Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਜ਼ਿੰਦਗੀ ਦੀ ਫੇਸਬੁੱਕ ਦੇ ਮਾਅਨੇ

March 12, 2019 09:21 AM

-ਪ੍ਰਿੰ. ਵਿਜੈ ਕੁਮਾਰ
ਜ਼ਿਆਦਾਤਰ ਪੜ੍ਹੇ ਲਿਖੇ ਲੋਕ ਹਰ ਰੋਜ਼ ਆਪਣੇ ਮੋਬਾਈਲਾਂ 'ਤੇ ਆਪੋ ਆਪਣਾ ਸਟੇਟਸ ਪਾਉਂਦੇ ਰਹਿੰਦੇ ਹਨ। ਉਨ੍ਹਾਂ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਉਨ੍ਹਾਂ ਦੇ ਸੱਜਣਾਂ ਮਿੱਤਰਾਂ ਅਤੇ ਜਾਣਕਾਰਾਂ ਉਤੇ ਉਨ੍ਹਾਂ ਦਾ ਪ੍ਰਭਾਵ ਬਣਿਆ ਰਹੇ। ਫੇਸਬੁੱਕ ਦਾ ਪੇਜ ਬਣਾ ਕੇ ਉਸ ਉਤੇ ਆਪਣੇ ਆਪ ਨੂੰ ਪੇਸ਼ ਕਰਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣਦਾ ਜਾ ਰਿਹਾ ਹੈ, ਪਰ ਜ਼ਿੰਦਗੀ ਦੀ ਅਸਲ ਫੇਸਬੁੱਕ ਜਿਸ ਨੇ ਮਨੁੱਖ ਦੇ ਚੰਗੇ ਮਾੜੇ ਹੋਣ ਦਾ ਫੈਸਲਾ ਕਰਨਾ ਹੁੰਦਾ ਹੈ, ਤੋਂ ਲੋਕ ਦੂਰ ਹੁੰਦੇ ਜਾ ਰਹੇ ਹਨ। ਕੁਝ ਸਾਲ ਪਹਿਲਾਂ ਸਾਡੇ ਸ਼ਹਿਰ ਦੇ ਹਰਮਨ ਪਿਆਰੇ ਦਰਵੇਸ਼ ਸੱਜਣ ਨੇ ਇਸ ਫਾਨੀ ਦੁਨੀਆ ਤੋਂ ਅਲਵਿਦਾ ਲਈ। ਉਸ ਨੂੰ ਆਖਰੀ ਸਲਾਮ ਕਹਿਣ ਲਈ ਸ਼ਮਸ਼ਾਨਘਾਟ 'ਤੇ ਲੋਕਾਂ ਦਾ ਬਹੁਤ ਵੱਡਾ ਹਜੂਮ ਇਹ ਕਹਿ ਰਿਹਾ ਸੀ ਕਿ ਉਸ ਦੇ ਇਸ ਦੁਨੀਆ ਤੋਂ ਤੁਰ ਜਾਣ ਦਾ ਦੁੱਖ ਉਸ ਦੇ ਇਕੱਲੇ ਪਰਵਾਰ ਨੂੰ ਨਹੀਂ, ਪੂਰੀ ਖਲਕਤ ਨੂੰ ਹੈ। ਉਸ ਨੇ ਲੋਕਾਂ ਨੂੰ ਇਹ ਦੱਸਿਆ ਕਿ ਜ਼ਿੰਦਗੀ ਦੀ ਅਸਲ ਫੇਸਬੁੱਕ ਦੀ ਤਸਵੀਰ ਕਿਹੋ ਜਿਹੀ ਹੋਣੀ ਚਾਹੀਦੀ ਹੈ। ਉਹ ਆਪਣੇ ਸ਼ਹਿਰ ਦੀ ਨਗਰ ਕੌਂਸਲ ਦੀ ਚੋਣ ਕਦੇ ਨਹੀਂ ਸੀ ਹਾਰਿਆ ਤੇ ਉਸ ਦੀ ਜ਼ਿੰਦਗੀ ਦੀ ਚਿੱਟੀ ਚਾਦਰ 'ਤੇ ਭਿ੍ਰਸ਼ਟਾਚਾਰ ਦਾ ਕੋਈ ਦਾਗ ਨਹੀਂ ਸੀ। ਉਸ ਦੀ ਸ਼ਖਸੀਅਤ ਇਸ ਲਈ ਇਸ ਤਰ੍ਹਾਂ ਦੀ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਦੀ ਫੇਸਬੁੱਕ ਦਾ ਸਟੇਟਸ ਬਣਾ ਕੇ ਰੱਖਿਆ ਹੋਇਆ ਸੀ। ਉਹ ਜ਼ਿੰਦਗੀ ਜਿਊਣ ਦੇ ਢੰਗਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ।
