Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਜਿਸ ਤਨ ਲਾਗੇ ਸੋ ਤਨ ਜਾਣੇ

March 15, 2019 09:57 AM

-ਡਾ. ਬਨਿੰਦਰ ਰਾਹੀ
ਮੈਂ ਡੇਰਾ ਬਾਬਾ ਨਾਨਕ ਤੋਂ ਹਾਂ, ਜਿਹੜਾ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦਾ ਸਰਹੱਦੀ ਕਸਬਾ ਹੈ। ਪਾਕਿਸਤਾਨ ਸਾਡੇ ਤੋਂ ਸਾਹਮਣੇ ਦਿੱਸਦਾ ਹੈ, ਸਹੀ ਫਾਸਲਾ ਮਸਾਂ ਸਾਢੇ ਤਿੰਨ ਕਿਲੋਮੀਟਰ ਹੈ। ਇਹ ਉਹ ਥਾਂ ਹੈ ਜਿਥੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਕੂਟਨੀਤੀ ਅਤੇ ਸਿਆਸਤ ਪੈਦਾ ਹੋਈ ਅਤੇ ਆਖਰ ਦੋਵੇਂ ਮੁਲਕਾਂ ਨੇ ਇਥੇ ਇਹ ਲਾਂਘਾ ਸਥਾਪਤ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਇਹ ਛੋਟਾ ਜਿਹਾ ਕਸਬਾ ਸੰਸਾਰ ਨਕਸ਼ੇ 'ਤੇ ਆ ਗਿਆ।
ਜਦੋਂ 26 ਨਵੰਬਰ 2018 ਨੂੰ ਵੱਡੀਆਂ ਸਿਆਸੀ ਹਸਤੀਆਂ ਦੀ ਹਾਜ਼ਰੀ ਵਿੱਚ ਹੋਏ ਸਮਾਗਮ ਦੌਰਾਨ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਤਾਂ ਸਿੱਖ ਭਾਈਚਾਰੇ ਨੇ ਇਸ ਦਾ ਸਵਾਗਤ ਕੀਤਾ ਕਿਉਂਕਿ ਭਾਈਚਾਰੇ ਨੂੰ ਇਸ ਨਾਲ ਆਪਣੀ ਉਹ ਸ਼ਰਧਾ ਤੇ ਭਾਵਨਾਵਾਂ ਸਾਕਾਰ ਹੁੰਦੀਆਂ ਦਿਖਾਈ ਦਿੱਤੀਆਂ, ਜਿਨ੍ਹਾਂ ਲਈ ਉਹ 1999 ਤੋਂ ਅਰਦਾਸਾਂ ਕਰ ਰਹੇ ਸਨ। ਸਥਾਨਕ ਲੋਕ ਇਸ ਨਾਲ ਆਪਣੇ ਲਈ ਆਰਥਿਕ ਸੰਭਾਵਨਾਵਾਂ ਤੇ ਰੁਜ਼ਗਾਰ ਦੇ ਮੌਕਿਆਂ ਦੀ ਆਸ ਕਰ ਰਹੇ ਸਨ, ਪਰ ਹਾਲ ਹੀ ਵਿੱਚ ਸਰਹੱਦਾਂ 'ਤੇ ਵਧੇ ਤਣਾਅ ਕਾਰਨ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਇਸ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ।
ਮੰਗਲਵਾਰ (26 ਫਰਵਰੀ 2019 ਜਿਸ ਦਿਨ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਹਵਾਈ ਹਮਲਾ ਕੀਤਾ) ਬਾਅਦ ਦੁਪਹਿਰ ਪਿੰਡੋਂ ਮੈਨੂੰ ਮਾਤਾ ਦਾ ਫੋਨ ਆਇਆ ਤਾਂ ਉਹ ਜੰਗ ਵਰਗੇ ਹਾਲਾਤ ਬਣਨ ਤੋਂ ਫਿਕਰਮੰਦ ਸੀ, ਕਿਉਂਕਿ ਇਸ ਕਾਰਨ ਸਰਹੱਦੀ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਸਕਦੇ ਸਨ। ਟੈਲੀਵਿਜ਼ਨ 'ਤੇ ਖਬਰ ਚੈਨਲਾਂ ਵੱਲੋਂ ਪਾਕਿਸਤਾਨ ਤੋਂ ਪੁਲਵਾਮਾ ਹਮਲੇ ਦਾ ਬਦਲਾ ਲੈਣ ਦੀ ਦੁਹਾਈ ਪਾਈ ਜਾ ਰਹੀ ਸੀ ਅਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਉਸੇ ਦੀ ਜ਼ੁਬਾਨ ਵਿੱਚ ਜਵਾਬ ਦੇਣ ਲਈ ਸਖਤ ਕਾਰਵਾਈ ਕਰਨ ਵਾਸਤੇ ਜ਼ੋਰ ਪਾਇਆ ਜਾ ਰਿਹਾ ਸੀ। ਮਾਤਾ ਦਾ ਸਵਾਲ ਸੀ, ‘ਸਰਕਾਰ ਅਜਿਹਾ ਕਿਉਂ ਕਰੇਗੀ?' ਮੈਂ ਇਹੀ ਆਖ ਸਕੀ, ਇਹ ਉਨ੍ਹਾਂ ਦਾ ਕੰਮ ਹੈ। ਅਜਿਹਾ 1962, 1965, 1971 ਤੇ ਕਾਰਗਿਲ ਜੰਗਾਂ ਅਤੇ ਪਠਾਨਕੋਟ ਤੇ ਉੜੀ ਵਿੱਚ ਹੋ ਚੁੱਕਾ ਤੇ ਫਿਰ ਪੁਲਵਾਮਾ ਵਿੱਚ ਹੋਇਆ ਹੈ। ਮੈਂ ਮਾਤਾ ਨੂੰ ਸਲਾਹ ਦਿੱਤੀ ਕਿ ਉਹ ਟੈਲੀਵਿਜ਼ਨ ਦੇਖਣਾ ਬੰਦ ਕਰ ਦੇਵੇ ਤੇ ਇਨ੍ਹਾਂ ਚੈਨਲਾਂ ਦ ਕੂੜ ਪ੍ਰਚਾਰ ਨਾ ਸੁਣੇ ਅਤੇ ਸੋਸ਼ਲ ਮੀਡੀਆ ਤੋਂ ਵੀ ਦੂਰ ਰਹੇ। ਮਾਤਾ ਨੇ ਆਖਿਆ ਕਿ ਸਰਹੱਦੀ ਇਲਾਕੇ ਵਿੱਚ ਕੋਈ ਜੰਗ ਨਹੀਂ ਚਾਹੁੰਦਾ। ਕਿਸਾਨ ਪਹਿਲਾਂ ਹੀ ਫਰਵਰੀ ਦੌਰਾਨ ਹੋਈਆਂ ਬੇਮੌਸਮੀ ਬਾਰਸ਼ਾਂ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਬਾਰਸ਼ਾਂ ਕਾਰਨ ਅਪ੍ਰੈਲ ਵਿੱਚ ਵੱਢੀਆਂ ਜਾਣ ਵਾਲੀਆਂ ਹਾੜ੍ਹੀ ਦੀਆਂ ਫਸਲਾਂ ਦੇ ਝਾੜ 'ਤੇ ਮਾੜਾ ਅਸਰ ਪਵੇਗਾ। ਉੜੀ ਹਮਲੇ ਤੋਂ ਬਾਅਦ ਕੀਤੀ ਗਈ ਪਹਿਲੀ ਸਰਜੀਕਲ ਸਟਰਾਈਕ ਤੋਂ ਬਾਅਦ ਸਰਕਾਰ ਨੇ ਪਾਕਿਸਤਾਨ ਸਰਹੱਦ ਦੇ ਦਸ ਕਿਲੋਮੀਟਰ ਘੇਰੇ ਵਿੱਚ ਰਹਿੰਦੇ ਲੋਕਾਂ ਨੂੰ ਪਿੰਡ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਸਨ। ਉਦੋਂ ਮੇਰੇ ਪਿੰਡ ਵਾਸੀਆਂ ਨੂੰ ਆਪਣੇ ਘਰ ਬਾਰ ਛੱਡ ਕੇ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਕੋਟਲੀ ਸੂਰਤ ਮੱਲ੍ਹੀ ਵਿੱਚ ਬਣਾਏ ਆਰਜ਼ੀ ਕੈਂਪ ਵਿੱਚ ਪਨਾਹ ਲੈਣੀ ਪਈ ਸੀ। ਆਪਣੇ ਖੇਤ ਅਤੇ ਦੁਕਾਨਾਂ ਉਹ ਪਿੱਛੇ ਰੱਬ ਭਰੋਸੇ ਛੱਡ ਕੇ ਆਏ ਸਨ। ਜੰਗ ਤੋਂ ਡਰਦਿਆਂ ਬਹੁਤ ਸਾਰੇ ਕਿਸਾਨਾਂ ਨੂੰ ਆਪਣੀ ਜਿਣਸ ਕੌਡੀਆਂ ਦੇ ਭਾਅ ਵੇਚਣੀ ਪਈ। ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ, ਪਰ ਕੌਣ ਇਸ ਦੀ ਪਰਵਾਹ ਕਰਦਾ ਹੈ?
