Welcome to Canadian Punjabi Post
Follow us on

20

May 2019
ਨਜਰਰੀਆ

ਖਿੰਡ ਪੁੰਡ ਗਈਆਂ ਵਿਆਹ ਦੀਆਂ ਰਸਮਾਂ

March 06, 2019 08:44 AM

-ਡਾ. ਨਿਰਮਲ ਸਿੰਘ ਹਰੀ
ਵਿਆਹ ਦਾ ਚਾਅ ਕਿਸ ਨੂੰ ਨਹੀਂ ਹੁੰਦਾ? ਜਿਸ ਦਾ ਆਪਣਾ ਹੁੰਦੈ, ਉਹ ਜਿਵੇਂ ਅਸਮਾਨੀਂ ਉਡਿਆ ਫਿਰਦੈ, ਪਰ ਅਜਿਹੇ ਮੌਕੇ ਹਮਾਤੜ ਵੀ ਪੱਬਾਂ ਭਾਰ ਹੋ ਜਾਂਦੇ ਨੇ। ਵੀਹ ਤੀਹ ਸਾਲ ਪਹਿਲਾਂ ਜੁਆਕਾਂ ਲਈ ਵਿਆਹ ਦਾ ਮਤਲਬ ਡੋਲੀ ਵਾਲੀ ਕਾਰ ਉਪਰੋਂ ਸੁੱਟੀਆਂ ਚੁਆਨੀਆਂ ਅਠਿਆਨੀਆਂ ਲੁੱਟਣਾ ਵੀ ਹੁੰਦਾ ਸੀ। ਜੇ ਦੋ ਚਾਰ ਰੁਪਏ ਦੀ ਕਮਾਈ ਹੋ ਜਾਂਦੀ ਤਾਂ ਜੁਆਕਾਂ ਭਾਣੇ ਵਿਆਹ ਸਫਲ ਹੋ ਜਾਂਦਾ। ਆਮ ਪੇਂਡੂਆਂ ਲਈ ਵਿਆਹ ਖਾਣ ਪੀਣ ਦਾ ਮੌਕਾ ਹੁੰਦੈ ਤੇ ਅੱਜ ਵੀ ਹੈ।
ਵਿਆਹ ਦੀ ਗੱਲ ਚੱਲੀ ਹੈ ਤਾਂ ਸਭ ਤੋਂ ਪਹਿਲਾਂ ਵਿਆਹ ਦਾ ਕਾਰਡ ਚਾਹੀਦੈ। ਬਚਪਨ ਵੇਲੇ ਦੇ ਵਿਆਹ ਦੇ ਕਾਰਡ ਯਾਦ ਆਏ। ਲਿਖਿਆ ਹੁੰਦਾ ਸੀ ‘ਪਰਵਾਰ ਸਮੇਤ ਦਰਸ਼ਨ ਦੇਣੇ' ਜਾਂ ‘ਅਸੀਂ ਮੋਹ ਦੇ ਦੀਵੇ ਬਾਲ ਕੇ ਤੁਹਾਡੀ ਉਡੀਕ ਕਰਾਂਗੇ।' ਉਨ੍ਹਾਂ ਕਾਰਡਾਂ ਵਿੱਚੋਂ ਅਪਣੱਤ ਝਲਕਦੀ ਸੀ। ਅੱਜ ਪਿੰਡਾਂ ਵਾਲੇ ਵੀ ਵਿਆਹ ਦੇ ਕਾਰਡ ਅੰਗਰੇਜ਼ੀ ਦੇ ਛਪਾਉਂਦੇ ਨੇ। ਅੰਗਰੇਜ਼ੀ ਪੜ੍ਹਨੀ ਆਵੇ ਜਾਂ ਨਾ, ਅਖੇ ਠੁੱਕ ਬਣਦੀ ਐ। ਫਿਰ ਕਈ ਜੁਆਕਾਂ ਨੂੰ ਦਿਖਾਉਂਦੇ ਫਿਰਦੇ ਨੇ ‘ਬਈ ਕਾਕਾ ਪੜ੍ਹ ਕੇ ਦੱਸੀਂ, ਵਿਆਹ ਕਦੋਂ ਤੇ ਕਿੱਥੇ ਐ।' ਅੱਗੇ ਵਿਆਹ ਘਰ ਵਿੱਚ ਹੁੰਦੇ ਸਨ, ਅੱਜ ਕੱਲ੍ਹ ਸਭ ਪੈਲੇਸਾਂ ਵਿੱਚ ਹੁੰਦੈ।
