Welcome to Canadian Punjabi Post
Follow us on

21

May 2019
ਭਾਰਤ

ਨੈਨੀਤਾਲ ਵਿੱਚ ਜਿੱਨਾਹ ਦੇ ਹਨੀਮੂਨ ਵਾਲਾ ਹੋਟਲ ਸਾੜਿਆ ਗਿਆ

March 06, 2019 08:41 AM

ਨੈਨੀਤਾਲ, 5 ਮਾਰਚ (ਪੋਸਟ ਬਿਊਰੋ)- ਕਦੇ ਨੈਨੀਤਾਲ ਦੀ ਸ਼ਾਨ ਰਹੇ ਮੈਟਰੋਪੋਲ ਹੋਟਲ ਨੂੰ ਕੱਲ੍ਹ ਸ਼ਾਮ ਭਿਆਨਕ ਅੱਗ ਲੱਗਣ ਨਾਲ ਇਸ ਦੀ ਮੁੱਖ ਇਮਾਰਤ ਸੜ ਕੇ ਸੁਆਹ ਹੋ ਗਈ। ਨੈਨੀਤਾਲ ਦੇ ਡਿਪਟੀ ਐੱਸ ਪੀ ਵਿਜੇ ਥਾਪਾ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ ਇਹ ਬਦਮਾਸ਼ਾਂ ਦਾ ਕੰਮ ਲੱਗਦਾ ਹੈ।
ਮੈਟਰੋਪੋਲ ਹੋਟਲ ਵਿੱਚ ਪਾਕਿਸਤਾਨ ਦੇ ਮੋਢੀ ਮੁਹੰਮਦ ਅਲੀ ਜਿੱਨਾਹ ਨੇ ਹਨੀਮੂਨ ਮਨਾਇਆ ਸੀ। ਕਈ ਫਿਲਮੀ ਸਿਤਾਰੇ ਅਤੇ ਨੇਤਾ ਇਥੇ ਠਹਿਰ ਚੁੱਕੇ ਹਨ। ਕਈ ਸਾਲਾਂ ਤੋਂ ਇਹ ਖਾਲੀ ਸੀ। ਅੱਠ ਏਕੜ ਤੋਂ ਵੱਧ ਜ਼ਮੀਨ ਵਿੱਚ ਬਣੇ ਇਸ ਹੋਟਲ ਦੀ ਮੌਜੂਦਾ ਕੀਮਤ 100 ਕਰੋੜ ਤੋਂ ਵੱਧ ਮੰਨੀ ਜਾਂਦੀ ਸੀ। ਕੇਂਦਰ ਦੇ ਬਣਾਏ ਗਏ ਸ਼ਤਰੂ ਪ੍ਰਾਪਰਟੀ ਕਾਨੂੰਨ ਬਣਨ ਦੇ ਬਾਅਦ ਇਸ ਨੂੰ ਵੇਚੇ ਜਾਣ ਦੀ ਚਰਚਾ ਸੀ। ਹੋਟਲ ਦੇ ਮੂਲ ਮਾਲਕ ਅਤੇ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਦੇ ਮਹਾਰਾਜਾ ਮਹਿਮੂਦਾਬਾਦ ਦੇ ਪਾਕਿਸਤਾਨ ਚਲੇ ਜਾਣ ਪਿੱਛੋਂ ਇਸ ਨੂੰ ਦੁਸ਼ਮਣ ਜਾਇਦਾਦ ਐਲਾਨ ਕਰ ਦਿੱਤਾ ਗਿਆ ਸੀ। ਰਾਜਾ ਦੇ ਪਰਵਾਰ ਦੇ ਭਾਰਤ ਵਿਚਲੇ ਵੰਸ਼ਜ਼ ਇਸ ਦੇ ਲਈ ਕੋਰਟ ਵਿੱਚ ਲੜਾਈ ਲੜ ਰਹੇ ਹਨ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਹੋਟਲ ਦੀ ਅੱਗ ਦੀਆਂ ਲਾਟਾਂ ਦੂਰ-ਦੂਰ ਤੱਕ ਦੇਖੀਆਂ ਗਈਆਂ। ਕਾਫੀ ਜੱਦੋਜਹਿਦ ਪਿੱਛੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਹੋਟਲ ਦੀ ਜ਼ਮੀਨ ਦੀ ਵਰਤੋਂ ਕਾਰ ਪਾਰਕਿੰਗ ਦੇ ਲਈ ਕੀਤੀ ਜਾ ਰਹੀ ਸੀ। ਇਸ ਅੱਗ ਵਿੱਚ ਕਿਸੇ ਵਾਹਨ ਦੇ ਨੁਕਸਾਨੇ ਜਾਣ ਦੀ ਕੋਈ ਖਬਰ ਨਹੀਂ ਹੈ।
ਕੁਮਾਊਂ ਯੂਨੀਵਰਸਿਟੀ ਨੈਨੀਤਾਲ ਦੇ ਇਤਿਹਾਸ ਵਿਭਾਗ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਅਜੈ ਸਿੰਘ ਰਾਵਤ ਦੇ ਅਨੁਸਾਰ ਜਿੱਨਾਹ ਆਪਣੀ ਪਤਨੀ ਰਤਨਬਾਈ ਨਾਲ ਅਪ੍ਰੈਲ 1919 ਵਿੱਚ ਇਥੇ ਹਨੀਮੂਨ 'ਤੇ ਆਏ ਅਤੇ ਉਹ ਇਥੇ ਇੱਕ ਹਫਤਾ ਰੁਕੇ ਸਨ। ਨੈਨੀਤਾਲ ਲੇਕ ਵਿੱਚ ਬੋਟਿੰਗ ਵੀ ਕੀਤੀ ਸੀ। ਇਥੇ ਫਲੈਟਾਂ ਦੇ ਨੇੜੇ ਇੱਕ ਹੀ ਜਗ੍ਹਾ ਮੰਦਰ, ਮਸਜਿਦ, ਗੁਰਦੁਆਰਾ ਅਤੇ ਚਰਚ ਦੇਖ ਕੇ ਉਹ ਬੇਹੱਦ ਖੁਸ਼ ਹੋਏ ਸਨ। ਓਦੋਂ ਉਹ ਗਾਂਧੀ ਜਾਂ ਨਹਿਰੂ ਵਰਗੇ ਮਸ਼ਹੂਰ ਨਹੀਂ ਹੋਏ ਸਨ, ਇਸ ਲਈ ਆਮ ਲੋਕਾਂ ਨੂੰ ਉਨ੍ਹਾਂ ਦੇ ਆਉਣ ਦਾ ਪਤਾ ਨਹੀਂ ਲੱਗਾ ਸੀ। ਨੈਨੀਤਾਲ ਵਿੱਚ ਸਭ ਤੋਂ ਪੁਰਾਣੇ ਬੁਕ ਸਟੋਰ ਦੇ ਮਾਲਕ ਪ੍ਰਦੀਪ ਤਿਵਾੜੀ ਨੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਨੈਨੀਤਾਲ ਆਉਣ ਵਾਲੀ ਹਰ ਹਸਤੀ ਇਸੇ ਹੋਟਲ ਵਿੱਚ ਰੁਕਣਾ ਪਸੰਦ ਕਰਦੀ ਸੀ। ਇਤਿਹਾਸਕਾਰ ਪ੍ਰੋਫੈਸਰ ਸ਼ੇਖਰ ਪਾਠਕ ਨੇ ਕਿਹਾ ਕਿ ਦੁਸ਼ਮਣ ਦੀ ਜਾਇਦਾਦ ਐਲਾਨੇ ਜਾਣ ਦੇ ਬਾਅਦ ਇਸ ਇਤਿਹਾਸਕ ਇਮਾਰਤ ਦੀ ਬੇਕਦਰੀ ਹੋ ਗਈ। ਸ਼ਰਾਰਤੀ ਅਨਸਰਾਂ ਨੇ ਹੌਲੀ-ਹੌਲੀ ਇਸ ਵਿੱਚੋਂ ਲੱਕੜੀ ਦੀਆਂ ਬੇਸ਼ਕੀਮਤੀ ਚਿੱਤਰ ਚੋਰੀ ਕਰ ਲਏ ਸਨ।

Have something to say? Post your comment
ਹੋਰ ਭਾਰਤ ਖ਼ਬਰਾਂ