Welcome to Canadian Punjabi Post
Follow us on

21

May 2019
ਨਜਰਰੀਆ

ਮੀਡੀਆ ਦਾ ਵੱਡਾ ਹਿੱਸਾ ਸਿਧਾਂਤਾਂ ਦੇ ਉਲਟ ਕੰਮ ਕਰ ਰਿਹੈ

March 05, 2019 09:37 AM

-ਵਿਨੀਤ ਨਾਰਾਇਣ
40 ਸਾਲ ਪਹਿਲਾਂ ਜਦੋਂ ਅਸੀਂ ਟੀ ਵੀ ਪੱਤਰਕਾਰਤਾ ਸ਼ੁਰੂ ਕੀਤੀ ਤਾਂ ਅਸੀਂ ਕੁਝ ਮੂਲ ਸਿਧਾਂਤਾਂ ਨੂੰ ਫੜਿਆ ਸੀ। ਪਹਿਲਾ; ਬਿਨਾਂ ਸਬੂਤ ਦੇ ਕੁਝ ਵੀ ਲਿਖਣਾ ਜਾਂ ਬੋਲਣਾ ਨਹੀਂ। ਦੂਜਾ; ਕਿਸੇ ਵੱਲੋਂ ਦਿੱਤੇ ਹੋਏ ਤੱਥਾਂ ਨੂੰ ਬਿਨਾਂ ਖੁਦ ਪਰਖੇ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕਰਨਾ। ਤੀਜਾ; ਜੇ ਕਿਸੇ ਦੇ ਵਿਰੁੱਧ ਕੋਈ ਵਿਸ਼ਾ ਉਠਾਉਣਾ ਹੈ ਤਾਂ ਉਸ ਵਿਅਕਤੀ ਦਾ ਉਨ੍ਹਾਂ ਨੁਕਤਿਆਂ 'ਤੇ ਜਵਾਬ ਜਾਂ ਬਿਆਨ ਜ਼ਰੂਰ ਲੈਣਾ। ਚੌਥਾ; ਸਾਰੇ ਸਿਆਸੀ ਦਲਾਂ ਨਾਲ ਬਰਾਬਰ ਦੂਰੀ ਬਣਾ ਕੇ ਸਿਰਫ ਜਨਤਾ ਦੇ ਹਿੱਤ 'ਚ ਗੱਲ ਕਹਿਣੀ, ਜਿਸ ਨਾਲ ਲੋਕਤੰਤਰ ਦੇ ਚੌਥਾ ਥੰਮ੍ਹ ਹੋਣ ਦੀ ਜ਼ਿੰਮੇਵਾਰੀ ਅਸੀਂ ਇਮਾਨਦਾਰੀ ਨਾਲ ਨਿਭਾਅ ਸਕੀਏ। ਅੱਜ 63 ਸਾਲ ਦੀ ਉਮਰ ਵਿੱਚ ਵੀ ਨਿਮਰਤਾ ਨਾਲ ਕਹਿ ਸਕਦਾ ਹਾਂ ਕਿ ਜਿੱਥੋਂ ਤੱਕ ਸੰਭਵ ਹੋਇਆ, ਆਪਣੀ ਪੱਤਰਕਾਰਿਤਾ ਨੂੰ ਇਨ੍ਹਾਂ ਚਾਰ ਸਿਧਾਂਤਾਂ ਦੇ ਆਲੇ-ਦੁਆਲੇ ਰੱਖਿਆ। ਇਹ ਜ਼ਰੂਰ ਹੈ ਕਿ ਇਨ੍ਹਾਂ ਦੀ ਕੀਮਤ ਜੀਵਨ ਵਿੱਚ ਚੁਕਾਉਣੀ ਪਈ, ਪਰ ਇਸ ਦੇ ਕਾਰਨ ਜੀਵਨ ਭਰ ਜੋ ਦਰਸ਼ਕਾਂ ਤੇ ਪਾਠਕਾਂ ਦਾ ਸਨਮਾਨ ਮਿਲਦਾ ਆਇਆ ਹੈ, ਉਹ ਮੇਰੇ ਲਈ ਕਿਸੇ ਪਦਮ ਭੂਸ਼ਣ ਤੋਂ ਘੱਟ ਨਹੀਂ।