ਜੰਗ ਵਰਗੇ ਹਾਲਾਤ ਦੇ ਬਹੁ-ਪੱਖੀ ਭਿਆਨਕ ਅਸਰ ਹੁੰਦੇ ਹਨ, ਖਾਸਕਰ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਹੈ। ਡੇਰਾ ਬਾਬਾ ਨਾਨਕ ਵਿੱਚ ਪੰਦਰਾਂ ਦਿਨ ਚੱਲਣ ਵਾਲਾ ਇਤਿਹਾਸਕ ਮੇਲਾ ਭਰਦਾ ਹੈ, ਜਿਸ ਨੂੰ ‘ਚੋਲੇ ਦਾ ਮੇਲਾ' ਆਖਦੇ ਹਨ, ਜੋ ਹਰ ਸਾਲ ਚਾਰ ਮਾਰਚ ਤੋਂ ਸ਼ੁਰੂ ਹੁੰਦਾ ਹੈ। ਇਸ ਮੌਕੇ ਦੇਸ਼ ਭਰ ਤੋਂ ਸ਼ਰਧਾਲੂ ਪੁੱਜਦੇ ਤੇ ਉਥੇ ਸਾਂਭ ਕੇ ਰੱਖੇ ਗਏ ਗੁਰੂ ਨਾਨਕ ਦੇਵ ਜੀ ਦੇ ‘ਚੋਲਾ ਸਾਹਿਬ' ਦੇ ਦਰਸ਼ਨ ਕਰਦੇ ਹਨ। ਆਖਿਆ ਜਾਂਦਾ ਹੈ ਕਿ ਗੁਰੂ ਸਾਹਿਬ ਦਾ ਇਹ ਚੋਲਾ ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਨੇ ਸੀਤਾ ਸੀ, ਜਿਹੜਾ ਉਥੇ ਗੁਰਦੁਆਰਾ ਚੋਲਾ ਸਾਹਿਬ ਵਿੱਚ ਸਾਂਭਿਆ ਪਿਆ ਹੈ। ਇਸ ਮੌਕੇ ਸ਼ਰਧਾਲੂ ਭਾਰਤ ਪਾਕਿ ਸਰਹੱਦ 'ਤੇ ਵੀ ਜਾਂਦੇ ਹਨ ਅਤੇ ਉਥੋਂ ਦਿਖਾਈ ਦਿੰਦੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹਨ। ਭਲੇ ਵੇਲਿਆਂ ਵਿੱਚ ਬਾਰਡਰ ਸਕਿਉਰਿਟੀ ਫੋਰਸ (ਬੀ ਐਸ ਐਫ) ਵੱਲੋਂ ਸ਼ਰਧਾਲੂਆਂ ਲਈ ਗੁਰਦੁਆਰਾ ਸਾਹਿਬ ਦੇ ਕਰੀਬੀ ਦਰਸ਼ਨਾਂ ਲਈ ਦੂਰਬੀਨ ਦੀ ਸਹੂਲਤ ਦਿੱਤੀ ਜਾਂਦੀ ਹੈ।
ਪੁਲਵਾਮਾ ਹਮਲੇ ਕਾਰਨ ਪੈਦਾ ਹੋਏ ਤਣਾਅ ਵੇਲੇ ਮਾਰਚ ਨੇੜੇ ਆਉਣ ਨਾਲ ਇਸ ਵਰ੍ਹੇ ਦੇ ਮੇਲੇ ਲਈ ਤਿਆਰੀਆਂ ਜ਼ੋਰਾਂ 'ਤੇ ਸਨ। ਨੇੜਲੇ ਪਿੰਡਾਂ ਦੇ ਲੋਕਾਂ ਖਾਸਕਰ ਦਸਤਕਾਰਾਂ ਤੇ ਦੁਕਾਨਦਾਰਾਂ ਨੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤਿਆਂ 'ਤੇ ਆਪਣੀਆਂ ਦੁਕਾਨਾਂ ਤੇ ਫੜ੍ਹੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਵੱਡੇ-ਵੱਡੇ ਝੂਲੇ ਚੰਡੋਲ ਆਦਿ ਮੇਲੇ ਦਾ ਜ਼ਰੂਰੀ ਹਿੱਸਾ ਹਨ ਤੇ ਇਨ੍ਹਾਂ ਨੂੰ ਬੀੜਨ ਲਈ ਮਜ਼ਦੂਰਾਂ ਤੇ ਕਾਰੋਬਾਰੀਆਂ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਇਹ ਕੰਮ ਫਰਵਰੀ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਹੈ, ਪਰ ਭਾਰਤ ਵੱਲੋਂ ਕੀਤੇ ਹਵਾਈ ਹਮਲੇ ਅਤੇ ਇਸ ਖਿਲਾਫ ਬੁੱਧਵਾਰ ਨੂੰ ਪਾਕਿਸਤਾਨ ਦੀ ਜਵਾਬੀ ਕਾਰਵਾਈ ਨਾਲ ਸਾਰਾ ਕੰਮ ਢਿੱਲਾ ਪੈ ਗਿਆ। ਜੰਗ ਵਰਗੇ ਹਾਲਾਤ ਕਾਰਨ ਸਾਰੇ ਸਰਹੱਦੀ ਸ਼ਹਿਰਾਂ ਕਸਬਿਆਂ ਵਾਂਗ ਡੇਰਾ ਬਾਬਾ ਨਾਨਕ ਵਿਖੇ ਵੀ ਸਖਤ ਚੌਕਸੀ ਕਰ ਦਿੱਤੀ। ਕਸਬੇ ਵਿੱਚ ਫੌਜ ਨੇ ਮਾਰਚ ਕੀਤਾ ਅਤੇ ਤਣਾਅ ਬਣਿਆ।
ਕਾਰਗਿਲ ਜੰਗ (1999) ਦੀਆਂ ਯਾਦਾਂ ਹਾਲੇ ਵੀ ਤਾਜ਼ਾ ਹਨ। ਉਦੋਂ ਮੈਂ ਕੌਨਵੈਟ ਸਕੂਲ, ਡੇਰਾ ਬਾਬਾ ਨਾਨਕ ਵਿੱਚ ਛੇਵੀਂ ਜਮਾਤ 'ਚ ਪੜ੍ਹਦੀ ਸਾਂ। ਮੇਰੇ ਲਈ ਇਹ ਮਕਬੂਲ ਫਿਲਮ ‘ਗਦਰ-ਇਕ ਪ੍ਰੇਮ ਕਥਾ' ਵਿੱਚ ਦੇਖੇ ਜੰਗ ਵਰਗੇ ਦਿ੍ਰਸ਼ ਸਨ, ਜੋ ਇਕ ਸਕੂਲੀ ਬੱਚੇ ਲਈ ਡਰਾਉਣੇ ਸਨ। ਮੈਂ ਦੇਖਿਆ ਕਿ ਘਰ ਬਾਰ ਛੱਡ ਕੇ ਜਾ ਰਹੇ ਲੋਕ ਆਪਣਾ ਜ਼ਰੂਰੀ ਸਾਜ਼ੋ ਸਾਮਾਨ ਗੱਡਿਆਂ ਅਤੇ ਟਰੈਕਟਰ ਟਰਾਲੀਆਂ 'ਤੇ ਲੱਦ ਕੇ ਲਿਜਾਣ ਨੂੰ ਮਜ਼ਬੂਰ ਸਨ। ਬੈਂਕਾਂ ਵਿੱਚ ਨਕਦੀ ਮੁੱਕ ਗਈ ਸੀ, ਲੋਕਾਂ ਨੇ ਘਰਾਂ ਵਿੱਚ ਰਾਸ਼ਨ ਜਮ੍ਹਾਂ ਕਰ ਲਿਆ ਸੀ। ਲੋਕਾਂ ਨੇ ਬਜ਼ੁਰਗਾਂ, ਬੱਚਿਆਂ ਅਤੇ ਮੁਟਿਆਰ ਧੀਆਂ ਨੂੰ ਰਿਸ਼ਤੇਦਾਰਾਂ ਦੇ ਘਰੀਂ ਭੇਜ ਦਿੱਤਾ ਸੀ। ਮੈਂ ਉਦੋਂ ਸੜਕਾਂ 