Welcome to Canadian Punjabi Post
Follow us on

20

May 2019
ਨਜਰਰੀਆ

ਓਹ ਦਿਨ ਇਹ ਦਿਨ..

March 14, 2019 09:15 AM

-ਯੋਗੇਸ਼ ਕੁਮਾਰ
ਆਜ਼ਾਦੀ ਦੇ ਦੂਜੇ ਦਹਾਕੇ ਵਿੱਚ ਜਨਮੇ ਮੇਰੇ ਬਾਪੂ ਉਨ੍ਹਾਂ ਵਿਰਲੇ ਲੋਕਾਂ ਵਿੱਚੋਂ ਹਨ, ਜੋ ਆਪਣੇ ਸਮੇਂ ਦਾ ਬਹੁਤ ਗੁਣ-ਗਾਨ ਨਹੀਂ ਕਰਦੇ ਤੇ ਨਾ ਹੀ ਸੱਭਿਆਚਾਰ ਦਾ ਸਹਾਰਾ ਲੈ ਕੇ ਫੜ੍ਹਾਂ ਮਾਰਦੇ ਹਨ। ਘਰ ਸਕੂਲ ਯੂਨੀਵਰਸਿਟੀਆਂ ਤੋਂ ਲੈ ਕੇ ਅੱਜ ਕੱਲ੍ਹ ਪਿੰਡਾਂ ਦੀਆਂ ਸੱਥਾਂ ਤੇ ਸ਼ਹਿਰਾਂ ਦੇ ਮੁਹੱਲਿਆਂ ਤੱਕ ਇਹ ਕਹਿਣ ਸੁਣਨ ਨੂੰ ਇਹੋ ਮਿਲਦਾ ਹੈ: ਭਈ ਸਾਡੇ ਵਡੇਰਿਆਂ ਦੀ ਕੋਈ ਰੀਸ ਨਹੀਂ, ਚੰਗਾ ਖਾਂਦੇ, ਹੰਢਾਂਦੇ ਤੇ ਪਾਉਂਦੇ, ਕਿਸੇ ਦੀ ਈਨ ਨਾ ਮੰਨਦੇ, ਅਣਖਾਂ ਵਾਲੇ, ਭਾਈਚਾਰੇ ਦੇ ਪ੍ਰਤੀਕ ਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਣ ਵਾਲੇ ਸਨ ਤੇ ਅੱਜ ਕੱਲ੍ਹ ਦੇ ਜਵਾਕ ਸਭ ਖੇਹ ਸਵਾਹ ਕਰ ਛੋੜਿਆ।'
ਬਾਪੂ ਜੀ ਆਂਹਦੇ, ਸਭ ਬਕਵਾਸ ਕਰਦੇ ਹਨ। ਉਦੋਂ ਭੁੱਖਾਂ ਥੁੜਾਂ, ਅਸਮਾਨਤਾ, ਗਰੀਬੀ, ਘ੍ਰਿਣਾ, ਬੇਗਾਰੀ, ਹੀਣਤਾ ਦਾ ਆਲਮ ਸੀ। ਹਾਂ, ਉਦੋਂ ਭੁੱਖਾਂ ਬਹੁਤ ਸਨ, ਟੱਬਰ ਵੱਡਾ ਅਤੇ ਰਿਜ਼ਕ ਥੋੜ੍ਹਾ ਸੀ। ਬੱਸ ਢਿੱਡ ਦੀਆਂ ਆਂਦਰਾਂ ਨੂੰ ਨੌਲਦੇ ਰਹਿਣਾ। ਮੇਲੇ ਤਿਉਹਾਰਾਂ ਦਾ ਚਾਅ ਵੀ ਇਸ ਗੱਲੋਂ ਵਧੇਰੇ ਹੁੰਦਾ, ਕਿਉਂ ਜੋ ਇਸ ਦਿਨ ਢਿੱਡ ਭਰ ਰੋਟੀ ਤੇ ਨਾਲੇ ਜਲੇਬੀ ਵੀ ਮਿਲਦੀ। ਅੱਜ ਕੱਲ੍ਹ ਸਾਹਵੇਂ ਪਿਆ ਰਿਜ਼ਕ ਹੈ ਵੇ, ਪਰ ਵੇਲਾ ਤੇ ਸੁਆਦ ਅਗਾਂਹ ਤੁਰ ਗਏ। ਇਹ ਗੱਲ ਆਖਦਿਆਂ ਬਾਪੂ ਦਾ ਗੱਚ ਭਰ ਆਉਂਦਾ ਤੇ ਦੋ ਤਿੰਨ ਵਾਰ ਇਹ ਸ਼ਬਦ ਦੁਹਰਾਉਣੇ, ‘ਇਹ ਵੇਲਾ ਚੰਗਾ ਹੈ।'
ਮੁਹੱਬਤ ਵੀ ਅੱਜ ਵਾਂਗ ਇੰਨੀ ਆਜ਼ਾਦ ਨਹੀਂ ਸੀ। ਅਸਾਂ ਤਾਂ 1973 ਵੇਲੇ ਆਈ ਫਿਲਮ ‘ਬੌਬੀ' ਦੇ ਕੀਲੇ ਹੋਏ ਹਾਂ। ਇਹਨੇ ਤਾਂ ਧਮਾਲ ਕਰ ਛੋੜਿਆ ਤੇ ਹਰ ਜਵਾਨ ਮਰਦ ਕੁੜੀ ਆਪਣੇ ਅੰਦਰ ਬਾਹਰ ਰਿਸ਼ੀ ਕਪੂਰ ਅਤੇ ਡਿੰਪਲ ਕਾਪੜੀਆ ਨੂੰ ਦੇਖ ਹੁੱਬਦੇ ਰਹਿੰਦੇ। ਮੈਂ ਵੀ ਇਹਦਾ ਸ਼ਿਕਾਰ ਸਾਂ। ਬੋਦੇ ਵਾਹ ਕੇ ਕਿਸੇ ਦਾ ਸਾਈਕਲ ਫੜ ਕੇ ਗੇੜੀਆਂ ਲਾਉਣੀਆਂ ਜਾਂ ਫਿਰ ਮੈਲ ਕੁਚੈਲਾ ਰੁਮਾਲ ਪੈਂਟ ਦੇ ਬੋਝੇ ਵਿੱਚੋਂ ਬਾਹਰ ਕੱਢ ਕੇ ਚੱਲਣਾ। ਇਤਰ ਲਾਉਣ ਦੀ ਮਨਾਹੀ ਸੀ। ਅੱਜ ਦੇ ਨੌਜਵਾਨਾਂ ਨੂੰ ਘੁੰਮਦੇ ਫਿਰਦੇ, ਖਾਂਦੇ ਪੀਂਦੇ ਖੁਸ਼ ਹੁੰਦੇ ਦੇਖ ਮਨ ਨੂੰ ਬੜਾ ਧਰਵਾਸ ਮਿਲਦਾ ਹੈ। ਮੈਨੂੰ ਅੱਜ ਵੀ ਯਾਦ ਹੈ, ਉਹ ਦਿਨ ਜਦੋਂ ਨਵੇਂ ਵਿਆਹੇ ਮੈਂ ਤੇ ਤੇਰੀ ਮਾਂ ਨਾਲ ਉਹਦੀ ਭੈਣ ਸ਼ਹਿਰ ਵੱਲ ਗਏ। ਦੋਵੇਂ ਅੱਗੇ-ਅੱਗੇ ਤੇ ਮੈਂ ਵਧੇਰੇ ਵਿੱਥ 'ਤੇ ਚਲਦਾ, ਇਸ ਡਰ ਮਾਰੇ ਕਿ ਕੋਈ ਬੁੜ੍ਹਾ ਦੇਖ ਨਾ ਲਵੇ। ਬੱਸ ਛੱਲੀ ਖੁਆ ਘਰੇ ਉਵੇਂ ਹੀ ਪਰਤ ਆਏ।