ਇਹ ਜ਼ਿਕਰ ਇਸ ਲਈ ਕਰਨਾ ਪੈ ਰਿਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਮੀਡੀਆ ਦਾ ਜ਼ਿਆਦਾਤਰ ਹਿੱਸਾ ਇਨ੍ਹਾਂ ਸਿਧਾਂਤਾਂ ਦੇ ਉਲਟ ਕੰਮ ਕਰ ਰਿਹਾ ਹੈ। ਇੰਜ ਲੱਗਦਾ ਹੈ ਕਿ ਪੱਤਰਕਾਰਿਤਾ ਦੀਆਂ ਸਾਰੀਆਂ ਹੱਦਾਂ ਨੂੰ ਲੰਘ ਕੇ ਸਾਡੇ ਕੁਝ ਟੀ ਵੀ ਐਂਕਰ ਅਤੇ ਪੱਤਰਕਾਰ ਇੱਕ ਸਿਆਸੀ ਪਾਰਟੀ ਦੇ ਲੋਕ-ਸੰਪਰਕ ਅਧਿਕਾਰੀ ਬਣ ਗਏ ਹਨ। ਉਹ ਨਾ ਤੱਥਾਂ ਦੀ ਜਾਂਚ ਕਰਦੇ ਹਨ, ਨਾ ਵਿਵਸਥਾ ਤੋਂ ਸਵਾਲ ਕਰਦੇ ਹਨ ਅਤੇ ਨਾ ਕਿਸੇ 'ਤੇ ਦੋਸ਼ ਲਾਉਣ ਤੋਂ ਪਹਿਲਾਂ ਉਸ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦੇ ਹਨ। ਇਹੀ ਨਹੀਂ, ਅੱਜ ਕੱਲ੍ਹ ਤਾਂ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਵਾਂਗ ਉਹ ਇਹ ਕਹਿਣ ਤੋਂ ਵੀ ਨਹੀਂ ਝਿਜਕਦੇ ਕਿ ਜੋ ਮੀਡੀਆ ਕਰਮਚਾਰੀ ਜਾਂ ਨੇਤਾ ਜਾਂ ਸਮਾਜ ਦੇ ਜਾਗਰੂਕ ਲੋਕ ਉਨ੍ਹਾਂ ਦੀ ਪੋਸ਼ਕ ਸਿਆਸੀ ਪਾਰਟੀ ਦੇ ਨਾਲ ਨਹੀਂ ਖੜ੍ਹੇ, ਉਹ ਸਭ ਦੇਸ਼ ਧ੍ਰੋਹੀ ਹਨ ਅਤੇ ਜੋ ਨਾਲ ਖੜ੍ਹੇ ਹਨ, ਸਿਰਫ ਉਹੀ ਦੇਸ਼ਭਗਤ ਹਨ। ਮੀਡੀਆ ਦੇ ਪਤਨ ਦੀ ਇਹ ਸਿਖਰ ਹੈ। ਅਜਿਹੇ ਮੀਡੀਆ ਕਰਮਚਾਰੀ ਆਪਣੇ ਹੱਥਾਂ ਨਾਲ ਆਪਣੀ ਕਬਰ ਪੁੱਟ ਰਹੇ ਹਨ।
ਤਾਜ਼ਾ ਉਦਾਹਰਣ ਪੁਲਵਾਮਾ ਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਤੇ ਭਾਰਤ ਦੇ ਹਵਾਈ ਹਮਲੇ ਦੀ ਹੈ। ਕਿੰਨੇ ਮੀਡੀਆ ਵਾਲੇ ਸਰਕਾਰ ਤੋਂ ਇਹ ਸਵਾਲ ਪੁੱਛ ਰਹੇ ਹਨ ਕਿ ਭਾਰਤ ਦੀ ਇੰਟੈਲੀਜੈਂਸ ਬਿਊਰੋ, ਰਾਅ, ਗ੍ਰਹਿ ਮੰਤਰਾਲਾ, ਜੰਮੂ-ਕਸ਼ਮੀਰ ਪੁਲਸ, ਮਿਲਟਰੀ ਇੰਟੈਲੀਜੈਂਸ ਅਤੇ ਸੀ ਆਰ ਪੀ ਐੱਫ ਦੇ ਵੱਡੇ ਅਫਸਰਾਂ ਦੀ ਨਿਗਰਾਨੀ ਦੇ ਬਾਵਜੂਦ ਇਹ ਕਿਵੇਂ ਹੋਇਆ ਕਿ ਸਾਢੇ ਤਿੰਨ ਸੌ ਕਿਲੋ ਆਰ ਡੀ ਐਕਸ ਨਾਲ ਲੱਦੇ ਇੱਕ ਨਾਗਰਿਕ ਵਾਹਨ ਨੇ ਸੀ ਆਰ ਪੀ ਐੱਫ ਦੇ ਕਾਫਲੇ ਉਤੇ ਹਮਲਾ ਕਰ ਕੇ ਸਾਡੇ 44 ਜਾਂਬਾਜ਼ ਸਿਪਾਹੀਆਂ ਦੇ ਪਰਖਚੇ ਉਡਾ ਦਿੱਤੇ। ਵਿਚਾਰਿਆਂ ਨੂੰ ਲੜ ਕੇ ਆਪਣੀ ਬਹਾਦਰੀ ਦਿਖਾਉਣ ਦਾ ਵੀ ਮੌਕਾ ਨਹੀਂ ਮਿਲ ਸਕਿਆ। ਕਿੰਨੀਆਂ ਮਾਵਾਂ ਦੀ ਗੋਦ ਸੁੰਨੀ ਹੋ ਗਈ। ਕਿੰਨੀਆਂ ਔਰਤਾਂ ਭਰੀ ਜਵਾਨੀ ਵਿੱਚ ਵਿਧਵਾ ਹੋ ਗਈਆਂ? ਕਿੰਨੇ ਬੱਚੇ ਅਨਾਥ ਹੋ ਗਏ? ਇਨ੍ਹਾਂ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਮਿਲਿਆ। ਇਸ ਭਿਆਨਕ ਘਟਨਾ ਲਈ ਕੌਣ ਜ਼ਿੰਮੇਵਾਰ ਹੈ? ਸਾਡੇ ਦੇਸ਼ ਦੀ ਐੱਨ ਆਈ ਏ ਨੇ ਅੱਜ ਤੱਕ ਕੀ ਜਾਂਚ ਕੀਤੀ? ਕਿੰਨੇ ਲੋਕਾਂ ਨੂੰ ਇਸ ਦੇ ਲਈ ਫੜਿਆ? ਇਹ ਸਭ ਤੱਥ ਜਨਤਾ ਦੇ ਸਾਹਮਣੇ ਲਿਆਉਣਾ ਮੀਡੀਆ ਦੀ ਜ਼ਿੰਮੇਵਾਰੀ ਹੈ, ਪਰ ਕੀ ਇਹ ਟੀ ਵੀ ਚੈਨਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ? ਜਾਂ ਰੰਗ-ਬਿਰੰਗੇ ਕੱਪੜੇ ਪਾ ਕੇ ਨੌਟੰਕੀਬਾਜ਼ਾਂ ਵਾਂਗ ਚੀਕ-ਚੀਕ ਕੇ ਜੰਗ ਦਾ ਜਨੂੰਨ ਪੈਦਾ ਕਰ ਰਹੇ ਹਨ? ਆਖਰ ਕਿਸ ਲਾਲਚ 'ਚ ਇਹ ਆਪਣੀ ਪੱਤਰਕਾਰਿਤਾ ਭੁੱਲ ਬੈਠੇ ਹਨ?
