Welcome to Canadian Punjabi Post
Follow us on

19

March 2019
ਸੰਪਾਦਕੀ

ਕਈ ਸੁਆਲ ਖੜੇ ਕਰਦੀ ਹੈ ਜੇਰਾਲਡ ਬੱਟਸ ਦੀ ਪੇਸ਼ੀ

March 07, 2019 09:20 AM

ਪੰਜਾਬੀ ਪੋਸਟ ਸੰਪਾਦਕੀ

‘ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਾਂ ਕਿਸੇ ਹੋਰ ਸਟਾਫ ਨੇ ਸਾਬਕਾ ਅਟਾਰਨੀ ਜਰਨਲ ਜੋਡੀ ਵਿਲਸਨ ਰੇਅਬੂਲਡ ਉੱਤੇ ਐਸ ਐਨ ਸੀ ਲਾਵਾਲਿਨ ਕੰਪਨੀ ਨੂੰ ਅਪਰਾਧਕ ਦੋਸ਼ਾਂ ਤੋਂ ਛੋਟ ਦੇਣ ਲਈ ਕੋਈ ਦਬਾਅ ਨਹੀਂ ਪਾਇਆ। ਅਸੀਂ ਤਾਂ ਉਸਨੂੰ ਇੱਕ ਹੋਰ ਰਾਏ’ ਲਏ ਜਾਣ ਦੀ ਲੋੜ ਬਾਰੇ ਸਲਾਹ ਦੇ ਰਹੇ ਸੀ। ਸਾਡਾ ਇਰਾਦਾ ਤਾਂ ਉਸਦੀ ਇਸ ਢੰਗ ਨਾਲ ਮਦਦ ਕਰਨਾ ਸੀ ਤਾਂ ਜੋ ਉਹ ਸਬੂਤਾਂ ਦੇ ਆਧਾਰ ਉੱਤੇ ਠੀਕ ਫੈਸਲਾ ਕਰ ਸਕੇ। ਜੇ ਜੋਡੀ ਵਿਲਸਨ ਨੂੰ ਸਾਡੀਆਂ ਦਿੱਤੀਆਂ ਸਲਾਹਾਂ ਉੱਤੇ ਕੋਈ ਇਤਰਾਜ਼ ਸੀ ਤਾਂ ਉਸ ਵਾਸਤੇ ਸਹੀ ਹੁੰਦਾ ਕਿ ਉਹ ਪ੍ਰਧਾਨ ਮੰਤਰੀ ਨਾਲ ਸਿੱਧੀ ਗੱਲ ਕਰ ਲੈਂਦੀ ਜੋ ਉਸਨੇ ਨਹੀਂ ਕੀਤਾ। ਅਸੀਂ ਉਸ ਦੀਆਂ ਗਲਤ ਫਹਿਮੀਆਂ ਨੂੰ ਦੂਰ ਕਰਨ ਦੀਆਂ ਬੜੀਆਂ ਕੋਸਿ਼ਸ਼ਾਂ ਕੀਤੀਆਂ ਪਰ ਮੇਰਾ ਸੱਚ ਜਾਣਿਓ ਕਿ ਕਿਸੇ ਗੱਲ ਨੇ ਉਸ ਉੱਤੇ ਕੋਈ ਕਾਟ ਨਹੀਂ ਕੀਤੀ ਜਿਸਦੇ ਸਿੱਟੇ ਵਜੋਂ ਅਸੀਂ ਸਾਰੇ ਆਹ ਗੱਲਬਾਤ ਕਰਨ ਦੀ ਨੌਬਤ ਉੱਤੇ ਪੁੱਜੇ ਹਾਂ’

ਉਪਰੋਕਤ ਸ਼ਬਦ ਮੋਟਾ ਠੁੱਲਾ ਸਾਰ ਹਨ ਪ੍ਰਧਾਨ ਮੰਤਰੀ ਦੇ ਦੋਸਤ ਅਤੇ ਸਾਬਕਾ ਪ੍ਰਿੰਸੀਪਲ ਸਕੱਤਰ ਜੇਰਾਰਡ ਬੱਟਸ ਦੇ ਜੋ ਉਸਨੇ ਪਾਰਲੀਮਾਨੀ ਜਸਟਿਨ ਕਮੇਟੀ ਸਾਹਮਣੇ ਪੇਸ਼ ਹੋ ਕੇ ਆਖੇ। ਭੱਟਸ ਦੀ ਗਵਾਹੀ ਦੀ ਵੀਡੀਓ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਬਹੁਤ ਸੰਭਲ ਕੇ ਅਤੇ ਅੱਖਾਂ ਚੁਰਾ ਕੇ ਗੱਲ ਕਰ ਰਿਹਾ ਸੀ। ਉਸਨੇ ਕੀ ਆਖਿਆ ਅਤੇ ਕੀ ਆਖਣੋਂ ਗੁਰੇਜ਼ ਕੀਤਾ, ਇਸਤੋਂ ਵੱਡੀ ਗੱਲ ਹੈ ਕਿ ਉਸਨੇ ਸਾਰਾ ਕੁੱਝ ਕਿਵੇਂ ਆਖਿਆ? ਉਹ ਸੀ ਕਿ ਜੇਰਾਲਡ ਬੱਟਸ ਨੇ ਜਸਟਿਸ ਕਮੇਟੀ ਸਾਹਮਣੇ ਆਪਣਾ ਬਿਆਨ ‘ਸਹੁੰ ਚੁੱਕ’ਕੇ ਦੇਣ ਤੋਂ ਇਨਕਾਰ ਕਰ ਦਿੱਤਾ।