ਵੰਨ ਸੁਵੰਨੇ ਰੰਗਦਾਰ ਤੇ ਤਰ੍ਹਾਂ-ਤਰ੍ਹਾਂ ਦੇ ਕੱਪੜੇ ਲਾਹੁਣ ਪਾਉਣ ਵਾਸਤੇ ਨਾ ਲੋਕਾਂ ਕੋਲ ਪੈਸਾ ਧੇਲਾ ਸੀ ਅਤੇ ਨਾ ਚਾਅ। ਮੇਰਾ ਦਾਦਾ ਬਜਾਜੀ ਕੋਲੋਂ ਇਕ ਰੰਗੇ ਥਾਨ ਵਿੱਚੋਂ ਅਸਾਂ ਸੱਤਾਂ ਭਾਈ ਭੈਣਾਂ ਨੂੰ ਲੀੜੇ ਸਿਲਵਾ ਦਿੰਦਾ ਸੀ। ਵੱਡੇ ਨੂੰ ਤੰਗ ਹੋਏ ਕੱਪੜੇ ਸਭ ਤੋਂ ਛੋਟੇ ਤੱਕ ਹੰਢਾਏ ਜਾਂਦੇ। ਘਰ ਦੇ ਸਭਨਾਂ ਜੀਆਂ ਵਿੱਚੋਂ ਮੈਂ ਵੱਧ ਪੜ੍ਹਿਆ ਤੇ ਦਸਵੀਂ ਤੋਂ ਬਾਅਦ ਪ੍ਰੈਪ ਕਰਨ ਵਾਸਤੇ ਕਾਲਜ ਜਾਣਾ ਲੋਚਦਾ ਸਾਂ, ਪਰ ਦਸਵੀਂ ਵਿੱਚ ਹੀ ਆਪਣੀ ਖਾਕੀ ਰੰਗ ਦੀ ਪੈਂਟ ਦੇ ਪਿੱਛੋਂ ਪਾਟੇ ਹੋਣ 'ਤੇ ਨਵੇਂ ਲੀੜੇ ਸੁਆਉਣ ਲਈ ਘਰ ਦਿਆਂ ਨੂੰ ਆਖਿਆ। ਉਨ੍ਹਾਂ ਘਰੇ ਹੀ ਬਿਠਾ ਲਿਆ ਤੇ ਮੇਰੀ ਅਗਾਂਹ ਸਿੱਖਿਆ ਕਾਲਜ ਵਿੱਚੋਂ ਘਿਰ ਕੇ ‘ਦੁਨੀਆ ਦੇ ਵਿਸ਼ਵਵਿਦਿਆਲੇ' ਵੱਲ ਪਰਤ ਗਈ।
ਮਾਰਕੁਟਾਈ ਬਹੁਤੀ ਸੀ। ਹਰ ਕੋਈ ਡੰਗਰਾਂ ਵਾਂਗ ਆਪਣੇ ਜਵਾਕਾਂ ਅਤੇ ਤੀਵੀਂ ਨੂੰ ਮਾਰਦਾ, ਮੇਰਾ ਦਾਦਾ ਹਰ ਰੋਜ਼ ਪਾਠ ਕਰਨ ਵਾਲਾ ਤੇ ਲੋਕ ਕਹਿੰਦੇ, ਬਈ ਸੰਤ ਰੂਹ ਸੀ, ਜੁੱਤੀਆਂ ਗੰਢਦਾ। ਪਤਾ ਨਹੀਂ ਕਦੇ-ਕਦੇ ਕੀ ਮਨ 'ਚ ਆਉਂਦਾ, ਸਾਨੂੰ ਸ਼ਹਿਤੂਤ ਦੀਆਂ ਛਮਕਾਂ ਨਾਲ ਝੰਬ ਸੁੱਟਦਾ ਤੇ ਜਿੱਥੇ ਛਮਕ ਵੱਜਦੀ, ਉਥੇ ਫਲ੍ਹੀ ਤੇ ਬਾਅਦ ਵਿੱਚ ਨੀਲ ਪੈ ਜਾਂਦਾ। ਮੈਨੂੰ ਜਾਪਦਾ, ਇਹ ਕਿੱਦਾਂ ਦਾ ਇਨਸਾਨ ਹੋਇਆ? ਸਕੂਲਾਂ ਦੇ ਮਾਸਟਰ ਉਸ ਤੋਂ ਵਧ ਕੇ, ਕਈ ਵਾਰ ਛਿੱਤਰਾਂ ਨਾਲ ਬੁਰਾ ਹਾਲ ਕਰ ਦਿੰਦੇ। ਸ਼ੁਕਰ ਹੈ, ਇਨਸਾਨ ਦਾ ਇਹ ਵਹਿਸ਼ੀ ਰੂਪ ਅੱਜ ਕੱਲ੍ਹ ਕੁਝ ਥੰਮ੍ਹ ਗਿਆ ਹੈ। ਮੇਰੀ ਸੁਰਤ ਸੰਭਾਲਣ ਤੋਂ ਅੱਜ ਤੱਕ ਬਾਪੂ ਨੇ ਮਾਂ ਨੂੰ ਬਾਕੀ ਚਾਚਿਆਂ ਤਾਇਆਂ ਵਾਂਗ ਕਦੇ ਕੁੱਟਿਆ ਨਹੀਂ ਤੇ ਨਾ ਉਨ੍ਹਾਂ ਵਾਂਗ ਇਹ ਸੋਚ ਰੱਖੀ ਕਿ ‘ਰੰਨ ਤੇ ਪਸ਼ੂ ਨੂੰ ਕੁੱਟੇ ਬਗੈਰ ਸਿੱਧਾ ਨਹੀਂ ਕੀਤਾ ਜਾ ਸਕਦਾ।' ਬਾਪੂ ਦੇ ਕੰਨ 'ਚ ਤਾਂ ਇਹ ਫੂਕ ਜਮਾਂਦਰੂ ਹੀ ਕਿਸੇ ਮਾਰੀ ਹੋਈ ਸੀ ਕਿ ਔਰਤ ਨੂੰ ਮਾਰਨਾ ਧਰਤ ਨੂੰ ਮਾਰਨ ਜਿੰਨਾ ਪਾਪ ਹੈ।
1988 ਵਿੱਚ ਜਨਮੀ ਮੇਰੀ ਵੱਡੀ ਭੈਣ ਪ੍ਰਿਅੰਕਾ ਦੀ ਖੁਸ਼ੀ ਬੱਸ ਬਾਪੂ ਨੇ ਮਨਾਈ। ਖੁਸਰਿਆਂ ਨੂੰ ਆਪ ਵਧਾਈ ਦਿੱਤੀ। ਉਹ ਲੈਂਦੇ ਨਹੀਂ ਸਨ, ਫਿਰ ਵੀ ਕੁਝ ਹੱਸ ਕੇ ਫੜ ਲਈ। ਦਾਈ ਵੀ ਸੰਗਦੀ ਸੀ ਪੈਸੇ ਮੰਗਣ ਵੇਲੇ। ਦਾਦੀ ਤੇ ਸਰੀਕੇ ਨੇ ਲਾਹਨਤਾਂ ਪਾਈਆਂ, ਪੰਜਾਬ ਕੁੜੀ ਮਾਰ ਜੋ ਹੈ। ਇਕ ਦਿਨ ਅੱਕ ਕੇ ਬਾਪ ਨੇ ਮੰੂਗਲਾ ਫੜ ਤਾਏ ਦੇ ਗਿੱਟੇ 'ਤੇ ਜੜ ਦਿੱਤਾ, ‘ਸਾਲਿਓ ਨਹਿਰੂ ਦੀ ਵੀ ਤਾਂ ਇਕੋ ਇੰਦਰਾ! ਤੁਹਾਡੇ ਸੋਚ ਦਾ ਹੋਵੇ ਤਾਂ ਢੇਰ ਲਾ ਦੇਵੇ।' ਅੱਜ ਵੀ ਮੁੰਡੇ ਕੁੜੀ ਦੀ ਕਾਣੀ ਵੰਡ ਨੇ ਬਾਪੂ ਦੀ ਸੋਚ ਨੂੰ ਘੇਰਾ ਨਹੀਂ ਪਾਇਆ ਤੇ ਖੁਸ਼ ਹੁੰਦਾ ਹੈ, ਜਦੋਂ ਕੋਈ ਸਰਕਾਰ ਜਾਂ ਸੰਸਥਾਵਾਂ ਔਰਤ ਬੱਚਿਆਂ ਦੇ ਭਲਾਈ ਦੇ ਕਾਰਜ ਕਰਦੀਆਂ ਹਨ।
ਸੰਤਾਲੀ ਦੀ ਵੰਡ ਤੋਂ ਉਜੜੇ ਪਠਾਨਕੋਟ ਦੇ ਇਸ ‘ਦਲਿਤ ਰਫੂਜੀ ਮੁਹੱਲ' ਨੂੰ ਦੇਖ ਕਾਲਿਆਂ ਦੇ ਨਸਲੀ ਵਿਤਕਰੇ ਬਾਬਤ ਬਣੇ ਮੁਹੱਲੇ ਯਾਦ ਆਉਂਦੇ ਹਨ, ਜਿਹਦਾ ਆਪਣਾ ਸੱਭਿਆਚਾਰਕ ਲੋਕ ਸੰਸਾਰ ਹੈ ਜੋ ਬਹੁਤਾ ਬਦਲਿਆ ਨਹੀਂ। ਗਰੀਬ ਦੁਰਕਾਰਿਆ, ਪਰ ਸੁਤੰਤਰ ਤੇ ਸੰਪੂਰਨ ਹੈ ਜੋ ਆਪਣੇ ਆਪ ਵਿੱਚ ਅਜੀਬ ਖਿੱਚ ਤੇ ਖੁਸ਼ੀ ਦਿੰਦਾ ਹੈ। ਇਸੇ ਕਾਰਨ ਇਨ੍ਹਾਂ ਲੋਕਾਂ ਦੀਆਂ ਮਾਨਤਾਵਾਂ ਤੇ ਵਿਸ਼ਵਾਸ ਪਿੱਤਰਾਂ ਜਠੇਰਿਆਂ ਤੇ ਅਨੇਕਾਂ ਦੇਵੀ ਦੇਵਤਿਆਂ ਨੂੰ ਮੰਨਣ ਜਾਂ ਮੁਨਕਰ ਹੋਣ ਵਿੱਚ ਹਨ।
ਬਾਪੂ ਜੀ ਦੱਸਦੇ ਹਨ ਕਿ ਮੁਹੱਲੇ 'ਚ ਅਨੇਕਾਂ ਸਾਧੂ, ਜੋਗੀਆਂ, ਟੱਪਰਵਾਸੀਆਂ ਤੇ ਬਾਜ਼ੀਗਰਾਂ ਦਾ ਆਵਣ ਗਵਣ ਦਾ ਦੌਰ ਪੁਰਾਣਾ ਹੈ। ਅਜੇ ਵੀ ਬਜ਼ੁਰਗ ਸਾਧੂ ਆਉਂਦਾ ਹੈ ਜਿਹਦੇ ਬੋਲ ਮੈਨੂੰ ਯਾਦ ਹਨ, ‘ਨਾਮ ਜਪਿਆ ਨਾ ਭਗਤੀ ਕੀਤੀ ਤੇ ਕਿੱਥੋਂ ਪਾਵੇਂ ਰਾਜ ਗੱਦੀਆਂ।' ਇਸ ਰੰਗੀਲੇ ਤੇ ਭੇਤਭਰੇ ਸੰਸਾਰ ਨੂੰ ਲਿਖਣ ਤੇ ਵਾਚਣ ਲਈ ਅੰਗਰੇਜ਼ਾਂ ਦੇ ਦਿੱਤੇ ਨਿਰੇ ਪਦਾਰਥਵਾਦ ਤੇ ਆਧੁਨਿਕਤਾਵਾਦ ਵਾਲੇ ਵਿਚਾਰਾਂ ਨਾਲ ਗੱਲ ਨਹੀਂ ਬਣਨੀ, ਸਗੋਂ ਇਸ ਤੋਂ ਅਗਾਂਹ ਗੈਬਰੀਅਲ ਗਾਰਸ਼ੀਆ ਮਾਰਖੇਜ ਦੇ ‘ਜਾਦੂਈ ਯਥਾਰਥਵਾਦ' ਨੂੰ ਵੀ ਸਮਝਣਾ ਪੈਣਾ ਹੈ। ਅੱਜ ਵੀ ਜਦੋਂ ਮੈਂ ਹਾਸੇ ਭਾਣੇ ਬਾਪੂ ਜੀ ਨੂੰ ਪੁੱਛਦਾ, ‘ਹੋਰ ਸੁਣਾਉ ਕੀ ਬਣਦੈ ਸੰਸਾਰ 'ਚ?' ਤਾਂ ਆਪਣਾ ਧਿਆਨ ਅਖਬਾਰ ਤੋਂ ਹਟਾ ਕੇ ਆਂਹਦੇ ਨੇ, ‘ਸਭ ਚੰਗਾ ਅਜੇ।' ਫਿਰ ਅਸੀਂ ਦੋਵੇਂ ਮੁਸਕਰਾ ਦਿੰਦੇ ਹਾਂ।

Have something to say? Post your comment