ਜੇ ਇਸ ਧਰਤੀ ਦੇ ਲੋਕ ਮੋਬਾਈਲ 'ਤੇ ਆਪਣੀ ਫੇਸਬੁੱਕ ਦਾ ਸਟੇਟਸ ਮੇਨਟੇਨ ਕਰਨ ਦੇ ਨਾਲ ਆਪਣੀ ਜ਼ਿੰਦਗੀ ਦੀ ਫੇਸਬੁੱਕ ਦਾ ਸਟੇਟਸ ਮੇਨਟੇਨ ਕਰਨਾ ਸਿੱਖ ਜਾਣ ਤਾਂ ਇਹ ਧਰਤੀ ਸਵਰਗ ਹੋ ਸਕਦੀ ਹੈ। ਸਾਰੇ ਝਗੜਿਆਂ ਦਾ ਭੋਗ ਪੈ ਸਕਦਾ ਹੈ। ਹਰ ਬਸ਼ਰ ਬਹੁਤ ਸਹਿਜਮਈ ਢੰਗ ਨਾਲ ਜ਼ਿੰਦਗੀ ਗੁਜ਼ਾਰ ਸਕਦਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਸ ਅਕਾਲ ਪੁਰਖ ਵੱਲੋਂ ਸਾਜੀ ਨਿਵਾਜੀ ਇਸ ਸ੍ਰਿਸ਼ਟੀ ਦੇ ਅਜਬ ਗਜ਼ਬ ਨਜ਼ਾਰਿਆਂ ਨੂੰ ਛੱਡ ਕੇ ਅਸੀਂ ਉਸ ਸਵਰਗ ਪ੍ਰਾਪਤੀ ਦੀ ਕਲਪਨਾ ਕਰਦੇ ਰਹਿੰਦੇ ਹਾਂ, ਜਿਸ ਨੂੰ ਅੱਜ ਤੱਕ ਕਿਸੇ ਨੇ ਵੇਖਿਆ ਹੀ ਨਹੀਂ। ਅਸੀਂ ਆਪਣੇ ਸਵਾਰਥਾਂ, ਡਰਾਮਿਆਂ, ਵਿਖਾਵਿਆਂ ਤੇ ਆਪਣੀਆਂ ਸਾਜ਼ਿਸ਼ਾਂ ਕਾਰਨ ਦੁੱਖਾਂ ਦੇ ਤਾਣੇ ਥਾਣੇ 'ਚ ਉਲਝੇ ਰਹਿੰਦੇ ਹਾਂ।
ਮੇਰੇ ਮੋਬਾਈਲ 'ਤੇ ਅਕਸਰ ਹੀ ਫੇਸਬੁੱਕ ਰਾਹੀਂ ਇਹ ਸੁਨੇਹੇ ਪੜ੍ਹਨ ਨੂੰ ਮਿਲਦੇ ਹਨ ਕਿ ਅੱਜ ਮੇਰਾ ਜਨਮ ਦਿਨ ਹੈ। ਅੱਜ ਮੈਂ ਦਿੱਲੀ ਵਿੱਚ ਹਾਂ। ਦੋ ਦਿਨ ਦੇ ਰੁਝੇਵਿਆਂ ਕਾਰਨ ਸੱਜਣਾਂ ਮਿੱਤਰਾਂ ਨਾਲ ਮੇਰਾ ਮੇਲ ਨਹੀਂ ਹੋ ਸਕਦਾ। ਇਸ ਤੋਂ ਬਿਨਾਂ ਹੋਰ ਵੀ ਬਿਨਾਂ ਸਿਰ ਪੈਰ ਦੀਆਂ ਗੱਲਾਂ ਫੇਸਬੁੱਕ ਰਾਹੀਂ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ। ਨਵੀਂ ਤਕਨਾਲੋਜੀ ਦੇ ਇਸ ਕਮਾਲ ਮੋਬਾਈਲ ਰਾਹੀਂ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਤੇ ਆਪਣੀ ਸੋਚ ਨੂੰ ਦੂਜਿਆਂ ਤੱਕ ਪਹੁੰਚਾਉਣ ਵਾਲੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਸ ਦੀ ਜ਼ਿੰਦਗੀ ਦੀ ਫੇਸਬੁੱਕ ਨੂੰ ਵੀ ਲੋਕਾਂ ਵੱਲੋਂ ਵਾਚਿਆ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਖਿਆਲ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਫੇਸਬੁੱਕ ਦਾ ਸਟੇਟਸ ਕੀ ਹੈ? ਕੀ ਉਹ ਇਸ ਦਾ ਹਿਸਾਬ ਰੱਖਣ ਦਾ ਯਤਨ ਕਰਦੇ ਹਨ? ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਆਪਾਂ ਕਿਸੇ ਤੋਂ ਕੀ ਲੈਣਾ? ਅਜਿਹੀ ਸੋਚ ਰੱਖ ਕੇ ਜ਼ਿੰਦਗੀ ਦਾ ਸਮਾਂ ਲੰਘਾਉਣ ਵਾਲੇ ਲੋਕਾਂ ਦੀ ਜ਼ਿੰਦਗੀ ਦੀ ਫੇਸਬੁੱਕ ਘਸਮੈਲੀ ਤਸਵੀਰ ਵਾਂਗ ਹੀ ਹੁੰਦੀ ਹੈ।
ਮਨ 'ਚ ਕੋਈ ਵਲ ਫੇਰ ਨਾ ਰੱਖਣਾ, ਸਾਫ ਸਪੱਸ਼ਟ ਗੱਲ ਕਹਿਣ ਦੀ ਹਿੰਮਤ ਰੱਖਣਾ, ਸਵਾਰਥ ਤੋਂ ਪਰਮਾਰਥ ਨੂੰ ਤਰਜੀਹ ਦੇਣਾ, ਅਕਾਲ ਦੇ ਹੁਕਮ 'ਚ ਰਹਿਣਾ, ਧਰਤੀ ਨਾਲ ਜੁੜ ਕੇ ਰਹਿਣਾ ਤੇ ਸਬਰ ਸੰਤੋਖ 'ਚ ਪੂਰਾ-ਪੂਰਾ ਵਿਸ਼ਵਾਸ ਰੱਖਣਾ ਜ਼ਿੰਦਗੀ ਦੀ ਫੇਸਬੁੱਕ ਨੂੰ ਸਦਾ ਸਾਫ ਸੁਥਰਾ ਰੱਖਦਾ ਹੈ। ਜਿਹੜੇ ਲੋਕ ਇਨ੍ਹਾਂ ਮਹੱਤਵ ਪੂਰਨ ਤੱਥਾਂ ਨੂੰ ਧਿਆਨ 'ਚ ਰੱਖਦਿਆਂ ਜ਼ਿੰਦਗੀ ਦੀ ਫੇਸਬੁੱਕ ਨੂੰ ਮੇਨਟੇਨ ਰੱਖਦੇ ਹਨ, ਉਹ ਮੌਤ ਤੋਂ ਬਾਅਦ ਵੀ ਇਸ ਧਰਤੀ 'ਤੇ ਜਿਉਂਦੇ ਰਹਿੰਦੇ ਹਨ ਕਿਉਂਕਿ ਲੋਕ ਉਨ੍ਹਾਂ ਦੀ ਚੰਗਿਆਈ ਦੀ ਚਰਚਾ ਕਦੇ ਨਾ ਕਦੇ ਕਰਦੇ ਰਹਿੰਦੇ ਹਨ।
