Welcome to Canadian Punjabi Post
Follow us on

20

May 2019
ਨਜਰਰੀਆ

ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ..

March 11, 2019 10:16 AM

-ਸਵਰਾਜਬੀਰ 
ਵੱਡੀਆਂ ਦੁਖਦਾਈ ਘਟਨਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਸਮਾਜ, ਸਿਆਸਤ, ਅਰਥਚਾਰੇ ਅਤੇ ਸੱਭਿਆਚਾਰਕ ਪਰਿਵੇਸ਼ ਵਿੱਚ ਕਿਤੇ ਬਹੁਤ ਡੂੰਘੇ ਜ਼ਖਮ ਲੱਗ ਚੁੱਕੇ ਹਨ, ਜੋ ਭਰੇ ਨਹੀਂ ਜਾ ਰਹੇ, ਉਹ ਨਾਸੂਰ ਬਣ ਚੁੱਕੇ ਹਨ। ਜਿਨ੍ਹਾਂ ਥਾਵਾਂ 'ਤੇ ਦੁਖਦਾਈ ਘਟਨਾਵਾਂ ਲਗਾਤਾਰ ਵਾਪਰਦੀਆਂ ਹਨ, ਉਥੋਂ ਦੇ ਹਾਲਤ ਏਦਾਂ ਦੇ ਹੁੰਦੇ ਹਨ ਕਿ ਉਥੋਂ ਦੇ ਲੋਕ ਲਗਾਤਾਰ ਦੱਬੇ ਕੁਚਲੇ ਜਾਂਦੇ ਹਨ, ਬੇਗਾਨਗੀ ਦੀ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਸਿਆਸੀ ਜਮਾਤ ਵੱਲੋਂ ਵਰਤੇ ਜਾਂਦੇ ਹਨ, ਦੇਸੀ ਵਿਦੇਸ਼ੀ ਏਜੰਸੀਆਂ ਵੱਲੋਂ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਆਪਣੇ ਮੂਹਰੇ ਕੋਈ ਰਾਹ ਰਸਤਾ ਨਹੀਂ ਦਿੱਸਦਾ, ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅੰਨ੍ਹੀ ਗਲੀ ਵਿੱਚ ਵੜ ਗਏ ਹਨ, ਜਿੱਥੇ ਸਾਰੇ ਘਰ ਉਨ੍ਹਾਂ ਦੇ ਦੁਸ਼ਮਣਾਂ ਦੇ ਹਨ ਤੇ ਬਾਹਰ ਨਿਕਲਣ ਲਈ ਕੋਈ ਦਰ, ਦਰਵਾਜ਼ਾ ਨਹੀਂ, ਉਹ ਨਹੀਂ ਜਾਣਦੇ ਉਹ ਕੀ ਕਰਨ, ਉਨ੍ਹਾਂ ਦਾ ਵਿਹਾਰ ਆਤਮਘਾਤੀ ਹੋ ਜਾਂਦਾ ਹੈ।
ਕਈ ਦਿਨਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਸ ਗੱਲ/ ਖਬਰ 'ਤੇ ਵਿਸ਼ਵਾਸ ਕਰਨ ਤੇ ਕਿਸ 'ਤੇ ਨਹੀਂ। ਇਸ ਤੋਂ ਵੱਧ ਕਈ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਜੋ ਘਟਨਾਕ੍ਰਮ ਬਾਰੇ ਉਹ ਵੇਖ ਰਹੇ ਹਨ ਜਾਂ ਜੋ ਉਨ੍ਹਾਂ ਨੂੰ ਵਿਖਾਇਆ ਜਾ ਰਿਹਾ ਹੈ, ਉਸ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ ਕਿੱਦਾਂ ਦੀ ਹੋਵੇ। ਕਈਆਂ ਨੂੰ ਸ਼ੱਕ ਹੁੰਦਾ ਹੈ ਕਿ ਜੇ ਉਨ੍ਹਾਂ ਆਪਣੇ ਮਨ ਦੀ ਗੱਲ ਆਖੀ ਤਾਂ ਉਨ੍ਹਾਂ ਨੂੰ ਦੇਸ਼ ਧਰੋਹੀ ਨਾ ਗਰਦਾਨਿਆ ਜਾਵੇ। ਕਈ ਇਹ ਸੋਚਦੇ ਹਨ ਕਿ ਦੇਸ਼ ਭਗਤ ਕਹਿਲਾਉਣ ਲਈ ਕੀ ਕਹਿਣ। ਮੈਂ ਖੁਦ ਇਹੋ ਜਿਹੀ ਹਾਲਤ ਵਿੱਚੋਂ ਗੁਜਰਦਾ ਹਾਂ, ਪਲ-ਪਲ ਖਬਰਾਂ 'ਤੇ ਸ਼ੱਕ ਹੁੰਦਾ ਹੈ, ਟੈਲੀਵਿਜ਼ਨ 'ਤੇ ਬੈਠੇ ਟਿੱਪਣੀਕਾਰਾਂ 'ਤੇ ਸ਼ੱਕ ਹੁੰਦਾ ਹੈ, ਆਪਣੇ ਸੋਚਣ ਵਿਚਾਰਨ ਦੀ ਸ਼ਕਤੀ 'ਤੇ ਸ਼ੱਕ ਹੁੰਦਾ ਹੈ।
ਸ਼ੱਕ ਵਿੱਚ ਭਟਕਦੇ ਹੋਏ ਬੰਦੇ ਨੂੰ ਨੀਂਦ ਨਹੀਂ ਆਉਂਦੀ। ਸਵੇਰ ਵੇਲੇ ਭੈੜੇ-ਭੈੜੇ ਸੁਪਨੇ ਆਉਂਦੇ ਹਨ। ਜਾਗੋ ਮੀਟੀ ਵਿੱਚ ਬੰਦਾ ਕਦੇ ਦੇਸ਼ ਭਗਤ ਬਣਦਾ ਹੈ ਤੇ ਕਦੇ ਦੇਸ਼ ਧਰੋਹੀ। ਘਟਨਾਵਾਂ ਦੀ ਵਹੀਰ ਉਸ ਦਾ ਪਿੱਛਾ ਕਰਦੀ ਹੈ, ਉਹਨੂੰ ਪੱਥਰ ਮਾਰਦੀ ਹੈ, ਉਹਦੇ 'ਤੇ ਗੋਲੀ ਚਲਾਉਂਦੀ ਹੈ, ਉਹਦੇ 'ਤੇ ਹਮਲਾ ਹੁੰਦਾ ਹੈ। ਸਾਹੋ-ਸਾਹ ਹੋਏ ਬੰਦੇ ਦੀ ਜਾਗ ਖੁੱਲ੍ਹਦੀ ਹੈ ਤਾਂ ਵੇਖਦਾ ਹੈ, ਕੁਝ ਵੀ ਨਹੀਂ ਹੋਇਆ, ਜੋ ਕੁਝ ਹੋ ਰਿਹਾ ਹੈ, ਉਹ ਉਨ੍ਹਾਂ ਤੋਂ ਬਾਹਰ ਹੈ। ਉਹਦੇ ਲਈ ਚੰਗੀ ਗੱਲ ਹੈ ਕਿ ਉਹ ਚੁੱਪ ਰਹੇ। ਸਭ ਕੁਝ ਠੀਕ ਠਾਕ ਹੈ। ਉਸ ਨੂੰ ਕੁਝ ਪਲਾਂ ਲਈ ਸਭ ਠੀਕ ਇਸ ਲਈ ਲੱਗਦਾ ਹੈ ਕਿ ਉਸ ਧਰਤੀ ਤੋਂ ਦੂਰ ਹੈ, ਜਿਥੇ ਘਟਨਾਵਾਂ ਵਾਪਰ ਰਹੀਆਂ ਹਨ, ਪਰ ਉਹ ਲੋਕ, ਜਿਨ੍ਹਾਂ ਦੀ ਭੋਂਅ 'ਤੇ ਇਹ ਘਟਨਾਵਾਂ ਵਾਪਰ ਰਹੀਆਂ ਹਨ, ਉਹ ਕਿੱਦਾਂ ਮਹਿਸੂਸ ਕਰਦੇ ਹਨ, ਕਿਵੇਂ ਦਿਨ ਰਾਤ ਦੁੱਖ ਵਿੱਚੋਂ ਗੁਜ਼ਰਦੇ ਹਨ, ਉਨ੍ਹਾਂ ਦੇ ਧੀਆਂ, ਪੁੱਤ, ਰਿਸ਼ਤੇਦਾਰ ਉਨ੍ਹਾਂ ਤੋਂ ਨਿੱਤ ਵਿਛੜਦੇ ਹਨ ਤਾਂ ਕਿਵੇਂ ਮਹਿਸੂਸ ਕਰਦੇ ਹਨ। ਜੇ ਅਸੀਂ ਉਨ੍ਹਾਂ ਲੋਕਾਂ ਦੇ ਨਜ਼ਰੀਏ ਤੋਂ ਘਟਨਾਵਾਂ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਹਾਲਾਤ ਠੀਕ ਠਾਕ ਨਹੀਂ ਹਨ।
ਟੈਲੀਵਿਜ਼ਨ ਦੇ ਟਿੱਪਣੀਕਾਰ ਦਹਾੜਦੇ ਹਨ, ਜੇ ਉਨ੍ਹਾਂ ਦੇ ਵੱਸ ਹੁੰਦਾ ਤਾਂ ਦੋਵਾਂ ਦੇਸ਼ਾਂ ਵਿੱਚ ਕਦੋਂ ਦੀ ਜੰਗ ਸ਼ੁਰੂ ਹੋ ਚੁੱਕੀ ਹੁੰਦੀ। ਮੈਂ ਇਨ੍ਹਾਂ ਟਿੱਪਣੀਕਾਰਾਂ ਬਾਰੇ ਸੋਚਦਾ ਹਾਂ। ਇਹ ਮੇਰੇ ਵਾਂਗ ਇਨ੍ਹਾਂ ਘਟਨਾਵਾਂ ਤੋਂ ਬਾਹਰ ਬੈਠੇ ਲੋਕ ਹਨ, ਚੰਗੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਪੜ੍ਹੇ ਹੋਏ। ਕਈ ਮੇਰੇ ਵਾਂਗ ਸਥਾਪਤੀ ਦਾ ਹਿੱਸਾ ਰਹੇ ਹਨ, ਜ਼ਿੰਮੇਵਾਰ ਪਦਵੀਆਂ 'ਤੇ ਰਹੇ ਹਨ, ਪਰ ਅੱਜ ਅਜਿਹੀ ਭਾਸ਼ਾ ਬੋਲ ਰਹੇ ਹਨ, ਜਿਹੜੀ ਨਿਹਾਇਤ ਗੈਰ ਜ਼ਿੰਮੇਵਾਰਾਨਾ ਹੈ, ਭੜਕਾਊ ਹੈ, ਤਰਕ ਤੋਂ ਖਾਲੀ ਹੈ, ਇਹ ਦੇਸ਼ ਭਗਤੀ ਦੀ ਦੌੜ ਵਿੱਚ ਸਭ ਤੋਂ ਅੱਗੇ ਲੰਘ ਜਾਣਾ ਚਾਹੁੰਦੇ ਹਨ। ਇਹ ਲੋਕ ਕੌਣ ਹਨ? ਇਹ ਏਦਾਂ ਕਿਉਂ ਕਰ ਰਹੇ ਹਨ? ਮੈਂ ਸੋਚਦਾ ਹਾਂ, ਪਰ ਮੈਨੂੰ ਕੋਈ ਜਵਾਬ ਨਹੀਂ ਲੱਭਦਾ।
ਸਵੇਰੇ ਉਠ ਕੇ ਸੋਚਦਾ ਹਾਂ ਕਿ ਬੁੱਲ੍ਹੇ ਸ਼ਾਹ ਦਾ ਪਾਠ ਕੀਤਾ ਜਾਏ। ਹੇਠ ਲਿਖੀ ਕਾਫੀ ਮਨ ਵਿੱਚ ਅਟਕ ਜਾਂਦੀ ਹੈ:
ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ
