ਵਾਸ਼ਿੰਗਟਨ, 12 ਮਾਰਚ (ਪੋਸਟ ਬਿਊਰੋ)- ਸੰਸਾਰ ਦੇ ਹਥਿਆਰ ਬਾਜ਼ਾਰ 'ਤੇ ਇੱਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੇ ਹਥਿਆਰਾਂ ਦੀ ਇੰਪੋਰਟ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਰੂਸ ਦੀ ਹਿੱਸੇਦਾਰੀ ਘਟਦੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਾਲ 2009-13 ਦੌਰਾਨ ਭਾਰਤ ਦੀ ਕੁੱਲ ਹਥਿਆਰ ਇੰਪੋਰਟ ਵਿੱਚ ਰੂਸ ਤੋਂ ਖਰੀਦੇ ਹਥਿਆਰਾਂ ਦੀ ਹਿੱਸੇਦਾਰੀ 76 ਫੀਸਦੀ ਸੀ, ਜਿਹੜੀ 2014-18 ਵਿੱਚ ਘੱਟ ਕੇ 58 ਫੀਸਦੀ ਰਹਿ ਗਈ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸੀਪਰੀ) ਦੀ ਕੌਮਾਂਤਰੀ ਹਥਿਆਰ ਲੈਣ ਦੇਣ ਬਾਰੇ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰੀ ਮੋਦੀ ਦੀ ਪੂਰੀ ਕੋਸ਼ਿਸ਼ ਹਥਿਆਰਾਂ ਦੇ ਮਾਮਲੇ 'ਚ ਭਾਰਤ ਸਰਕਾਰ ਦੀ ਇੰਪੋਰਟ ਉੱਤੇ ਨਿਰਭਰਤਾ ਨੂੰ ਖਤਮ ਕਰਨਾ ਹੈ। ਇਸ ਰਿਪੋਰਟ ਅਨੁਸਾਰ 2009-13 ਦੇ ਮੁਕਾਬਲੇ 2014-18 'ਚ ਦੇਸ਼ ਵਿੱਚ ਹਥਿਆਰਾਂ ਦੀ ਇੰਪੋਰਟ 24 ਫੀਸਦੀ ਘਟੀ ਹੈ। ਇਸ ਦੇ ਅੰਕੜਿਆਂ ਵਿੱਚ ਕਮੀ ਦੀ ਅਹਿਮ ਵਜ੍ਹਾ ਵਿਦੇਸ਼ੀ ਹਥਿਆਰਾਂ ਦੀ ਸਪਲਾਈ ਵਿੱਚ ਦੇਰੀ ਹੋਣਾ ਹੈ। ਇਸ ਸਭ ਦੇ ਬਾਵਜੂਦ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹਥਿਆਰ ਗ੍ਰਾਹਕ ਹੈ। ਕੌਮਾਂਤਰੀ ਹਥਿਆਰ ਇੰਪੋਰਟ ਵਿੱਚ ਭਾਰਤ ਦਾ ਹਿੱਸਾ ਸਾਢੇ ਨੌਂ ਫੀਸਦੀ ਦੇ ਕਰੀਬ ਹੈ। ਵਿੱਤੀ ਸਾਲ 2014-18 ਦੌਰਾਨ ਅਮਰੀਕਾ ਅਤੇ ਫਰਾਂਸ ਤੋਂ ਭਾਰਤ ਨੂੰ ਹਥਿਆਰਾਂ ਦੀ ਖਰੀਦ ਵਧੀ ਹੈ।