ਇਕ ਪੱਤਰਕਾਰ ਸੱਜਣ ਨਾਲ ਪਿਛਲੇ ਦਿਨੀਂ ਨਵੀਂ ਤਕਨਾਲੋਜੀ ਦੇ ਸਾਧਨਾਂ ਦੀ ਵਰਤੋਂ ਠੀਕ ਢੰਗ ਨਾਲ ਕਰਨ ਬਾਰੇ ਚਰਚਾ ਹੋ ਰਹੀ ਸੀ। ਉਸ ਨੇ ਕਿਹਾ ਕਿ ਇਨ੍ਹਾਂ ਸਾਧਨਾਂ ਦੀ ਠੀਕ ਵਰਤੋਂ ਕਰਨਾ ਵੀ ਜ਼ਿੰਦਗੀ ਦੀ ਫੇਸਬੁੱਕ ਦਾ ਹੀ ਇਕ ਹਿੱਸਾ ਹੈ। ਇਕ ਵਕੀਲ ਸੱਜਣ ਨੇ ਮੇਰੇ ਵਟਸਐਪ 'ਤੇ ਇਕ ਅਜਿਹਾ ਗੰਦਾ ਸੁਨੇਹਾ ਭੇਜਿਆ ਕਿ ਮੈਨੂੰ ਉਸ ਸੁਨੇਹੇ ਨੂੰ ਪੜ੍ਹਦੇ ਵੀ ਸ਼ਰਮ ਆ ਰਹੀ ਸੀ। ਮੈਂ ਉਸ ਨੂੰ ਫੋਨ ਕਰਕੇ ਕਿਹਾ ਕਿ ਵਕੀਲ ਸਾਹਿਬ, ਇਹ ਅਸ਼ਲੀਲ ਸੁਨੇਹਾ ਭੇਜਣ ਤੋਂ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਇਸ ਤਰ੍ਹਾਂ ਦਾ ਇਨਸਾਨ ਹਾਂ ਜਾਂ ਨਹੀਂ। ਵਕੀਲ ਸਾਹਿਬ ਮੇਰੇ ਸ਼ਬਦ ਸੁਣ ਕੇ ਮਾਫੀ ਮੰਗਦੇ ਸਾਹ ਨਹੀਂ ਸੀ ਲੈ ਰਹੇ। ਉਨ੍ਹਾਂ ਨੇ ਆਪਣੇ ਮੋਬਾਈਲ ਤੋਂ ਘੱਟੋ-ਘੱਟ ਵੀਹ ਵਾਰ ਗਲਤੀ ਮੰਨਣ ਦਾ ਸੁਨੇਹਾ ਭੇਜਿਆ। ਸਾਡੀ ਮਾੜੀ ਚੰਗੀ ਸੋਚ, ਸਾਡਾ ਚੰਗਾ ਮਾੜਾ ਬੋਲਣਾ, ਸਮਾਜ 'ਚ ਵਿਚਰਨਾ ਸਮਾਜ 'ਚ ਸਾਡੇ ਪ੍ਰਭਾਵ ਨੂੰ ਚੰਗਾ ਮਾੜਾ ਬਣਾਉਂਦਾ ਹੈ। ਇਹੋ ਸਾਡੀ ਜ਼ਿੰਦਗੀ ਦੀ ਫੇਸਬੁੱਕ ਹੈ।
ਸਾਡੇ ਦਿੱਲੀ ਵਸਦੇ ਇਕ ਰਿਸ਼ਤੇਦਾਰ ਨੇ ਆਪਣੇ ਪਿੰਡ ਜ਼ਮੀਨ ਵੇਚਣੀ ਸੀ। ਉਸ ਨੂੰ ਦਿੱਲੀ ਜਾ ਵਸਿਆਂ ਘੱਟੋ-ਘੱਟ ਪੰਜਾਹ ਸਾਲ ਦਾ ਅਰਸਾ ਹੋ ਚੁੱਕਾ ਹੈ। ਉਸ ਨੇ ਪਿੰਡ ਦੇ ਦਸ ਪੰਜਾਹ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਪੰਜ ਕਿੱਲੇ ਜ਼ਮੀਨ ਵੇਚਣੀ ਚਾਹੁੰਦਾ ਹੈ। ਉਸ ਨੇ ਲੋਕਾਂ ਨੂੰ ਆਪਣਾ ਭਾਅ ਵੀ ਦੱਸ ਦਿੱਤਾ। ਪਿੰਡ ਦੇ ਲੋਕਾਂ ਨੇ ਸੋਚਿਆਂ ਕਿ ਦਿੱਲੀ ਵਸਦੇ ਵਿਅਕਤੀ ਨੂੰ ਜ਼ਮੀਨ ਦੇ ਭਾਅ ਦਾ ਕੀ ਪਤਾ? ਕਿਸੇ ਨੇ ਉਸ ਦੇ ਭਾਅ ਅਨੁਸਾਰ ਉਸ ਦੀ ਜ਼ਮੀਨ ਲੈਣ ਨੂੰ ਹਾਂ ਨਹੀਂ ਕੀਤੀ ਪਰ ਇਕ ਭੋਲਾ ਜਿਹਾ ਬੰਦਾ ਉਸ ਦੀ ਜ਼ਮੀਨ ਖਰੀਦਣ ਨੂੰ ਮੰਨ ਗਿਆ ਤੇ ਨਾਲ ਕਿਹਾ ਕਿ ਜ਼ਮੀਨ ਦੀ ਰਜਿਸਟਰੀ ਪੂਰੇ ਛੇ ਮਹੀਨੇ ਬਾਅਦ ਕਰਾਏਗਾ। ਉਸ ਨੇ ਉਸ ਨੂੰ ਹਾਂ ਕਰ ਦਿੱਤੀ। ਜ਼ਮੀਨ ਖਰੀਦਣ ਵਾਲੇ ਨੇ ਨਾ ਕੁਝ ਲਿਆ ਤੇ ਨਾ ਕੁਝ ਦਿੱਤਾ। ਉਨ੍ਹਾਂ ਦਾ ਕੋਈ ਲਿਖ ਲਿਖਾ ਵੀ ਨਾ ਕੀਤਾ। ਉਸ ਨੇ ਜ਼ਮੀਨ ਖਰੀਦਣ ਵਾਲੇ ਨੂੰ ਕਿਹਾ ਕਿ ਉਹ ਛੇ ਮਹੀਨੇ ਬਾਅਦ ਆਵੇਗਾ ਤੇ ਉਹ ਰਕਮ ਤਿਆਰ ਰੱਖੇ। ਉਹ ਉਸ ਦੇ ਨਾਂ ਰਜਿਸਟਰੀ ਕਰ ਦੇਵੇਗਾ। ਐਨੀ ਗੱਲ ਕਹਿ ਕੇ ਉਹ ਦਿੱਲੀ ਨੂੰ ਤੁਰ ਗਿਆ।
ਜਦੋਂ ਪਿੰਡ ਦੇ ਲੋਕਾਂ ਨੂੰ ਜ਼ਮੀਨ ਦੇ ਸੌਦੇ ਦਾ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਸੋਚਣ ਲੱਗੇ ਕਿ ਇਹ ਸੌਦਾ ਬਹੁਤ ਸਸਤਾ ਹੋ ਗਿਆ। ਲੋਕ ਸਾਡੇ ਉਸ ਰਿਸ਼ਤੇਦਾਰ ਕੋਲ ਦਿੱਲੀ ਪਹੁੰਚ ਗਏ। ਉਹ ਉਸ ਨੂੰ ਸੌਦਾ ਤੋੜਨ ਲਈ ਕਹਿਣ ਲੱਗੇ। ਉਸ ਨੇ ਉਨ੍ਹਾਂ ਲੋਕਾਂ ਨੂੰ ਚਾਹ ਪਿਲਾਉਣ ਪਿੱਛੋਂ ਕਿਹਾ, ‘ਮਿੱਤਰੋ! ਬੰਦੇ ਦੀ ਜ਼ੁਬਾਨ ਦੀ ਕੋਈ ਕੀਮਤ ਨਹੀਂ ਹੁੰਦੀ? ਮੈਂ ਚਾਰ ਧੇਲਿਆਂ ਦੇ ਲਾਲਚ 'ਚ ਆ ਕੇ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟਣਾ। ਜੇ ਉਸ ਵਿਅਕਤੀ ਨੇ ਰਜਿਸਟਰੀ ਨਾ ਕਰਵਾਈ ਤਾਂ ਤੁਹਾਡੇ ਨਾਲ ਗੱਲ ਕਰਾਂਗਾ। ਛੇ ਮਹੀਨੇ ਦੀ ਉਡੀਕ ਕਰੋ।' ਉਸ ਨੇ ਉਸੇ ਵਿਅਕਤੀ ਨੂੰ ਜ਼ਮੀਨ ਦੀ ਰਜਿਸਟਰੀ ਕੀਤੀ। ਉਸ ਵਿਅਕਤੀ ਦੇ ਲਾਲਚੀ ਨਾ ਹੋਣ ਦੇ ਸਬੂਤ ਨੇ ਉਸ ਦੇ ਜ਼ਿੰਦਗੀ ਪ੍ਰਤੀ ਨਜ਼ਰੀਏ ਨੂੰ ਸਪੱਸ਼ਟ ਕਰ ਦਿੱਤਾ। ਉਸ ਦੇ ਇਸ ਗੁਣ ਨੇ ਉਸ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ। ਆਪਣੇ ਆਪ ਨੂੰ ਸਾਰੇ ਚੰਗਾ ਕਹਿ ਲੈਂਦੇ ਹਨ, ਬੰਦਾ ਤਾਂ ਉਹ ਹੈ ਜਿਸ ਨੂੰ ਦੂਜੇ ਲੋਕ ਚੰਗਾ ਕਹਿਣ।

Have something to say? Post your comment