ਕੋਈ ਮੁਨਸਿਫ ਹੋ ਨਿਰਵਾਰੇ,
ਤਾਂ ਮੈਂ ਦਸਨਾਂ ਹਾਂ
ਮੈਂ ਪਾ ਪੜ੍ਹਿਆ ਤੋਂ ਨਸਨਾਂ ਹਾਂ
ਆਲਮ ਫਾਜ਼ਲ ਮੇਰੇ ਭਾਈ,
ਪਾ ਪੜ੍ਹਿਆਂ ਮੇਰੀ ਅਕਲ ਗਵਾਈ
ਦੇ ਇਸ਼ਕ ਦੇ ਹੁਲਾਰੇ, ਤਾਂ ਮੈਂ ਵਸਨਾ ਹਾਂ।
ਪਹਿਲੀ ਸਤਰ ‘ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ' ਦੇ ਅਰਥ ਹਨ: ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਉਹ ਥੋੜ੍ਹਾ ਪੜ੍ਹਿਆਂ/ ਅੱਧ ਪੜ੍ਹਿਆਂ ਤੋਂ ਨੱਸਦਾ ਹੈ। ਅਗਲੀ ਸਤਰ ਹੈ ‘ਕੋਈ ਮੁਨਸਿਫ ਹੋ ਨਿਰਵਾਰੇ, ਤਾਂ ਮੈਂ ਦਸਨਾਂ ਹਾਂ, ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ’, ਭਾਵ ਜੇ ਕੋਈ ਮੁਨਸਿਫ (ਜੱਜ) ਬਣ ਕੇ ਮੇਰੀ ਪੁੱਛਗਿੱਛ ਕਰੇ ਤਾਂ ਉਸ ਨੂੰ ਵੀ ਦੱਸਦਾਂ ਹਾਂ, ਮੈਂ ਅੱਧ ਪੜ੍ਹਿਆਂ ਤੋਂ ਨਸਨਾਂ ਹਾਂ। ਇਸ ਤੋਂ ਅਗਲੀ ਸਤਰ ‘ਆਲਮ ਫਾਜ਼ਲ ਮੇਰੇ ਭਾਈ, ਪਾ ਪੜ੍ਹਿਆਂ ਮੇਰੀ ਅਕਲ ਗਵਾਈ/ ਦੇ ਇਸ਼ਕ ਦੇ ਹੁਲਾਰੇ, ਤਾਂ ਮੈਂ ਵਸਨਾ ਹਾਂ' ਦੇ ਅਰਥ ਹਨ ਕਿ ਪੜ੍ਹੇ ਲਿਖੇ ਆਲਮ ਫਾਜ਼ਲ ਲੋਕ ਮੇਰੇ ਭਰਾ ਹਨ, ਪਰ ਇਨ੍ਹਾਂ ਅੱਧ ਪੜ੍ਹਿਆਂ ਨੇ ਮੇਰੀ ਅਕਲ ਖੋਹ ਲਈ ਹੈ, ਮੈਂ ਪਿਆਰ ਦੇ ਆਸਰੇ ਵੱਸਦਾ ਹਾਂ। ਬੁੱਲ੍ਹੇ ਸ਼ਾਹ ਦੀ ਇਹ ਕਾਫੀ ਮੈਨੂੰ ਧਰਵਾਸ ਦਿੰਦੀ ਹੈ ਤੇ ਮੈਨੂੰ ਸਮਝ ਲੱਗਦੀ ਹੈ ਕਿ ਟੈਲੀਵਿਜ਼ਨਾਂ ਉੱਤੇ ਹੋ ਹੱਲਾ ਕਰ ਰਹੇ ਇਹ ਲੋਕ ਪਾ ਪੜ੍ਹੇ (ਅੱਧ ਪੜ੍ਹੇ) ਹਨ, ਪਰ ਮਨ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡੇ ਸਮਾਜ ਦੀ ਅਗਵਾਈ ਇਹ ਪਾ ਪੜ੍ਹੇ ਹੀ ਕਰਨਗੇ?
