵੱਡੀ ਉਮਰ 'ਚ ਗੋਡੇ, ਸਿਰ, ਲੱਤਾਂ-ਬਾਹਾਂ ਵਿੱਚ ਦਰਦ ਹੋਣਾ ਆਮ ਸਮੱਸਿਆਵਾਂ ਹਨ। ਸਵੇਰੇ ਉਠਣ ਸਾਰ ਹੀ ਅਜਿਹੇ ਦਰਦ ਦੀ ਸ਼ਿਕਾਇਤ ਕਰ ਕੇ ਸੁਹਾਵਣੀ ਸਵੇਰ ਦੀ ਬੇਕਦਰੀ ਨਾ ਕਰੋ। ਮਨ ਵਿੱਚ ਧੰਨਵਾਦੀ ਭਾਵ ਲਿਆਓ ਕਿ ਤੁਹਾਨੂੰ ਜ਼ਿੰਦਗੀ ਜਿਊਣ ਲਈ ਇੱਕ ਖੂਬਸੂਰਤ ਦਿਨ ਨਸੀਬ ਹੋਇਆ ਹੈ। ਜੇ ਤੁਸੀਂ ਸਾਂਝੇ ਪਰਵਾਰ ਦੇ ਮੁਖੀ ਹੋ ਤਾਂ ਸਾਰਿਆਂ ਨੂੰ ਹੀ ਪਿਆਰ ਕਰੋ।
ਬੱਚੇ ਵੀ ਬਜ਼ੁਰਗਾਂ ਦਾ ਧਿਆਨ ਰੱਖਣ। ਬੱਚੇ ਮਾਂ-ਬਾਪ ਦੀ ਸੇਵਾ ਕਰਨ, ਇਹ ਉਨ੍ਹਾਂ ਦੀ ਸਮਾਜਕ ਜ਼ਿੰਮੇਵਾਰੀ ਹੀ ਨਹੀਂ, ਨੈਤਿਕ ਫਰਜ਼ ਵੀ ਹੈ। ਮਾਂ-ਬਾਪ ਨਾਲ ਨਿਮਰਤਾ ਨਾਲ ਗੱਲ ਕਰੋ, ਉਨ੍ਹਾਂ ਦੀ ਗੱਲ ਧੀਰਜ ਨਾਲ ਸੁਣੋ। ਤੁਸੀਂ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਤਾਂ ਵੀ ਉਸੇ ਤਰ੍ਹਾਂ ਸਹਿਣਸ਼ੀਲਤਾ ਦਿਖਾਓ, ਜਿਵੇਂ ਬਾਹਰ ਹੋਰ ਲੋਕਾਂ ਨਾਲ ਦਿਖਾਉਂਦੇ ਹੋ। ਭਾਵੇਂ ਤੁਸੀਂ ਮਜ਼ਦੂਰ ਹੋ ਜਾਂ ਮੈਨੇਜਰ ਆਪਣੇ ਮਾਲਕ ਜਾਂ ਬੌਸ ਦੀ ਡਾਂਟ ਤਾਂ ਤੁਸੀਂ ਚੁੱਪਚਾਪ ਸਹਿਣ ਕਰ ਲੈਂਦੇ ਹੋ ਜਿਨ੍ਹਾਂ ਨੇ ਤੁਹਾਨੂੰ ਮਹੀਨੇ ਦਾ ਸਿਰਫ ਪੰਜ ਜਾਂ ਪੰਜਾਹ ਹਜ਼ਾਰ ਦੇਣਾ ਹੈ, ਪਰ ਉਹ ਮਾਂ-ਬਾਪ ਜਿਨ੍ਹਾਂ ਨੇ ਤੁਹਾਨੂੰ ਜਨਮ ਦੇ ਕੇ ਆਪਣੀ ਜ਼ਿੰਦਗੀ ਦੀਆਂ ਲੱਖਾਂ-ਕਰੋੜਾਂ ਦੀ ਸਾਰੀ ਜਾਇਦਾਦ ਦੇਣੀ ਹੈ, ਉਨ੍ਹਾਂ ਦੀਆਂ ਗੱਲਾਂ ਤੁਹਾਨੂੰ ਬੁਰੀਆਂ ਲੱਗਦੀਆਂ ਹਨ ਤੇ ਤੁਹਾਡੀ ਜ਼ੁਬਾਨ ਕੁਰੱਖਤ ਹੋਣ ਲੱਗਦੀ ਹੈ। ਯਾਦ ਰੱਖੋ ਕਿ ਤੁਸੀਂ ਮਾਂ-ਬਾਪ ਦੀ ਬਦੌਲਤ ਹੀ ਚੰਗੇ ਪੜ੍ਹੇ-ਲਿਖੇ ਹੋ ਕੇ ਤੇ ਜਿੱਥੋਂ ਤੱਕ ਜੀਵਨ ਜਾਚ ਦਾ ਸੰਬੰਧ ਹੈ, ਤੁਸੀਂ ਜੀਵਨ ਭਰ ਉਨ੍ਹਾਂ ਤੋਂ ਪਿੱਛੇ ਰਹੋਗੇ।
ਮੁੱਕਦੀ ਗੱਲ ਇਹ ਕਿ ਬਜ਼ੁਰਗਾਂ ਤੇ ਬੱਚਿਆਂ ਦੇ ਵਿਚਾਰ ਨਦੀ ਦੇ ਦੋ ਕਿਨਾਰਿਆਂ ਵਾਂਗ ਮਿਲ ਨਹੀਂ ਸਕਦੇ। ਇਹ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਵਿਚਾਰਾਂ ਦਾ ਵਖਰੇਵਾਂ ਸਦੀਆਂ ਤੋਂ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਵਿਚਾਰਾਂ ਦੇ ਇਸ ਵਖਰੇਵੇਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਪਰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਲਈ ਬਜ਼ੁਰਗਾਂ ਨੂੰ ਆਪਣੇ ਖਾਣ ਤੇ ਬੋਲਣ ਉਤੇ ਸਮਜਮ ਰੱਖ ਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਦੂਜੇ ਪਾਸੇ ਬੱਚਿਆਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਮਾਂ-ਬਾਪ ਤੋਂ ਜ਼ਿਆਦਾ ਚਲਾਕ ਜਾਂ ਚਤਰ ਨਾ ਸਮਝੋ। ਜਿੱਥੇ ਤੁਸੀਂ ਅੱਜ ਫਿਰ ਰਹੇ ਹੋ ਉਹ ਬਹੁਤ ਚਿਰ ਪਹਿਲਾਂ ਇਸ ਦੌਰ ਵਿੱਚੋਂ ਗੁਜ਼ਰ ਚੁੱਕੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