ਅੱਜ ਕੱਲ੍ਹ ਵਿਆਹ ਦਾ ਸੱਦਾ ਦੇਣ ਦੇ ਢੰਗ ਵੀ ਬਦਲ ਗਏ ਹਨ। ਪੁਰਾਣੇ ਸਮੇਂ ਵਿੱਚ ਜਦੋਂ ਟੈਲੀਫੋਨ/ ਇੰਟਰਨੈਟ ਨਹੀਂ ਸੀ ਤਾਂ ਲਾਗੀਆਂ ਜਾਂ ਪਰਵਾਰਕ ਮੈਂਬਰਾਂ ਨੇ ਵਿਆਹ ਦੇ ਸੱਦੇ ਰਿਸ਼ਤੇਦਾਰਾਂ ਤੇ ਸਕਿਆਂ ਸਬੰਧੀਆਂ ਕੋਲ ਪਹੁੰਚਾਉਣੇ। ਅੱਜ ਵੀ ਖਾਸ ਸਕੇ ਸਬੰਧੀਆਂ ਨੂੰ ਵਿਆਹ ਦੇ ਕਾਰਡ ਦੇਣ ਲਈ ਕਈ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਖਾਸ ਰਿਸ਼ਤੇਦਾਰੀਆਂ ਦੀਆਂ ਔਰਤਾਂ ਨੂੰ ਕੱਪੜੇ ਦਿੱਤੇ ਜਾਂਦੇ ਹਨ। ਜਿਨ੍ਹਾਂ ਦੇ ਘਰ ਵਿਆਹ ਦਾ ਕਾਰਜ ਰੱਖਿਆ ਹੁੰਦੈ, ਉਹ ਆਪਣੇ ਜ਼ਰੂਰੀ ਕੰਮ ਨਿਪਟਾਉਣ ਦੀ ਥਾਂ ਕਾਰਾਂ ਚੁੱਕ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਵਿਆਹ ਦੇ ਕਾਰਡ ਵੰਡਣ ਤੁਰੇ ਹੁੰਦੇ ਹਨ। ਜੇ ਕੋਈ ਆਧੁਨਿਕ ਬੰਦਾ ਟੈਲੀਫੋਨ 'ਤੇ ਸੱਦਾ ਦੇ ਵੀ ਦੇਵੇ ਤਾਂ ਬੀਬੀਆਂ ਦੀਆਂ ਗੱਲਾਂ ਸੁਣੋ।
ਵਿਆਹ ਵਿੱਚੋਂ ਚਾਅ ਤਾਂ ਜਿਵੇਂ ਉਡ ਹੀ ਗਏ ਹਨ। ਜਦੋਂ ਅਨੰਦ ਕਾਰਜ ਪਿੱਛੋਂ ਲਾੜਾ ਲਾੜੀ ਪੈਲੇਸ ਵਿੱਚ ਸ਼ਗਨ ਦੀ ਰਸਮ ਲਈ ਸਟੇਜ ਵੱਲ ਵਧਦੇ ਹਨ ਤਾਂ ਸ਼ਗਨ ਦੇਣ ਵਾਲੇ ਸਟੇਜ ਵੱਲ ਟਿੱਡੀ ਦਲ ਵਾਂਗ ਇਉਂ ਵਧਦੇ ਨੇ, ਜਿਵੇਂ ਵੀਹ ਸਾਲੀ ਕੈਦ 'ਚੋਂ ਛੁੱਟੇ ਹੋਣ। ਹਰ ਇਕ ਨੂੰ ਇਹੀ ਹੁੰਦੈ ਕਿ ਜਲਦੀ-ਜਲਦੀ ਸ਼ਗਨ ਸੁੱਟੀਏ ਤਾਂ ਜੋ ਖਹਿੜਾ ਛੁੱਟੇ।
