Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਅਫਗਾਨੀ ਸਿੱਖ ਰਿਫਿਊਜੀਆਂ ਦੀ ਕੈਨੇਡਾ ਵਿੱਚ ਆਮਦ ਇੱਕ ਸੁਆਗਤਯੋਗ ਕਦਮ

March 14, 2019 09:09 AM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਵਿੱਚ ਰਿਫਿਊਜੀਆਂ ਦੀ ਆਮਦ ਦੀ 40ਵੀਂ ਬਰਸੀ ਮੌਕੇ ਚਿਰਾਂ ਤੋਂ ਤਅੱਸਬੀ ਜਨੂੰਨ ਦੀ ਮਾਰ ਝੱਲਦੇ ਆ ਰਹੇ ਅਫਗਾਨਸਤਾਨੀ ਸਿੱਖਾਂ ਦਾ ਪਹਿਲਾ ਰਿਫਿਊਜੀ ਪਰਿਵਾਰ ਮੰਗਲਵਾਰ ਨੂੰ ਓਟਾਵਾ ਪੁੱਜਿਆ। ਸਰਕਾਰੀ ਰਸਮਾਂ ਨਿਭਾਉਣ ਲਈ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਇੰਮੀਗਰੇਸ਼ਨ ਮੰਤਰੀ ਅਹਿਮਦ ਹੂਸੇਨ ਵੀ ਪੁੱਜੇ ਹੋਏ ਸਨ। ਅਫਗਾਨਸਤਾਨ ਤੋਂ ਆਉਣ ਵਾਲੇ ਇਹਨਾਂ ਰਿਫਿਊਜੀਆਂ ਦਾ ਸੁਆਗਤ ਕਰਨਾ ਬਣਦਾ ਹੈ ਜਿਹਨਾਂ ਵਰਗੀ ਮਨੁੱਖੀ ਤਰਾਸਦੀ ਵਿਸ਼ਵ ਵਿੱਚ ਸ਼ਾਇਦ ਹੀ ਕਿਸੇ ਹੋਰ ਵਰਗ ਨੇ ਹੰਢਾਈ ਹੋਵੇ। ਇਹ ਤਰਾਸਦੀ ਅਜਿਹੀ ਹੈ ਕਿ 1980 ਵਿੱਚ ਉੱਥੇ ਵੱਸਦੇ ਸਿੱਖਾਂ ਦੀ ਗਿਣਤੀ 20,000 ਸੀ ਜੋ ਅੱਜ 1500 ਤੋਂ 2000 ਦੇ ਕਰੀਬ ਰਹਿ ਗਈ ਹੈ। ਬਾਕੀ ਸਿੱਖ ਅਫਗਾਨਸਤਾਨ ਵਿੱਚ ਝੂਲਦੇ ਧਾਰਮਿਕ ਜਨੂੰਨ ਦੇ ਸਤਾਏ ਹੋਏ ਹਿਜਰਤ ਕਰ ਚੁੱਕੇ ਹਨ ਜਾਂ ਮਜ਼ਹਬੀ ਕੱਟੜਪਸੰਦਾਂ ਹੱਥੋਂ ਮਾਰੇ ਗਏ ਹਨ। ਪਿਛਲੇ ਸਾਲ ਜੁਲਾਈ ਵਿੱਚ ਇੱਕ ਬੰਬ ਧਮਾਕੇ ਵਿੱਚ 18 ਸਿੱਖ ਮਾਰ ਦਿੱਤੇ ਗਏ ਸਨ। 1979 ਤੋਂ 1989 ਦੇ ਦਸ ਸਾਲਾਂ ਦੇ ਅਰਸੇ ਵਿੱਚ 60,000 ਅਫਗਾਨੀ ਸਿੱਖ ਅਤੇ ਹਿੰਦੂ ਭਾਰਤ ਹਿਜਰਤ ਕਰ ਗਏ ਸਨ। ਬੇਸ਼ੱਕ ਭਾਰਤ ਵਿੱਚ ਉਹਨਾਂ ਦੇ ਰਹਿਣ ਸਹਿਣ ਲਈ ਸਹੂਲਤਾਂ ਦੀ ਵੱਡੀ ਘਾਟ ਹੈ ਪਰ ਜਾਨ-ਮਾਲ ਦੀ ਸੁਰੱਖਿਆ ਤਾਂ ਮਿਲੀ ਹੋਈ ਹੈ।

