* ਇਮਰਾਨ ਸਰਕਾਰ ਸੰਸਾਰ ਨੂੰ ਮੂੰਹ ਵਿਖਾਉਣ ਜੋਗੀ ਬਣਨ ਲੱਗੀ
ਇਸਲਾਮਾਬਾਦ, 5 ਮਾਰਚ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀ ਆਰ ਪੀ ਐੱਫ ਦੇ ਕਾਫਲੇ ਉੱਤੇ ਹਮਲੇ ਅਤੇ ਇਸ ਵਿੱਚ ਚਾਲੀ ਤੋਂ ਵੱਧ ਜਵਾਨਾਂ ਦੇ ਮਾਰੇ ਜਾਣ ਪਿੱਛੋਂ ਚਾਰੇ ਪਾਸਿਉਂ ਘਿਰ ਚੁੱਕੇ ਪਾਕਿਸਤਾਨ ਨੇ ਸੰਸਾਰ ਦੇ ਕੋਲ ਮੂੰਹ ਵਿਖਾਉਣ ਜੋਗੇ ਹੋਣ ਲਈ ਅੱਜ ਅੱਤਵਾਦੀਆਂ ਵਿਰੁੱਧ ਸਖਤੀ ਸ਼ੁਰੂ ਕੀਤੀ ਹੈ। ਦਹਿਸ਼ਤਗਰਦ ਜਥੇਬੰਦੀ ਜੈਸ਼-ਇ-ਮੁਹੰਮਦ ਦੇ ਮੁੱਖ ਆਗੂ ਮਸੂਦ ਅਜ਼ਹਰ ਦੇ ਦੋ ਭਰਾਵਾਂ ਸਣੇ 44 ਅਤਿਵਾਦੀਆਂ ਨੂੰ ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਦੱਸਿਆ ਜਾਂਦਾ ਹੈ। ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸ਼ਹਰਯਾਰ ਅਫ਼ਰੀਦੀ ਨੇ ਖੁਦ ਇਹ ਗੱਲ ਦੱਸੀ ਹੈ ਕਿ ਮਸੂਦ ਅਜ਼ਹਰ ਦੇ ਭਰਾ ਮੁਫ਼ਤੀ ਅਬਦੁਲ ਰਊਫ ਤੇ ਹੱਮਾਦ ਅਜ਼ਹਰ ਸਮੇਤ ਇਸ ਗਰੁੱਪ ਦੇ 44 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਸ਼ਹਰਯਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਗ੍ਰਿਫ਼ਤਾਰੀਆਂ ਕਿਸੇ ਬਾਹਰੀ ਦਬਾਅ ਵਿੱਚ ਨਹੀਂ ਕੀਤੀਆਂ ਗਈਆਂ।
ਅੱਜ ਏਥੇ ਇਕ ਪ੍ਰੈੱਸ ਕਾਨਫਰੰਸ ਵਿਚ ਗ੍ਰਹਿ ਮੰਤਰੀ ਸ਼ਹਰਯਾਰ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਸਰਕਾਰ ਦਾ ਅੱਤਵਾਦੀਆਂ ਵਿਰੁੱਧ ਇਹ ਐਕਸ਼ਨ ਕਿਸੇ ਬਾਹਰੀ ਦਬਾਅ ਹੇਠ ਨਹੀਂ ਕੀਤਾ ਗਿਆ, ਇਹ ਸਾਰੇ ਪਾਬੰਦੀ ਸ਼ੁਦਾ ਸੰਗਠਨਾਂ ਦੇ ਵਿਰੁੱਧ ਕੀਤੀ ਗਈ ਕਾਰਵਾਈ ਹੈ ਤੇ ਇਸ ਵਿੱਚ ਜੈਸ਼-ਇ-ਮੁਹੰਮਦ ਦੇ ਮੁਖੀ ਆਗੂ ਮਸੂਦ ਅਜ਼ਹਰ ਦੇ ਭਰਾ ਮੁਫ਼ਤੀ ਅਬਦੁਲ ਰਊਫ ਅਤੇ ਹੱਮਾਦ ਅਜ਼ਹਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗ੍ਰਿਫ਼ਤਾਰੀ ਨੂੰ ਪਾਕਿਸਤਾਨ ਭਾਵੇਂ ਭਾਰਤ ਦੇ ਦਬਾਅ ਹੇਠ ਕੀਤੀ ਮੰਨਣ ਤੋਂ ਇਨਕਾਰ ਕਰੇ, ਪਰ ਅਸਲ ਵਿੱਚ ਪੁਲਵਾਮਾ ਵਾਲੇ ਹਮਲੇ ਮਗਰੋਂ ਪਾਕਿਸਤਾਨ ਸਰਕਾਰ ਦੇ ਖਿਲਾਫ ਅਤਿਵਾਦੀ ਜਥੇਬੰਦੀਆਂ ਉਤੇ ਐਕਸ਼ਨ ਲੈਣ ਦਾ ਦਬਾਅ ਚਾਰੇ ਪਾਸਿਓਂ ਪੈ ਰਿਹਾ ਹੈ। ਪ੍ਰੈਸ ਕਾਨਫਰੰਸ ਦੌਰਾਨ ਸ਼ਹਰਯਾਰ ਨੇ ਕਿਹਾ ਕਿ ਭਾਰਤ ਨੇ ਜਿਹੜੇ ਸਬੂਤ ਦਿੱਤੇ ਹਨ, ਉਨ੍ਹਾਂ ਵਿਚ ਮਸੂਦ ਅਜ਼ਹਰ ਦੇ ਇਨ੍ਹਾਂ ਦੋ ਭਰਾਵਾਂ ਦੇ ਨਾਮ ਵੀ ਸਨ। ਮੰਤਰੀ ਨੇ ਦਾਅਵਾ ਕੀਤਾ ਹੈ ਕਿ ਬੀਤੇ ਸੋਮਵਾਰ ਨੈਸ਼ਨਲ ਐਕਸ਼ਨ ਪਲਾਨ ਬਾਰੇ ਇਕ ਬੈਠਕ ਵਿੱਚ ਤੈਅ ਕੀਤਾ ਗਿਆ ਸੀ ਕਿ ਪਾਬੰਦੀ ਸ਼ੁਦਾ ਕੀਤੇ ਸਾਰੇ ਗਰੁੱਪਾਂ ਦੇ ਵਿਰੁਧ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ।
ਰਣਨੀਤਕ ਮਾਹਰਾਂ ਦੇ ਮੁਤਾਬਕ ਪੁਲਵਾਮਾ ਹਮਲੇ ਤੋਂ ਬਾਅਦ ਚਾਰੇ ਪਾਸਿਉਂ ਘਿਰਿਆ ਪਾਕਿਸਤਾਨ ਅੱਜ ਸੰਸਾਰ ਨੂੰ ਇਹ ਵਿਖਾਉਣਾ ਚਾਹੁੰਦਾ ਹੈ ਕਿ ਉਹ ਅਤਿਵਾਦ ਦੀ ਨਕੇਲ ਕੱਸ ਰਿਹਾ ਹੈ, ਪਰ ਅਸਲ ਵਿੱਚ ਉਹ ਇਸ ਤਰ੍ਹਾਂ ਕਰ ਕੇ ਦੁਨੀਆ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦਾ ਹੋ ਸਕਦਾ ਹੈ। ਬੀਤੇ ਦਿਨੀਂ ਫਾਈਨੈਂਸ਼ੀਅਲ ਐਕਸ਼ਨ ਟੇਕਨ ਫੋਰਸ (ਐੱਫ ਏ ਟੀ ਐੱਫ) ਦੀ ਸੰਸਾਰ ਪੱਧਰ ਦੀ ਬੈਠਕ ਵੇਲੇ ਵੀ ਇਹ ਮੁੱਦਾ ਉੱਠਿਆ ਸੀ ਅਤੇ ਉਸ ਤੋਂ ਪਹਿਲਾਂ ਇਸੇ ਤਰ੍ਹਾਂ ਪਾਕਿਸਤਾਨ ਵੱਲੋਂ ਮੋਸਟ ਵਾਂਟਿਡ ਅਤਿਵਾਦੀ ਹਾਫ਼ਿਜ਼ ਸਈਦ ਦੇ ਗਰੁੱਪ ਜਮਾਤ-ਉਦ-ਦਾਅਵਾ ਉਤੇ ਪਾਬੰਦੀ ਲਾਏ ਜਾਣ ਦੀ ਖਬਰ ਵੀ ਬਾਅਦ ਵਿੱਚ ਗੱਪ ਨਿਕਲੀ ਸੀ। ਉਸ ਦੇ ਬਾਅਦ ਜਦੋਂ ਲਿਸਟ ਬਾਹਰ ਆਈ ਤਾਂ ਖੁਲਾਸਾ ਹੋਇਆ ਸੀ ਕਿ ਪਾਕਿਸਤਾਨ ਸਰਕਾਰ ਨੇ ਜਮਾਤ-ਉਦ-ਦਾਅਵਾ ਉੱਤੇ ਪਾਬੰਦੀ ਨਹੀਂ ਲਾਈ, ਸਿਰਫ਼ ਇਸ ਉਤੇ ਨਿਗਰਾਨੀ ਰੱਖਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੇ ਨੈਸ਼ਨਲ ਕਾਊਂਟਰ ਟੈਰਰਿਜ਼ਮ ਅਥਾਰਿਟੀ ਦੇ ਮੁਤਾਬਕ ਸਰਕਾਰ ਨੇ ਕਈ ਗਰੁੱਪਾਂ ਉਤੇ ਕਾਰਵਾਈ ਕੀਤੀ ਹੈ, ਜਿਨ੍ਹਾਂ ਵਿਚੋਂ ਕੁਝ ਉਤੇ ਪਾਬੰਦੀ ਲਾਈ ਹੈ ਤੇ ਕੁਝ ਉਤੇ ਸਿਰਫ ਨਿਗਰਾਨੀ ਰੱਖੀ ਜਾਣੀ ਹੈ। ਜਿਨ੍ਹਾਂ ਗਰੁੱਪਾਂ ਉਤੇ ਸਿਰਫ ਨਿਗਰਾਨੀ ਹੀ ਰੱਖੀ ਜਾਣੀ ਹੈ, ਉਨ੍ਹਾਂ ਵਿਚ ਹਾਫ਼ਿਜ਼ ਸਈਦ ਦਾ ਜਮਾਤ-ਉਦ-ਦਾਅਵਾ ਅਤੇ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ ਵੀ ਹਨ। ਇਸ ਤੋਂ ਸਾਫ ਹੋ ਗਿਆ ਸੀ ਕਿ ਪਾਕਿਸਤਾਨ ਦੁਨੀਆ ਸਾਹਮਣੇ ਅਤਿਵਾਦੀਆਂ ਦੇ ਵਿਰੁਧ ਸਖ਼ਤ ਐਕਸ਼ਨ ਲੈਣ ਅਤੇ ਅਮਨ ਦੀਆਂ ਗੱਲਾਂ ਕਰਦਾ ਸੀ, ਪਰ ਅਮਲ ਵਿੱਚ ਉਹ ਸਭ ਵਿਖਾਵਾ ਕਰਦਾ ਰਿਹਾ ਸੀ। ਅੱਜ ਵਾਲੀ ਲਿਸਟ ਵਿਚ ਜਿਨ੍ਹਾਂ ਗਰੁੱਪਾਂ ਉਤੇ ਪਾਬੰਦੀ ਲਾਉਣ ਦੀ ਗੱਲ ਦਰਜ ਹੈ, ਉਸ ਵਿਚ ਕਈ ਵੱਡੇ ਗਰੁੱਪਾਂ ਦੇ ਨਾਲ ਮਸੂਦ ਅਜ਼ਹਰ ਦਾ ਜੈਸ਼-ਇ-ਮੁਹੰਮਦ ਵੀ ਸ਼ਾਮਿਲ ਹੈ।