ਮੈਂ ਦਿਨ ਦੀਆਂ ਅਖਬਾਰਾਂ ਖੋਲ੍ਹਦਾ ਹਾਂ। ਕੁਝ ਟਿੱਪਣੀਆਂ ਨਜ਼ਰੀਂ ਪੈਂਦੀਆਂ ਹਨ। ਅਖਬਾਰ ਵਿੱਚ ਸ਼ਸ਼ੀ ਸ਼ੇਖਰ ਦਾ ਲੇਖ ਹੈ ਜਿਸ ਵਿੱਚ ਉਹ ਆਪਣੇ ਦੋਸਤ ਦੇ ਭੇਜੇ ਹੋਏ ਮੈਸੇਜ ਦਾ ਜ਼ਿਕਰ ਕਰਦਾ ਹੈ, ਜੋ ਇਸ ਤਰ੍ਹਾਂ ਹੈ, ‘ਨਮਸਕਾਰ। ਮੈਂ ਤੁਹਾਡਾ ਲੇਖ ਪੜ੍ਹਿਆ ਤੇ ਕੁਝ ਨਿਰਾਸ਼ ਹੋਇਆ। ਜਦ ਜੰਗ ਦੀਆਂ ਭਾਵਨਾਵਾਂ ਵਿੱਚ ਜਕੜੇ ਹੋਈਏ ਤਾਂ ਬਦਲੇ ਦਾ ਵਿਚਾਰ ਤੁਰੰਤ ਧਰਵਾਸ ਦੇ ਸਕਦਾ ਹੈ, ਪਰ ਇਹ ਕੋਈ ਚਿਰਜੀਵੀ ਹੱਲ ਨਹੀਂ। ਮਨਮੋਹਨ ਸਿੰਘ ਨੇ ਬਦਲਾ ਨਹੀਂ ਸੀ ਲਿਆ, ਪਰ ਜੰਮੂ ਕਸ਼ਮੀਰ ਬਹੁਤ ਹੱਦ ਤੱਕ ਸ਼ਾਂਤ ਹੋ ਗਿਆ ਸੀ। ਜੇ ਅੱਜ ਦੀਆਂ ਦਹਿਸ਼ਤਗਰਦ ਵਿਰੋਧੀ ਕਾਰਵਾਈਆਂ ਤੋਂ ਬਾਅਦ ਵੀ ਦਹਿਤਸ਼ਗਰਦੀ ਬੰਦ ਨਹੀਂ ਹੁੰਦੀ ਤਾਂ ਕੀ ਅਸੀਂ ਇਸਲਾਮਾਬਾਦ 'ਤੇ ਹਮਲਾ ਕਰਾਂਗੇ? ਸਰਜੀਕਲ ਸਟਰਾਈਕ ਕੋਈ ਹੱਲ ਨਹੀਂ। ਇਹ ਖੁਦ ਸਮੱਸਿਆ ਹੈ, ਪਰ ਇਸ ਦੌਰ ਵਿੱਚ ਇਹ ਕਹਿਣਾ ਕੁਫਰ ਹੈ।' ਇਸੇ ਤਰ੍ਹਾਂ ਇਕ ਹੋਰ ਨਾਮਾਨਿਗਾਰ ਅਕਾਰ ਪਟੇਲ ਨੇ ਲਿਖਿਆ ਹੈ, ‘ਮੈਂ ਪਾਕਿਸਤਾਨ ਨਾਲ ਨਫਰਤ ਨਹੀਂ ਕਰਦਾ। ਮੈਂ ਕਈ ਵਾਰ ਉਸ ਦੇਸ਼ ਗਿਆਂ ਹਾਂ ਤੇ ਮੈਂ ਉਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਸਰਕਾਰਾਂ ਨੇ ਕੁਝ ਭਿਆਨਕ ਗੱਲਾਂ ਕੀਤੀਆਂ ਹਨ, ਪਰ ਉਨ੍ਹਾਂ ਲਈ ਮੈਂ ਉਥੋਂ ਦੇ ਲੋਕਾਂ ਨੂੰ ਦੋਸ਼ ਨਹੀਂ ਦਿੰਦਾ। ਜਿਸ ਤੇਜ਼ੀ ਨਾਲ ਅਸੀਂ ਪਾਕਿਸਤਾਨ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ, ਵਿਸ਼ੇਸ਼ ਤੌਰ 'ਤੇ ਸਾਡੀ ਸਰਕਾਰ ਅਤੇ ਸਾਡੇ ਮੀਡੀਆ ਨੇ, ਇਹ ਅਖੀਰ ਵਿੱਚ ਸਾਨੂੰ ਹੀ ਨੁਕਸਾਨ ਪਹੁੰਚਾਏਗਾ।' ਇਕ ਹੋਰ ਪੱਤਰਕਾਰ ਸਰੁੱਤੀਸਾਗਰ ਯਮਨਨ ਨੇ ਲਿਖਿਆ ਹੈ ਕਿ ਜੇ ਸਰਕਾਰ/ ਸੱਤਾਧਾਰੀ ਪਾਰਟੀ ਚਾਹੁੰਦੀ ਹੈ ਕਿ ਵਿਰੋਧੀ ਪਾਰਟੀਆਂ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਦਾ ਸਿਆਸੀਕਰਨ ਨਾ ਕਰਨ ਤਾਂ ਸਭ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੂੰ ਇਸ 'ਤੇ ਸਿਆਸਤ ਬੰਦ ਕਰਨੀ ਚਾਹੀਦੀ ਹੈ। ਇਕ ਹੋਰ ਪੱਤਰਕਾਰ ਨੇ ਲਿਖਿਆ ਹੈ ਕਿ ਪੁਲਵਾਮਾ ਵਿੱਚ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਦੇਸ਼ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੁਰੱਖਿਆ ਦਲਾਂ ਵੱਲੋਂ ਇਕ ਸਾਲ ਤੋਂ ਲਗਾਤਾਰ ਸਫਲਤਾਵਾਂ ਦੇ ਬਾਵਜੂਦ ਜੰਮੂ ਕਸ਼ਮੀਰ ਦੇ ਹਾਲਾਤ ਠੀਕ ਨਹੀਂ। ਇਹ ਟਿੱਪਣੀਆਂ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਸਾਰੇ ਪੱਤਰਕਾਰ ਤੇ ਟਿੱਪਣੀਕਾਰ ਪਾ ਪੜ੍ਹੇ (ਅੱਧੇ ਪੜ੍ਹੇ) ਨਹੀਂ, ਉਨ੍ਹਾਂ ਵਿੱਚ ਸੁੱਘੜ ਸਿਆਣੇ ਵੀ ਹਨ। ਇਹ ਵੱਖਰੀ ਗੱਲ ਹੈ ਕਿ ਘਟਨਾਵਾਂ ਦੀ ਅੰਧਾਧੁੰਦ ਦੌੜ ਵਿੱਚ ਪਾ ਪੜ੍ਹਿਆਂ ਦਾ ਰੌਲਾ ਪੜ੍ਹੇ ਲਿਖਿਆਂ ਦੀ ਆਵਾਜ਼ ਨੂੰ ਦਬਾ ਦਿੰਦਾ ਹੈ ਅਤੇ ਲੋਕਾਂ ਨੂੰ ਜਜ਼ਬਾਤ ਦੇ ਵਹਿਣਾਂ ਵਿੱਚ ਵਹਾਅ ਕੇ ਲੈ ਜਾਂਦਾ ਹੈ।
ਇਕ ਪਾਸੇ ਅੰਧ ਰਾਸ਼ਟਰਵਾਦ ਤੇ ਨਫਰਤ ਦਾ ਰੌਲਾ ਪਾਉਣ ਵਾਲੇ ਪਾ ਪੜ੍ਹੇ ਹਨ ਅਤੇ ਦੂਸਰੇ ਪਾਸੇ ਕੁਝ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਇਮਰਾਨ ਖਾਨ ਦੀ ਤਾਰੀਫ ਕਰਦੇ ਹਨ। ਇਹ ਲੋਕ ਇਹ ਮਹਿਸੂਸ ਨਹੀਂ ਕਰਦੇ ਕਿ ਇਮਰਾਨ ਖਾਨ ਘਾਗ ਸਿਆਸਤਦਾਨ ਹੈ, ਜਿਸ ਦੇ ਪਾਕਿਸਤਾਨੀ ਫੌਜ ਨਾਲ ਡੂੰਘੇ ਸਬੰਧ ਹਨ। ਪਾਕਿਸਤਾਨ ਦੀ ਫੌਜ ਨੇ ਆਪਣੇ ਆਵਾਮ 'ਤੇ ਕਈ ਦਹਾਕਿਆਂ ਤੋਂ ਜ਼ੁਲਮ ਢਾਹੇ ਹਨ, ਜਮਹੂਰੀਅਤ ਨੂੰ ਮਲੀਆਮੇਟ ਕੀਤਾ ਤੇ ਏਦਾਂ ਦਾ ਨਿਜ਼ਾਮ ਕਾਇਮ ਕੀਤਾ ਹੈ, ਜਿਸ ਵਿੱਚ ਬਲਬੂਤਾ ਹਮੇਸ਼ਾ ਫੌਜ ਦਾ ਰਹਿੰਦਾ ਹੈ। ਸਿਆਸੀ ਜਮਾਤ ਕੋਲ ਤਾਕਤ ਆਉਣ ਨਹੀਂ ਦਿੱਤੀ ਜਾਂਦੀ ਅਤੇ ਜਦੋਂ ਸਿਆਸੀ ਜਮਾਤ ਫੌਜ ਦੀਆਂ ਹਦਾਇਤਾਂ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਤਖਤਾ ਪਲਟ ਦਿੱਤਾ ਜਾਂਦਾ ਹੈ। ਫੌਜੀ ਰਾਜ ਵਾਪਸ ਆ ਜਾਂਦਾ ਹੈ। ਇਸ ਲਈ ਏਦਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਵੀ ਪਾ ਪੜ੍ਹੇ (ਅੱਧ ਪੜ੍ਹੇ) ਹਨ।
ਇਨ੍ਹਾਂ ਪਾ ਪੜ੍ਹਿਆਂ ਤੋਂ ਕਿਵੇਂ ਬਚਿਆ ਜਾਏ? ਇਨ੍ਹਾਂ ਪਾ ਪੜ੍ਹਿਆਂ ਤੋਂ ਚੇਤੰਨ ਰਹਿਣ ਦੀ ਲੋੜ ਹੈ, ਸਾਨੂੰ ਚਾਹੀਦਾ ਹੈ ਕਿ ਵੱਖ-ਵੱਖ ਆਵਾਜ਼ਾਂ ਨੂੰ ਸੁਣੀਏ, ਜਜ਼ਬਾਤ ਦੇ ਵਹਿਣ ਵਿੱਚ ਨਾ ਵਹਿ ਜਾਈਏ, ਜਜ਼ਬਾਤ ਕੀਮਤੀ ਹੁੰਦੇ ਹਨ, ਬਹੁਤ ਕੀਮਤੀ, ਪਰ ਜਿਥੇ ਭਾਵੁਕਤਾ ਹੱਦੋਂ ਵਧ ਜਾਏ, ਉਥੇ ਤਰਕ ਰੱਦ ਹੋ ਜਾਂਦਾ ਹੈ। ਸਾਨੂੰ ਆਪਣੀ ਸੋਚ ਦਾ ਤਵਾਜ਼ਨ ਬਣਾ ਕੇ ਰੱਖਣਾ ਚਾਹੀਦਾ ਹੈ, ਉਹ ਤਵਾਜ਼ਨ ਕਿਵੇਂ ਬਣੇ? ਤਵਾਜ਼ਨ ਬਣਾ ਕੇ ਰੱਖਣ ਦਾ ਰਾਹ ਵੀ ਤਰਕ ਦੀ ਗਲੀ ਥਾਣੀਂ ਲੰਘਦਾ ਹੈ। ਇਹਦੇ ਲਈ ਸਾਨੂੰ ਵੱਖ-ਵੱਖ ਆਵਾਜ਼ਾਂ ਨੂੰ ਸੁਣਨਾ ਤੇ ਤਰਕ ਦੀ ਤੱਕੜੀ 'ਤੇ ਤੋਲਣਾ ਹੈ, ਆਪਣੇ ਸਥਾਨਕ ਗੌਰਵ ਤੇ ਸਰਬੱਤ ਦੇ ਭਲੇ ਵਾਲੇ ਸੱਭਿਆਚਾਰ ਦੀ ਰਹਿਤਲ ਨਾਲ ਜੁੜਨਾ ਚਾਹੀਦਾ ਹੈ ਤੇ ਜਿਵੇਂ ਬੁੱਲੇ੍ਹ ਸ਼ਾਹ ਨੇ ਕਿਹਾ ਸੀ: ਇਨ੍ਹਾਂ ਪਾ ਪੜ੍ਹਿਆਂ (ਅੱਧ ਪੜ੍ਹਿਆਂ) ਤੋਂ ਦੂਰ ਨੱਸ ਜਾਣਾ ਚਾਹੀਦਾ ਹੈ।

 

Have something to say? Post your comment