Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਸਰ ਦਾ ਸ਼ੀਰਾ..

March 15, 2019 09:57 AM


-ਦਇਆ ਸਿੰਘ ਸੰਧੂ
ਗੱਲ ਕਰੀਬ ਅੱਧੀ ਸਦੀ ਪਹਿਲਾਂ ਦੀ ਹੈ। ਕਾਲਜ 'ਚੋਂ ਨਿਕਲਦਿਆਂ ਹੀ ਮੈਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ, ਪਰ ਮਿਲੀ ਕਿਸੇ ਦੂਜੇ ਜ਼ਿਲੇ ਵਿੱਚ। ਉਦੋਂ ਮੈਂ ਇਕੱਲਾ ਹੀ ਘਰ 'ਚੋਂ ਬਾਹਰ ਰਹਿੰਦਾ ਸੀ। ਸ਼ਾਮ ਨੂੰ ਬੱਚਿਆਂ ਨੂੰ ਖਿਡਾਉਣਾ ਮੇਰਾ ਸ਼ੌਕ ਸੀ। ਆਲਾ ਦੁਆਲਾ ਚੰਗਾ ਸੀ। ਉਥੇ ਖੁੱਲ੍ਹੀਆਂ ਜ਼ਮੀਨਾਂ ਦੇ ਮਾਲਕ ਸਨ, ਜਿਹੜੇ ਮੱਝਾਂ ਰੱਖਣ ਦੇ ਵੀ ਸ਼ੌਕੀਨ ਸਨ। ਵਾਲੀਵਾਲ, ਖੋ-ਖੋ ਅਤੇ ਕਬੱਡੀ ਸਾਡੇ ਸਕੂਲ ਵਿੱਚ ਵੱਧ ਖੇਡੇ ਜਾਂਦੇ ਸਨ। ਕਾਰਨ? ਸਕੂਲ ਥੋੜ੍ਹੀ ਜਿਹੀ ਥਾਂ ਵਿੱਚ ਪੀ ਡਬਲਿਊ ਡੀ ਵਾਲੀ ਬਿਲਡਿੰਗ ਵਿੱਚ ਚੱਲਦਾ ਸੀ ਤੇ ਸਕੂਲ ਦੀ ਆਪਣੀ ਅੱਠ ਏਕੜ ਜ਼ਮੀਨ 'ਤੇ ਇਕ ਜ਼ੋਰਾਵਰ ਪਰਵਾਰ ਦਾ ਕਬਜ਼ਾ ਸੀ।
ਖੈਰ! ਮੈਂ ਸਕੂਲ ਵਿੱਚ ਤਿੰਨ ਟੀਮਾਂ ਬਣਾ ਲਈਆਂ। ‘ਏ' ਟੀਮ ਸੀਨੀਅਰ ਸੀ, ਜਿਸ ਵਿੱਚ 9ਵੀਂ ਅਤੇ 10ਵੀਂ ਦੇ ਵਿਦਿਆਰਥੀ ਰੱਖੇ। ‘ਬੀ' ਟੀਮ ਜੂਨੀਅਰ ਵਿੱਚ ਸੱਤਵੀਂ-ਅੱਠਵੀਂ ਅਤੇ ‘ਸੀ' ਟੀਮ ਸਬ ਜੂਨੀਅਰ ਵਿੱਚ ਛੇਵੀਂ ਜਮਾਤ ਸੀ। ਹੱਡਾਂ ਪੈਰਾਂ ਦਾ ਖੱਲ੍ਹਾ ਇਕ ਮੁੰਡਾ ਛੇਵੀਂ ਜਮਾਤ ਵਿੱਚ ਸੀ। ਚੰਗਾ ਖਿਡਾਰੀ ਬਣਨ ਦੇ ਯੋਗ, ਪਰ ਗਰੀਬ ਘਰ ਤੋਂ ਸੀ। ਮਾਨਸਿਕ ਤੌਰ 'ਤੇ ਵੀ ਦੱਬੂ ਜਿਹਾ, ਪਰ ਇਹ ਮੁੰਡਾ ਮੇਰੀ ਨਜ਼ਰੀਂ ਚੜ੍ਹ ਗਿਆ। ਮੈਂ ਝੱਟ ਉਸ ਨੂੰ ਟੀਮ ਵਿੱਚ ਸ਼ਾਮਲ ਕਰ ਲਿਆ। ਇਹ ਪਿਆਰਾ ਜਿਹਾ ਬੱਚਾ ਛੇਵੀਂ ਪਾਸ ਕਰ ਗਿਆ। ਫਿਰ ਗਰਮੀਆਂ ਦੀਆਂ ਛੁੱਟੀਆਂ ਪਿੱਛੋਂ ਸਕੂਲ ਮੁੜ ਖੁੱਲ੍ਹੇ। ਦੂਜੇ ਤੀਜੇ ਦਿਨ ਪਤਾ ਕੀਤਾ, ਕਸ਼ਮੀਰ ਉਰਫ ਸ਼ੀਰਾ ਸੱਤਵੀਂ ਜਮਾਤ ਵਿੱਚ ਕਈ ਦਿਨ ਸਕੂਲ ਨਾ ਆਇਆ। ਉਸ ਦਾ ਨਾਂ ਕੱਟ ਦਿੱਤਾ ਗਿਆ। ਮੈਂ ਉਸ ਨੂੰ ਟੀਮ ਵਿੱਚ ਲੈ ਕੇ ਜਾਣਾ ਸੀ, ਪਰ ਉਹ ਦਾਖਲ ਹੋਣ ਹੀ ਨਾ ਆਇਆ।
ਪਤਾ ਕੀਤਾ ਤਾਂ ਖਬਰ ਹੋਈ ਕਿ ਉਹ ਗਰੀਬ ਮਜ਼ਹਬੀ ਸਿੱਖਾਂ ਦਾ ਮੁੰਡਾ ਹੈ ਤੇ ਆਪਣੇ ਪਿਤਾ ਨਾਲ ਦਿਹਾੜੀ ਦੱਪਾ ਕਰਨ ਜਾਣ ਲੱਗ ਪਿਆ ਹੈ। ਮੈਂ ਉਸ ਦਾ ਪਤਾ ਟਿਕਾਣਾ ਪੁੱਛ ਕੇ ਐਤਵਾਰ ਉਸ ਦੇ ਘਰ ਪਹੁੰਚ ਗਿਆ। ਉਹ ਆਪਣੇ ਭਰਾ ਤੇ ਪਿਤਾ ਨਾਲ ਝੋਨੇ ਵਿੱਚੋਂ ਨਦੀਨ ਪੁੱਟਣ ਗਿਆ ਹੋਇਆ ਸੀ। ਮੈਂ ਪੁੱਛ ਪੁਛਾ ਕੇ ਉਸ ਜਗ੍ਹਾ ਚਲਾ ਗਿਆ, ਜਿਥੇ ਉਹ ਤਿੰਨੇ ਕੰਮ ਕਰ ਰਹੇ ਸਨ। ਮੈਂ ਉਸ ਦੇ ਬਾਪ ਨੂੰ ਸਮਝਾਇਆ ਕਿ ਸ਼ੀਰੇ ਨੂੰ ਪੜ੍ਹਨ ਤੋਂ ਨਾ ਹਟਾਓ। ਪਿਤਾ ਕਹਿਣ ਲੱਗਾ, ‘ਇਹਨੇ ਪੜ੍ਹ ਕੇ ਕਿਹੜਾ ਡੀ ਸੀ ਬਣਨੈ। ਮੇਰੇ ਨਾਲ ਕੰਮ ਕਰਾਉਂਦਾ, ਕਰਨ ਦਿਓ ਸਾਨੂੰ ਕੰਮ ਤੇ ਤੁਸੀਂ ਆਪਣਾ ਕੰਮ ਕਰੋ।'
ਮੈਂ ਉਥੇ ਟਾਹਲੀ ਥੱਲੇ ਬੈਠ ਗਿਆ। ਜਿਨ੍ਹਾਂ ਦੇ ਖੇਤ ਵਿੱਚ ਉਹ ਕੰਮ ਕਰ ਰਹੇ ਸੀ, ਉਨ੍ਹਾਂ ਦਾ ਮੁੰਡਾ ਦਸਵੀਂ ਵਿੱਚ ਪੜ੍ਹਦਾ ਸੀ। ਉਹ ਮੈਨੂੰ ਆਪਣੇ ਖੇਤ ਵਿੱਚ ਬਣੇ ਆਪਣੇ ਘਰ ਲੈ ਗਿਆ ਅਤੇ ਮੈਨੂੰ ਦੁੱਧ ਪਿਆਇਆ। ਗਰਮੀਆਂ ਦੇ ਦਿਨ ਸਨ। ਮੈਂ ਉਥੇ ਡਹੇ ਮੰਜੇ 'ਤੇ ਲੇਟ ਗਿਆ। ਟਾਹਲੀ ਦੀ ਛਾਵੇਂ ਝੱਟ ਕੁ ਪਿੱਛੋਂ ਮੈਨੂੰ ਨੀਂਦ ਆ ਗਈ। ਜਦ ਦੋ ਘੰਟੇ ਬਾਅਦ ਜਾਗ ਆਈ ਤਾਂ ਉਹ ਤਿੰਨੇ ਪਿਓ ਪੁੱਤਰ (ਸ਼ੀਰੇ ਸਮੇਤ) ਟਾਹਲੀ ਥੱਲੇ ਮੇਰੇ ਪਾਸ ਜ਼ਮੀਨ 'ਤੇ ਬੈਠੇ ਚਾਹ ਪੀ ਰਹੇ ਸੀ। ਮੈਂ ਇਕ ਵਾਰ ਫਿਰ ਹੰਭਲਾ ਮਾਰਿਆ ਅਤੇ ਉਸ ਦੇ ਬਾਪ ਨੂੰ ਆਖਿਆ, ‘ਮੈਂ ਤਾਂ ਭਾਈ ਸ਼ੀਰੇ ਨੂੰ ਦਾਖਲ ਕਰਾਉਣ ਖਾਤਰ ਈ ਰੁਕਿਆ ਹਾਂ। ਇਹਨੂੰ ਸਕੂਲ ਦੇ ਰੈਡ ਕਰਾਸ ਫੰਡ ਵਿੱਚੋਂ ਕਿਤਾਬਾਂ ਮੁਫਤ ਵਿੱਚ ਦਿਵਾ ਦੇਵਾਂਗਾ ਤੇ ਸਕੂਲ ਦੀ ਵਰਦੀ ਵੀ। ਮੈਂ ਦਾਅਵੇ ਨਾਲ ਕਹਿੰਨਾਂ, ਤੁਹਾਡਾ ਮੁੰਡਾ ਇਕ ਦਿਨ ਕਬੱਡੀ ਤੇ ਪੜ੍ਹਾਈ ਦੇ ਸਿਰ 'ਤੇ ਬਹੁਤ ਤਰੱਕੀ ਕਰੇਗਾ।' ਮੈਨੂੰ ਲੱਗਾ, ਮੇਰੀਆਂ ਗੱਲਾਂ ਦਾ ਕੁਝ ਅਸਰ ਹੋਇਆ ਹੈ। ਮੈਂ ਰਾਖਵੇਂਕਰਨ ਦੀ ਦਲੀਲ ਦੇ ਕੇ ਨੌਕਰੀ ਵਾਲੀ ਗੱਲ ਵੀ ਨਾਲ ਜੋੜ ਲਈ। ਆਖਰ ਪਿਤਾ ਮੰਨ ਗਿਆ ਅਤੇ ਸ਼ੀਰਾ ਸਕੂਲੇ ਦਾਖਲ ਹੋ ਗਿਆ।
ਸੱਚਮੁਚ ਉਹ ਦਸਵੀਂ ਤੱਕ ਪਹੁੰਚਣ 'ਤੇ ਕਬੱਡੀ ਦਾ ਤਕੜਾ ਖਿਡਾਰੀ ਨਿਕਲਿਆ, ਸਕੂਲ ਦੀ ਟੀਮ ਦਾ ਕੈਪਟਨ। ਜ਼ਿਲਾ ਉਦੋਂ ਅਸੀਂ ਸੌਖਿਆਂ ਹੀ ਕੁੱਟ ਲਿਆ ਕਰਨਾ। ਬਾਕੀ ਸਾਰੇ ਖਿਡਾਰੀ ਜੋ ਜੱਟ ਜ਼ਿਮੀਂਦਾਰਾਂ ਦੇ ਘਰਾਂ ਤੋਂ ਸਨ, ਦੁੱਧ ਲੈ ਕੇ ਆਉਂਦੇ। ਲਵੇਰਾ ਸਾਰੇ ਇਲਾਕੇ ਵਿੱਚ ਬਹੁਤ ਸੀ। ਸ਼ਾਮ ਨੂੰ ਕਬੱਡੀ ਦੇ ਅਭਿਆਸ ਤੋਂ ਬਾਅਦ ਸਾਰੇ ਖਿਡਾਰੀ ਇਕੱਠਾ ਹੋਇਆ ਦੁੱਧ ਗਰਮ ਕਰਕੇ ਪੀਂਦੇ। ਮਗਰੋਂ ਸ਼ੀਰਾ ਮੈਟਿ੍ਰਕ ਕਰ ਗਿਆ ਤੇ ਕਿਤੇ ਮੇਲਾ ਗੇਲਾ ਵੀ ਨਾ ਹੋਇਆ। ਇਉਂ ਹੌਲੀ-ਹੌਲੀ ਸ਼ੀਰਾ ਮੇਰੇ ਚੇਤੇ ਵਿੱਚੋਂ ਵਿਸਰ ਗਿਆ। ਮੈਂ ਅਠਾਈ ਸਾਲ ਲਗਾਤਾਰ ਉਸੇ ਸਕੂਲ ਵਿੱਚ ਪੜ੍ਹਾ ਕੇ ਆਪਣੇ ਜ਼ਿਲੇ ਵਿੱਚ ਬਦਲੀ ਕਰਵਾ ਲਈ। ਫਿਰ ਨੌਂ ਸਾਲ ਆਪਣੇ ਜ਼ਿਲੇ ਵਿੱਚ ਨੌਕਰੀ ਕੀਤੀ ਅਤੇ ਸੇਵਾਮੁਕਤ ਹੋ ਗਿਆ। ਇਸ ਨੂੰ ਵੀ ਕਈ ਸਾਲ ਹੋ ਗਏ ਹਨ।
ਇਕ ਦਿਨ ਦਿੱਲੀ ਮੈਟਰੋ ਟਰੇਨ ਵਿੱਚ ਬੈਠਾ ਹਵਾਈ ਅੱਡੇ ਨੂੰ ਜਾ ਰਿਹਾ ਸੀ, ਵਿਦੇਸ਼ ਵਿੱਚ ਸੈਰ ਕਰਨ ਹਿੱਤ। ਛੇ ਫੁੱਟ ਦਾ ਹੱਟਾ ਕੱਟਾ, ਸਜਿਆ ਧਜਿਆ ਸਰਦਾਰ ਮੇਰੇ ਸਾਹਮਣੇ ਵਾਲੀ ਸੀਟ 'ਤੇ ਬੈਠਾ ਮੇਰੇ ਵੱਲ ਟਿਕਟਿਕੀ ਲਗਾ ਕੇ ਦੇਖ ਰਿਹਾ ਸੀ। ਜਦ ਮੇਰੀ ਉਸ ਨਾਲ ਨਜ਼ਰ ਮਿਲਦੀ ਤਾਂ ਨਜ਼ਰ ਪਾਸੇ ਕਰ ਲੈਂਦਾ। ਆਖਰ ਉਹ ਮੇਰੇ ਕੋਲ ਆ ਗਿਆ ਅਤੇ ਮੇਰਾ ਨਾਮ ਪੁੱਛਿਆ। ਜਦ ਮੈਂ ਆਪਣਾ ਨਾਂ ਦੱਸਿਆ ਤਾਂ ਮੇਰੇ ਪੈਰ ਫੜ ਕੇ ਰੋਣ ਲੱਗ ਪਿਆ। ਮੈਂ ਚੌਂਕਿਆ। ਕਹਿਣ ਲੱਗਾ, ‘ਸਰ! ਮੈਂ ਤੁਹਾਡਾ ਸ਼ੀਰਾ ਹਾਂ।' ਉਹਨੇ ਬਹੁਤ ਪੁਰਾਣੀ ਘਟਨਾ ਮੈਨੂੰ ਚੇਤੇ ਕਰਾ ਦਿੱਤੀ ਸੀ। ਕਹਿਣ ਲੱਗਾ, ‘ਸਰ, ਮੈਂ ਕਬੱਡੀ ਦੇ ਸਿਰ ਉੱਤੇ ਬਹੁਤ ਤਰੱਕੀ ਕਰ ਗਿਆ।' ਉਹ ਗਲੋਟੇ ਵਾਂਗ ਉਧੜ ਰਿਹਾ ਸੀ। ਉਹਦਾ ਸਾਰਾ ਟੱਬਰ ਵਿਦੇਸ਼ ਵੱਸਦਾ ਸੀ। ਦੋਵੇਂ ਪੁੱਤਰ ਕਬੱਡੀ ਦੇ ਚੰਗੇ ਖਿਡਾਰੀ ਸਨ। ਸੁਣ ਕੇ ਇਕ ਵਾਰ ਮੈਨੂੰ ਆਪਣੇ ਪੁਰਾਣੇ ਜਵਾਨੀ ਦੇ ਦਿਨ ਚੇਤੇ ਆ ਗਏ ਤੇ ਮਨ ਵੀ ਬੜਾ ਖੁਸ਼ ਹੋਇਆ। ਉਹਨੇ ਮੈਨੂੰ ਬਹੁਤ ਚਾਅ ਨਾਲ ਸੱਦਾ ਦਿੱਤਾ। ਛੇਤੀ ਹੀ ਹਵਾਈ ਅੱਡਾ ਆ ਗਿਆ ਸੀ।

Have something to say? Post your comment