ਇਹੀ ਗੱਲ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਤੇ ਹੋਏ ਹਵਾਈ ਹਮਲੇ ਦੇ ਸੰਬੰਧ ਵਿੱਚ ਲਾਗੂ ਹੈ। ਪਹਿਲੇ ਦਿਨ ਤੋਂ ਮੀਡੀਆ ਵਾਲਿਆਂ ਨੇ ਰੌਲਾ ਪਾਇਆ ਕਿ ਸਾਢੇ ਤਿੰਨ ਸੌ ਅੱਤਵਾਦੀ ਮਾਰੇ ਗਏ। ਇਨ੍ਹਾਂ ਨੇ ਇਹ ਵੀ ਦੱਸਿਆ ਕਿ ਮਸੂਦ ਅਜ਼ਹਰ ਦੇ ਕਿਹੜੇ ਕਿਹੜੇ ਰਿਸ਼ਤੇਦਾਰ ਮਾਰੇ ਗਏ। ਇਨ੍ਹਾਂ ਨੇ ਟੀ ਵੀ ਉੱਤੇ ਹਵਾਈ ਜਹਾਜ਼ਾਂ ਤੋਂ ਡਿੱਗਦੇ ਬੰਬਾਂ ਦੇ ਵੀਡੀਓ ਵੀ ਦਿਖਾਏ, ਪਰ ਅਗਲੇ ਦਿਨ ਇਨ੍ਹਾਂ ਨੂੰ ਦੱਸਣਾ ਪਿਆ ਕਿ ਇਹ ਵੀਡੀਓ ਕਾਲਪਨਿਕ ਸੀ। ਅੱਜ ਉਸ ਘਟਨਾ ਨੂੰ ਹਫਤਾ ਹੋ ਗਿਆ। ਸਾਢੇ ਤਿੰਨ ਸੌ ਦੀ ਗੱਲ ਛੱਡੋ, ਕੀ ਸਾਢੇ ਤਿੰਨ ਲਾਸ਼ਾਂ ਦੀ ਫੋਟੋ ਵੀ ਮੀਡੀਆ ਵਾਲੇ ਦਿਖਾ ਸਕੇ, ਜਿਨ੍ਹਾਂ ਨੂੰ ਮਾਰਨ ਦਾ ਦਾਅਵਾ ਵਧ-ਚੜ੍ਹ ਕੇ ਕੀਤਾ ਗਿਆ ਸੀ? ਜਦੋਂ ਕੌਮਾਂਤਰੀ ਮੀਡੀਆ ਮੌਕੇ 'ਤੇ ਗਿਆ ਤਾਂ ਉਸ ਨੇ ਦੇਖਿਆ ਕਿ ਸਾਡੇ ਹਵਾਈ ਹਮਲੇ ਵਿੱਚ ਕੁਝ ਦਰੱਖਤ ਟੁੱਟੇ ਹਨ, ਕੁਝ ਮਕਾਨ ਢੱਠੇ ਹਨ ਅਤੇ ਇਕ ਆਦਮੀ ਦੀ ਸੁੱਤੇ ਹੋਏ ਮੌਤ ਹੋਈ ਹੈ। ਕਿਸ 'ਤੇ ਯਕੀਨ ਕਰੀਏ? ਸਾਰੇ ਦੇਸ਼ ਨੂੰ ਉਡੀਕ ਹੈ ਕਿ ਭਾਰਤੀ ਮੀਡੀਆ ਸਾਢੇ ਤਿੰਨ ਸੌ ਲਾਸ਼ਾਂ ਦੇ ਸਬੂਤ ਪੇਸ਼ ਕਰੇਗਾ, ਪਰ ਅਜੇ ਤੱਕ ਉਸ ਦੇ ਆਸਾਰ ਨਜ਼ਰ ਨਹੀਂ ਆ ਰਹੇ। ਸਬੂਤ ਦੂਰ ਦੀ ਗੱਲ, ਇਨ੍ਹਾਂ ਘਟਨਾਵਾਂ ਨਾਲ ਜੁੜੇ ਸਾਰਥਕ ਪ੍ਰਸਨ ਤੱਕ ਪੁੱਛਣ ਦੀ ਹਿੰਮਤ ਮੀਡੀਆ ਵਾਲਿਆਂ ਨੂੰ ਨਹੀਂ। ਇੰਜ ਲੱਗਦਾ ਹੈ ਕਿ ਅਸੀਂ ਖਬਰ ਨਹੀਂ ਦੇਖ ਰਹੇ, ਝੂਠ ਉਗਲਣ ਵਾਲਾ ਪ੍ਰਾਪੇਗੰਡਾ ਦੇਖਦੇ ਹਾਂ, ਜਿਸ ਨਾਲ ਪੂਰੇ ਮੀਡੀਆ ਜਗਤ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਤੀਜੀ ਘਟਨਾ ਮਥੁਰਾ ਜ਼ਿਲ੍ਹੇ ਦੀ ਹੈ। ਪਿੰਡ ਜਰੇਲੀਆ ਦਾ ਨੌਜਵਾਨ ਪੰਕਜ ਸਿੰਘ ਸ੍ਰੀਨਗਰ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਮਾਰਿਆ ਗਿਆ। ਅਸੀਂ ਸਭ ਹਜ਼ਾਰਾਂ ਦੀ ਤਦਾਦ 'ਚ ਉਸ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਉਸ ਦੇ ਪਿੰਡ ਗਏ ਤੇ ਪੰਜ ਘੰਟੇ ਤੱਕ ਉਥੇ ਰਹੇ। ਸੈਂਕੜੇ ਤਿਰੰਗੇ ਲਹਿਰਾ ਰਹੇ ਸਨ। ਹਜ਼ਾਰਾਂ ਵਾਹਨ ਕਤਾਰ ਵਿੱਚ ਖੜ੍ਹੇ ਸਨ। ਸਾਰਾ ਪ੍ਰਸ਼ਾਸਨ, ਫੌਜ ਤੇ ਪੁਲਸ ਮੌਜੂਦ ਸੀ। ਜ਼ਿਲ੍ਹੇ ਦੇ ਸਭ ਨੇਤਾ ਮੌਜੂਦ ਸਨ। ਸ਼ਹੀਦ ਦੇ ਸਨਮਾਨ 'ਚ ਆਕਸ਼ ਗੂੰਜਾਊ ਨਾਅਰਿਆਂ ਨਾਲ ਆਕਾਸ਼ ਗੂੰਜ ਰਿਹਾ ਸੀ। ਇੰਨੀ ਵੱਡੀ ਘਟਨਾ ਹੋਈ, ਪਰ ਕਿਸੇ ਮੀਡੀਆ ਚੈਨਲ ਨੇ ਇਸ ਖਬਰ ਨੂੰ ਪ੍ਰਸਾਰਤ ਨਹੀਂ ਕੀਤਾ। ਇਸ ਸਭ ਨਾਲ ਪੰਕਜ ਸਿੰਘ ਦੇ ਪਰਵਾਰ ਨੂੰ ਹੀ ਨਹੀਂ, ਲੱਖਾਂ ਬ੍ਰਿਜ ਵਾਸੀਆਂ ਨੂੰ ਵੀ ਭਾਰੀ ਗੁੱਸਾ ਹੈ। ਉਹ ਮੇਰੇ ਕੋਲੋਂ ਪੁੱਛ ਰਹੇ ਹਨ ਕਿ ਤੁਸੀਂ ਖੁਦ ਮੀਡੀਆ ਵਾਲੇ ਹੋ, ਇਹ ਦੱਸੋ ਕਿ ਵਿਅਰਥ ਦੀਆਂ ਗੱਲਾਂ 'ਤੇ ਚੀਕਣ ਵਾਲੇ ਮੀਡੀਆ ਚੈਨਲ ਇੱਕ ਸ਼ਹੀਦ ਦੇ ਅੰਤਿਮ ਸਸਕਾਰ ਦੇ ਇੰਨੇ ਵਿਸ਼ਾਲ ਪ੍ਰੋਗਰਾਮ ਦੀ ਕੀ ਇੱਕ ਝਲਕ ਵੀ ਆਪਣੇ ਚੈਨਲਾਂ ਵਿੱਚ ਨਹੀਂ ਦਿਖਾ ਸਕਦੇ ਸਨ। ਜਿਸ ਸ਼ਹਾਦਤ ਵਿੱਚ ਮੋਦੀ ਜੀ ਖੜ੍ਹੇ ਦਿਖਾਈ ਦੇਣ, ਕੀ ਉਹੀ ਖਬਰ ਹੁੰਦੀ ਹੈ? ਮੈਂ ਉਨ੍ਹਾਂ ਨੂੰ ਕੀ ਜਵਾਬ ਦੇਵਾਂ? ਸ਼ਰਮ ਨਾਲ ਸਿਰ ਝੁਕਦਾ ਹੈ ਇਨ੍ਹਾਂ ਟੀ ਵੀ ਵਾਲਿਆਂ ਦੀਆਂ ਹਰਕਤਾਂ ਦੇਖ ਕੇ। ਭਗਵਾਨ ਇਨ੍ਹਾਂ ਨੂੰ ਸੁਮੱਤ ਬਖਸ਼ੇ।

 

Have something to say? Post your comment