Welcome to Canadian Punjabi Post
Follow us on

23

March 2019
ਸੰਪਾਦਕੀ

ਪੰਜਾਬੀ ਪੋਸਟ ਸੰਪਾਦਕੀ: ਵਿਸ਼ਵ ਦੇ ਬਿਲੀਅਨੇਅਰਾਂ ਤੋਂ ਮਿਲਦੇ ਸਬਕ

March 08, 2019 09:56 AM

ਇੱਕ ਪਾਸੇ ਸਾਢੇ 9 ਬਿਲੀਅਨ ਦੇ ਕਰੀਬ ਡਾਲਰਾਂ ਦੀ ਮਲਕੀਅਤ ਵਾਲੀ ਕੰਪਨੀ ਐਨ ਐਨ ਸੀ ਦੇ ਰਿਸ਼ਵਤ ਦੇ ਕਿੱਸਿਆਂ ਅਤੇ ਉਸ ਨਾਲ ਜੁੜੇ ਨੈਤਿਕ ਸੁਆਲਾਂ ਨੇ ਲਿਬਰਲ ਟਰੂਡੋ ਸਰਕਾਰ ਨੂੰ ਘੁੰਮਣਘੇਰੀਆਂ ਖੁਆ ਰੱਖੀਆਂ ਹਨ, ਦੂਜੇ ਪਾਸੇ ਬੀਤੇ ਦਿਨੀਂ ਫੋਰਬਜ਼ ਵੱਲੋਂ ਵਿਸ਼ਵ ਦੇ ਬਿਲੀਅਨੇਅਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ। ਜੇ ਪਰਵਾਸੀਆਂ ਖਾਸ ਕਰਕੇ ਭਾਰਤੀ ਮੂਲ ਦੇ ਪਰਵਾਸੀਆਂ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਦੋ ਨਾਮ ਦਿਲਚਸਪ ਹਨ। ਪਹਿਲਾ ਮਿਸੀਸਾਗਾ ਵਾਸੀ ਰੀਅਲ ਐਸਟੇਟ ਕੰਪਨੀ ਮੋਰਗਾਰਡ ਕੌਰਪ. (Morguard Corp) ਦੇ ਮਾਲਕ ਕੁਲਦੀਪ ਰਾਏ ਸਾਹੀ ਦਾ ਹੈ ਜਿਸਨੇ 1.2 ਬਿਲੀਅਨ ਦੇ ਅਸਾਸਿਆਂ ਨਾਲ ਕੈਨੇਡਾ ਦੇ 2019 ਵਿੱਚ 45 ਬਿਲੀਅਨੇਅਰਾਂ ਦੀ ਸੂਚੀ ਵਿੱਚ 39ਵੇਂ ਨੰਬਰ ਉੱਤੇ ਨਾਮ ਦਰਜ਼ ਕਰਨ ਦਾ ਮਾਣ ਹਾਸਲ ਕੀਤਾ ਹੈ। ਦੂਜੇ ਪਾਸੇ ਅਲਬਰਟਾ ਤੋਂ ਚਰਚਿਤ ਰੀਅਲ ਐਸਟੇਟ ਬੌਬ ਢਿੱਲੋਂ ਦਾ ਇਸ ਲਿਸਟ ਵਿੱਚ ਨਾਮ ਸ਼ਾਮਲ ਨਹੀਂ ਹੈ।

ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰਤ ਆਏ ਕੁਲਦੀਪ ਰਾਏ ਸਾਹੀ ਨੂੰ ਆਮ ਕਰਕੇ ਕੇ ਰਾਏ ਸਾਹੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ 1970 ਵਿੱਚ ਕੈਨੇਡਾ ਆਇਆ ਅਤੇ ਕੈਨੇਡਾ ਆ ਕੇ 1.5 ਡਾਲਰ ਪ੍ਰਤੀ ਘੰਟਾ ਹੱਥੀਂ ਲੇਬਰ ਦਾ ਕੰਮ ਕਰਨ ਤੋਂ ਇਲਾਵਾ ਘਰ 2 ਜਾ ਕੇ ਬੀਮੇ ਕਰਨ ਦਾ ਕੰਮ ਵੀ ਕੀਤਾ। ਵੈਸੇ ਕੈਨੇਡਾ ਦੇ 45 ਬਿਲੀਅਨੇਅਰਾਂ ਵਿੱਚ ਸੱਭ ਤੋਂ ਛੋਟੀ ਉਮਰ ਦਾ ਪੋਲਿਸ਼ ਮੂਲ ਦਾ 37 ਸਾਲਾ ਪੀਟਰ ਜ਼ੁਲਜ਼ੈਵਸਕੀ ਹੈ। ਉਸਦੀ ਕੰਪਨੀ Wish ਇੱਕ ਈ-ਕਾਮਰਸ ਬਿਜਸਨ ਵਿੱਚ ਹੈ ਜੋ ਖਰੀਦਾਰਾਂ ਨੂੰ ਚੀਨ ਵਿੱਚ ਵਿਕਰੇਤਾਂਵਾਂ ਨਾਲ ਸਿੱਧਾ ਜੋੜਦੀ ਹੈ। ਇਸ ਕੰਪਨੀ ਦੀ ਐਪ ਉੱਤੇ 500 ਮਿਲੀਅਨ ਲੋਕਾਂ ਨੇ ਅਕਾਊਂਟ ਬਣਾਏ ਹੋਏ ਹਨ ਜਿਸਦਾ ਅਰਥ ਹੈ ਕਿ ਵਿਸ਼ਵ ਭਰ ਦੇ ਲੋਕਾਂ ਨੂੰ ਚੀਨੀ ਵਿਕਰੇਤਾਵਾਂ ਨਾਲ ਜੋੜਿਆ ਜਾਂਦਾ ਹੈ। ਜਿੱਥੇ ਕੇ ਰਾਏ ਸਾਹੀ ਬਾਰੇ ਖਿਆਲ ਹੈ ਕਿ ਉਹ ਰਿਵਾਇਤੀ ਢੰਗ ਨਾਲ ਨਿਵੇਸ਼ ਕਰਕੇ ਇੱਕ ਤੋਂ ਬਾਅਦ ਦੂਜਾ ਬਿਜਸਨ ਗ੍ਰਹਿਣ ਕਰਨ ਨੂੰ ਸਫ਼ਲਤਾ ਦਾ ਗੁਰ ਮੰਨਦਾ ਹੈ, ਉੱਥੇ ਪੀਟਰ ਨਵੇਂ ਈ-ਕਾਮਰਸ ਦੇ ਤੌਰ ਤਰੀਕਿਆਂ ਨੂੰ ਅਪਣਾ ਕੇ ਸਫਲ ਹੋਇਆ ਹੈ। ਦੋਵਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਇਹਨਾਂ ਨੂੰ ਪੈਸੇ ਵਿਰਾਸਤ ਵਿੱਚ ਨਹੀਂ ਮਿਲੇ ਸਗੋਂ ਖੁਦ ਦੀ ਮਿਹਨਤ ਨਾਲ ਆਪਣੇ ਵਾਸਤੇ ਰਸਤੇ ਪੈਦਾ ਕੀਤੇ।

ਜੇ ਵਿਸ਼ਵ ਪੱਧਰ ਉੱਤੇ ਵੇਖਿਆ ਜਾਵੇ ਤਾਂ ਇਸ ਸਾਲ ਬਿਲੀਅਨੇਅਰ ਬਣਨ ਵਾਲੇ ਵਿਅਕਤੀਆਂ ਦੀ ਗਿਣਤੀ ਅਤੇ ਉਹਨਾਂ ਦੇ ਧਨ ਦੌਲਤ ਦੇ ਪਸਾਰ ਵਿੱਚ ਵਾਧਾ ਹੋਣ ਦੀ ਥਾਂ ਕਮੀ ਆਈ ਹੈ। ਇਸ ਸਾਲ ਵਿਸ਼ਵ ਵਿੱਚ ਕੁੱਲ 2153 ਬਿਲੀਅਨੇਅਰ ਹਨ ਜੋ ਪਿਛਲੇ ਸਾਲ ਨਾਲੋਂ 55 ਘੱਟ ਹਨ। ਕਿਹਾ ਜਾ ਸਕਦਾ ਹੈ ਕਿ ਵਿਗੜ ਰਹੇ ਅਰਥਚਾਰੇ ਦਾ ਅਸਰ ਸਿਰਫ਼ ਆਮ ਆਦਮੀ ਉੱਤੇ ਹੀ ਨਹੀਂ ਸਗੋਂ ਵੱਡੇ ਅਮੀਰਾਂ ਉੱਤੇ ਵੀ ਪੈਂਦਾ ਹੈ। ਇਸ ਸਾਲ 994 ਬਿਲੀਅਨੇਅਰ ਉਹ ਹਨ ਜਿਹਨਾਂ ਦੇ ਅਸਾਸੇ ਪਿਛਲੇ ਸਾਲ ਨਾਲੋਂ ਘੱਟ ਹੋਏ ਹਨ। ਵਿਸ਼ਵ ਦੇ ਸਾਰੇ ਬਿਲੀਅਨੇਰਾਂ ਕੋਲ ਕੁੱਲ ਮਿਲਾ ਕੇ 8.7 ਟ੍ਰਿਲੀਅਨ ਡਾਲਰਾਂ ਦੀ ਜਾਇਦਾਦ ਹੈ ਜੋ ਪਿਛਲੇ ਸਾਲ ਨਾਲੋਂ 400 ਬਿਲੀਅਨ ਘੱਟ ਹੋਈ ਹੈ। 247 ਅਜਿਹੇ ਲੋਕ ਹਨ ਜੋ ਪਿਛਲੇ ਸਾਲ ਬਿਲਨੇਅਰਾਂ ਦੀ ਸੂਚੀ ਵਿੱਚ ਸ਼ਾਮਲ ਸਨ ਪਰ ਇਸ ਵਾਰ ਸੂਚੀ ਵਿੱਚੋਂ ਗਾਇਬ ਹਨ। ਐਨੀ ਵੱਡੀ ਗਿਣਤੀ ਵਿੱਚ ਬਿਲੀਅਨੇਰਾਂ ਦਾ ਸੂਚੀ ਵਿੱਚੋਂ ਡਿੱਗਣਾ 2009 ਤੋਂ ਬਾਅਦ ਹੋਇਆ ਹੈ।

ਜਿੱਥੇ ਇੱਕ ਪਾਸੇ ਬਿਲਅਨੇਅਰ ਵਿਅਕਤੀਆਂ ਦੀ ਸਫ਼ਲਤਾ ਮਨੁੱਖਤਾ ਨੂੰ ਕੁੱਝ ਚੰਗਾ ਕਰ ਗੁਜ਼ਰਨ ਦੀ ਮਿਸਾਲ ਬਣਦੀ ਹੈ, ਦੂਜੇ ਪਾਸੇ ਚੰਦ ਲੋਕਾਂ ਹੱਥ ਜਾਇਦਾਦ ਦਾ ਘੁੱਟ ਕੇ ਰਹਿ ਜਾਣਾ ਅਮੀਰ-ਗਰੀਬ ਪਾੜੇ ਨੂੰ ਹੋਰ ਵੱਡਾ ਕਰਦਾ ਹੈ। ਮਿਸਾਲ ਵਜੋਂ ਪਿਛਲੇ ਸਾਲ (2018 ਵਿੱਚ) ਦੇ ਪ੍ਰਾਪਤ ਅੰਕੜਿਆਂ ਮੁਤਾਬਕ ਵਿਸ਼ਵ ਦੇ 26 ਅਮੀਰ ਲੋਕਾਂ ਕੋਲ 3.8 ਬਿਲੀਅਨ ਲੋਕਾਂ ਦੇ ਬਰਾਬਰ ਜਾਇਦਾਦ ਸੀ। ਵਿਸ਼ਵ ਦੀ ਕੁੱਲ ਆਬਾਦੀ 7.7 ਬਿਲੀਅਨ ਹੈ। ਅੱਜ ਵਿਸ਼ਵ ਦੇ ਹਾਲਾਤ ਅਜਿਹੇ ਹਨ ਕਿ 262 ਮਿਲੀਅਨ ਬੱਚੇ ਹਰ ਰੋਜ਼ ਸਕੂਲ ਨਹੀਂ ਜਾ ਸਕਦੇ ਅਤੇ 10,0000 ਲੋਕ ਇਸ ਲਈ ਮਰ ਜਾਂਦੇ ਹਨ ਕਿ ਉਹਨਾਂ ਕੋਲ ਬੁਨਿਆਦੀ ਸਿਹਤ ਸਹੂਲਤਾਂ ਵੀ ਹਾਸਲ ਨਹੀਂ ਹੁੰਦੀਆਂ। ਵਿਕਸਿਤ ਦੇਸ਼ਾਂ ਵਿੱਚ ਵੀ ਇੱਕ ਵੱਖਰੀ ਕਿਸਮ ਦੀ ਗਰੀਬੀ ਪਾਈ ਜਾਂਦੀ ਹੈ ਜਿੱਥੇ ਆਮ ਲੋਕ ‘ਦਾਲ ਰੋਟੀ’ ਲਈ ਕੰਮ ਕਰਦੇ ਹੋਏ ਟੈਕਸ ਭਰਦੇ ਹਨ ਅਤੇ ਐਸ ਐਨ ਸੀ ਲਾਵਾਲਿਨ ਵਰਗੀਆਂ ਕੰਪਨੀਆਂ ਖੋਟੇ ਕੰਮ ਕਰਕੇ ਵੀ ਸਰਕਾਰਾਂ ਡੇਗਣ ਦੀ ਸਮਰੱਥਾ ਰੱਖਦੀਆਂ ਹਨ।

Have something to say? Post your comment