Welcome to Canadian Punjabi Post
Follow us on

19

March 2019
ਅੰਤਰਰਾਸ਼ਟਰੀ

ਚੀਨ, ਇੰਡੋਨੇਸ਼ੀਆ ਅਤੇ ਇਥੋਪੀਆ ਨੇ ਬੋਇੰਗ 737 ਜਹਾਜ਼ ਖੜ੍ਹੇ ਕੀਤੇ

March 12, 2019 09:34 AM

ਬੀਜਿੰਗ, 11 ਮਾਰਚ (ਪੋਸਟ ਬਿਊਰੋ)- ਪਹਿਲਾਂ ਇੰਡੋਨੇਸ਼ੀਆ ਤੇ ਫਿਰ ਇਥੋਪੀਆ ਵਿੱਚ ਬੋਇੰਗ 737 ਮੈਕਸ 8 ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਇਨ੍ਹਾਂ ਜਹਾਜ਼ਾਂ ਦੀ ਸੁਰੱਖਿਆ ਪ੍ਰਬੰਧਾਂ ਸਵਾਲ ਖੜ੍ਹੇ ਹੋ ਗਏ ਹਨ। ਇਸ ਨੂੰ ਵੇਖ ਕੇ ਚੀਨ, ਇੰਡੋਨੇਸ਼ੀਆ ਤੇ ਇਥੋਪੀਆ ਨੇ ਆਪਣੇ ਬੋਇੰਗ 737 ਮੈਕਸ 8 ਜਹਾਜ਼ ਖੜ੍ਹੇ ਕਰ ਦਿੱਤੇ ਹਨ।
ਵਰਨਣ ਯੋਗ ਹੈ ਕਿ ਇਥੋਪੀਅਨ ਏਅਰਲਾਈਨਜ਼ ਦਾ ਬੋਇੰਗ 737 ਮੈਕਸ 8 ਜਹਾਜ਼ ਐਤਵਾਰ ਅਦੀਸ ਅਬਾਬਾ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ ਚਾਰ ਭਾਰਤੀਆਂ ਸਮੇਤ 157 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਦਾ ਸ਼ਿਕਾਰ ਹੋਇਆ ਇਥੋਪੀਅਨ ਏਅਰਲਾਈਨਜ਼ ਦਾ ਬੋਇੰਗ ਜਹਾਜ਼ ਹਾਲੇ ਪੰਜ ਮਹੀਨੇ ਪਹਿਲਾਂ ਖਰੀਦਿਆ ਗਿਆ ਸੀ। ਇਸੇ ਮਾਡਲ ਦਾ ਲਾਇਨ ਏਅਰ ਦਾ ਜਹਾਜ਼ ਪਿਛਲੇ ਸਾਲ ਇੰਡੋਨੇਸ਼ੀਆ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ 189 ਲੋਕਾਂ ਦੀ ਜਾਨ ਗਈ ਸੀ। ਇਹ ਦੋਵੇਂ ਜਹਾਜ਼ ਨਵੇਂ ਸਨ। ਹਾਦਸੇ ਵੀ ਇਕੋ ਤਰ੍ਹਾਂ ਯਾਨੀ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਏ। ਚੀਨ ਦੀ ਸਿਵਲ ਏਵੀਏਸ਼ਨ ਅਥਾਰਟੀ ਦੇ ਹਵਾਲੇ ਨਾਲ ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਦੱਸਿਆ ਹੈ ਕਿ ਚੀਨ ਸਰਕਾਰ ਅਤੇ ਨਿੱਜੀ ਏਅਰਲਾਈਨਜ਼ ਕੋਲ 97 ਬੋਇੰਗ 737 ਮੈਕਸ 8 ਜਹਾਜ਼ ਹਨ। ਇਥੋਪੀਆ ਨੇ ਚਾਰ ਬੋਇੰਗ ਜਹਾਜ਼ ਖੜ੍ਹੇ ਕਰ ਦਿੱਤੇ ਹਨ। ਇੰਡੋਨੇਸ਼ੀਆ ਤੇ ਕੈਰੀਬਿਆਈ ਕੇਮੈਨ ਏਅਰਵੇਜ਼ ਨੇ ਵੀ ਆਪਣੇ ਬੋਇੰਗ ਜਹਾਜ਼ਾਂ ਦੀ ਉਡਾਣ ਉੱਤੇ ਰੋਕ ਲਾ ਦਿੱਤੀ ਹੈ।
ਅਮਰੀਕਾ ਦੇ ਸ਼ਿਕਾਗੋ ਵਿੱਚ ਬੋਇੰਗ ਕੰਪਨੀ ਨੇ ਹਾਦਸੇ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਗਾਹਕਾਂ ਲਈ ਕੋਈ ਨਵੀਂ ਹਦਾਇਤ ਜਾਰੀ ਨਹੀਂ ਕਰੇਗੀ। ਉਸ ਦੀ ਤਕਨੀਕੀ ਟੀਮ ਦੇ ਮੈਂਬਰ ਇਥੋਪੀਆ ਵਾਲੇ ਹਾਦਸੇ ਵਾਲੀ ਥਾਂ ਗਏ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਚ ਮਦਦ ਕਰ ਰਹੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