'ਤੇ ਮਾਰਚ ਕਰਦੀ ਫੌਜ ਤੇ ਟੈਂਕ ਦੇਖੇ ਸਨ। ਮੈਂ ਉਸ ਮੌਕੇ ਹੁੰਦੇ ਬਲੈਕਆਊਟ ਤੇ ਗੁਰਦੁਆਰਿਆਂ ਤੇ ਮੰਦਰਾਂ ਨੂੰ ਇਕ ਤਰ੍ਹਾਂ ਰੱਖਿਆ ਕੰਟਰੋਲ ਰੂਮਾਂ ਵਿੱਚ ਬਦਲੇ ਦੇਖਿਆ ਤੇ ਹੈਲੀਕਾਪਟਰਾਂ ਦੀਆਂ ਗਰਜ਼ ਰਹੀਆਂ ਤੇ ਦਿਲ ਦਹਿਲਾਊ ਆਵਾਜ਼ਾਂ ਸੁਣੀਆਂ। ਖੇਤਾਂ ਨੂੰ ਬੰਕਰਾਂ ਵਿੱਚ ਬਦਲ ਦਿੱਤਾ ਅਤੇ ਹਥਿਆਰਬੰਦ ਫੌਜਾਂ ਲਈ ਆਰਜ਼ੀ ਟੈਂਟ ਖੜੇ ਕਰ ਦਿੱਤੇ ਗਏ। ਮੈਂ ਮਾਪਿਆਂ ਨੂੰ ਰੋਂਦਿਆਂ ਤੇ ਲੋਕਾਂ ਨੂੰ ਆਪੋ ਆਪਣੇ ਅਕੀਦਿਆਂ ਮੁਤਾਬਕ ਰੱਬ ਅੱਗੇ ਜੰਗ ਨਾ ਹੋਣ ਦੇਣ ਲਈ ਅਰਜੋਈਆਂ ਕਰਦਿਆਂ ਦੇਖਿਆ। ਸਾਡੀ ਗਲੀ ਵਿੱਚੋਂ ਸਾਡੇ ਪਰਵਾਰ ਨੇ ਸਭ ਤੋਂ ਬਾਅਦ ਸਾਨੂੰ ਸਾਡੀ ਭੂਆ ਕੋਲ ਗੁਰਦਾਸਪੁਰ ਭੇਜਿਆ ਸੀ, ਜੋ ਡੇਰਾ ਬਾਬਾ ਨਾਨਕ ਤੋਂ 37 ਕਿਲੋਮੀਟਰ ਦੂਰ ਹੈ।
ਸਰਹੱਦੀ ਇਲਾਕਿਆਂ ਤੋਂ ਉਲਟ ਮੈਟਰੋ ਸ਼ਹਿਰਾਂ ਵਿੱਚ ਰਹਿੰਦੇ ਤੇ ਏਅਰਕੰਡੀਸ਼ਨਡ ਕਮਰਿਆਂ ਵਿੱਚ ਬੈਠਦੇ ਲੋਕਾਂ ਲਈ ਜੰਗ ਸ਼ਾਇਦ ਅੱਜ ਕੱਲ੍ਹ ਬੱਚਿਆਂ ਦੀ ਵੀਡੀਓ ਗੇਮ ‘ਪੱਬ ਜੀ' ਵਰਗੀ ਹੈ। ਉਹ ਸੌਖਿਆਂ ਹੀ ਸਿਆਸਤਦਾਨਾਂ ਵੱਲੋਂ ਸੱਤਾ ਵਿੱਚ ਬਣੇ ਰਹਿਣ ਲਈ ਸਿਰਜੇ ਮਾਹੌਲ ਤੇ ਬਣਾਏ ਏਜੰਡੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਸਾਧਨ ਸੰਪਨ ਲੋਕਾਂ ਵਿੱਚੋਂ ਬਹੁਤੇ ਤਾਂ ਸਰਹੱਦੀ ਲੋਕਾਂ ਦੇ ਹਾਲਾਤ ਬਾਰੇ ਕੁਝ ਨਹੀਂ ਜਾਣਦੇ। ਜੰਗ ਕਦੇ ਵੀ ਸੁਹਾਵਣੀ ਨਹੀਂ ਹੁੰਦੀ। ਇਸ ਦੀਆਂ ਅਫਵਾਹਾਂ ਤੇ ਡਰ ਭੈਅ ਹੀ ਪੇਂਡੂ ਅਰਥਚਾਰੇ ਨੂੰ ਲੀਹੋਂ ਲਾਹੁਣ ਤੇ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਲਈ ਖਤਰਾ ਖੜਾ ਕਰਨ ਵਾਸਤੇ ਕਾਫੀ ਹਨ। ਆਮ ਲੋਕਾਂ ਨੂੰ ਇਸ ਦੀ ਬਹੁਤ ਜਾਣਕਾਰੀ ਨਹੀਂ, ਕਿਉਂਕਿ ਸਾਡਾ ਮੁੱਖ ਧਾਰਾ ਮੀਡੀਆ ਜੰਗ ਦੀ ਸਰਹੱਦੀ ਖੇਤਰ ਦੇ ਕਿਸਾਨਾਂ, ਦੁਕਾਨਦਾਰਾਂ, ਸੁਆਣੀਆਂ ਜਾਂ ਲੋਕਾਂ ਲਈ ਭਿਆਨਕਤਾ ਨੂੰ ਘੱਟ ਹੀ ਦਿਖਾਉਂਦਾ ਹੈ।
ਯੂਨਾਨੀ ਫਿਲਾਸਫਰ ਅਫਲਾਤੂਨ (ਪਲੈਟੋ) ਨੇ ਠੀਕ ਆਖਿਆ ਹੈ, ‘ਜੰਗ ਦਾ ਅਖੀਰ ਮੁਰਦੇ ਹੀ ਦੇਖਦੇ ਹਨ।' ਇਸ ਦੌਰਾਨ ਪਾਕਿਸਤਾਨ ਵੱਲੋਂ ਐਲ ਓ ਸੀ ਅਤੇ ਭਾਰਤੀ ਹਵਾਈ ਹੱਦ ਦੀ ਉਲੰਘਣਾ ਕੀਤੇ ਜਾਣ ਵਰਗੀਆਂ ਕਾਰਵਾਈਆਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਦਿਲਚਸਪ ਤਬਦੀਲੀ ਦੇਖਣ ਨੂੰ ਮਿਲੀ ਤੇ ਦੇਸ਼ ਦੇ ਸੰਵੇਦਨਸ਼ੀਲ ਤੇ ਸੂਝਵਾਨ ਸ਼ਹਿਰੀਆਂ ਵੱਲੋਂ ਜੰਗ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ‘ਹੈਸ਼ਟੈਗ ਆਈਮ-ਅਗੇਂਸਟ-ਵਾਰ' ਆਦਿ ਮੁਹਿੰਮਾਂ ਛੇੜੀਆਂ। ਮੇਰੇ ਅਨੇਕਾਂ ਹਮ-ਜਮਾਤੀਆਂ ਜਿਨ੍ਹਾਂ ਵਿੱਚੋਂ ਕਈ ਪੰਜਾਬ ਦੇ ਅਬੋਹਰ ਤੇ ਫਾਜ਼ਿਲਕਾ ਵਰਗੇ ਸਰਹੱਦੀ ਇਲਾਕਿਆਂ ਨਾਲ ਸਬੰਧਤ ਹਨ, ਉਨ੍ਹਾਂ ਨੇ ਵੀ ਅਜਿਹੇ ਜਜ਼ਬਾਤ ਪ੍ਰਗਟ ਕੀਤੇ ਅਤੇ ਉਹ ਜੰਗ ਵਰਗੀ ਬੁਰਾਈ ਖਿਲਾਫ ਰੱਬ ਅੱਗੇ ਅਰਦਾਸਾਂ ਕਰਦੇ ਨਜ਼ਰ ਆਏ। ਹਾਂ, ਜੋ ਹਾਲੇ ਵੀ ਜੰਗ ਦੇ ਸ਼ੌਕੀਨ ਤੇ ਚਾਹਵਾਨ ਹਨ, ਉਨ੍ਹਾਂ ਨੂੰ ਮੈਂ ਇਹੋ ਆਖਾਂਗੀ ਕਿ ਇਕ ਵਾਰ ਉਹ ਸਰਹੱਦੀ ਕਸਬਿਆਂ ਵਿੱਚ ਜਾ ਕੇ ਜ਼ਰੂਰ ਰਹਿਣ ਤਾਂ ਹੀ ਉਨ੍ਹਾਂ ਨੂੰ ਜੰਗ ਦੀ ਅਸਲ ਭਿਆਨਕਤਾ ਦਾ ਅਹਿਸਾਸ ਹੋਵੇਗਾ।

Have something to say? Post your comment