ਕੈਨੇਡਾ ਪੁੱਜੇ ਪਹਿਲੇ ਸਿੱਖ ਰਿਫਿਊਜੀ ਪਰਿਵਾਰ ਨੂੰ ਜੀਅ ਆਇਆ ਨੂੰ ਆਖਦੇ ਹੋਏ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਇਹ ਆਖਣਾ ਸਹੀ ਹੈ ਕਿ ਵਿਸ਼ਵ ਦੇ ਸੱਭ ਤੋਂ ਕਮਜ਼ੋਰ ਵਰਗਾਂ ਨੂੰ ਸਹਾਰਾ ਦੇਣ ਵਿੱਚ ਕੈਨੇਡਾ ਮੋਢੀ ਮੁਲਕਾਂ ਵਿੱਚੋਂ ਇੱਕ ਹੈ। ਪਰ ਉਹਨਾਂ ਦੇ ਇਸ ਜਜ਼ਬਾਤ ਪਿੱਛੇ ਇਹ ਕੋੜਾ ਸੱਚ ਵੀ ਲੁਕਿਆ ਹੋਇਆ ਹੈ ਕਿ ਲਿਬਰਲ ਸਰਕਾਰ ਨੇ ਜਿਸ ਕਦਰ ਹੋਰ ਮੁਲਕਾਂ ਤੋਂ ਦੱਬੇ ਕੁਚਲੇ ਲੋਕਾਂ ਲਈ ਆਪਣੇ ਦਰਵਾਜ਼ੇ ਖੋਲੇ, ਅਫਗਾਨਸਤਾਨ ਦੇ ਹਿੰਦੂ ਸਿੱਖ ਉਸ ਦਰਿਆ ਦਿਲੀ ਤੋਂ ਵਾਂਝੇ ਹੀ ਰਹੇ ਹਨ। ਕੈਨੇਡਾ ਨੇ ਤਕਰੀਬਨ 20-25 ਪਰਿਵਾਰਾਂ ਦੇ ਰਿਫਿਊਜੀ ਹੋਣ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਹਨ ਪਰ ਪੱਕੀ ਗਿਣਤੀ ਹਾਲੇ ਉਪਲਬਧ ਨਹੀਂ ਹੈ। ਇਹ ਸਾਰੇ ਦੇ ਸਾਰੇ ਪ੍ਰਾਈਵੇਟਲੀ ਸਪਾਂਸਰ ਕੀਤੇ ਗਏ ਰਿਫਿਊਜੀ ਹਨ ਜਿਸਦਾ ਅਰਥ ਹੈ ਕਿ ਆਮ ਕੈਨੇਡੀਅਨਾਂ ਨੇ ਹਿੰਮਤ ਕਰਕੇ ਪੈਸੇ ਜੁਟਾ ਕੇ ਖਰਚਾ ਚੁੱਕਣਾ ਹੈ। ਸਰਕਾਰ ਵੱਲੋਂ Government Assisted Refugee (GARs)’ ਪ੍ਰੋਗਰਾਮ ਤਹਿਤ ਕੋਈ ਸਿੱਖ ਜਾਂ ਹਿੰਦੂ ਅਫਗਾਨੀ ਰਿਫਿਊਜੀ ਨਹੀਂ ਆਇਆ ਹੈ ਜਿਵੇਂ ਕਿ ਸੀਰੀਆ ਤੋਂ 25 ਹਜ਼ਾਰ ਇੱਕ ਸਾਲ ਵਿੱਚ ਹੀ ਮੰਗਵਾਏ ਗਏ ਸਨ। ਕੈਨੇਡਾ ਸਰਕਾਰ ਵੱਲੋਂ ਹਰ ਸਾਲ 45 ਤੋਂ 50 ਹਜ਼ਾਰ ਦੇ ਕਰੀਬ ਰਿਫਿਊਜੀ ਦਾਖਲ ਕੀਤੇ ਜਾਂਦੇ ਹਨ।

ਅਫਗਾਨੀ ਸਿੱਖਾਂ ਅਤੇ ਹਿੰਦੂਆਂ ਦੇ ਮਸਲੇ ਵਿੱਚ ਫੈਡਰਲ ਸਰਕਾਰ ਜਾਂ ਕਿਸੇ ਹੋਰ ਸੰਸਥਾ ਤੋਂ ਵੱਧ ਇੱਕਲੇ ਸਵਰਗਵਾਸੀ ਮਨਮੀਤ ਸਿੰਘ ਭੁੱਲਰ ਨੇ ਨਿਭਾਇਆ ਹੈ ਜੋ ਕਿ ਕੈਲਗਰੀ ਗਰੀਨਵੇਅ ਤੋਂ ਕੰਜ਼ਰਵੇਟਿਵ ਪਾਰਟੀ ਦੇ ਐਮ ਐਲ ਏ ਸਨ। ਇਸ ਮਹੀਨੇ ਜੋ ਸਿੱਖ ਰਿਫਿਊਜੀ ਪਰਿਵਾਰ ਕੈਨੇਡਾ ਆਉਣਗੇ, ਉਹਨਾਂ ਦੀ ਮਦਦ ਦਾ ਆਧਾਰ ਮਨਮੀਤ ਸਿੰਘ ਭੁੱਲਰ ਫਾਉਂਡੇਸ਼ਨ ਦੇ ਉੱਦਮਾਂ ਸਦਕਾ ਬਣਿਆ ਹੈ ਜਿਸਨੂੰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਬਣਦੀ ਇਮਦਾਦ ਦਿੱਤੀ ਗਈ। ਮਨਮੀਤ ਸਿੰਘ ਭੁੱਲਰ ਫਾਉਂਡੇਸ਼ਨ International Religious Freedom (2010), Annual Report to Congress (USA), Afghanstan 2013 International Religious Freedom