Welcome to Canadian Punjabi Post
Follow us on

19

March 2019
ਪੰਜਾਬ

ਬਾਜਵਾ ਨੇ ਲੱਤ ਗੱਡੀ: ਗੁਰਦਾਸਪੁਰ ਸੀਟ ਵਾਸਤੇ ਫੈਸਲਾ ਰਾਹੁਲ ਗਾਂਧੀ ਉੱਤੇ ਛੱਡ ਦਿੱਤਾ ਜਾਏ

March 12, 2019 08:55 AM

ਚੰਡੀਗੜ੍ਹ, 11 ਮਾਰਚ (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਪਣੀ ਦਾਅਵੇਦਾਰੀ ਜਤਾਈ ਹੈ।
ਅਗਲੀਆਂ ਪਾਰਲੀਮੈਂਟ ਚੋਣਾਂ ਲਈ ਟਿਕਟ ਦੀ ਲਾਬਿੰਗ ਕਰਨ ਵਾਸਤੇ ਦਿੱਲੀ ਵਿੱਚ ਡੇਰਾ ਲਾਈ ਬੈਠੇ ਬਾਜਵਾ ਨੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਬਾਜਵਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਈ ਆਪਣੀ ਰਾਜ ਸਭਾ ਸੀਟ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਗੁਰਦਾਸਪੁਰ ਸੀਟ ਦਾ ਫੈਸਲਾ ਰਾਹੁਲ ਗਾਂਧੀ ਉੱਤੇ ਛੱਡ ਦੇਣਾ ਚਾਹੀਦਾ ਹੈ।
ਵਰਨਣ ਯੋਗ ਹੈ ਕਿ ਗੁਰਦਾਸਪੁਰ ਲੋਕ ਸਭ ਸੀਟ ਉਤੇ ਮੌਜੂਦਾ ਪਾਰਲੀਮੈਂਟ ਮੈਂਬਰ ਸੁਨੀਲ ਜਾਖੜ ਦੀ ਵਿਰੋਧਤਾ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਚੋਣਾਂ ਤੋਂ ਐਨਾ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਇਸ ਸੀਟ ਤੋਂ ਦਾਅਵਾ ਪੇਸ਼ ਕਰ ਕੇ ਸਿਆਸਤ ਭਖਾ ਦਿੱਤੀ ਹੈ। ਕੱਲ੍ਹ ਇੱਕ ਪਾਸੇ ਸਕਰੀਨਿੰਗ ਕਮੇਟੀ ਦੀ ਬੈਠਕ ਚੱਲ ਰਹੀ ਸੀ ਅਤੇ ਦੂਸਰੇ ਪਾਸੇ ਬਾਜਵਾ ਗੁਰਦਾਸਪੁਰ ਦੀ ਟਿਕਟ ਦੀ ਲਾਬਿੰਗ ਵਿੱਚ ਲੱਗੇ ਹੋਏ ਸਨ। ਜਾਣਕਾਰ ਸੂਤਰਾਂ ਮੁਤਾਬਕ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਪਿੱਛੋਂ ਇਹ ਬਿਆਨ ਦਾਗ ਦਿੱਤਾ ਕਿ ਗੁਰਦਾਸਪੁਰ ਸੀਟ ਦਾ ਫੈਸਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉੱਤੇ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਥੋਂ ਤੱਕ ਤੱਕ ਕਿਹਾ ਕਿ ਜੇ ਰਾਹੁਲ ਗਾਂਧੀ ਕਹਿਣ ਤਾਂ ਉਹ ਗੁਰਦਾਸਪੁਰ ਛੱਡ ਕੇ ਅੰਡੇਮਾਨ-ਨਿਕੋਬਾਰ ਤੋਂ ਚੋਣ ਲੜਨ ਨੂੰ ਤਿਆਰ ਹਨ।
ਇਸ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਸੁਨੀਲ ਜਾਖੜ ਦਾ ਵਿਰੋਧ ਦੇਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਚਿਤਾਵਨੀ ਦਿੱਤੀ ਸੀ ਕਿ ਪਾਰਟੀ ਦੇ ਅਧਿਕਾਰਤ ਉਮੀਦਵਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏਗਾ। ਬਾਜਵਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਇਹ ਚਾਹੁੰਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਗੁਰਦਾਸਪੁਰ ਤੋਂ ਚੋਣ ਲੜਨ ਅਤੇ ਉਹ ਇਸ ਸੀਟ ਤੋਂ ਦਾਅਵਾ ਛੱਡਣ ਨੂੰ ਤਿਆਰ ਹਨ।
ਦੂਸਰੇ ਪਾਸੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣੇ ਬੇਟੇ ਮੋਹਿਤ ਮਹਿੰਦਰਾ ਨੂੰ ਟਿਕਟ ਦਿਵਾਉਣ ਲਈ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੀ ਦਿੱਲੀ ਵਿੱਚ ਡੇਰਾ ਲਾਈ ਬੈਠੇ ਹੋਏ ਹਨ। ਪਾਰਟੀ ਸੂਤਰਾਂ ਦੇ ਮੁਤਾਬਕ ਕੱਲ੍ਹ ਉਨ੍ਹਾਂ ਨੇ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਆਪਣੇ ਬੇਟੇ ਨੂੰ ਟਿਕਟ ਦਿਵਾਉਣ ਲਈ ਦਾਅਵਾ ਪੇਸ਼ ਕਰ ਦਿਤਾ ਹੈ। ਮੰਨਿਆ ਜਾ ਰਿਹਾ ਹੈ ਕਿ ਬ੍ਰਹਮ ਮਹਿੰਦਰਾ ਦੀ ਇਹ ਕੋਸ਼ਿਸ਼ ਹੈ ਕਿ ਜੇ ਪਾਰਟੀ ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਮੈਦਾਨ ਵਿੱਚ ਨਹੀਂ ਉਤਾਰਦੀ ਤਾਂ ਉਨ੍ਹਾਂ ਦੇ ਬੇਟੇ ਨੂੰ ਮੌਕਾ ਦਿੱਤਾ ਜਾਏ।

Have something to say? Post your comment
ਹੋਰ ਪੰਜਾਬ ਖ਼ਬਰਾਂ