ਅਨੰਦ ਕਾਰਜ ਦੀ ਰਸਮ ਨੂੰ ਲੈ ਲਵੋ। ਪਹਿਲਾਂ ਵਿਆਹ ਜਦੋਂ ਘਰਾਂ 'ਚ ਹੁੰਦੇ ਸਨ ਤਾਂ ਅਨੰਦ ਕਾਰਜ ਵਿੱਚ ਸਭ ਦੀ ਹਾਜ਼ਰੀ ਹੁੰਦੀ ਤੇ ਇਹ ਵਿਆਹ ਦਾ ਮਹੱਤਵ ਪੂਰਨ ਹਿੱਸਾ ਹੁੰਦਾ, ਪਰ ਅੱਜ ਕੱਲ੍ਹ ਮੁੰਡੇ, ਕੁੜੀ ਵਾਲਿਆਂ ਦੇ ਕੁਝ ਖਾਸ ਬੰਦੇ ਅਨੰਦ ਕਾਰਜ ਲਈ ਜਾਂਦੇ ਹਨ। ਜਦੋਂ ਉਹ ਗੁਰੂ ਘਰ ਅੰਦਰ ਗੁਰਬਾਣੀ ਸੁਣ ਰਹੇ ਹੁੰਦੇ ਹਨ ਤਾਂ ਪੈਲੇਸ ਵਿੱਚ ਬਹੁਗਿਣਤੀ ਬਰਾਤੀ ਆਰਕੈਸਟਰਾ ਵਾਲਿਆਂ ਨਾਲ ਠੁਮਕੇ ਲਾ ਰਹੇ ਹੁੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਨੰਦ ਕਾਰਜ ਦੀ ਰਸਮ ਵੀ ‘ਫਾਸਟ ਫਾਰਵਰਡ' ਕਰ ਦਿੱਤੀ ਜਾਂਦੀ ਹੈ ਅਤੇ ਇਸ ਗੱਲ ਲਈ ਪਾਠੀ ਸਿੰਘ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਵਿਆਹੁਤਾ ਜੋੜੀ ਲਈ ਸਿੱਖਿਆ ਪੜ੍ਹੀ ਜਾਂਦੀ ਸੀ ਤੇ ਅੱਜ ਕੱਲ੍ਹ ਜਿਵੇਂ ਸਾਰੇ ਸਿੱਖੇ ਸਿਖਾਏ ਹੀ ਹਨ।
ਸਾਡੀ ਸੋਝੀ ਤੋਂ ਪਹਿਲਾਂ ਸੁਣਦੇ ਸਨ ਕਿ ਬਰਾਤੀ ਕੁੜੀ ਦੇ ਪਿੰਡ ਰਾਤ ਰਹਿੰਦੇ ਸਨ ਤੇ ਅਗਲੀ ਸਵੇਰ ਤਾਰਿਆਂ ਦੀ ਛਾਵੇਂ ਅਨੰਦ ਕਾਰਜ ਕੀਤੇ ਜਾਂਦੇ ਸਨ। ਅੱਜ ਕੱਲ੍ਹ ਬਰਾਤ ਦੁਪਹਿਰੇ ਇਕ ਵਜੇ ਤੱਕ ਵੀ ਆ ਜਾਵੇ ਤਾਂ ਗਨੀਮਤ ਸਮਝੀ ਜਾਂਦੀ ਹੈ। ਓਧਰੋਂ ਕੁੜੀ ਵੀ ਓਨੇ ਕੁ ਵਜੇ ਬਿਊਟੀ ਪਾਰਲਰ ਤੋਂ ਤਿਆਰ ਹੋ ਕੇ ਆਉਂਦੀ ਹੈ। ਫਿਰ ਕਾਹਲੀ ਵਿੱਚ ਵਿਆਹ ਦੀਆਂ ਰਸਮਾਂ ਨਬੇੜ ਕੇ ਲੋਕ ਘਰੋ-ਘਰੀਂ ਮੁੜ ਜਾਂਦੇ ਹਨ। ਕੁੜੀ ਦੇ ਮਾਪਿਆਂ ਦੇ ਲੱਖਾਂ ਰੁਪਏ ਕੁਝ ਕੁ ਘੰਟਿਆਂ ਵਿੱਚ ਰੁੜ੍ਹ ਜਾਂਦੇ ਹਨ। ਕਹਿੰਦੇ ਨੇ ਵਿਆਹ ਕਿਹੜਾ ਵਾਰ-ਵਾਰ ਹੋਣੇ, ਇਸ ਲਈ ਅਜਿਹੇ ਸਮਾਗਮ ਦੀ ਫੋਟੋਗ੍ਰਾਫੀ/ ਵੀਡੀਓਗ੍ਰਾਫੀ ਜ਼ਰੂਰੀ ਹੈ, ਪਰ ਅੱਜ ਕੱਲ੍ਹ ਦੇ ਵਿਆਹਾਂ ਵਿੱਚ ਫੋਟੋਗ੍ਰਾਫਰ ਵਿਆਹ ਦਾ ਹਿੱਸਾ ਨਹੀਂ, ਵਿਆਹ ਦਾ ਡਾਇਰੈਕਟਰ ਹੁੰਦੈ ਤੇ ਵਿਆਹ ਵਾਲੇ ਘਰ ਦੇ ਮੈਂਬਰ ਤੇ ਸਕੇ ਸਬੰਧੀ ਉਸ ਦੇ ਹੁਕਮਾਂ ਦਾ ਕਠਪੁਤਲੀ ਵਾਂਗ ਪਾਲਣ ਕਰਦੇ ਹਨ। ਫੋਟੋ ਖਿਚਾਉਣ ਵੇਲੇ ਕਿਸ ਨੇ ਕਿੱਥੇ ਖੜਾ ਹੋਣਾ, ਭਾਬੀ ਨੇ ਸੁਰਮਾ ਪਾਉਣ ਵੇਲੇ ਜਾਂ ਭੈਣ ਨੇ ਸਿਹਰਾ ਬੰਨ੍ਹਣ ਵੇਲੇ ਕਿਹੜਾ ਪੋਜ਼ ਬਣਾਉਣੇ, ਇਥੋਂ ਤੱਕ ਕਿ ਅਨੰਦ ਕਾਰਜ ਵੇਲੇ ਵਿਆਹੁਤਾ ਜੋੜੀ ਨੇ ਕਦੋਂ ਤੋਂ ਕਿਵੇਂ ਮੱਥਾ ਟੇਕਣੇ, ਇਹ ਸਭ ਕੁਝ ਫੋਟੋ ਖਿੱਚਣ ਵਾਲੇ ਸੱਜਣ ਨੇ ਦੱਸਣਾ ਹੈ। ਇੰਜ ਲੱਗਦੈ ਕਿ ਫੋਟੋਗ੍ਰਾਫਰ ਵਿਆਹ ਵਾਸਤੇ ਨਹੀਂ, ਬਲਕਿ ਵਿਆਹ ਫੋਟੋਗ੍ਰਾਫਰ ਵਾਸਤੇ ਹੈ। ਅੱਜ ਕੱਲ੍ਹ ਲੱਖਾਂ ਰੁਪਏ ਵਿਆਹ ਤੋਂ ਪਹਿਲਾਂ ਵਾਲੇ ਪ੍ਰੀ-ਵੈਡਿੰਗ ਸ਼ੂਟ 'ਤੇ ਖਰਚੇ ਜਾਂਦੇ ਹਨ। ਵਿਆਹ ਅੱਜ ਕੱਲ੍ਹ ਦਿਖਾਵੇ ਦੇ ਹੀ ਰਹਿ ਗਏ ਕਿ ਜਿਹੜਾ ਵਿਆਹ 'ਤੇ ਜਿੰਨਾ ਖਰਚਾ ਕਰਦੈ, ਉਸ ਦੀ ਓਨੀ ਚੜ੍ਹਾਈ। ਜੇ ਕੋਈ ਸਾਦਾ ਵਿਆਹ ਕਰਨ ਬਾਰੇ ਸੋਚੇ ਤਾਂ ਰਿਸ਼ਤੇਦਾਰ ਨ੍ਹੀਂ ਜਿਊਣ ਦਿੰਦੇ, ਅਖੇ ‘ਲੋਕ ਕਹਿਣਗੇ ਨੰਗਾਂ ਨੇ ਦਿਖਾਤਾ ਨੰਗਪੂਣਾ।' ਬਹੁਤੇ ਲੋਕਾਂ ਨੂੰ ਖਾਸ ਕਰਕੇ ਕੁੜੀ ਦੇ ਮਾਪਿਆਂ ਨੂੰ ਤਾਂ ਚਾਦਰ ਤੋਂ ਬਾਹਰ ਪੈਰ ਕੱਢਣੇ ਪੈਂਦੇ ਹਨ।
ਵਿਆਹ ਦੇ ਗੀਤ ਸੰਗੀਤ ਵੀ ਪਹਿਲਾਂ ਵਿਆਹਾਂ ਦਾ ਸ਼ਿੰਗਾਰ ਹੁੰਦੇ ਹਨ। ਗੀਤਾਂ, ਬੋਲੀਆਂ, ਨਾਨਕਿਆਂ ਦਾਦਕਿਆਂ ਦੀਆਂ ਸਿੱਠਣੀਆਂ ਤੋਂ ਬਿਨਾਂ ਵਿਆਹ ਸੰਪੂਰਨ ਨਹੀਂ ਸੀ ਸਮਝੇ ਜਾਂਦੇ। ਅੱਗੇ ਵਿਆਹਾਂ ਵਿੱਚ ਨਾਨਕੀਆਂ ਦਾਦਕੀਆਂ ਦੀ ਮਿੱਠੀ ਨੋਕ ਝੋਕ ਜਿਥੇ ਮੁਕਾਬਲਾ ਪੂਰਨ ਹੁੰਦੀ, ਉਥੇ ਵਿਆਹ ਵਿੱਚ ਭਾਵਨਾਵਾਂ ਦਾ ਰਸ ਘੋਲਦੀ। ਮਾਸੀਆਂ ਭੂਆ ਹੋਰਾਂ ਨੇ ਸਿਰ ਜੋੜ ਕੇ ਅਜਿਹੇ ਗੀਤ ਛੇੜਨੇ ਕਿ ਵਿਆਹ ਦਾ ਮਾਹੌਲ ਰੰਗਮਈ ਲੱਗਣਾ। ਫਿਰ ਜਦੋਂ ਔਰਤਾਂ ਨੇ ਬੋਲੀਆਂ ਦਾ ਪਿੜ ਚੁੱਕ ਲੈਣਾ ਤਾਂ ਜਿਵੇਂ ਹਰ ਕੋਈ ਵਿਆਹ ਦੇ ਚਾਅ ਵਿੱਚ ਖੀਵਾ ਹੋ ਜਾਂਦਾ। ਵਿਆਹਾਂ ਮੌਕੇ ਰਿਸ਼ਤੇਦਾਰ ਇਕੱਠੇ ਹੁੰਦੇ, ਗੱਲਾਂ ਬਾਤਾਂ ਕਰਦੇ, ਹਾਲ ਚਾਲ ਪੁੱਛਦੇ। ਮਨੁੱਖ ਦੀ ਮਨੁੱਖ ਨਾਲ ਸਾਂਝ ਦੀ ਗੱਲ ਕਰਦੇ। ਇਨ੍ਹਾਂ ਗੀਤਾਂ ਦੀ ਆਵਾਜ਼ ਆਸ ਪਾਸ ਦੇ ਘਰਾਂ ਵਿੱਚ ਕੋਇਲ ਦੀ ਬੋਲੀ ਵਾਂਗ ਗੂੰਜ ਜਾਂਦੀ, ਪਰ ਅੱਜ ਕੱਲ੍ਹ ਪਹਿਲਾਂ ਤਾਂ ਪੈਲੇਸਾਂ ਵਿੱਚੋਂ ਆਰਕੈਸਟਰਾ ਦੇ ਸ਼ੋਰ ਸ਼ਰਾਬੇ ਨੇ ਵਿਆਹ ਦੇ ਸੰਗੀਤਕ ਮਾਹੌਲ ਨੂੰ ਖਰਾਬ ਕੀਤਾ ਹੁੰਦਾ।
ਸਿਆਣੀ ਉਮਰ ਦੇ ਬੰਦੇ ਪੈਲੇਸ ਦੇ ਸ਼ੋਰ ਸ਼ਰਾਬੇ ਤੋਂ ਬਚਣ ਲਈ ਬਾਹਰ ਆਸਰਾ ਲੈਂਦੇ ਤੇ ਉਡੀਕ ਕਰਦੇ ਨੇ ਕਿ ਕਦੋਂ ਸ਼ਗਨ ਦੇਈਏ ਅਤੇ ਖਹਿੜਾ ਛੁੱਟੇ। ਪੈਲੇਸ ਅੰਦਰ ਸ਼ਰਾਬ ਵਿੱਚ ਟੁੰਨ ਮਸਤ ਮੰਡੀਰ ਨੱਚਦੀ ਹੁੰਦੀ ਹੈ। ਇਹ ਚੰਦਰਾ ਡੀ ਜੇ ਸਿਸਟਮ ਪੈਲੇਸਾਂ ਤੋਂ ਨਿਕਲ ਪਿੰਡਾਂ ਵਿੱਚ ਵਿਆਹ ਵਾਲੇ ਘਰਾਂ ਵਿੱਚ ਵੜ ਗਿਐ। ਸ਼ਾਮ ਨੂੰ ਮਾਸੀਆਂ ਮਾਮੀਆਂ ਦੀਆਂ ਬੋਲੀਆਂ, ਗਿੱਧੇ ਨੂੰ ਕੋਈ ਨਹੀਂ ਉਡੀਕਦਾ, ਸਗੋਂ ਉਚੀ ਆਵਾਜ਼ ਵਿੱਚ ਡੀ ਜੇ ਲਾ ਕੇ ਆਸੇ ਪਾਸੇ ਦਾ ਘਰਾਂ ਜਿਊਣਾ ਦੁਭੱਰ ਕਰ ਦਿੰਦੇ ਹਨ। ਸਿੱਠਣੀਆਂ, ਬੋਲੀਆਂ, ਵਿਆਹ ਦੇ ਗੀਤ, ਗਿੱਧਾ ਜਿਵੇਂ ਕਿਤੇ ਖੰਭ ਲਾ ਕੇ ਉਡ ਗਏ ਹੋਣ।

Have something to say? Post your comment