ਸਹੁੰ ਚੁੱਕਣ ਤੋਂ ਨਾਂਹ ਕਰਨ ਦਾ ਅਰਥ ਇਹ ਨਹੀਂ ਕਿ ਉਸਨੂੰ ਸਹੁੰ ਟੁੱਟਣ ਉੱਤੇ ਰੱਬ ਦੇ ਰੁੱਸ ਜਾਣ ਦਾ ਡਰ ਸੀ ਬਲਕਿ ਉਹ ਯਕੀਨੀ ਬਣਾ ਰਿਹਾ ਸੀ ਕਿ ਉਸਦੇ ਬਿਆਨ ਨੂੰ ਕਿਸੇ ਮੋੜ ਉੱਤੇ ਜਾ ਕੇ ਕੋਰਟ ਕਚਿਹਿਰੀ ਵਿੱਚ ਸਬੂਤ ਵਜੋਂ ਪੇਸ਼ ਨਾ ਕੀਤਾ ਜਾ ਸਕੇ। ਜੇ ਉਸਦਾ ਸਾਰਾ ਕੰਮ ਠੀਕ ਸੀ ਤਾਂ ਉਸਨੇ ਅਸਤੀਫਾ ਕਿਉਂ ਦਿੱਤਾ ਸੀ ਅਤੇ ਸਹੁੰ ਚੁੱਕ ਕੇ ਬਿਆਨ ਦੇਣ ਤੋਂ ਨਾਂਹ ਕਿਉਂ ਕੀਤੀ?

ਸੁਆਲ ਇਹ ਵੀ ਹੈ ਕਿ ਜੇ ਸਾਰਾ ਕੁੱਝ ਠੀਕ ਹੀ ਸੀ ਤਾਂ ਇਹਨਾਂ ਖਬਰਾਂ ਦਾ ਕੀ ਆਧਾਰ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਜਾਂ ਕੱਲ ਬਿਆਨ ਜਾਰੀ ਕਰਕੇ ਹੋਈਆਂ ਘਟਨਾਵਾਂ ਉੱਤੇ ਥੋੜਾ ਅਫਸੋਸ, ਥੋੜੀ ਮੁਆਫੀ ਅਤੇ ਬਹੁਤਾ ਇਲਜ਼ਾਮ ਸਟਾਫ ਦੀਆਂ ਗਲਤੀਆਂ ਉੱਤੇ ਪਾਇਆ ਜਾਵੇਗਾ। ਇਹ ਗੱਲ ਜੇਰਾਰਡ ਬੱਟਸ ਕੌਣ ਦੱਸੇ ਕਿ ਉਸਤੋਂ ਵੱਡਾ ਸਟਾਫ ਤਾਂ ਫੈਡਰਲ ਸਰਕਾਰ ਵਿੱਚ ਕੋਈ ਹੈ ਨਹੀਂ ਸੀ।

ਸਟਾਫ ਦੀ ਗੱਲ ਤੋਂ ਸੁਆਲ ਇਹ ਵੀ ਉੱਠਦਾ ਹੈ ਕਿ ਜੋਡੀ ਵਿਲਸਨ ਦੀ ਚੀਫ ਆਫ ਸਟਾਫ ਜੈਸਿਕਾ ਪ੍ਰਿੰਸ ਨੂੰ ਇਹ ਸੁਝਾਅ ਕਿਉਂ ਦਿੱਤੇ ਗਏ ਕਿ ਜੇ ਜੋਡੀ ਵਿਲਸਨ ‘ਐਸ ਐਨ ਸੀ ਲਾਵਾਲਿਨ’ ਵਿਰੁੱਧ ਅਪਰਾਧਕ ਕੇਸ ਨਾ ਚਲਾਉਣ ਲਈ ਮੰਨ ਜਾਵੇਗੀ ਤਾਂ ਉਸਦੇ ਫੈਸਲੇ ਦੀ ਸ਼ਲਾਘਾ ਕਰਨ ਵਾਲੇ ਐਡੀਟੋਰੀਅਲ ਤਾਂ ਮੀਡੀਆ ਵਿੱਚ ਲਿਖਾਏ ਜਾ ਸਕਦੇ ਹਨ। ਇਹ ਵੱਖਰੀ ਗੱਲ ਹੈ ਕਿ ਸਾਹਮਣੇ ਆਏ ਸੱਚ ਤੋਂ ਬਾਅਦ ਹੁਣ ਤਾਂ ਟੋਰਾਂਟੋ ਸਟਾਰ ਅਤੇ ਸੀ ਬੀ ਸੀ ਵਰਗੇ ਲਿਬਰਲ ਪੱਖੀ ਅਦਾਰਿਆਂ ਕੋਲ ਵੀ ਟਰੂਡੋ ਅਤੇ ਲਿਬਰਲ ਸਰਕਾਰ ਦਾ ਪੱਖ ਪੂਰਨ ਦਾ ਹੀਆ ਨਹੀਂ ਪੈ ਰਿਹਾ। ਜੋਡੀ ਵਿਲਸਨ ਨੇ ਇਹਨਾਂ ਸੁਝਾਵਾਂ ਨੂੰ ‘ਲੁਕਵੇਂ ਢੰਗ ਨਾਲ ਦਿੱਤੀਆਂ ਧਮਕੀਆਂ’ਕਿਹਾ ਸੀ।

ਸੁਆਲ ਇਹ ਵੀ ਹੈ ਕਿ ‘ਕੈਨੇਡਾ ਵਿੱਚ ਨੌਕਰੀਆਂ ਬਚਾਉਣ ਲਈ ਐਸ ਐਨ ਸੀ ਦੀ ਮਦਦ’ ਦੀ ਜੋ ਗੁਹਾਰ ਅੱਜ ਲਾਈ ਜਾ ਰਹੀ ਹੈ, ਉਸ ਗੱਲ ਦਾ ਜੋਡੀ ਵਿਲਸਨ ਦੇ ਫੈਸਲੇ ਨਾਲ ਕੋਈ ਤਾਅਲੁੱਕ ਹੀ ਨਹੀਂ ਹੈ। Deferred Prosecution Agreement (DPA) ਦੇ ਸੈਕਸ਼ਨ 715.32 (2) ਮੁਤਾਬਕ ਅਟਾਰਨੀ ਜਨਰਲ ਲਈ ਜਰੂਰੀ ਨਹੀਂ ਹੈ ਕਿ ਉਹ ਕਿਸੇ ਕੰਪਨੀ ਨੂੰ ਰਾਹਤ ਦੇਣ ਵੇਲੇ ਆਰਥਕ ਗੱਲਾਂ ਜਾਂ ਨੌਕਰੀਆਂ ਬਚਾਉਣ ਦੇ ਮੁੱਦੇ ਨੂੰ ਖਿਆਲ ਵਿੱਚ ਰੱਖੇ। ਵਰਨਣਯੋਗ ਹੈ ਕਿ ਗੈਰਕਨੂੰਨੀ ਢੰਗ ਅਪਨਾਉਣ ਦੀਆਂ ਦੋਸ਼ੀ ਕੰਪਨੀਆਂ ਨੂੰ ਅਦਾਲਤ ਦੀ ਸਿ਼ਕੰਜੇ ਤੋਂ ਬਾਹਰ ਰੱਖਣ ਲਈ ਲਿਬਰਲਾਂ ਨੇ ਹੀ 2018 ਵਿੱਚ DPA legislation ਪਾਸ ਕੀਤਾ ਗਿਆ। ਇਸ ਕਨੂੰਨ ਨੂੰ ਪਾਸ ਕਰਵਾਉਣ ਲਈ ਵੱਡੇ ਪੱਧਰ ਉੱਤੇ ਚਾਰਾਜੋਈ ਐਸ ਐਨ ਸੀ ਲਾਵਾਲਿਨ ਦੇ ਚੀਫ ਐਗਜ਼ੈਕਟਿਵ ਅਫਸਰ ਨੀਲ ਬਰੂਸ (Neil Bruce) ਨੇ ਅਨੇਕਾਂ ਚਿੱਠੀਆਂ ਅਤੇ ਨਿੱਜੀ ਵਫਦ ਲਿਜਾ ਕੇ ਕੀਤੀ ਸੀ। ਅਪਰਾਧੀ ਕੰਪਨੀਆਂ ਨੂੰ ਛੋਟ ਦੇਣ ਵਾਲੇ ਇਸ ਕਨੂੰਨ ਦਾ ਪਲੇਠਾ ਲਾਭਪਾਤਰੀ ਵੀ ਐਸ ਐਨ ਸੀ ਲਾਵਾਲਿਨ ਨੇ ਬਣਨਾ ਸੀ ਜੇ ਜੋਡੀ ਵਿਲਸਨ ਅਤੇ ਜੇਨ ਫਿਲਪੌਟ ਵਰਗੀਆਂ ਇਖਲਾਕੀ ਅਤੇ ਧੱੜਲੇਦਾਰ ਔਰਤਾਂ ਸਾਡੇ ਦੇਸ਼ ਦੇ ਹਿੱਤਾਂ ਲਈ ਖੜਨ ਦੀ ਜੁਰੱਅਤ ਨਾ ਕਰਦੀਆਂ।

Have something to say? Post your comment