Report, Ethnic cleansing of Hindu and Sikhs in Pakistan and Afghanstan,2015 ਆਦਿ ਰਿਪੋਰਟਾਂ ਦੇ ਹਵਾਲੇ ਨਾਲ ਜਾਣਕਾਰੀ ਦੇਂਦੀ ਹੈ ਕਿ ਅਫਗਾਨਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਗੁਰਦੁਆਰੇ ਅਤੇ ਮੰਦਰ ਜਬਰੀ ਢਾਹੇ ਜਾਂਦੇ ਹਨ, ਅਤੇ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ, ਸਪੈਸ਼ਲ ਟੈਕਸ ਲਾਏ ਜਾਂਦੇ ਹਨ ਅਤੇ ਮੱਥੇ ਉੱਤੇ ਪੀਲੀਆਂ ਪੱਟੀਆਂ ਬੰਨ ਕੇ ਰੱਖਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਹਿੰਦੂ ਸਿੱਖਾਂ ਲਈ ਨੌਕਰੀਆਂ ਦੇ ਦਰਵਾਜ਼ੇ ਪੱਕੇ ਹੀ ਬੰਦ ਹਨ ਅਤੇ ਬੱਚਿਆਂ ਨੂੰ ਸਕੂਲ ਪੜਨ ਨਹੀਂ ਦਿੱਤਾ ਜਾਂਦਾ।

ਮਨੁੱਖੀ ਦੁੱਖ-ਦਰਦ ਨੂੰ ਜਾਤ ਪਾਤ, ਧਰਮ ਅਤੇ ਐਥਨਿਕ ਮੂਲ ਨਾਲ ਜੋੜ ਕੇ ਵੇਖਣਾ ਨਹੀਂ ਚਾਹੀਦਾ ਕਿਉਂਕਿ ਅਜਿਹਾ ਕਰਨਾ ਮਨੁੱਖਤਾ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੇ ਖਿਲਾਫ ਹੈ। ਅਫਸੋਸਵੱਸ ਅੱਜ ਵਿਸ਼ਵ ਵਿੱਚ ਅਜਿਹੇ ਵਰਤਾਰੇ ਆਮ ਬਣ ਚੁੱਕੇ ਹਨ। ਫੈਡਰਲ ਸਰਕਾਰ ਲਈ ਚੰਗਾ ਹੋਵੇਗਾ ਕਿ ਉਹ ਵਿਸ਼ੈਲੇ ਹੋ ਚੁੱਕੇ ਅਫਗਾਨਸਤਾਨ ਦੇ ਵਾਤਾਵਰਣ ਵਿੱਚੋਂ ਬਾਕੀ ਰਹਿ ਚੁੱਕੇ ਚੰਦ ਕੁ ਸਿੱਖਾਂ ਅਤੇ ਹਿੰਦੂਆਂ ਨੂੰ ਮਦਦ ਦੇਣ ਵਿੱਚ ਖੁਦ ਵੀ ਅੱਗੇ ਆਵੇ। ਇਸਦੇ ਨਾਲ ਹੀ ਕੈਨੇਡਾ ਵੱਸਦੇ ਸਿੱਖ, ਹਿੰਦੂ ਅਤੇ ਹੋਰ ਹਰ ਭਾਈਚਾਰੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਨੁੱਖੀ ਭਾਵਨਾ ਵੱਸ ਆਪਣੇ ਹਮਸਾਇਆਂ ਨੂੰ ਸਪਾਂਸਰ ਕਰਨ ਲਈ ਅੱਗੇ ਆਉਣ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੀਲ ਰੀਜਨ ਦਾ ਭੱਵਿਖ ਕਿਸਦੇ ਹੱਥ?
ਫੰਡਾਂ ਵਿੱਚ ਕਟੌਤੀਆਂ ਅਤੇ ਆਪਾ ਵਿਰੋਧੀ ਸੁਨੇਹਿਆਂ ਦਾ ਝਮੇਲਾ
ਲਿਬਰਲ ਸਰਕਾਰ ਵੱਲੋਂ ਘੱਟ ਗਿਣਤੀ ਕਮਿਉਨਿਟੀਆਂ ਦੀਆਂ ਘੱਟ ਨਿਯੁਕਤੀਆਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1